Thursday, November 14, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਖੇਡਾਂ ਸਾਨੂੰ ਆਪਸੀ ਮਿਲਵਰਤਨ ਸਿਖਾਉਂਦੀਆਂ ਹਨ : ਪ੍ਰਿੰਸੀਪਲ ਡਾ. ਵਿਕਾਸ ਸੂਦ

ਖੇਡਾਂ ਸਾਨੂੰ ਆਪਸੀ ਮਿਲਵਰਤਨ ਸਿਖਾਉਂਦੀਆਂ ਹਨ : ਪ੍ਰਿੰਸੀਪਲ ਡਾ. ਵਿਕਾਸ ਸੂਦ 

ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਮੰਡੀ ਵਿਖੇ ਐਥਲੈਟਿਕਸ ਮੀਟ ਵਿੱਚ ਪਲੇਅ ਤੋਂ ਤੀਜੀ ਜਮਾਤ ਤੱਕ ਦੇ ਬੱਚਿਆਂ ਨੇ ਲਿਆ ਹਿੱਸਾ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀਬੀਐਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਂਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਮੰਡੀ ਵਿਖੇ ਐਥਲੈਟਿਕ ਮੀਟ ਕਰਵਾਈ ਗਈ,ਜਿਸ ਵਿਚ ਪਲੇਅ-ਵੇਅ ਤੋਂ ਤੀਜੀ ਜਮਾਤ ਤੱਕ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਬੱਚਿਆਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਤੇ ਦੌੜ ਮੁਕਾਬਲੇ ਕਰਵਾਏ ਗਏ,ਜਿਵੇਂ ਕਿ ਡੱਡੂ ਦੌੜ,ਬਾਲ ਦੌੜ,60 ਮੀਟਰ ਦੌੜ, ਚਮਚੇ ਵਿੱਚ ਨਿੰਬੂ ਰੱਖ ਕੇ ਦੌੜ ਅਤੇ ਸੈਕ ਰੇਸ ਆਦਿ। ਬੱਚਿਆਂ ਨੇ ਇਹਨਾ ਖੇਡਾਂ ਦਾ ਖੂਬ ਅਨੰਦ ਮਾਣਿਆ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਵੱਲ ਪੇ੍ਰਿਤ ਕਰਨ ਲਈ ਸਕੂਲ ਵਿਚ ਇਹ ਐਥਲੈਟਿਕ ਮੀਟ ਮਨਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਖੇਡਾਂ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਖੇਡਾਂ ਦੇ ਨਿਯਮਾਂ ਬਾਰੇ ਦੱਸਿਆ ਗਿਆ। ਉਹਨਾਂ ਦੱਸਿਆ ਕਿ ਬੱਚਿਆਂ ਨੇ ਆਪਸੀ ਮਿਲਵਰਤਨ ਨਾਲ ਖੇਡਾਂ ਖੇਡੀਆਂ।ਜੇਤੂ ਬੱਚਿਆਂ ਨੂੰ ਹੌਂਸਲਾ ਅਫਜ਼ਾਈ ਦੇਣ ਲਈ ਸਕੂਲ ਵੱਲੋਂ ਵਿਸ਼ੇਸ਼ ਤੌਰ 'ਤੇ ਤਗ਼ਮੇ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਮੈਨੇਜਮੈਂਟ ਮੈਬਰ ਸੋਨੀਆ ਰਾਣੀ,ਮਧੂ ਰਾਣੀ,ਰਜਿੰਦਰ ਕੁਮਾਰ,ਹੈਪੀ ਕੁਮਾਰ ਅਤੇ ਸਮੂਹ ਸਟਾਫ ਮੌਜੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮੁਕਾਬਲਿਆਂ ਦਾ ਹਿੱਸਾ ਬਣਨ ਨਾਲ ਵਿਦਿਆਰਥੀਆਂ ਦੀ ਸੋਚ ਦੀ ਉਡਾਰੀ ਨੂੰ ਖੰਭ ਮਿਲਦੇ ਹਨ-ਡਿਪਟੀ ਕਮਿਸ਼ਨਰ

