Monday, September 23, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀ ਨੇ ਅੰਤਰ ਜ਼ਿਲ੍ਹਾ ਮੁਕਾਬਲਿਆਂ ਵਿੱਚ ਗੱਡੇ ਜਿੱਤ ਦੇ ਝੰਡੇ

ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀ ਨੇ ਅੰਤਰ ਜ਼ਿਲ੍ਹਾ ਮੁਕਾਬਲਿਆਂ ਵਿੱਚ ਗੱਡੇ ਜਿੱਤ ਦੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋ ਦੇ ਵਿਦਿਆਰਥੀ ਅਰਪਨਦੀਪ ਸਿੰਘ ਜੋ ਕਿ 11ਵੀਂ ਕਲਾਸ ਦਾ ਵਿਦਿਆਰਥੀ ਹੈ,ਨੇ ਅੰਤਰ ਜ਼ਿਲ੍ਹਾ ਹੋਏ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਅੰਡਰ 19 ਸਾਲ ਗਰੁੱਪ ਵਿੱਚ ਭਾਗ ਲਿਆ ਅਤੇ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਮਾਤਾ ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਮੁਕਾਬਲੇ ਸੰਗਰੂਰ ਜ਼ਿਲ੍ਹੇ ਵਿੱਚ ਸਰਕਾਰੀ ਹਾਈ ਸਕੂਲ ਸਾਹੋਕੇ ਵਿਖੇ ਕਰਵਾਏ ਗਏ।ਜਿਸ ਵਿੱਚ ਅਰਪਨਦੀਪ ਸਿੰਘ ਨੇ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਵਾਲੀਵਾਲ ਦੇ ਵਿੰਗ ਵੱਲੋਂ ਭਾਗ ਲਿਆ ਜਿਸ ਦੌਰਾਨ ਵਿੰਗ ਦੀ ਟੀਮ ਨੇ ਸਟੇਟ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ । ਅਰਪਨਦੀਪ ਸਿੰਘ ਨੇ ਸਕੂਲ ਪੱਧਰ 'ਤੇ ਆਪਣੀ ਵਾਲੀਬਾਲ ਦੀ ਤਿਆਰੀ ਸ਼ੁਰੂ ਕਰਕੇ ਪਹਿਲਾਂ ਵਿੰਗ ਵਿੱਚ ਆਪਣੀ ਚੋਣ ਕਰਵਾਈ ਅਤੇ ਹੁਣ ਲਗਾਤਾਰ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਵਿੰਗ ਵਿੱਚ ਲਗਾਤਾਰ ਤਿਆਰੀ ਕਰਕੇ ਆਪਣੀ ਜਗ੍ਹਾ ਵਿੰਗ ਦੀ ਟੀਮ ਵਿੱਚ ਬਣਾਈ।ਅਰਪਨਦੀਪ ਸਿੰਘ ਦੇ ਪਿਤਾ ਜਗਸੀਰ ਸਿੰਘ ਹੀਰੋ ਕਲਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਤੋਗਾਵਾਲ ਵਿਖੇ ਬਤੌਰ ਹੈੱਡ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ,ਨੇ ਆਪਣੀਆਂ ਸੇਵਾਵਾਂ ਦੇ ਨਾਲ ਨਾਲ ਆਪਣੇ ਬੱਚੇ ਨੂੰ ਸਹੀ ਸੇਧ ਦੇ ਕੇ ਖੇਡਾਂ ਨਾਲ ਜੋੜਦੇ ਹੋਏ ਅਰਪਨਦੀਪ ਸਿੰਘ ਨੂੰ ਵਾਲੀਬਾਲ ਦੀ ਤਿਆਰੀ ਲਈ ਆਪਣਾ ਯੋਗਦਾਨ ਦਿੱਤਾ । ਜਿਸ ਦੇ ਨਤੀਜੇ ਵਜੋਂ ਅੱਜ ਉਹਨਾਂ ਦਾ ਬੇਟਾ ਇਸ ਮੁਕਾਮ ਨੂੰ ਹਾਸਲ ਕਰ ਸਕਿਆ ਹੈ।ਸਕੂਲ ਵਿੱਚ ਪਹੁੰਚਣ 'ਤੇ ਸਕੂਲ ਦੇ ਪ੍ਰਿੰਸੀਪਲ ਜਗਸੀਰ ਸਿੰਘ,ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਅਤੇ ਬੱਚਿਆਂ ਵੱਲੋਂ ਅਰਪਨਦੀਪ ਸਿੰਘ ਦਾ ਭਰਵਾਂ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ।ਇਸ ਸਮੇਂ 11ਵੀਂ ਕਲਾਸ ਦੇ ਇੰਚਾਰਜ ਰਵਨੀਤ ਕੌਰ, ਡੀਪੀਈ ਹਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਰਗਰ ਸਾਬਤ ਹੋਏ ਆਮ ਆਦਮੀ ਕਲੀਨਿਕ-ਵਿਧਾਇਕ ਬੁੱਧ ਰਾਮ

ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਰਗਰ ਸਾਬਤ ਹੋਏ ਆਮ ਆਦਮੀ ਕਲੀਨਿਕ-ਵਿਧਾਇਕ ਬੁੱਧ ਰਾਮ

