Sunday, August 4, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 2364 ਈਟੀਟੀ ਅਧਿਆਪਕਾਂ ਵੱਲੋਂ 9 ਅਗਸਤ ਤੱਕ ਨਿਯੁਕਤੀ ਪੱਤਰ ਦੇਣ ਦੀ ਕੀਤੀ ਮੰਗ

2364 ਈਟੀਟੀ ਅਧਿਆਪਕਾਂ ਵੱਲੋਂ 9 ਅਗਸਤ ਤੱਕ ਨਿਯੁਕਤੀ ਪੱਤਰ ਦੇਣ ਦੀ ਕੀਤੀ ਮੰਗ 

ਯੂਨੀਅਨ ਆਗੂਆਂ ਨੇ ਕਿਹਾ ਜੇਕਰ ਸਰਕਾਰ ਨਾ ਮੰਨੀ ਤਾਂ ਕਰਾਂਗੇ ਸੰਘਰਸ਼

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਭਰਤੀ ਦੇ ਨਿਯੁਕਤੀ ਪੱਤਰਾਂ ਨੂੰ ਲੈ ਕੇ ਈਟੀਟੀ 2364 ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਕਈ ਅਹਿਮ ਫੈਸਲੇ ਲਏ ਗਏ।ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸਰਕਾਰ 2364 ਭਰਤੀ ਵਿੱਚ ਚੁਣੇ ਗਏ ਉਮੀਦਵਾਰਾਂ ਦੇ ਨਿਯੁਕਤੀ ਪੱਤਰ 9 ਅਗਸਤ ਤੱਕ ਜਾਰੀ ਨਹੀਂ ਕਰਦੀ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਗੁਪਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦੀ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੀ ਖੁਸ਼ੀ 'ਚ ਕੀਤੇ ਜਾਣ ਵਾਲੇ ਸਾਰੇ ਪੋ੍ਗਰਾਮ ਭੰਗ ਕੀਤੇ ਜਾਣਗੇ ਤੇ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਆਗੂ ਮਨਪ੍ਰੀਤ ਸਿੰਘ ਮਾਨਸਾ,ਹਰਜੀਤ ਸਿੰਘ ਬੁਢਲਾਡਾ,ਗੁਰਸੇਵ ਸਿੰਘ ਸੰਗਰੂਰ,ਗੁਰਸੰਗਤ ਸਿੰਘ ਬੁਢਲਾਡਾ,ਗੁਰਜੀਵਨ ਸਿੰਘ ਮਾਨਸਾ,ਜਸਵਿੰਦਰ ਸਿੰਘ ਮਾਛੀਵਾੜਾ,ਵਰਿੰਦਰ ਸਿੰਘ ਸਰਹਿੰਦ,ਅੰਮ੍ਰਿਤਪਾਲ ਸਿੰਘ ਮੀਮਸਾ, ਕਿਰਨਦੀਪ ਕੌਰ ਨਾਭਾ ਆਦਿ ਹਾਜ਼ਰ ਸਨ।

Saturday, July 27, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖ਼ੇ ਅੱਖਾਂ ਦਾ ਮੁਫ਼ਤ ਜਾਂਚ ਲਗਾਇਆ

 ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖ਼ੇ ਅੱਖਾਂ ਦਾ ਮੁਫ਼ਤ ਜਾਂਚ ਲਗਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਦੇ ਗੁਰਦੁਆਰਾ ਸਾਹਿਬ ਵਿਖੇ ਰਾਹਤ ਫਾਉਂਡੇਸ਼ਨ ਪੰਜਾਬ ਦੇ ਆਗੂ ਹਰਵਿੰਦਰਪਾਲ ਰਿਸ਼ੀ ਸਤੌਜ ਤੇ ਸਮਾਜ ਸੇਵੀ ਗੁਰਸੇਵਕ ਸਿੰਘ ਬਿਗੜਵਾਲ ਦੇ ਸਹਿਯੋਗ ਨਾਲ ਸਾਂਝ ਚੈਰੀਟੇਬਲ ਅੱਖਾਂ ਦਾ ਹਸਪਤਾਲ ਲਹਿਰਾਗਾਗਾ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ। ਹਸਪਤਾਲ ਦੇ ਚੇਅਰਮੈਨ ਡਾ,. ਗੁਰਪਿਆਰ ਸਿੰਘ ਨੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਲਈ ਜਾਗਰੂਕ ਕੀਤਾ ਤੇ ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਵਿੰਦਰਪਾਲ ਰਿਸ਼ੀ, ਗੁਰਸੇਵਕ ਸਿੰਘ ਬਿਗੜਵਾਲ, ਭੀਮ ਸਿੰਘ ਭੂਕਲ ਆਦਿ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਆਕਸਫੋਰਡ ਸਕੂਲ ਚੀਮਾ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