ਮੁਕਾਬਲਿਆਂ ਦਾ ਹਿੱਸਾ ਬਣਨ ਨਾਲ ਵਿਦਿਆਰਥੀਆਂ ਦੀ ਸੋਚ ਦੀ ਉਡਾਰੀ ਨੂੰ ਖੰਭ ਮਿਲਦੇ ਹਨ-ਡਿਪਟੀ ਕਮਿਸ਼ਨਰ

ਬਾਲ ਦਿਵਸ ਸਬੰਧੀ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਵਿਦਿਆਰਥੀਆਂ ਦੇ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਦੀ ਸੋਚ ਦੀ ਉਡਾਰੀ ਨੂੰ ਖੰਭ ਦੇਣਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਬਾਲ ਦਿਵਸ ਸਬੰਧੀ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਕੂਲ ਆਫ਼ ਐਮੀਨੈਂਸ ਮਾਨਸਾ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ, ਐਸ.ਡੀ.ਐਮ. ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਜਸਵਿੰਦਰ ਕੌਰ ਚਾਨਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਭੁਪਿੰਦਰ ਕੌਰ, ਪ੍ਰਿੰਸੀਪਲ ਡਾ. ਵਿਜੈ ਕੁਮਾਰ ਮਿੱਢਾ, ਸਕੱਤਰ ਰੈਡ ਕਰਾਸ ਸੁਸਾਇਟੀ ਦੇਬਅਸਮਿਤਾ, ਸਟੇਟ ਅਵਾਰਡੀ ਡਾ. ਵਿਨੋਦ ਮਿੱਤਲ, ਲੈਕਚਰਾਰ ਯੋਗਿਤਾ ਜੋੋਸ਼ੀ, ਸ਼੍ਰੀ ਤੇਜ ਰਾਮ, ਬਾਲ ਕ੍ਰਿਸ਼ਨ, ਗੁਲਾਬ ਸਿੰਘ, ਗੁਰਨੈਬ ਸਿੰਘ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਜਿੱਥੇ ਕਲਪਨਾ ਸ਼ਕਤੀ ਵਿੱਚ ਵਾਧਾ ਹੁੰਦਾ ਹੈ, ਉਥੇ ਹੀ ਉਨ੍ਹਾਂ ਦੀ ਪ੍ਰਤਿਭਾ ਵਿੱਚ ਹੋਰ ਵੀ ਨਿਖਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਕੁਝ ਨਵਾਂ ਕਰਨ ਲਈ ਸਾਰੀ ਉਮਰ ਕੁਝ ਨਾ ਕੁਝ ਸਿੱਖਣਾ ਰਹਿੰਦਾ ਹੈ ਅਤੇ ਇਸੇ ਸੋਚ ਸਦਕਾ ਉਹ ਸਖ਼ਤ ਮਿਹਨਤ ਕਰਕੇ ਉੱਚੇ ਮੁਕਾਮ ਨੂੰ ਹਾਸਿਲ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਦੇਣ ਸਦਕਾ ਉਨ੍ਹਾਂ ਨਾਲ ਮਿਹਨਤ ਕਰਨ ਵਾਲੀਆਂ ਕਾਫ਼ੀ ਉਦਾਹਰਣਾਂ ਸਾਂਝੀਆਂ ਕੀਤੀਆਂ। ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਨੇ ਦੱਸਿਆ ਕਿ ਬਾਲ ਦਿਵਸ ਦੇ ਸਬੰਧ ਵਿੱਚ 12 ਅਤੇ 13 ਨਵੰਬਰ ਨੂੰ ਸਥਾਨਕ ਮਾਤਾ ਸੁੰਦਰੀ ਕਾਲਜ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਭਾਸ਼ਣ, ਲੇਖ ਰਚਨਾ, ਕੋਲਾਜ਼, ਕਵਿਤਾ ਉਚਾਰਨ, ਕਹਾਣੀ ਰਚਨਾ, ਸਲੋਗਨ ਰਚਨਾ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ।ਉਨ੍ਹਾਂ ਦੱਸਿਆ ਕਿ ਭਾਸ਼ਣ ਜੂਨੀਅਰ ਅੰਗਰੇਜ਼ੀ ਮੁਕਾਬਲੇ ਵਿੱਚ ਨਿਤਿਸ਼ ਸ਼ਰਮਾ, ਭਾਸ਼ਣ ਸੀਨੀਅਰ ਪੰਜਾਬੀ ਵਿੱਚ ਅਨਮੋਲਦੀਪ ਕੌਰ, ਭਾਸ਼ਣ ਸੀਨੀਅਰ ਅੰਗਰੇਜ਼ੀ ਵਿੱਚ ਇਸ਼ਿਕਾ, ਭਾਸ਼ਣ ਜੂਨੀਅਰ ਪੰਜਾਬੀ ਵਿੱਚ ਕਰਮਨਦੀਪ ਕੌਰ, ਲੇਖ ਰਚਨਾ ਅੰਗਰੇਜ਼ੀ ਵਿੱਚ ਹਰਮਨਪ੍ਰੀਤ ਕੌਰ, ਲੇਖ ਰਚਨਾ ਪੰਜਾਬੀ ਵਿੱਚ ਅਨੁਰੀਤ ਕੌਰ, ਕਵਿਤਾ ਉਚਾਰਣ ਜੂਨੀਅਰ ਪੰਜਾਬੀ ਵਿੱਚ ਸੁਖਮਨਜੋਤ ਕੌਰ, ਸਲੋਗਨ ਸੀਨੀਅਰ ਵਿੱਚ ਸੁਮਨਪ੍ਰੀਤ ਕੌਰ, ਕਹਾਣੀ ਰਚਨਾ ਸੀਨੀਅਰ ਪੰਜਾਬੀ ਵਿੱਚ ਮਨਪ੍ਰੀਤ ਕੌਰ, ਪੇਂਟਿੰਗ ਸੀਨੀਅਰ ਵਿੱਚ ਹਰਪ੍ਰੀਤ ਕੌਰ, ਪੇਂਟਿੰਗ ਜੂਨੀਅਰ ਵਿੱਚ ਖੁਸ਼ੀ ਚੌਹਾਨ, ਕਹਾਣੀ ਰਚਨਾ ਸੀਨੀਅਰ ਅੰਗਰੇਜ਼ੀ ਵਿੱਚ ਨਾਵਿਕਾ ਸਿੰਗਲਾ, ਕਵਿਤਾ ਉਚਾਰਣ ਸੀਨੀਅਰ ਅੰਗਰੇਜ਼ੀ ਵਿੱਚ ਹੁਸ਼ਨਪੀ੍ਰਤ ਕੌਰ ਅਤੇ ਕਵਿਤਾ ਉਚਾਰਣ ਜੂਨੀਅਰ ਅੰਗਰੇਜ਼ੀ ਵਿੱਚ ਗੁਰਨੂਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ  ਭੁਪਿੰਦਰ ਕੌਰ ਨੇ ਦੱਸਿਆ ਸਕੂਲੋਂ ਵਿਰਵੇ ਬੱਚਿਆਂ ਨੂੰ ਦੁਬਾਰਾ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ। ਅੱਜ ਦੇ ਸਮਾਗਮ ਦੌਰਾਨ ਬਰਾਂਚ ਮੈਨੇਜਰ ਏ.ਯੂ. ਸਮਾਲ ਫਾਇਨਾਂਸ ਬੈਂਕ ਵਨੀਤ ਸਿੰਗਲਾ ਵੱਲੋਂ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਕਾਪੀਆਂ ਦੀ ਵੰਡ ਕੀਤੀ ਗਈ।