ਵਿਧਾਇਕ ਬੁੱਧ ਰਾਮ ਵੱਲੋਂ ਪਿੰਡ ਬੀਰੇਵਾਲਾ ਡੋਗਰਾ, ਮਲਕਪੁਰ ਭੀਮੜਾ ਅਤੇ ਲੱਖੀਵਾਲਾ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਰਾਹੀਂ ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਦਾ ਸ਼ਹਿਰਾਂ ਤੋਂ ਦੂਰ ਦੁਰਾਡੇ ਪਿੰਡਾਂ ਵਿਚ ਬੈਠੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਪਿੰਡ ਬੀਰੇਵਾਲਾ ਡੋਗਰਾ, ਮਲਕਪੁਰ ਭੀਮੜਾ ਤੇ ਲੱਖੀਵਾਲਾ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ ਕਰਨ ਮੌਕੇ ਕੀਤਾ।ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪਿੰਡ ਪੱਧਰ ’ਤੇ ਲੋਕਾਂ ਦੇ ਘਰਾਂ ਦੇ ਨਜ਼ਦੀਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਆਮ ਆਦਮੀ ਕਲੀਨਿਕ ਕਾਰਗਰ ਸਾਬਤ ਹੋਏ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਹੁਣ ਆਮ ਆਦਮੀ ਕਲੀਨਿਕਾਂ ਦੀ ਗਿਣਤੀ 28 ਹੋ ਗਈ ਹੈ ਜਿੱਥੇ ਤਾਇਨਾਤ ਸਿਹਤ ਅਮਲੇ ਵੱਲੋਂ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਆਮ ਆਦਮੀ ਕਲੀਨਿਕਾਂ ਵਿਚ ਲੋਕਾਂ ਨੂੰ 100 ਕਿਸਮ ਦੀਆਂ ਮੁਫ਼ਤ ਦਵਾਈਆਂ ਅਤੇ 41 ਪ੍ਰਕਾਰ ਦੇ ਟੈਸਟਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ।ਆਮ ਆਦਮੀ ਕਲੀਨਿਕਾਂ ਵਿਚ ਮੈਡੀਕਲ ਅਫ਼ਸਰ ਸਮੇਤ ਹੋਰ ਲੋੜੀਂਦਾ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ ਜੋ ਕਿ ਇਥੇ ਹੀ ਸੇਵਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 4,93,912 ਮਰੀਜ਼ ਲਾਹਾ ਲੈ ਚੁੱਕੇ ਹਨ ਅਤੇ 55,670 ਟੈਸਟ ਕੀਤੇ ਗਏ ਹਨ।ਇਸ ਮੌਕੇ ਡਾ. ਦੀਪਕ ਗਰਗ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮਨੇਜਰ,ਗੁਰਦਰਸ਼ਨ ਸਿੰਘ ਪਟਵਾਰੀ,ਚੇਅਰਮੈਨ ਰਣਜੀਤ ਸਿੰਘ ਫਰੀਦਕੇ,ਦਰਸਨ ਸਿੰਘ ਘਾਰੂ ਜ਼ਿਲ੍ਹਾ ਜਰਨਲ ਸਕੱਤਰ,ਦਰਸ਼ਨ ਸਿੰਘ ਬਲਾਕ ਪ੍ਰਧਾਨ ਬੋਹਾ,ਸੰਤੋਖ ਸਾਗਰ ਸੋਸ਼ਲ ਮੀਡੀਆ ਇੰਚਾਰਜ ਬੋਹਾ,ਹਰਵਿੰਦਰ ਸਿੰਘ ਸੇਖੋ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ,ਰਮਨ ਗੁੜਦੀ ਜ਼ਿਲ੍ਹਾ ਯੂਥ ਪ੍ਰਧਾਨ ਮਾਨਸਾ,ਕੁਲਵੰਤ ਸਿੰਘ ਬਲਾਕ ਪ੍ਰਧਾਨ,ਜਗਰੂਪ ਸਿੰਘ ਸਾਬਕਾ ਸਰਪੰਚ,ਜਿੰਦਾ ਸਿੰਘ ਆਗੂ ਆਮ ਆਦਮੀ ਪਾਰਟੀ ਲੱਖੀਵਾਲ,ਜਸਵੰਤ ਕੌਰ ਸਰਕਲ ਪ੍ਰਧਾਨ, ਰਣਜੀਤ ਸਿੰਘ ਕੁਲਦੀਪ ਸਿੰਘ ਮੈਂਬਰ ਦਰਸ਼ਨ ਸਿੰਘ ਨੰਬਰਦਾਰ,ਹਾਕਮ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ,ਕਮਲਦੀਪ ਸਿੰਘ ਬਾਵਾ ਸੀਨੀਅਰ ਆਗੂ ਆਮ ਆਦਮੀ ਪਾਰਟੀ,ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ, ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿਖਿਆ ਅਤੇ ਸੂਚਨਾ ਅਫ਼ਸਰ,ਡਾਕਟਰ ਮਨਸੂ ਜੈਨ,ਸਮੀਰ ਸਿੰਗਲਾ,ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜ਼ਰ,ਹਰਬੰਸ ਲਾਲ ਬਲਾਕ ਹੈਲਥ ਐਜੁਕੇਟਰ,ਮਨਦੀਪ ਕੌਰ, ਤਰੁਣ ਕੋਸ਼ਿਕ,ਪਰਮਜੀਤ ਕੌਰ ਐਲ.ਐਚ.ਵੀ.,ਨਿਰਪਾਲ ਸਿੰਘ ਐਮ.ਪੀ.ਡਬਲਿਓ ਮੇਲ ,ਮਨਪ੍ਰੀਤ ਕੌਰ ਏਐਨਐਮ ,ਗੁਰਪ੍ਰੀਤ ਸਿੰਘ ਸੀ.ਐਚ.ਓ. ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ,ਵੀਰੇਵਾਲਾ ਡੋਗਰ ਪੰਚ-ਸਰਪੰਚ,ਕਲੱਬਾਂ ਦੇ ਨੁਮਾਇੰਦੇ,ਆਸ਼ਾ ਵਰਕਰਜ਼ ਤੇ ਸਿਹਤ ਵਿਭਾਗ ਦੇ ਵੱਖ-ਵੱਖ ਕਰਮਚਾਰੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੀ.ਪੀ.ਐਸ ਚੀਮਾ ਦੇ ਖਿਡਾਰੀਆਂ ਨੇ 68ਵੀਆਂ ਪੰਜਾਬ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗਮੇ

ਪੀ.ਪੀ.ਐਸ ਚੀਮਾ ਦੇ ਖਿਡਾਰੀਆਂ ਨੇ 68ਵੀਆਂ ਪੰਜਾਬ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗਮੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਲੁਧਿਆਣਾ ਵਿਖੇ ਹੋਈਆਂ 68ਵੀਆਂ ਪੰਜਾਬ ਸਕੂਲ ਖੇਡਾਂ ਸੈਪਕਟਾਕਰਾ ਅੰਡਰ 17 ਸਾਲ ਕੁੜੀਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਸੰਗਰੂਰ ਵੱਲੋਂ ਖੇਡਦਿਆਂ ਹਰਮਨਜੋਤ ਕੌਰ ਅਤੇ ਹਰਮਨਦੀਪ ਕੌਰ ਨੇ ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਮੇਜ਼ਬਾਨ ਲੁਧਿਆਣਾ ਨੂੰ 15-11,9-15, 11-9 ਨਾਲ ਹਰਾ ਕੇ ਫਾਈਨਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਚੋਣ ਨੈਸ਼ਨਲ ਪੱਧਰੀ ਖੇਡਾਂ ਲਈ ਕਰਵਾਈ।ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਵਿਸ਼ੇਸ ਤੌਰ ’ਤੇ ਬੱਚਿਆਂ ਦਾ ਸਨਮਾਨ ਕੀਤਾ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ,ਕੋਚ ਮੰਗਤ ਰਾਏ,ਡੀ.ਪੀ.ਈ. ਅਮਨਦੀਪ ਕੌਰ,ਯਾਦਵਿੰਦਰ ਸਿੰਘ, ਸੰਦੀਪ ਕੁਮਾਰ,ਗੁਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਮਾਨ ਹਾਜ਼ਰ ਸਨ।


ਦਰਸ਼ਨ ਸਿੰਘ ਚੌਹਾਨ,ਸੁਨਾਮ : ਕੰਬੋਜ਼ ਭਾਈਚਾਰੇ ਨੇ ਭਗਵੰਤ ਮਾਨ ਨਾਲ਼ ਜਤਾਈ ਨਰਾਜ਼ਗੀ

ਕੰਬੋਜ਼ ਭਾਈਚਾਰੇ ਨੇ ਭਗਵੰਤ ਮਾਨ ਨਾਲ਼ ਜਤਾਈ ਨਰਾਜ਼ਗੀ 

ਕਿਹਾ ਮੰਤਰੀ ਮੰਡਲ 'ਚ,ਨਹੀਂ ਦਿੱਤੀ ਪ੍ਰਤੀਨਿਧਤਾ

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵਿੱਚ ਕੀਤੇ ਫੇਰਬਦਲ ਦੌਰਾਨ ਕੰਬੋਜ਼ ਭਾਈਚਾਰੇ ਨੂੰ ਅਣਡਿੱਠ ਕਰਨ ਤੇ ਕੰਬੋਜ਼ ਭਾਈਚਾਰੇ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਵਿੱਚ ਕੀਤੇ ਗਏ ਫੇਰਬਦਲ ਮੌਕੇ ਪਛੜੀਆਂ ਸ਼੍ਰੇਣੀਆਂ ਦੇ ਵਰਗ ਨਾਲ ਸਬੰਧਿਤ ਵਿਧਾਇਕ ਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ। ਸੋਮਵਾਰ ਨੂੰ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਸੁਨਾਮ ਦੀ ਹੋਈ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਕਿਹਾ ਕਿ ਕੰਬੋਜ ਭਾਈਚਾਰੇ ਦੇ ਵਿਧਾਇਕ ਗੋਲਡੀ ਕੰਬੋਜ਼ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਨਾ ਕੰਬੋਜ਼ ਭਾਈਚਾਰੇ ਅਤੇ ਬੀ ਸੀ ਵਰਗ ਨਾਲ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਹਰ ਭਾਈਚਾਰੇ ਦਾ ਖਿਆਲ ਰੱਖਣਾ ਚਾਹੀਦਾ ਸੀ ਜੋ ਕਿ ਮੁੱਖ ਮੰਤਰੀ ਨੇ ਨਹੀਂ ਰੱਖਿਆ । ਕੰਬੋਜ਼ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਗੋਲਡੀ ਕੰਬੋਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਾਕੇ ਜਲਾਲਾਬਾਦ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਸੀ ਪਰ ਪਾਰਟੀ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਜਿਸ ਕਾਰਨ ਉਹ ਸਰਕਾਰ ਦੇ ਇਸ ਫੈਸਲੇ ਤੋਂ ਸਖਤ ਨਾਰਾਜ਼ ਹਨ। ਉਹਨਾਂ ਕਿਹਾ ਕਿ ਕੰਬੋਜ਼ ਭਾਈਚਾਰੇ ਅੰਦਰ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮਗਰਲੀਆਂ ਸਰਕਾਰਾਂ ਸਰਕਾਰ ਦੇ ਗਠਿਨ ਸਮੇਂ ਹਰ ਵਰਗ ਨੂੰ ਪ੍ਰਤੀਨਿਧਤਾ ਦਿੰਦੀਆਂ ਆਈਆਂ ਹਨ। ਇਸ ਮੌਕੇ ਸਰਪ੍ਰਸਤ ਮਾਸਟਰ ਕੇਹਰ ਸਿੰਘ ਜੋਸ਼ਨ , ਸਕੱਤਰ ਜਤਿੰਦਰ ਪਾਲ ਸਿੰਘ ਬੌਬੀ, ਬਾਵਾ ਹਾਂਡਾ, ਗੁਰਦੀਪ ਸਿੰਘ ਅਬਦਾਲ , ਸ਼ੈਰੀ ਥਿੰਦ , ਵਿਕਰਾਂਤ ਵਰਮਾ, ਪ੍ਰਿਤਪਾਲ ਸਿੰਘ, ਬਲਦੇਵ ਸਿੰਘ , ਅਤੇ ਗੁਰਮੇਲ ਸਿੰਘ ਆਦਿ ਮੈਂਬਰ ਹਾਜ਼ਰ ਸਨ।