 ਆਕਸਫੋਰਡ ਸਕੂਲ ਚੀਮਾ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

   
ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀਆਂ ਵੱਲੋਂ 68ਵੀਆਂ ਜ਼ੋਨ ਲੈਵਲ ਦੀਆਂ ਖੇਡਾਂ ਵਿੱਚ ਚੰਗੀਆਂ ਪਜੀਸ਼ਨਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਗਈ। ਜ਼ੋਨ ਲੈਵਲ ਦੀਆ ਖੇਡਾਂ ਜੋ ਕਿ ਪੈਰਾਮਾਊਟ ਪਬਲਿਕ ਸਕੂਲ ਚੀਮਾ ਵਿਖੇ ਕਰਵਾਈਆਂ ਜਿਸ ਵਿੱਚ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਅਤੇ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਦੇ 4 ਵਿਦਿਆਰਥੀਆਂ ਅਰਸ਼ਵੀਰ ਸਿੰਘ,ਹਰਵਿੰਦਰ ਸਿੰਘ,ਅਕਾਸ਼ਦੀਪ ਸਿੰਘ, ਗੁਰਲਕਸ਼ ਸਿੰਘ ਨੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।ਇਸ ਮੌਕੇ ਸਕੂਲ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਉਹਨਾਂ ਦੀ ਮਿਹਨਤ ਅਤੇ ਕੋਚ ਰਾਹੁਲ ਕੁਮਾਰ,ਡੀ.ਪੀ.ਈ. ਹਰਪ੍ਰੀਤ ਸਿੰਘ ਦੀ ਮਿਹਨਤ ਦਾ ਸਿੱਟਾ ਹੈ।ਉਹਨਾਂ ਉਮੀਦ ਜਤਾਈ ਕਿ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਇਹ ਖਿਡਾਰੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ। ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵੱਲੋਂ ਸਕੂਲ ਪੁੱਜਣ 'ਤੇ ਜੇਤੂ  ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਰੌਇਲ ਕਾਲਜ ਬੋੜਾਵਾਲ ਦਾ ਐਮ.ਏ. ਰਾਜਨੀਤੀ ਸ਼ਾਸ਼ਤਰ ਦਾ ਨਤੀਜਾ ਰਿਹਾ 100 ਫੀਸਦ


ਰੌਇਲ ਕਾਲ ਬੋੜਾਵਾਲ ਦਾ ਐਮ.ਏ. ਰਾਜਨੀਤੀ ਸ਼ਾਸ਼ਤਰ ਦਾ ਨਤੀਜਾ ਰਿਹਾ 100 ਫੀਸਦ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਰੁੱਪ ਆਫ ਕਾਲਜ਼ਿ ਬੋੜਾਵਾਲ ਦੇ ਐਮ.ਏ. ਰਾਜਨੀਤੀ-ਸ਼ਾਸ਼ਤਰ ਭਾਗ ਦੂਜਾ ਸਮੈਸਟਰ ਤੀਜਾ ਦਾ ਨਤੀਜਾ 100 ਫੀਸਦੀ ਰਿਹਾ। ਰਾਜਨੀਤੀ-ਸ਼ਾਸ਼ਤਰ ਦੀ ਇੰਚਾਰਜ ਸਹਾਇਕ ਪ੍ਰੋਫ਼ੈਸਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਮ.ਏ. ਰਾਜਨੀਤੀ-ਸ਼ਾਸ਼ਤਰਭਾਗ ਦੂਜੇ ਦੇ ਸਮੈਸਟਰ ਤੀਜੇ ਦਾ ਨਤੀਜਾ ਐਲਾਨਿਆ  ਗਿਆ ਹੈਜਿਸ ਵਿੱਚ ਦਿ ਰੌਇਲ ਗਰੁੱਪ ਆਫ ਕਾਲਜ਼ਿ ਬੋੜਾਵਾਲ ਦੇ ਵਿਦਿਆਰਥੀ ਸੁਖਦੀਪ ਸਿੰਘ ਨੇ 85 .ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਬਲਜੀਤ ਕੌਰ ਨੇ 83 .ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ  ਅਮਨਦੀਪ ਕੌਰ ਤੇ ਰਾਜਵੀਰ ਕੌਰ ਨੇ 80 .ਫੀਸਦੀ ਅੰਕ ਪ੍ਰਾਪਤ ਕਰਦਿਆਂ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕਰਕੇ  ਸੰਸਥਾ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਰਾਜਨੀਤੀ-ਸ਼ਾਸ਼ਤਰ ਵਿਭਾਗ ਦੇ ਪ੍ਰੋਫੈਸਰ  ਸਾਹਿਬਾਨ ,ਵਿਦਿਆਰਥੀਆਂ ਅਤੇ ਮਾਪਿਆ ਨੂੰ ਵਧਾਈ ਦਿੱਤੀ। ਕਾਲਜ ਦੇ ਡੀਨ ਅਕਾਦਮਕਿ ਡਾ. ਕੁਲਵਿੰਦਰ ਸਿੰਘ ਸਰਾਂ ਅਤੇ ਡੀਨ ਓਪਰੇਸ਼ਨਜ਼ ਪ੍ਰੋਫੈਸਰ ਸੁਰਜਨ ਸਿੰਘ ਹੋਰਾਂ ਨੇ ਇਸ ਸਲਾਘਾ ਯੋਗ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ ।ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ  ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ

Thursday, July 25, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਦਾ ਬੀਏ ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

ਮਾਡਰਨ ਕਾਲਜ ਬੀਰ ਕਲਾਂ ਦਾ ਬੀਏ ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਚੀਮਾ-ਭੀਖੀ ਮੁੱਖ ਮਾਰਗ 'ਤੇ ਸਥਿੱਤ ਇਸ ਖ਼ੇਤਰ ਦੀ ਨਾਮਵਰ ਵਿਦਿਅਕ ਸੰਸਥਾ ਮਾਡਰਨ ਕਾਲਜ ਬੀਰ ਕਲਾਂ ਦਾ ਬੀ.ਏ. ਭਾਗ ਪਹਿਲਾ ਸੈਸ਼ਨ 2023-24 ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਮੈਡਮ ਅੰਤਰਪਾਲ ਕੌਰ ਨੇ ਦੱਸਿਆ ਕਿ ਮਨਦੀਪ ਕੌਰ ਨੇ 428/500 ਅੰਕ ਪ੍ਰਾਪਤ ਕਰਕੇ ਪਹਿਲਾ,ਖੁਸ਼ਪ੍ਰੀਤ ਕੌਰ ਤੇ ਸਿਮਰ ਕੌਰ ਨੇ 410 ਅੰਕ ਲੈ ਕੇ ਦੂਜਾ,ਹਰਦੀਪ ਕੌਰ ਤੇ ਸਰਫਦੀਨ ਖਾਨ ਨੇ 402 ਅੰਕ ਲੈ ਕੇ ਤੀਜਾ,ਪਰਬਜੋਤ ਕੌਰ ਨੇ 401ਅੰਕ ਲੈ ਕੇ ਚੌਥਾ, ਲਖਬੀਰ ਸਿੰਘ ਨੇ 400 ਅੰਕ ਲੈ ਕੇ 5ਵਾਂ,ਹਰਮਨ ਸਿੰਘ ਨੇ 399 ਲੈ ਕੇ 6ਵਾਂ, ਸਿਮਰਜੀਤ ਕੌਰ ਨੇ 398 ਅੰਕ ਲੈ ਕੇ 7ਵਾਂ, ਸੋਮਾ ਕੌਰ ਨੇ 393 ਅੰਕ ਲੈ ਕੇ 8ਵਾਂ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਵੀ.ਕੇ. ਰਾਏ ਅਤੇ ਚੇਅਰਮੈਨ ਡਾ. ਰਵਿੰਦਰ ਬਾਂਸਲ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਉਹਨਾਂ ਦੀ ਸਫਲਤਾ 'ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਡਾ. ਨਵਜੋਤ ਕੌਰ,ਹਰਦੀਪ ਕੌਰ, ਵੀਰਪਾਲ ਕੌਰ ਰਜਿੰਦਰ ਕੌਰ ,ਬੀਰਪਾਲ ਕੌਰ ਬੀਰ ਕਲਾਂ ਆਦਿ ਸਟਾਫ ਹਾਜ਼ਰ ਸੀ।

Saturday, July 13, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਟੇਟ ਅਧਿਆਪਕ ਐਵਾਰਡ ਲਈ ਨਾਮਜ਼ਦਗੀਆਂ ਦੀ ਪ੍ਰਕ੍ਰਿਆ ਸ਼ੁਰੂ

