ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ 'ਤੇ ਲੱਗੀ ਰੋਕ ਹਟਾਈ
ਮਾਨਯੋਗ ਅਦਾਲਤ ਦੇ ਫੈਸਲੇ ਨਾਲ਼ ਈਟੀਟੀ 2364 ਪੋਸਟਾਂ ਦੀ ਭਰਤੀ ਪੂਰੀ ਕਰਨ ਦਾ ਰਾਹ ਕੀਤਾ ਪੱਧਰਾ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਜਿਕਰਯੋਗ ਹੈ ਕਿ 11 ਜੁਲਾਈ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 2364 ਭਰਤੀ 'ਤੇ ਲੱਗੀਆਂ ਉਹਨਾਂ ਸਾਰੀਆਂ ਯਾਚਿਕਾਵਾਂ ਨੂੰ ਖਾਰਜ ਕਰ ਦਿੱਤਾ ਹੈ ਜਿਹਨਾ ਕਰਕੇ ਇਸ ਭਰਤੀ ਦੇ ਨਤੀਜੇ ਜਾਰੀ ਕਰਨ ਤੇ ਰੋਕ ਲਗਾਈ ਗਈ ਸੀ, ਇਸ ਭਰਤੀ ਦੇ ਯੋਗ ਉਮੀਦਵਾਰਾਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦੋਂ 11 ਜੁਲਾਈ ਨੂੰ ਲੰਬੀ ਚਲੀ ਸੁਣਵਾਈ ਦੌਰਾਨ ਮਾਨਯੋਗ ਹਾਈਕੋਰਟ ਨੇ 2364 ਭਰਤੀ ਦੇ ਉਮੀਦਵਾਰਾਂ ਦੇ ਨਿਯੁਕਤੀ ਪੱਤਰਾਂ ਦੇ ਸਾਰੇ ਰਸਤੇ ਖੋਲ ਦਿਤੇ। ਇਹ ਭਰਤੀ ਮਾਰਚ 2020 ਵਿੱਚ ਆਈ ਸੀ ਉਸ ਤੋਂ ਬਾਅਦ ਵਿਭਾਗ ਦੁਆਰਾ ਪੇਪਰ ਲੈਣ ਉਪਰੰਤ ਕੌਂਸਲਿੰਗ ਵੀ ਸ਼ੁਰੂ ਹੋ ਗਈ ਸੀ ਪਰ ਕੁਝ ਨੁਕਤਿਆਂ ਨੂੰ ਲੈ ਕੇ ਮਾਨਯੋਗ ਕੋਰਟ ਵਿੱਚ 2364 ਭਰਤੀ ਅਜਿਹੀ ਉਲਝੀ ਕੇ ਇਸਦੇ ਉਮੀਦਵਾਰ ਅੱਜ ਤਕ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਹਨ ਪਰ 11 ਜੁਲਾਈ 2024 ਨੂੰ ਮਾਨਯੋਗ ਉਚ ਅਦਾਲਤ ਵੱਲੋਂ ਸਾਰੀਆਂ ਰੋਕਾਂ ਹਟਾਉਂਦਿਆਂ ਇਸ ਭਰਤੀ ਦੇ ਸਾਰੇ ਰਸਤੇ ਖੋਲ੍ਹ ਦਿੱਤੇ ਹਨ। ਇਸ ਮੌਕੇ ਕਮੇਟੀ ਆਗੂ ਮਨਪ੍ਰੀਤ ਮਾਨਸਾ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਹੁਣ ਸਾਰਾ ਕੁਝ ਵਿਭਾਗ ਦੇ ਹੱਥ ਹੈ ਕਿ ਉਹ ਇਸ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਕਦੋਂ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਭੇਜਦੇ ਹਨ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਲਦੀ ਹੀ ਈਟੀਟੀ 2364 ਭਰਤੀ ਦੇ ਉਮੀਦਵਾਰਾਂ ਨੂੰ ਸਰਕਾਰ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿਚ ਭੇਜੇ ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਹੋਰ ਇੰਤਜ਼ਾਰ ਨਾ ਕਰਵਾਉਂਦਿਆ ਈਟੀਟੀ 2364 ਭਰਤੀ ਨੂੰ ਪੁਰਾ ਕੀਤਾ ਜਾਵੇ।ਇਸ ਮੌਕੇ ਹਰਜੀਤ ਗੁਰਨੇ ,ਗੁਰਜੀਵਨ ਮਾਨਸਾ, ਜਸਵਿੰਦਰ ਸਿੰਘ ਦਿਓਲ, ਵਰਿੰਦਰ ਸਰਹੰਦ, ਸੇਵਕ ਸੰਗਰੂਰ,ਗੁਰਸੰਗਤ ਬੁਢਲਾਡਾ,ਅੰਮ੍ਰਿਤਪਾਲ ਧੂਰੀ,ਕਿਰਨ ਨਾਭਾ ਆਦਿ ਹਾਜ਼ਿਰ ਸਨ।