Sunday, September 22, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜਸਵਿੰਦਰ ਸਿੰਘ ਜਨਕ ਨੇ ਸ਼ਾਟ ਪੁੱਟ 'ਚ ਮਾਨਸਾ ਜ਼ਿਲ੍ਹੇ 'ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਟੇਟ ਪੱਧਰ 'ਤੇ ਖੇਡਣ ਲਈ ਕੀਤਾ ਕੁਆਲੀਫਾਈ

ਜਸਵਿੰਦਰ ਸਿੰਘ ਜਨਕ ਨੇ ਸ਼ਾਟ ਪੁੱਟ 'ਚ ਮਾਨਸਾ ਜ਼ਿਲ੍ਹੇ 'ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਟੇਟ ਪੱਧਰ 'ਤੇ ਖੇਡਣ ਲਈ ਕੀਤਾ ਕੁਆਲੀਫਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੰਘੜਿਆਲ ਦੇ ਮਿਹਨਤੀ ਅਤੇ ਖੇਡਾਂ ਨੂੰ ਅਥਾਹ ਪਿਆਰ ਕਰਨ ਵਾਲੇ ਅਤੇ ਆਪਣੇ ਰੰਘੜਿਆਲ ਸਕੂਲ ਦੇ ਅਨੇਕਾਂ ਬੱਚਿਆਂ ਨੂੰ ਵੱਖ-ਵੱਖ ਖੇਡਾਂ ਵਿੱਚ ਤਿਆਰ ਕਰਕੇ ਸਟੇਟ ਪੱਧਰ ਦੇ ਚੈਪੀਅਨ ਖਿਡਾਰੀ ਬਣਾਉਣ ਵਾਲੇ ਅਧਿਆਪਕ ਜਸਵਿੰਦਰ ਸਿੰਘ ਜਨਕ ਨੇ ਉਮਰ 51 ਤੋਂ 60 ਸ਼ਾਟ ਪੁੱਟ 'ਚ ਮਾਨਸਾ ਜ਼ਿਲ੍ਹੇ 'ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਟੇਟ ਪੱਧਰ 'ਤੇ ਖੇਡਣ ਲਈ ਕੁਆਲੀਫਾਈ ਕੀਤਾ ਹੈ ਅਤੇ ਲੌਗ ਜੰਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਰੰਘੜਿਆਲ ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਗਾਮੀਵਾਲਾ ਅਤੇ ਸਕੂਲ ਦੇ ਅਧਿਆਪਕ ਨਾਜ਼ਰ ਸਿੰਘ ਬੱਛੋਆਣਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਹਨਾਂ ਦੇ ਸਕੂਲ ਦੇ ਬਹੁਤ ਹੀ ਕਾਬਿਲ ਅਧਿਆਪਕ ਹਨ,ਜੋ ਸਿੱਖਿਆ ਵਿਭਾਗ ਦੀਆਂ ਸਾਰੀਆਂ ਹੀ ਗਤੀਵਿਧੀਆਂ ਸਹਿ ਵਿੱਦਿਅਕ ਮੁਕਾਬਲੇ ਜਿਵੇਂ ਖੇਡਾਂ, ਪੇਟਿੰਗ,ਕੁਇਜ਼ ਆਦਿ ਵਿੱਚ ਸਟੇਟ ਪੱਧਰੀ ਬੱਚੇ ਤਿਆਰ ਕਰ ਚੁੱਕੇ ਹਨ। ਉਹਨਾਂ ਦਾ ਸਕੂਲ 'ਚ 150 ਪੌਦਿਆਂ ਦਾ ਜੰਗਲ ਲਗਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹ ਸਕੂਲ ਵਿੱਚ ਹਰ ਸਾਲ ਸੈਂਕੜੇ ਪੌਦੇ ਲਗਾਉਂਦੇ ਹਨ।ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਜਨਕ ਨੇਕੀ ਫਾਉਂਡੇਸ਼ਨ ਬੁਢਲਾਡਾ ਦੇ ਵੀ ਸਰਗਰਮ ਮੈਂਬਰ ਹਨ ਜਿਸ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਪੰਜਾਬ ਪੱਧਰ 'ਤੇ ਬਹੁਤ ਵੱਡਾ ਨਾਂ ਹੈ।ਦਿਆਲਪੁਰਾ ਕਲੱਸਟਰ ਦੇ ਸੀਐਚਟੀ ਕੁਲਵਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਜਨਕ ਕਲੱਸਟਰ ਦਿਆਲਪੁਰਾ ਦੇ ਹੋਣਹਾਰ ਅਧਿਆਪਕਾਂ 'ਚੋਂ ਇੱਕ ਹਨ।ਜੋ ਹਰ ਸਾਲ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਕਨਵੀਨਰ ਬਣ ਕੇ ਰਾਜ ਪੱਧਰੀ ਖੇਡਾਂ 'ਚ ਬੱਚੇ ਲੈ ਕੇ ਜਾਂਦੇ ਹਨ।ਉਹਨਾਂ ਦੱਸਿਆ ਕਿ ਉਹ ਇਕੱਲੇ ਆਪਣੇ ਸਕੂਲ ਦੇ ਬੱਚਿਆਂ ਨੂੰ ਹੀ ਨਹੀਂ ਖਿਡਾਉਂਦੇ ਸਗੋਂ ਆਪ ਵੀ ਬਹੁਤ ਵਧੀਆ ਖਿਡਾਰੀ ਹਨ ਜਿਸ ਦੀ ਤਾਜ਼ਾ ਮਿਸ਼ਾਲ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਆਪਣੇ ਉਮਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰਕੇ ਦਿੱਤੀ ਹੈ। ਉਹਨਾਂ ਕਿਹਾ ਕਿ ਸਾਰੇ ਦਿਆਲਪੁਰਾ ਕਲੱਸਟਰ ਨੂੰ ਇਹਨਾਂ 'ਤੇ ਬਹੁਤ ਮਾਣ ਹੈ,ਜਿਨ੍ਹਾਂ ਨੇ ਕਲੱਸਟਰ ਦਿਆਲਪੁਰਾ ਦਾ ਨਾਂ ਪੰਜਾਬ ਪੱਧਰ 'ਤੇ ਰੌਸ਼ਨ ਕੀਤਾ ਹੈ।ਸਮੂਹ ਕਲੱਸਟਰ ਦੇ ਅਧਿਆਪਕਾਂ ਨੇ ਜਸਵਿੰਦਰ ਸਿੰਘ ਨੂੰ ਸਟੇਟ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸੈਂਟਰ ਬੋਹਾ ਦੀਆਂ ਕਲੱਸਟਰ ਪੱਧਰੀ ਪ੍ਰਾਇਮਰੀ ਖੇਡਾਂ ਨੇਪਰੇ ਚੜ੍ਹੀਆਂ