ਸਟੇਟ ਅਧਿਆਪਕ ਐਵਾਰਡ ਲਈ ਨਾਮਜ਼ਦਗੀਆਂ ਦੀ ਪ੍ਰਕ੍ਰਿਆ ਸ਼ੁਰੂ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਟੇਟ ਟੀਚਰ ਐਵਾਰਡ 2024 ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਰੇਕ ਅਧਿਆਪਕ, ਸਕੂਲ ਮੁਖੀ ਅਤੇ ਪ੍ਰਬੰਧਕ ਆਪਣੀ ਵਿਅਕਤੀਗਤ ਆਈਡੀ ਦੇ ਮਾਧਿਅਮ ਰਾਹੀਂ 22 ਜੁਲਾਈ ਤਕ ਈ-ਪੰਜਾਬ ਪੋਰਟਲ ’ਤੇ ਅਰਜ਼ੀ ਅਪਲੋਡ ਕਰ ਸਕੇਗਾ।ਐਵਾਰਡ ਪ੍ਰਾਪਤ ਕਰਨ ਵਾਸਤੇ ਘੱਟੋ-ਘੱਟ 10 ਸਾਲ ਦੀ ਨਿਯਮਤ ਸੇਵਾ ਤੈਅ ਕੀਤੀ ਗਈ ਹੈ ਜਿਨ੍ਹਾਂ ਵਿਚ ਸਮਗਰਾ ਜਾਂ ਪੀਆਈਸੀਟੀਈਐੱਸ ਅਧੀਨ ਕੰਮ ਕਰ ਰਹੇ 10 ਸਾਲ ਸੇਵਾ ਵਾਲੇ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਤੋਂ 10 ਸਾਲ ਦੇ ਵਿਚਕਾਰ ਨਿਯਮਤ ਸੇਵਾ ਕਰਦੇ ਅਤੇ ਆਪਣੀ ਪ੍ਰੋਬੇਸ਼ਨ ਮਿਆਦ ਪੂਰੀ ਕਰ ਚੁੱਕੇ ਅਧਿਆਪਕ ਯੰਗ ਟੀਚਰ ਐਵਾਰਡ ਲਈ ਯੋਗ ਹੋਣਗੇ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਅਧਿਆਪਕ, ਸਕੂਲ ਮੁਖੀ ਜਾਂ ਪ੍ਰਬੰਧਕ ਆਪਣੇ ਤੌਰ 'ਤੇ ਸਟੇਟ ਐਵਾਰਡ ਲਈ ਅਪਲਾਈ ਨਹੀਂ ਕਰ ਸਕਦਾ। ਉਨ੍ਹਾਂ ਦੀ ਨਾਮਜ਼ਦਗੀ ਕਿਸੇ ਹੋਰ ਅਧਿਆਪਕ, ਸਕੂਲ ਮੁਖੀ, ਇੰਚਾਰਜ ਜਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਕੀਤੀ ਜਾਵੇਗੀ। ਸੂਬਾ ਪੱਧਰ ਦੀ ਕਮੇਟੀ ਵੱਲੋਂ ਚੁਣੇ ਗਏ ਅਧਿਆਪਕਾਂ 5 ਸਤੰਬਰ 2024 ਨੂੰ ਐਵਾਰਡ ਹਾਸਲ ਕਰਨਗੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰੇ ਪੰਜਾਬ ਸਰਕਾਰ

ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰੇ ਪੰਜਾਬ ਸਰਕਾਰ


ਨਹੀਂ ਤਿੱਖੇ ਵਿਰੋਧ ਦਾ ਕਰਨਾ ਪਵੇਗਾ ਸਾਹਮਣਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਈਟੀਟੀ 2364 ਭਰਤੀ ਨੂੰ ਪੂਰਾ ਕਰਵਾਉਣ ਲਈ ਜੱਥੇਬੰਦੀ ਦੇ ਆਗੂਆਂ ਵੱਲੋਂ ਬੁਢਲਾਡਾ ਵਿਖੇ ਮੀਟਿੰਗ ਕੀਤੀ ਗਈ,ਜਿਸ ਵਿੱਚ ਆਗੂ ਮਨਪ੍ਰੀਤ ਮਾਨਸਾ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਇੱਥੇ ਜਿਕਰਯੋਗ ਹੈ ਕਿ 11 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ  2364 ਭਰਤੀ ਓੱਤੇ ਲੱਗੀਆਂ ਓਹਨਾਂ ਸਾਰੀਆਂ ਪਾਬੰਦੀਆਂ ਨੂੰ ਖਾਰਜ ਕਰ ਦਿੱਤਾ  ਜਿੰਨਾ ਕਰਕੇ ਇਸ ਭਰਤੀ ਦੇ ਨਤੀਜੇ ਜਾਰੀ ਕਰਨ ਤੇ ਰੋਕ ਲਗਾਈ ਗਈ ਸੀ, ਇਸ ਭਰਤੀ ਦੇ ਯੋਗ ਉਮੀਦਵਾਰਾਂ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ 11 ਜੁਲਾਈ ਨੂੰ ਲੰਬੀ ਚੱਲੀ ਸੁਣਵਾਈ ਦੌਰਾਨ ਹਾਈਕੋਰਟ ਨੇ 2364 ਭਰਤੀ ਦੇ ਉਮੀਦਵਾਰਾਂ ਦੇ ਨਿਯੁਕਤੀ ਪੱਤਰਾਂ  ਦੇ ਸਾਰੇ ਰਸਤੇ ਖੋਲ੍ਹ ਦਿੱਤੇ।ਇਹ ਭਰਤੀ ਮਾਰਚ 2020 ਵਿੱਚ ਆਈ ਸੀ,ਉਸ ਤੋਂ ਬਾਅਦ ਵਿਭਾਗ ਦੁਆਰਾ ਪੇਪਰ ਲੈਣ ਉਪਰੰਤ ਕੌਂਸਲਿੰਗ ਵੀ ਸ਼ੁਰੂ ਹੋ ਗਈ ਸੀ ਪਰ ਕੁੱਝ ਨੁਕਤਿਆਂ ਨੂੰ ਲੈਕੇ ਕੋਰਟ ਵਿੱਚ 2364 ਭਰਤੀ ਅਜਿਹੀ ਉੱਲਝੀ ਕੇ ਇਸਦੇ ਉਮੀਦਵਾਰ ਅੱਜ ਤਕ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਹਨ ਪਰ 11 ਜੁਲਾਈ ਨੂੰ ਹਾਈਕੋਰਟ ਵੱਲੋਂ ਸਾਰੀਆਂ ਰੋਕਾਂ ਹਟਾਉਂਦਿਆਂ ਇਸ ਭਰਤੀ  ਦੇ ਸਾਰੇ ਰਸਤੇ ਖੋਲ ਦਿੱਤੇ ਹਨ। ਇਸ ਮੌਕੇ ਕਮੇਟੀ ਆਗੂਆਂ ਨੇ ਦੱਸਿਆ ਕਿ ਹੁਣ ਸਾਰਾ ਕੁਝ ਵਿਭਾਗ ਦੇ ਹੱਥ ਹੈ ਕੇ ਓਹ ਇਸ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਕਦੋਂ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਭੇਜਦੇ ਹਨ।ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਜਲਦੀ ਹੀ ਈਟੀਟੀ 2364 ਭਰਤੀ ਦੇ ਉਮੀਦਵਾਰਾਂ ਨੂੰ ਸਰਕਾਰ ਨਿਯੁਕਤੀ ਪੱਤਰ ਦੇ ਕੇ ਸਕੂਲਾਂ 'ਚ ਭੇਜੇ ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ,ਹੋਰ ਇੰਤਜ਼ਾਰ ਨਾ ਕਰਾ ਕੇ 2364 ਭਰਤੀ ਨੂੰ  ਜਲਦੀ ਪੂਰਾ ਕੀਤਾ ਜਾਵੇ।ਇਸ ਮੌਕੇ ਹਰਜੀਤ ਗੁਰਨੇ ,ਗੁਰਜੀਵਨ ਮਾਨਸਾ,ਸੇਵਕ ਸਲੇਮਗੜ੍,ਗੁਰਸੰਗਤ ਬੁਢਲਾਡਾ,ਮਨਪ੍ਰੀਤ ਭੀਖੀ,ਜੱਸ ਭੀਖੀ,ਸੁਮਨਪ੍ਰੀਤ ਨੰਗਲ, ਬਲਵਿੰਦਰ ਬਰੇਟਾ, ਲਾਡੀ ਬਰੇਟਾ,ਜਗਪਾਲ ਮਾਨਸਾ ਅਤੇ ਸਮੂਹ ਈਟੀਟੀ 2364 ਕੇਡਰ ਹਾਜ਼ਿਰ ਸੀ।