Wednesday, November 13, 2024

ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਾਏ ਪਰਚੇ ਕਰਾਵਾਂਗਾ ਰੱਦ : ਤੋਲਾਵਾਲ

ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਾਏ ਪਰਚੇ ਕਰਾਵਾਂਗਾ ਰੱਦ :  ਤੋਲਾਵਾਲ

ਕਿਹਾ ਅੰਨਦਾਤੇ ਦੀ ਸਾਰ ਨਹੀਂ ਲੈਂਦੀਆਂ ਸਰਕਾਰਾਂ,ਨਸ਼ਾ ਅਤੇ ਕ੍ਰਾਈਮ ਸਰਕਾਰ ਨੂੰ ਨਹੀਂ ਆ ਰਿਹਾ ਨਜ਼ਰ

ਦਰਸ਼ਨ ਸਿੰਘ ਚੌਹਾਨ, ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ਼ ਕੀਤੇ ਜਾ ਰਹੇ ਪਰਾਲੀ ਸਾੜਨ ਦੇ ਕੇਸ ਰੱਦ ਕਰਵਾਉਣ ਲਈ ਸੰਘਰਸ਼ ਵਿੱਢਾਂਗੇ। ਅੰਨਦਾਤਾ ਮੰਡੀਆਂ ਵਿੱਚ ਝੋਨਾ ਵੇਚਣ ਲਈ ਰੁਲ ਰਿਹਾ ਹੈ ਉਲਟਾ ਕਿਸਾਨਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਬੁੱਧਵਾਰ ਨੂੰ ਪਿੰਡ ਉਗਰਾਹਾਂ ਵਿਖੇ ਹੋਈ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਆਖਿਆ ਕਿ ਕਿਸਾਨ ਮਜਬੂਰੀਵੱਸ ਪਰਾਲੀ ਨੂੰ ਅੱਗ ਲਾ ਰਹੇ ਹਨ ਲੇਕਿਨ ਸੂਬੇ ਦੀ ਭਗਵੰਤ ਮਾਨ ਸਰਕਾਰ ਸੈਟੇਲਾਈਟ ਰਾਹੀਂ ਪਛਾਣ ਕਰਕੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ ਅਜਿਹੇ ਵਰਤਾਰੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਖਰੀਦ ਅਤੇ ਚੁਕਾਈ ਵਿੱਚ ਦੇਰੀ ਅਤੇ ਡੀਏਪੀ ਖ਼ਾਦ ਦੀ ਘਾਟ ਵੱਲ ਉਚੇਚਾ ਧਿਆਨ ਨਹੀਂ ਦੇ ਰਹੀ ਉਲਟਾ ਅੰਨਦਾਤੇ ਨੂੰ ਪਰਚੇ ਪਾਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਦਰਜ਼ ਮੁਕੱਦਮੇ ਰੱਦ ਕਰਵਾਉਣ ਲਈ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਰਾਮ ਸ਼ਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ, ਪਾਲ ਸਿੰਘ ਦੌਲਾ ਸਿੰਘ ਵਾਲਾ, ਮਹਿੰਦਰ ਸਿੰਘ ਨਮੋਲ, ਅਤੇ ਯਾਦਵਿੰਦਰ ਸਿੰਘ ਚੱਠਾ ਨੇ ਕਿਹਾ ਕਿ ਪਰਾਲੀ ਦੇ ਪ੍ਰਦੂਸ਼ਣ ਨੂੰ ਲੈਕੇ ਜਿੰਨਾਂ ਜ਼ੋਰ ਪੰਜਾਬ ਤੇ ਕੇਂਦਰ ਦੀ ਸਰਕਾਰ ਲਾ ਰਹੀ ਹੈ ਜੇਕਰ ਇੰਨਾਂ ਜੋਰ ਨਸ਼ੇ ਅਤੇ ਕਰਾਇਮ ਰੋਕਣ ਲਈ ਲਾਇਆ ਹੁੰਦਾ ਤਾਂ ਅੱਜ ਸੂਬੇ ਵਿਚੋਂ ਨਸ਼ਾ ਤੇ ਕਰਾਇਮ ਬੰਦ ਹੋ ਜਾਂਦਾ, ਅੱਜ ਜਦੋਂ ਕਿਸਾਨ ਝੋਨਾ ਵੇਚਣ ਲਈ ਮੰਡੀਆਂ ਚ ਸੰਘਰਸ਼ ਲੜ ਰਿਹਾ ਹੈ ਤਾਂ ਕਿਸਾਨਾਂ ਤੇ ਪੰਜਾਬ ਸਰਕਾਰ ਵੱਲੋਂ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏ ਕੇ ਕਲਾਂ ਵਿੱਚ ਹੱਕ ਮੰਗਦੇ ਕਿਸਾਨਾਂ ਤੇ ਜੋ ਲਾਠੀਚਾਰਜ਼ ਕੀਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਸਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਕਿਸਾਨਾਂ ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੇ ਮੁਕੱਦਮੇ ਦਰਜ਼ ਕੀਤੇ ਜਾਣ। ਕਿਸਾਨ ਆਗੂਆਂ ਨੇ ਦੱਸਿਆ ਕਿ ਉਪਰੋਕਤ ਮੰਗਾਂ ਲਈ 14 ਨਵੰਬਰ ਤੋਂ ਬਰਨਾਲਾ ਵਿਖੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਇਸ ਲਈ ਸੁਨਾਮ ਬਲਾਕ ਵਿੱਚੋਂ ਵੱਡੇ ਕਾਫਲੇ ਬਰਨਾਲਾ ਵੱਲ ਰਵਾਨਾ ਹੋਣਗੇ।

Tuesday, November 12, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਮਾਨਸਾ ਦੀਆਂ ਕੁੜੀਆਂ ਦੀ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚੀ

ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਮਾਨਸਾ ਦੀਆਂ ਕੁੜੀਆਂ ਦੀ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੋਹਾਲੀ ਵਿਖੇ ਹੋ ਰਹੀਆਂ ਪੰਜਾਬ ਪੱਧਰੀ ਪ੍ਰਾਈਮ ਸਕੂਲ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਹਾਕੀ ਦੇ ਮੈਚਾਂ ਵਿੱਚ ਮਾਨਸਾ ਜਿਲ੍ਹੇ ਦੀਆਂ ਕੁੜੀਆਂ ਨੇ ਲਗਾਤਾਰ ਜਿੱਤਾਂ ਪ੍ਰਾਪਤ ਕਰਦਿਆਂ ਆਪਣੀ ਥਾਂ ਸੈਮੀਫਈਨਲ ਵਿੱਚ ਬਣਾ ਲਈ ਹੈ।ਜਾਣਕਾਰੀ ਦਿੰਦਿਆਂ ਅਧਿਆਪਕ ਗੁਰਦੀਪ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦਾ ਪਹਿਲਾ ਮੈਚ ਪਠਾਨਕੋਟ, ਦੂਜਾ ਸ੍ਰੀ ਮੁਕਤਸਰ ਸਾਹਿਬ ਅਤੇ ਤੀਜਾ ਜਲੰਧਰ ਨਾਲ ਹੋਇਆ ਸੀ ਜਿਸ 'ਚੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਕੁੜੀਆਂ ਦੀ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।ਇਸ ਮੌਕੇ ਸੀਐਚਟੀ ਜਸਵੀਰ ਸਿੰਘ,ਡੀਪੀਈ ਕੁਲਦੀਪ ਸਿੰਘ,ਅਮਰਜੀਤ ਕੌਰ ਤੇ ਸੁਖਪਾਲ ਕੌਰ ਮੌਜੂਦ ਸਨ।ਕੁੜੀਆਂ ਦੀ ਹਾਕੀ ਟੀਮ ਦੀ ਲਗਾਤਾਰ ਜਿੱਤ 'ਤੇ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਮਦਨ ਲਾਲ ਕਟਾਰੀਆ,ਬੀਪੀਈਓ ਬੁਢਲਾਡਾ ਤੇ ਬਰੇਟਾ ਅਮਨਦੀਪ ਸਿੰਘ ਔਲਖ,ਬੀਪੀਈਓ ਮਾਨਸਾ ਤੇ ਝੁਨੀਰ ਸੱਤਪਾਲ ਸਿੰਘ,ਬੀਪੀਈਓ ਸਰਦੂਲਗੜ੍ਹ ਲਖਵਿੰਦਰ ਸਿੰਘ ਤੋਂ ਇਲਾਵਾ ਅਧਿਆਪਕਾਂ ਨੇ ਹੁਣ ਤੱਕ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਵਧਾਈ ਦਿੱਤੀ ਅਤੇ ਟੀਮ ਦੇ ਅਗਲੇਰੇ ਭਵਿੱਖ ਦੀ ਕਾਮਨਾ ਕੀਤੀ ਹੈ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਡਾਕਟਰ ਜੋਨੀ ਗੁਪਤਾ ਨੇ ਸਟਾਫ਼ ਨਾਲ ਮਨਾਇਆ ਜਨਮ ਦਿਨ

ਡਾਕਟਰ ਜੋਨੀ ਗੁਪਤਾ ਨੇ ਸਟਾਫ਼ ਨਾਲ ਮਨਾਇਆ ਜਨਮ ਦਿਨ 

ਦਰਸ਼ਨ ਸਿੰਘ ਚੌਹਾਨ,ਸੁਨਾਮ - ਐਮ.ਡੀ. ਮੈਡੀਸਨ ਡਾਕਟਰ ਜੋਨੀ ਗੁਪਤਾ (ਡਾਇਰੈਕਟਰ ਸ਼੍ਰੀ ਬਾਲਾਜੀ ਹਸਪਤਾਲ) ਸੁਨਾਮ ਨੇ ਸਮੂਹ ਸਟਾਫ਼ ਨਾਲ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਡਾਕਟਰ ਮੋਨਿਕਾ ਗੋਇਲ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਕੇਕ ਕੱਟੇ ਗਏ ਅਤੇ ਸਾਰਿਆਂ ਨੇ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ | ਡਾ.ਜੋਨੀ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਟਾਫ਼ ਅਤੇ ਸ਼ੁਭਚਿੰਤਕਾਂ ਦੇ ਸਹਿਯੋਗ ਨਾਲ ਉਹ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰ ਸਕੇ ਹਨ। ਉਹ ਭਵਿੱਖ ਵਿੱਚ ਵੀ ਇਸ ਲਈ ਵਚਨਬੱਧ ਹਨ। ਇਸ ਮੌਕੇ ਰਾਜਵਿੰਦਰ ਕੌਰ,ਗੁਰਪ੍ਰੀਤ ਸਿੰਘ,ਗੁਰਪ੍ਰੀਤ ਕੌਰ ਵੜ੍ਹੈਚ ,ਮਨਪ੍ਰੀਤ ਸਿੰਘ ਮਨੀ,ਦਲਵੀਰ ਸਿੰਘ ਬਿੱਟੂ, ਅਜੇ ਗੁਪਤਾ ਡੀ.ਸੀ.,ਕਰਨ ਸਿੰਘ,ਮਨਜੀਤ ਕੌਰ,ਰੀਨਾ ਰਾਣੀ,ਰਧਿਮਾ ਗੁਪਤਾ,ਕਵਿਸ਼ ਗੁਪਤਾ,ਦਰਸ਼ਨ ਸਿੰਘ ਚੌਹਾਨ,ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ |

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਲ ਦਿਵਸ ਦੇ ਮੱਦੇਨਜ਼ਰ ਕਰਵਾਏ ਵਿਦਿਆਰਥੀਆਂ ਦੇ ਕੋਲਾਜ਼ ਮੇਕਿੰਗ, ਲੇਖ ਅਤੇ ਭਾਸ਼ਣ ਮੁਕਾਬਲੇ

ਬਾਲ ਦਿਵਸ ਦੇ ਮੱਦੇਨਜ਼ਰ ਕਰਵਾਏ ਵਿਦਿਆਰਥੀਆਂ ਦੇ ਕੋਲਾਜ਼ ਮੇਕਿੰਗ, ਲੇਖ ਅਤੇ ਭਾਸ਼ਣ ਮੁਕਾਬਲੇ

14 ਨਵੰਬਰ ਨੂੰ ਜੇਤੂ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ - ਸਕੱਤਰ ਰੈਡ ਕਰਾਸ ਸੁਸਾਇਟੀ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਲ ਦਿਵਸ ਦੇ ਮੱਦੇਨਜ਼ਰ ਸਥਾਨਕ ਮਾਤਾ ਸੁੰਦਰੀ ਕਾਲਜ ਵਿਖੇ 3 ਰੋਜ਼ਾ ਕੋਲਾਜ਼ ਮੇਕਿੰਗ, ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਸੀਨੀਅਰ ਅਤੇ ਜੂਨੀਅਰ ਵਰਗ ਦੇ ਵਿਦਿਆਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਕੇ ਕੀਤੀ ਗਈ।ਜਾਣਕਾਰੀ ਦਿੰਦਿਆਂ ਇਸ ਸਮੁੱਚੇ ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਸਕੱਤਰ ਰੈਡ ਕਰਾਸ ਸੋਸਾਇਟੀ ਮਾਨਸਾ ਦੇਬਅਸਮਿਤਾ ਨੇ ਦੱਸਿਆ ਕਿ 12 ਅਤੇ 13 ਨਵੰਬਰ ਨੂੰ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 14 ਨਵੰਬਰ ਨੂੰ ਬਾਲ ਦਿਵਸ ਮੌਕੇ ਮੁੱਖ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਕੂਲ ਆਫ਼ ਐਮੀਨੈਂਸ ਵਿਖੇ ਕਰਵਾਇਆ ਜਾਵੇਗਾ ਅਤੇ ਇਨ੍ਹਾਂ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਲਿਆਉਣ ਅਤੇ ਹੋਰ ਨਿਖਾਰਨ ਦੇ ਮੰਤਵ ਨਾਲ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀ ਦੀ ਕਲਾ ਉਸਦੇ ਅੰਦਰ ਨਾ ਰਹਿ ਕੇ ਸਮਾਜ ਵਿੱਚ ਫੈਲੇ ਅਤੇ ਉਹ ਇੱਕ ਉੱਚ ਮੁਕਾਮ ਹਾਸਿਲ ਕਰ ਸਕੇ। ਉਨ੍ਹਾਂ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿੱਚ 75 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਭਾਸ਼ਣ ਮੁਕਾਲਿਆਂ (ਸੀਨੀਅਰ ਅਤੇ ਜੂਨੀਅਰ) ਵਿੱਚ 47, ਲੇਖ ਰਚਨਾ ਵਿੱਚ 22 ਅਤੇ ਕੋਲਾਜ਼ ਮੇਕਿੰਗ ਮੁਕਾਬਲੇ ਵਿੱਚ 6 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਪ੍ਰੋਫੈਸਰ ਸੁਪਨਦੀਪ ਕੌਰ,ਖੋਜ ਅਫ਼ਸਰ ਗੁਰਪ੍ਰੀਤ ਸਿੰਘ,ਲੈਕਚਰਾਰ ਯੋਗਿਤਾ ਜੋੋਸ਼ੀ,ਡਾ. ਵਿਨੋਦ ਮਿੱਤਲ,ਤੇਜ ਰਾਮ,ਬਾਲ ਕ੍ਰਿਸ਼ਨ, ਗੁਰਜੰਟ ਸਿੰਘ ਚਹਿਲ,ਗੁਲਾਬ ਸਿੰਘ,ਗੁਰਨੈਬ ਸਿੰਘ, ਹਰਮੀਤ ਸਿੰਘ ਚਹਿਲ, ਜਗਤਾਰ ਸਿੰਘ ਔਲਖ,ਅਮਰੀਕ ਸਿੰਘ ਅਤੇ ਬਲਰਾਜ ਸਿੰਘ ਬਰਾੜ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। 

Sunday, November 10, 2024

ਦਰਸ਼ਨ ਸਿੰਘ ਚੌਹਾਨ, ਸੁਨਾਮ : ਕਿਸਾਨਾਂ ਨੇ ਘੇਰੀ ਡੀਏਪੀ ਖ਼ਾਦ ਦੀ ਭਰੀ ਮਾਲ ਗੱਡੀ

ਕਿਸਾਨਾਂ ਨੇ ਘੇਰੀ ਡੀਏਪੀ ਖ਼ਾਦ ਦੀ ਭਰੀ ਮਾਲ ਗੱਡੀ

ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਘਿਰਾਓ ਕੀਤਾ ਸਮਾਪਤ

ਦਰਸ਼ਨ ਸਿੰਘ ਚੌਹਾਨ, ਸੁਨਾਮ : ਡੀਏਪੀ ਖ਼ਾਦ ਨਾਲ ਭਰੀ ਇੱਕ ਮਾਲ ਗੱਡੀ ਐਤਵਾਰ ਨੂੰ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਸੁਨਾਮ ਰੇਲਵੇ ਸਟੇਸ਼ਨ ਤੇ ਪੁੱਜੀ । ਜਿਸ ਨੂੰ ਮਾਰਕਫੈੱਡ ਰਾਹੀਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੀਆਂ ਸਹਿਕਾਰੀ ਸਭਾਵਾਂ ਨੂੰ ਭੇਜਿਆ ਜਾਣਾ ਸੀ ਲੇਕਿਨ ਜਿਉਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੂੰ ਇਸਦੀ ਭਿਣਕ ਪਈ ਤਾਂ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚਕੇ ਮਾਲ ਗੱਡੀ ਨੂੰ ਘੇਰ ਲਿਆ। ਕਿਸਾਨਾਂ ਵੱਲੋਂ ਘੇਰਾਬੰਦੀ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲੀਸ, ਐਸਐਚਓ ਸਿਟੀ ਪ੍ਰਤੀਕ ਜਿੰਦਲ ਅਤੇ ਮਾਰਕਫੈੱਡ ਦੇ ਅਧਿਕਾਰੀ ਮੌਕੇ ਤੇ ਪੁੱਜ ਗਏ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖ਼ਾਦ ਰੇਲਵੇ ਟਰੈਕ ਤੇ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖ਼ਾਦ ਡੀਲਰਾਂ ਵੱਲੋਂ ਡੀਏਪੀ ਦੇਣ ਸਮੇਂ ਵਾਧੂ ਸਮਾਨ ਦਿੱਤਾ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਤੇ ਚੂਨਾ ਲਾਇਆ ਜਾ ਰਿਹਾ ਹੈ ਅਤੇ ਇਸਦੀ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ। ਇਸ ਮੌਕੇ ਪਾਲ ਸਿੰਘ ਦੌਲਾ ਸਿੰਘ ਵਾਲਾ, ਗਗਨਦੀਪ ਸਿੰਘ ਚੱਠਾ, ਮਨੀ ਸਿੰਘ ਭੈਣੀ ਤੇ ਹੋਰ ਕਿਸਾਨ ਹਾਜ਼ਰ ਸਨ। ਇਸੇ ਦੌਰਾਨ ਮਾਰਕਫੈੱਡ ਦੇ ਜ਼ਿਲ੍ਹਾ ਖ਼ਾਦ ਸਪਲਾਈ ਅਫ਼ਸਰ ਅਮਰਿੰਦਰ ਜੀਤ ਵਰਮਾ ਨੇ ਦੱਸਿਆ ਕਿ ਮਾਲ ਗੱਡੀ ਵਿੱਚ 2624 ਟਨ ਡੀ.ਏ.ਪੀ. ਜਿਸ ਵਿੱਚੋਂ 500 ਟਨ ਪਟਿਆਲਾ ਅਤੇ 1075 ਟਨ ਸੰਗਰੂਰ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤਾ ਜਾਵੇਗਾ। ਬਾਕੀ ਪ੍ਰਾਈਵੇਟ ਫਰਮਾਂ ਨੂੰ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਨੂੰ ਸਿੱਧੀ ਸਪਲਾਈ ਨਹੀਂ ਕਰ ਸਕਦੇ। ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਹੀ ਖਾਦ ਉਪਲਬਧ ਕਰਵਾਈ ਜਾ ਸਕਦੀ ਹੈ। ਥਾਣਾ ਸ਼ਹਿਰੀ ਸੁਨਾਮ ਦੇ ਐਸਐਚਓ ਪ੍ਰਤੀਕ ਜਿੰਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗ ਪੂਰੀ ਕਰ ਦਿੱਤੀ ਗਈ ਹੈ।