ਸੈਂਟਰ ਬੋਹਾ ਦੀਆਂ ਕਲੱਸਟਰ ਪੱਧਰੀ ਪ੍ਰਾਇਮਰੀ ਖੇਡਾਂ ਨੇਪਰੇ ਚੜ੍ਹੀਆਂ

ਬਾਜੀਗਰ ਬਸਤੀ ਬੋਹਾ ਦੇ ਖਿਡਾਰੀਆਂ ਨੇ ਲਗਾਤਾਰ ਤੀਜੇ ਸਾਲ ਵੀ ਜਿੱਤੀ ਆਲ ਓਵਰ ਟਰਾਫੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਟਰ ਹੈਡ ਟੀਚਰ ਹਰਫੂਲ ਸਿੰਘ ਦੀ ਅਗਵਾਈ ਵਿੱਚ ਸਫਲਤਾ ਪੂਰਵ ਸਪੰਨ ਹੋਏ। ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਪ੍ਰੀਤਮ ਸਿੰਘ ਮਲ ਸਿੰਘ ਵਾਲਾ ਵਾਲਿਆਂ ਨੇ ਦੱਸਿਆ ਕਿ ਸੈਂਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਛੇ ਸਰਕਾਰੀ ਅਤੇ ਦੋ ਨਿੱਜੀ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਭਾਗ ਲੈਂਦਿਆਂ ਆਪਣੇ ਆਪਣੇ ਸਕੂਲਾਂ ਲਈ ਬਹੁਤ ਸਾਰੇ ਤਗ਼ਮੇ ਪ੍ਰਾਪਤ ਕੀਤੇ। ਉਹਨਾਂ ਦੱਸਿਆ ਕਿ ਇਨਾ ਖੇਡ ਮੁਕਾਬਲਿਆਂ ਵਿੱਚ ਖੋ-ਖੋ ਲੜਕੇ ਅਤੇ ਲੜਕੀਆਂ ਪਹਿਲਾ ਸਥਾਨ ਬਾਜੀਗਰ ਬਸਤੀ ਬੋਹਾ ਅਤੇ ਦੂਜਾ ਸਥਾਨ ਮਘਾਣੀਆ ਸਕੂਲ,ਕਬੱਡੀ ਨੈਸ਼ਨਲ ਲੜਕੇ ਪਹਿਲਾ ਸਥਾਨ ਸੇਰਖਾ ਵਾਲਾ ਅਤੇ ਦੂਜਾ ਸਥਾਨ ਬਾਜ਼ੀਗਰ ਬਸਤੀ ਬੋਹਾ, ਕਬੱਡੀ ਸਰਕਲ ਪਹਿਲਾ ਸਥਾਨ ਗਦੜਪੱਤੀ ਬੋਹਾ ਅਤੇ ਦੂਸਰਾ ਸਥਾਨ ਆਦਰਸ਼ ਸਕੂਲ ਬੋਹਾ, ਜਿਮਨਾਸਟਿਕ ਲੜਕੇ ਤੇ ਲੜਕੀਆਂ ਪਹਿਲਾ ਸਥਾਨ ਬਾਜੀਗਰ ਬਸਤੀ ਬੋਹਾ, ਜੋਗਾ ਲੜਕੇ ਤੇ ਲੜਕੀਆਂ ਪਹਿਲਾ ਸਥਾਨ ਬਾਜੀਗਰ ਬਸਤੀ ਬੋਹਾ, ਦੂਸਰਾ ਸਥਾਨ ਲੜਕੇ ਮੰਘਾਣੀਆ ਅਤੇ ਲੜਕੀਆਂ ਆਦਰਸ਼ ਸਕੂਲ ਬੋਹਾ, ਲੜਕੀਆਂ ਕਬੱਡੀ ਨੈਸ਼ਨਲ ਪਹਿਲਾ ਸਥਾਨ ਬਾਜੀਗਰ ਬਸਤੀ ਬੋਹਾ ਦੂਸਰਾ ਸਥਾਨ ਗਾਦੜਪੱਤੀ ਬੋਹਾ, ਸਤਰੰਜ ਲੜਕੇ ਪਹਿਲਾ ਸਥਾਨ ਬਾਜੀਗਰ ਬਸਤੀ ਬੋਹਾ, ਦੂਸਰਾ ਸਥਾਨ ਬੋਹਾ ਮੁੰਡੇ ਅਤੇ ਲੜਕੀਆਂ ਪਹਿਲਾ ਸਥਾਨ ਬੋਹਾ ਮੁੰਡੇ, ਹੈਂਡਬਾਲ ਮਿੰਨੀ ਲੜਕੇ ਅਤੇ ਲੜਕੀਆਂ ਪਹਿਲਾ ਸਥਾਨ ਬਾਜੀਗਰ ਬਸਤੀ ਬੋਹਾ, ਫੁਟਬਾਲ ਲੜਕੇ ਤੇ ਲੜਕੀਆਂ ਪਹਿਲਾ ਸਥਾਨ ਗਾਦੜ ਪੱਤੀ ਬੋਹਾ ਅਤੇ ਦੂਸਰਾ ਸਥਾਨ ਦੋਵੇਂ ਬਾਜ਼ੀਗਰ ਬਸਤੀ ਬੋਹਾ, ਰੱਸਾ ਕਸੀ ਪਹਿਲਾ ਸਥਾਨ ਆਦਰਸ਼ ਬੋਹਾ ਅਤੇ ਦੂਸਰਾ ਸਥਾਨ ਬਾਜ਼ੀਗਰ ਬਸਤੀ ਬੋਹਾ, ਐਥਲਟਿਕ੍ਸ ਮੁਕਾਬਲਿਆਂ ਵਿੱਚ 100 ਮੀਟਰ ਦੌੜ ਲੜਕੇ ਗੁਰਵਿੰਦਰ ਸਿੰਘ ਬਾਜੀਗਰ ਬਸਤੀ ਬੋਹਾ ਪਹਿਲਾ, ਕੁਲਵਿੰਦਰ ਸਿੰਘ ਮਘਾਣੀਆਂ ਦੂਜਾ,ਮਾਣਕ ਸਿੰਘ ਬਾਜੀਗਰ ਬਸਤੀ ਬੋਹਾ ਤੀਜਾ ਸਥਾਨ,ਸੌ ਮੀਟਰ ਦੌੜ ਲੜਕੀਆਂ ਲਵਪ੍ਰੀਤ ਕੌਰ ਮਘਾਣੀਆ ਪਹਿਲਾ, ਦੀਪ ਕੌਰ ਬਾਜਗਰ ਬਸਤੀ ਬੋਹਾ ਦੂਜਾ,ਪਰਮਵੀਰ ਕੌਰ ਆਦਰਸ ਬੋਹਾ ਤੀਜਾ ਸਥਾਨ, 200 ਮੀਟਰ ਦੌੜ ਲੜਕੇ ਕੁਲਵਿੰਦਰ ਮੰਘਾਣੀਆਂ ਪਹਿਲਾ, ਰਾਜਵੀਰ ਸੈਦੇਵਾਲਾ ਦੂਜਾ ਗੁਰਵਿੰਦਰ ਬਾਜ਼ੀਗਰ ਬਸਤੀ ਬੋਹਾ ਤੀਜਾ ਸਥਾਨ,200 ਮੀਟਰ ਦੌੜ ਲੜਕੀਆਂ ਹੁਸਨਜੋਤ ਤੇ ਸਹਿਜ ਪ੍ਰੀਤ ਆਦਰਸ ਸਕੂਲ ਬੋਹਾ ਪਹਿਲਾ/ਦੂਜਾ, ਦੀਪ ਬਾਜੀਗਰ ਬਸਤੀ ਤੀਜਾ ਸਥਾਨ, 400 ਮੀਟਰ ਦੌੜ ਮਹਾਂਵੀਰ ਬਾਜੀਗਰ ਬਸਤੀ ਬੋਹਾ ਪਹਿਲਾ, ਬੀਰ ਸਿੰਘ ਬੋਹਾ ਮੁੰਡੇ ਦੂਸਰਾ,ਪ੍ਰਵੀਨ ਆਦਰਸ਼ ਬੋਹਾ ਤੀਜਾ ਸਥਾਨ,ਲੜਕੀਆਂ ਵੀਰਪਾਲ ਮੰਘਾਣੀਆਂ ਨੇ ਪਹਿਲਾ, ਸਹਿਜਪ੍ਰੀਤ ਆਦਰਸ ਸਕੂਲ ਦੂਸਰਾ ਅਤੇ ਸੰਜਨਾ ਸੇਰਖਾ ਨੇ ਤੀਸਰਾ ਸਥਾਨ, 600 ਮੀਟਰ ਦੌੜ ਲੜਕੇ ਸੁਖਜੋਤ ਮੰਘਾਣੀਆਂ ਪਹਿਲਾਂ,ਮਨਿੰਦਰ ਰਾਮ ਬਾਜੀਗਰ ਬਸਤੀ ਬੋਹਾ ਦੂਜਾ, ਵੰਸ਼ ਬੋਹਾ ਮੁੰਡੇ ਨੇ ਤੀਸਰਾ ਸਥਾਨ, ਲੜਕੀਆਂ ਵਿੱਚੋਂ ਲਵਪ੍ਰੀਤ ਮਘਾਣੀਆਂ ਨੇ ਪਹਿਲਾ,ਸਿਮਰਨਜੀਤ ਕੌਰ,ਮਹਿਕਦੀਪ ਕੌਰ ਬਾਜੀਗਰ ਬਸਤੀ ਬੋਹਾ ਨੇ ਦੂਸਰਾ,ਤੀਸਰਾ ਸਥਾਨ, ਲੰਬੀ ਛਾਲ ਲੜਕੇ ਮਨਿੰਦਰ ਰਾਮ ਅਤੇ ਗੁਰਵਿੰਦਰ ਸਿੰਘ ਬਾਜੀਗਰ ਬਸਤੀ ਬੋਹਾ ਨੇ ਪਹਿਲਾ ਤੇ ਦੂਸਰਾ, ਲੜਕੀਆਂ ਵਿੱਚੋਂ ਰਮਨਜੋਤ ਗਾਦੜ ਪੱਤੀ ਬੋਹਾ ਨੇ ਪਹਿਲਾ,ਵੀਰਪਾਲ ਤੇ ਸਿਮਰਨ ਮੰਘਾਣੀਆਂ ਨੇ ਦੂਜਾ ਤੇ ਤੀਜਾ ਸਥਾਨ, ਸ਼ਾਟ ਪੁੱਟ ਲੜਕੇ ਗੁਰਨੂਰ ਬਾਜੀਗਰ ਬਸਤੀ ਬੋਹਾ ਨੇ ਪਹਿਲਾ, ਤਰਨਵੀਰ ਗਾਦੜਪੱਤੀ ਬੋਹਾ ਦੂਸਰਾ, ਸਾਹਿਲ ਪ੍ਰੀਤ ਮੰਘਾਣੀਆਂ ਨੇ ਤੀਸਰਾ ਸਥਾਨ ਲੜਕੀਆਂ ਵਿੱਚੋਂ ਵਿਦਿਆ ਬਾਜ਼ੀਗਰ ਬਸਤੀ ਬੋਹਾ ਨੇ ਪਹਿਲਾ, ਦਿਲਪ੍ਰੀਤ ਗਾਦੜਪੱਤੀ ਬੋਹਾ ਦੂਸਰਾ,ਹੁਸਨ ਆਦਰਸ ਸਕੂਲ ਬੋਹਾ ਨੇ ਤੀਸਰਾ ਸਥਾਨ, ਕੁਸ਼ਤੀਆਂ 25 ਕਿਲੋਗ੍ਰਾਮ ਰਾਜਬੀਰ ਬੋਹਾ ਮੁੰਡੇ ਪਹਿਲਾ, ਅਸਮੀਤ ਬਾਜ਼ੀਗਰ ਬਸਤੀ ਬੋਹਾ ਦੂਸਰਾ 28 ਕਿਲੋਗ੍ਰਾਮ ਵਿੱਚ ਕੁਲਵਿੰਦਰ ਮੰਘਾਣੀਆਂ ਨੇ ਪਹਿਲਾ, ਮਨਜੋਤ ਬਾਜੀਗਰ ਬਸਤੀ ਬੋਹਾ ਨੇ ਦੂਸਰਾ, 30 ਕਿਲੋਗ੍ਰਾਮ ਵਰਗ ਤਰਨਵੀਰ ਗਾਦੜ ਪੱਤੀ ਬੋਹਾ ਪਹਿਲਾ, ਰਾਜਵੀਰ ਬੋਹਾ ਮੁੰਡੇ ਦੂਜਾ, ਸਾਹਿਲਪ੍ਰੀਤ ਮੰਘਾਣੀਆਂ ਪਹਿਲਾ, ਰਜਿੰਦਰ ਬਾਜੀਗਰ ਬਸਤੀ ਬੋਹਾ ਦੂਸਰਾ ਸਥਾਨ, ਇਹਨਾਂ ਸਾਰੇ ਖਿਡਾਰੀਆਂ ਨੇ ਕਰਮਵਾਰ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਕੋਚ ਅਧਿਆਪਕਾਂ ਅਤੇ ਸਕੂਲਾਂ ਦੇ ਨਾਮ ਰੋਸ਼ਨ ਕੀਤੇ ਹਨ। ਇਸ ਤੋਂ ਇਲਾਵਾ ਆਪਣੇ ਪਿਛਲੇ ਸਾਲਾਂ ਦੇ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਬਾਜੀਗਰ ਬਸਤੀ ਬੋਹਾ ਦੇ ਖਿਡਾਰੀਆਂ ਨੇ ਇਸ ਸਾਲ ਵੀ ਬਿਹਤਰ ਖੇਡ ਕਾਰਗੁਜ਼ਾਰੀ ਸਦਕਾ ਆਲ ਓਵਰ ਟਰਾਫੀ 'ਤੇ ਮੁੜ ਕਬਜ਼ਾ ਕੀਤਾ।ਜਿਸ ਲਈ ਸੈਂਟਰ ਹੈਡ ਟੀਚਰ ਹਰਫੂਲ ਸਿੰਘ ਨੇ ਵਧਾਈਆਂ ਦਿੰਦਿਆਂ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।ਇਨਾ ਦੋ ਦਿਨਾਂ ਚੱਲੇ ਖੇਡ ਮੁਕਾਬਲਿਆਂ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਜ ਸੇਵੀ ਕਮਲਜੀਤ ਬਾਵਾ ਬੋਹਾ,ਮਿੱਠੂ ਸਿੰਘ ਸੇਵਾਮੁਕਤ ਡੀ.ਪੀ.ਈ, ਸਮਾਜ ਸੇਵੀ ਹਰਪਾਲ ਸਿੰਘ ਪੰਮੀ ਬੋਹਾ, ਜੱਗਾ ਸਿੰਘ ਐਮਸੀ ਗਾਦੜ ਪੱਤੀ ਬੋਹਾ, ਸਮਾਜ ਸੇਵੀ ਸਾਬਕਾ ਫੌਜੀ ਕਰਮਜੀਤ ਸਿੰਘ ਬੋਹਾ ਅਤੇ ਹੋਰ ਪਤਵੰਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ| ਇਹਨਾਂ ਖੇਡਾਂ ਦੇ ਬੇਹਤਰ ਸੰਚਾਲਨ ਲਈ ਨਗਰ ਪੰਚਾਇਤ ਬੋਹਾ ਬਿਹਤਰ ਸਹਿਯੋਗ ਰਿਹਾ।ਜੇਤੂ ਬੱਚਿਆਂ ਤੇ ਅਧਿਆਪਕਾਂ ਨੂੰ ਪਤਵੰਤਿਆਂ ਅਤੇ ਸੈਂਟਰ ਹੈਡ ਟੀਚਰ ਹਰਫੂਲ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।ਉਨਾਂ ਇਹਨਾਂ ਖੇਡਾਂ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਾਲੇ ਉਹ ਮੁੱਖ ਅਧਿਆਪਕਾਂ,ਅਧਿਆਪਕਾਂ, ਮਿਡ ਡੇ ਮੀਲ ਕਾਮਿਆ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਦਰਸ਼ਨ ਸਿੰਘ ਚੌਹਾਨ,ਸੁਨਾਮ : 'ਆਪ' ਦੀ ਸਿੱਖ ਵਿਰੋਧੀ ਸੋਚ ਹੋਈ ਬੇਨਕਾਬ : ਪ੍ਰਿਤਪਾਲ ਸਿੰਘ ਹਾਂਡਾ

'ਆਪ' ਦੀ ਸਿੱਖ ਵਿਰੋਧੀ ਸੋਚ ਹੋਈ ਬੇਨਕਾਬ : ਪ੍ਰਿਤਪਾਲ ਸਿੰਘ ਹਾਂਡਾ

ਦਿੱਲੀ ਮੰਤਰੀ ਮੰਡਲ ਵਿੱਚ ਨਹੀਂ ਸ਼ਾਮਿਲ ਕੀਤਾ ਕੋਈ ਸਿੱਖ ਮੰਤਰੀ

ਦਰਸ਼ਨ ਸਿੰਘ ਚੌਹਾਨ,ਸੁਨਾਮ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਮਾਰਕਿਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਦਿੱਲੀ ਸਰਕਾਰ ਵਿੱਚ ਕਿਸੇ ਸਿੱਖ ਨੂੰ ਮੰਤਰੀ ਨਾ ਬਣਾਕੇ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਅਤੇ ਹੁਣ ਅਸਤੀਫ਼ੇ ਤੋਂ ਬਾਅਦ ਬਣੀ ਮਹਿਲਾ ਮੁੱਖ ਮੰਤਰੀ ਆਤਿਸ਼ੀ ਮਾਨਰੇਲਾ ਮੰਤਰੀ ਮੰਡਲ ਵਿਚ ਵੀ ਕਿਸੇ ਸਿੱਖ ਚਿਹਰੇ ਨੂੰ ਮੰਤਰੀ ਨਹੀਂ ਬਣਾਇਆ ਗਿਆ। ਐਤਵਾਰ ਨੂੰ ਸੁਨਾਮ ਵਿਖੇ ਜਾਰੀ ਬਿਆਨ ਵਿੱਚ ਅਕਾਲੀ ਆਗੂ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਹੋਣ ਦਾ ਢੰਡੋਰਾ ਪਿੱਟ ਰਹੀ ਹੈ ਲੇਕਿਨ ਘੱਟ ਗਿਣਤੀਆਂ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਪ੍ਰਤੀਨਿਧਤਾ ਨਾ ਦੇਕੇ ਸਿੱਖ ਸੋਚ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਘੱਟ ਗਿਣਤੀ ਵਿੱਚ ਹੁੰਦਿਆਂ ਦੇਸ਼ ਦੀ ਆਜ਼ਾਦੀ ਤੋਂ ਲੈਕੇ ਮੁਲਕ ਦੇ ਹਿੱਤਾਂ ਦੀ ਰਾਖੀ ਲਈ ਮੋਹਰੀ ਹੋ ਕੇ ਲੜਾਈਆਂ ਲੜੀਆਂ ਹਨ ਲੇਕਿਨ ਬਾਵਜੂਦ ਇਸਦੇ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਸਿੱਖ ਭਾਈਚਾਰੇ ਨੂੰ ਅਣਡਿੱਠ ਕਰ ਰਹੀ ਹੈ। ਸਾਬਕਾ ਚੇਅਰਮੈਨ ਹਾਂਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਆਤਿਸ਼ੀ ਮਾਨਰੇਲਾ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚੋਂ ਵੀ ਦੂਰ ਰੱਖਿਆ ਗਿਆ ਹੈ, ਅਜਿਹਾ ਵਰਤਾਰਾ ਸਿੱਖ ਵਿਰੋਧੀ ਚਿਹਰੇ ਨੂੰ ਹੋਰ ਵੀ ਬੇਨਕਾਬ ਕਰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਹਰਿਆਣਾ ਦੀ ਜਨਤਾ ਨੂੰ ਸੁਚੇਤ ਕਰਦਿਆਂ ਕਿਹਾ ਕਿ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਨ ਵਿੱਚ ਮਾਹਿਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਬਹਿਕਾਵੇ ਵਿੱਚ ਨਾ ਆਇਓ, ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ।