Monday, November 18, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਮੋਗ ਕਾਰਨ ਸਕੂਲਾਂ ਦਾ ਸਮਾਂ ਬਦਲਿਆ ਜਾਵੇ : ਅਮਨਦੀਪ ਸ਼ਰਮਾ

ਸਮੋਗ ਕਾਰਨ ਸਕੂਲਾਂ ਦਾ ਸਮਾਂ ਬਦਲਿਆ ਜਾਵੇ : ਅਮਨਦੀਪ ਸ਼ਰਮਾ

ਸਕੂਲਾਂ ਦਾ ਸਮਾਂ 10 ਤੋਂ ਤਿੰਨ ਵਜੇ ਕੀਤਾ ਜਾਵੇ : ਸੁਖਵਿੰਦਰ ਸਿੰਗਲਾ ਬਰੇਟਾ 

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਮੋਗ ਕਾਰਨ ਧੂਆਂ ਤੇ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਵਿਭਾਗ ਪੰਜਾਬ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਮੂਹ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ।ਉਹਨਾਂ ਕਿਹਾ ਕਿ ਮੌਸਮ ਵਿੱਚ ਇੰਨੀ ਖਰਾਬੀ ਆ ਚੁੱਕੀ ਹੈ ਕਿ ਸਵੇਰੇ-ਸਵੇਰੇ ਸੰਘਣੀ ਧੁੰਦ ਕਾਰਨ ਵਾਹਨ ਵੀ ਨਹੀਂ ਦਿਸਦੇ। ਇਸ ਕਾਰਨ ਦੂਰ ਦੁਰਾਡੇ ਤੋਂ ਆ ਰਹੇ ਅਧਿਆਪਕਾਂ ਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਤੁਰੰਤ ਸਕੂਲਾਂ ਦਾ ਸਮਾਂ ਬਦਲਣਾ ਬਣਦਾ ਹੈ ਕਿਉਂਕਿ ਮੌਸਮ ਵਿੱਚ ਵੱਡੇ ਪੱਧਰ ਤੇ ਖਰਾਬੀ ਆ ਚੁੱਕੀ ਹੈ। ਉਹਨਾਂ ਕਿਹਾ ਜਿੰਨਾ ਸਮਾਂ ਮੀਹ ਨਹੀਂ ਪੈਂਦਾ ਇਹ ਸਮਾਂ ਸਵੇਰੇ 10 ਵਜੇ ਰੱਖਿਆ ਜਾਵੇ।ਜਥੇਬੰਦੀ ਪੰਜਾਬ ਦੀ ਸਟੇਟ ਕਮੇਟੀ ਮੈਂਬਰ ਸੁਖਵਿੰਦਰ ਸਿੰਗਲ ਨੇ ਕਿਹਾ ਕਿ ਸਕੂਲਾਂ ਦੀਆਂ ਵੈਨਾਂ ਅਤੇ ਅਵਾਰਾ ਪਸ਼ੂਆਂ ਦੇ ਕਾਰਨ ਸਵੇਰੇ ਸਵੇਰੇ ਦੁਰਘਟਨਾਵਾਂ ਦੇ ਮੌਕੇ ਵੱਧ ਰਹੇ ਹਨ ਕਿਉਂਕਿ ਸਮੋਗ ਕਾਰਨ ਕੁਝ ਵੀ ਸੜਕਾਂ ਤੇ ਵਿਖਾਈ ਨਹੀਂ ਦਿੰਦਾ।ਉਹਨਾਂ ਸਕੂਲਾਂ ਦਾ ਸਮਾਂ ਸਵੇਰੇ 10 ਤੋਂ 3 ਵਜੇ ਤੱਕ ਕਰਨ ਦੀ ਮੰਗ ਰੱਖੀ।

Sunday, November 17, 2024

ਦਰਸ਼ਨ ਸਿੰਘ ਚੌਹਾਨ ਸੁਨਾਮ : ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ

ਚੋਰੀ ਅਤੇ ਖੋਹ ਕੀਤੇ ਪੰਜ ਮੋਟਰਸਾਈਕਲ ਤੇ ਮੋਬਾਇਲ ਫੋਨ ਬਰਾਮਦ

ਦਰਸ਼ਨ ਸਿੰਘ ਚੌਹਾਨ,ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੱਤ ਮੈਂਬਰੀ ਲੁਟੇਰਾ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਦੋਸ਼ੀਆਂ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਪ ਕਪਤਾਨ ਪੁਲਿਸ ਹਰਵਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵੀ ਸਿੰਘ ਵਾਸੀ ਸੁਨਾਮ ਜੋ ਕਿ ਸੰਗਰੂਰ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਸੰਗਰੂਰ ਤੋਂ ਆਪਣਾ ਕੰਮਕਾਰ ਨਬੇੜ ਕੇ ਆਪਣੇ ਘਰ ਸੁਨਾਮ ਨੂੰ ਆ ਰਿਹਾ ਸੀ ਤਾਂ ਕੁਲਾਰਾਂ ਮੋੜ ਤੇ ਜਦੋਂ ਉਹ ਪੁੱਜਿਆ ਤਾਂ ਤਿੰਨ ਨਾ ਮਾਲੂਮ ਵਿਅਕਤੀਆਂ ਨੇ ਉਸਦੇ ਮੂੰਹ ਤੇ ਰਾਡ ਮਾਰਕੇ ਉਸ ਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਖੋਹ ਲਿਆ ਸੀ, ਜਿਸ ਦੇ ਚਲਦੇ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਪ੍ਰਤੀਕ ਜਿੰਦਲ ਥਾਣਾ ਮੁਖੀ ਸਿਟੀ ਸੁਨਾਮ ਨੇ ਸਮੇਤ ਪੁਲਿਸ ਪਾਰਟੀ ਨੇ ਮੁਕੱਦਮੇ ਨੂੰ ਟਰੇਸ ਕਰਕੇ ਮੰਗਾ ਸਿੰਘ ਵਾਸੀ ਖਡਿਆਲ ਹਾਲ ਆਬਾਦ ਨਾਗਾ ਖੇੜੀ,ਮਲਕੀਤ ਸਿੰਘ ਵਾਸੀ ਖਾਸਪੁਰ, ਰਣਬੀਰ ਸਿੰਘ ਵਾਸੀ ਜਨਾਲ ,ਹਰਮਨਜੀਤ ਸਿੰਘ ਵਾਸੀ ਜਨਾਲ ਅਤੇ ਦਿਲਰਾਜ ਸਿੰਘ ਵਾਸੀ ਪਿੰਡ ਖਾਸਪੁਰ ਨੂੰ ਮੁਕੱਦਮੇ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਰਵੀ ਸਿੰਘ ਦਾ ਖੋਹ ਕੀਤਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕਰਵਾਇਆ ਗਿਆ। ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤਿਆ ਰਾਡ ਲੋਹਾ ਖੁਰਦ ਬੁਰਦ ਕਰਨ ਕਰਕੇ ਧਾਰਾ 238 ਬੀਐਨਐਸ ਦਾ ਵਾਧਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਹਨਾਂ ਪਾਸੋਂ ਹੋਰ ਵੀ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵਾਰਦਾਤਾਂ ਬਾਰੇ ਵੀ ਪਤਾ ਲਗਾਇਆ ਜਾ ਸਕੇ । ਇਸੇ ਤਰ੍ਹਾਂ ਸਾਹਿਲ ਸਿੰਘ ਵਾਸੀ ਨੇੜੇ ਹਰੀ ਕੇਵਲ ਹਸਪਤਾਲ ਜਾਖਲ ਰੋਡ ਸੁਨਾਮ ਦਾ ਮੋਟਰਸਾਈਕਲ ਗਰੈਂਡ ਵਿਕਟੋਰੀਆ ਹੋਟਲ ਸੁਨਾਮ ਦੇ ਬਾਹਰੋਂ ਕਿਸੇ ਨਾਮਾਲੂਮ ਵਿਅਕਤੀ ਨੇ ਚੋਰੀ ਕਰ ਲਿਆ ਸੀ ਜਿਸ ਦੇ ਚਲਦੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਦੱਸਿਆ ਕਿ ਇੰਸਪੈਕਟਰ ਪ੍ਰਤੀਕ ਜਿੰਦਲ ਥਾਣਾ ਮੁਖੀ ਸਿਟੀ ਸੁਨਾਮ ਅਤੇ ਸਹਾਇਕ ਥਾਣੇਦਾਰ ਮਿੱਠੂ ਰਾਮ ਇੰਚਾਰਜ਼ ਜੈਲ ਪੋਸਟ ਸਿਟੀ ਸੁਨਾਮ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਸੁਰਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਮੁੱਦਈ ਸਾਹਿਲ ਸਿੰਘ ਦਾ ਚੋਰੀ ਕੀਤਾ ਉਕਤ ਮੋਟਰਸਾਈਕਲ ਬਰਾਮਦ ਕਰਵਾਇਆ ਅਤੇ ਦੋਸ਼ੀਆਂ ਪਾਸੋਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਹੋਰ ਤਿੰਨ ਮੋਟਰਸਾਈਕਲ ਬਰਾਮਦ ਕਰਵਾਏ ਗਏ ਅਤੇ ਧਾਰਾ ਵਿੱਚ ਵਾਧਾ ਕੀਤਾ ਗਿਆ ਫਿਰ ਵੀ ਇਹਨਾਂ ਪਾਸੋਂ ਹੋਰ ਵੀ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਬਾਰੇ ਵੀ ਪਤਾ ਲਗਾਇਆ ਜਾ ਸਕੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪ੍ਰਾਇਮਰੀ ਸਕੂਲਾਂ ਵਿੱਚ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਕਰਨ ਦੀ ਮੰਗ

ਪ੍ਰਾਇਮਰੀ ਸਕੂਲਾਂ ਵਿੱਚ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਕਰਨ ਦੀ ਮੰਗ

ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ :  ਸ਼ਰਮਾ,ਭਟੇਜਾ, ਬਰੇ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪ੍ਰਾਇਮਰੀ ਸਕੂਲਾਂ ਵਿੱਚ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਅਧਿਆਪਕਾ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ । ਇਸ ਸਬੰਧੀ ਗੱਲਬਾਤ ਕਰਦਿਆਂ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਕਮੇਟੀ ਮੈਂਬਰ ਭਗਵੰਤ ਭਟੇਜਾ ਅਬੋਹਰ, ਗੁਰਮੇਲ ਸਿੰਘ ਬਰੇ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ 20-25 ਸਾਲ ਦੀ ਈ ਟੀ ਟੀ ਤੋਂ ਬਾਅਦ ਪ੍ਰਾਇਮਰੀ ਤੋਂ ਹੈਡ ਟੀਚਰ ਅਧਿਆਪਕ ਦੀ ਤਰੱਕੀ ਹੁੰਦੀ ਹੈ । ਨਵੀਂ ਸਿੱਖਿਆ ਨੀਤੀ ਤਹਿਤ ਪ੍ਰਾਇਮਰੀ ਸਕੂਲ ਦਾ ਹੈਡ ਟੀਚਰ ਨਰਸਰੀ ਕਲਾਸ ਤੋਂ ਦੂਸਰੀ ਕਲਾਸ ਅਤੇ ਤੀਸਰੀ ਕਲਾਸ ਤੋਂ ਪੰਜਵੀਂ ਕਲਾਸ ਅੱਠ ਕਲਾਸਾਂ ਦਾ ਮੁਖੀ ਹੁੰਦਾ ਹੈ। 

       ਜਥੇਬੰਦੀ ਪੰਜਾਬ ਦੇ ਆਗੂ ਜਸ਼ਨਦੀਪ ਸਿੰਘ ਕੁਲਾਣਾ ਨੇ ਦੱਸਿਆ ਕਿ ਸਮੁੱਚੇ ਸਕੂਲ ਪ੍ਰਬੰਧ ਨੂੰ ਵਧੀਆ ਚਲਾਉਣ ਲਈ ਹੈਡ ਟੀਚਰ ਦੀ ਪੋਸਟ ਦਾ ਪ੍ਰਬੰਧਕੀ ਹੋਣਾ ਬਹੁਤ ਲਾਜ਼ਮੀ ਹੈ । ਉਹਨਾਂ ਕਿਹਾ ਕਿ ਯੂਡਾਈਜ ਤੋਂ ਲੈ ਕੇ ਸਾਰੇ ਕੰਮ ਸਕੂਲ ਮੁਖੀ ਲਈ ਬਹੁਤ ਜਰੂਰੀ ਹੁੰਦੇ ਹਨ। ਤਿੰਨ ਸਾਲ ਦੇ ਬੱਚੇ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਦੀ ਸਮੁੱਚੀ ਜਿੰਮੇਵਾਰੀ ਸਕੂਲ ਮੁਖੀ ਦੀ ਮੋਢਿਆਂ ਤੇ ਹੁੰਦੀ ਹੈ। ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਹੈਡ ਟੀਚਰਾਂ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕਰਕੇ ਪ੍ਰਾਇਮਰੀ ਸਿੱਖਿਆ ਨੂੰ ਹੋਰ ਵਧੀਆ ਬਣਾਇਆ ਜਾਵੇ। 

    ਜਥੇਬੰਦੀ ਪੰਜਾਬ ਦੇ ਆਗੂ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਇਸ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਹੋਰ ਪੋਸਟਾਂ ਵਿੱਚ ਵੀ ਵੱਧ ਹੋਵੇਗਾ ਅਤੇ ਨਵੇਂ ਬੱਚਿਆਂ ਲਈ ਰੁਜ਼ਗਾਰ ਦੇ ਸਰੋਤ ਵੀ ਪੈਦਾ ਹੋਣਗੇ। ਇਸ ਸਮੇਂ ਰਕੇਸ਼ ਗੋਇਲ ਬਰੇਟਾ, ਜਗਤਾਰ ਸਿੰਘ ਔਲਖ, ਰਾਜਵਿੰਦਰ ਸਿੰਘ ਖੱਤਰੀ ਵਾਲਾ,ਲਵਨੀਸ਼ ਗੋਇਲ ਨਾਭਾ, ਅਮਨਦੀਪ ਸਿੰਘ ਮੰਗਵਾਲ ਸੰਗਰੂਰ, ਪਰਮਜੀਤ ਸਿੰਘ ਤੂਰ ਪਟਿਆਲਾ, ਕਮਲ ਗੋਇਲ ਸੁਨਾਮ ਮਾਲਵਿੰਦਰ ਬਰਨਾਲਾ, ਬਲਜੀਤ ਸਿੰਘ ਗੁਰਦਾਸਪੁਰ,ਰਘਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਜਸਵੀਰ ਸਿੰਘ ਹੁਸ਼ਿਆਰਪੁਰ, ਸਤਿੰਦਰ ਸਿੰਘ ਦੁਆਬੀਆ ਫਿਰੋਜਪੁਰ, ਦਿਲਬਾਗ ਸਿੰਘ ਮੋਗਾ, ਗੁਰਜੰਟ ਸਿੰਘ ਮਲੇਰਕੋਟਲਾ, ਗੁਰਦੀਪ ਸਿੰਘ ਫਤਿਹਗੜ੍ਹ ਸਾਹਿਬ, ਦੀਪਕ ਗੋਇਲ ਮੁਹਾਲੀ, ਮੱਖਣ ਜੈਨ ਪਟਿਆਲਾ, ਰਾਮਪਾਲ ਸਿੰਘ ਗੁੜੱਦੀ, ਬਲਵਿੰਦਰ ਸਿੰਘ ਹਾਕਮਵਾਲਾ, ਗੁਰਜੰਟ ਬੋਹਾ ਆਦਿ ਸਾਥੀਆਂ ਨੇ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ‌।

Friday, November 15, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਗੁਰਪੁਰਬ ਨੂੰ ਸਮਰਪਿਤ ਸਾਹਿਤਕ ਮੁਕਾਬਲੇ ਕਰਵਾਏ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਗੁਰਪੁਰਬ ਨੂੰ ਸਮਰਪਿਤ ਸਾਹਿਤਕ ਮੁਕਾਬਲੇ ਕਰਵਾਏ

ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਕੀਤਾ ਗਿਆ ਵਿਸ਼ੇਸ਼ ਤੌਰ 'ਤੇ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧਾਂ ਹੇਠ ਸਫਲਤਾ ਪੂਰਵਕ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਅਤੇ ਵਿਚਾਰਧਾਰਾ ਅਧਾਰਿਤ ਸਾਹਿਤਕ ਮੁਕਾਬਲੇ (ਭਾਸ਼ਣ ਕਲਾ, ਕਾਵਿ ਉਚਾਰਨ ਅਤੇ ਕੁਇਜ਼) ਕਰਵਾਏ ਗਏ। ਜਿਸ ਵਿੱਚ ਇਲਾਕੇ ਦੇ ਪੰਦਰਾਂ ਦੇ ਕਰੀਬ ਸਕੂਲਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ। ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ, ਬਾਣੀ ਅਤੇ ਵਿਚਾਰਧਾਰਾ ਬਾਰੇ ਵਿਸਥਾਰ ਵਿੱਚ ਭਾਸ਼ਣ ਦਿੱਤਾ। ਡਾ. ਸੁਖਵਿੰਦਰ ਕੌਰ, ਮੁਖੀ ਇਤਿਹਾਸ ਵਿਭਾਗ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਾਖੀਆਂ ਨੂੰ ਕੇਂਦਰ ਵਿੱਚ ਰੱਖ ਕੇ ਗੁਰੂ ਸਾਹਿਬ ਦੀ ਸਿੱਖਿਆਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਇਨ੍ਹਾਂ ਸਾਹਿਤਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਵਿੱਚ ਆਪਣੀ ਪੇਸ਼ਕਾਰੀਆਂ ਦਿੱਤੀਆਂ। ਕਵਿਤਾ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰ੍ਹੇ ਦੀ ਵਿਦਿਆਰਥਣ ਬੇਅੰਤ ਕੌਰ ਨੇ ਪਹਿਲਾ, ਫਰੀਡਮ ਫਾਈਟਰ ਮਹਿਮਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਕਾਲਜੀਏਟ ਸਕੂਲ ਬੁਢਲਾਡਾ ਦੀ ਵਿਦਿਆਰਥਣ ਸੋਹਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਕਲਾ ਦੇ ਮੁਕਾਬਲਿਆਂ ਵਿੱਚ ਫਰੀਡਮ ਫਾਈਟਰ ਮਹਿਮਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਪਹਿਲਾ, ਸ਼ਹੀਦ ਜਗਸੀਰ ਸਿੰਘ ਸਕੂਲ ਆਫ ਐਮੀਨੈਂਸ ਬੋਹਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਦੀ ਵਿਦਿਆਰਥਣ ਪ੍ਰਵੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜੀਏਟ ਸਕੂਲ ਬੁਢਲਾਡਾ ਦੀ ਟੀਮ ਨੇ ਪਹਿਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਦੀ ਟੀਮ ਨੇ ਦੂਜਾ ਅਤੇ ਫਰੀਡਮ ਫਾਈਟਰ ਮਹਿਮਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੱਜਮੈਂਟ ਦਿੰਦਿਆਂ ਬਤੌਰ ਜੱਜ ਭੂਮਿਕਾ ਨਿਭਾਅ ਰਹੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਗੁਰਦੀਪ ਸਿੰਘ ਅਤੇ ਨਵਨੀਤ ਕੱਕੜ, ਜ਼ਿਲ੍ਹਾ ਕੋਆਰਡੀਨੇਟਰ ਅੱਪਰ ਪ੍ਰਾਇਮਰੀ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਚੰਗੇ ਤਰੀਕੇ ਨਾਲ ਪੇਸ਼ਕਾਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਭਾਸ਼ਣ ਕਲਾ ਦੀ ਪੇਸ਼ਕਾਰੀ ਸਮੇਂ ਕੁਝ ਤਕਨੀਕੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਭਾਸ਼ਣ ਪੇਪਰ ਰੀਡਿੰਗ ਨਾ ਬਣੇ। ਉਨ੍ਹਾਂ ਕਿਹਾ ਕਿ ਆਉਂਦੇ ਮਹੀਨਿਆਂ ਵਿੱਚ ਅਸੀਂ ਸੰਸਥਾ ਵਿੱਚ ਕਵਿਤਾ ਅਤੇ ਭਾਸ਼ਣ ਤਿਆਰ ਕਰਵਾਉਂਦੇ ਗਾਈਡ ਅਧਿਆਪਕਾਂ ਦੀ ਇਕ ਸੱਤ ਰੋਜ਼ਾ ਵਰਕਸ਼ਾਪ ਲਗਾਵਾਂਗੇ ਜਿੱਥੋਂ ਸਾਡੇ ਵਿਦਿਆਰਥੀਆਂ ਵਿੱਚ ਹੋਰ ਵੀ ਨਿਖਾਰ ਆਵੇਗਾ।ਕੁਇਜ਼ ਮਾਸਟਰ ਦੀ ਭੂਮਿਕਾ ਡਾ. ਹਰਵਿੰਦਰਜੀਤ ਸਿੰਘ ਮੁਖੀ ਲਾਇਬਰੇਰੀ ਸਾਇੰਸ ਵਿਭਾਗ ਨੇ ਨਿਭਾਈ।ਪ੍ਰੋਗਰਾਮ ਕੋਆਰਡੀਨੇਟਰ ਡਾ. ਰੇਖਾ ਕਾਲੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸਟੇਜ ਸੰਚਾਲਨ ਪ੍ਰੋਫੈਸਰ ਅਮਨਿੰਦਰ ਕੌਰ ਨੇ ਕੀਤਾ।ਇਸ ਮੌਕੇ ਡਾ. ਰੁਪਿੰਦਰਜੀਤ ਕੌਰ, ਡਾ. ਤਨੂੰਪ੍ਰੀਤ ਕੌਰ,ਪ੍ਰੋਫੈਸਰ ਮਨੀਸ਼ਾ, ਪ੍ਰੋਫੈਸਰ ਸਿਮਰਜੀਤ ਸਿੰਘ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਪ੍ਰੋਫੈਸਰ ਕਵਲਜੀਤ ਕੌਰ,ਪ੍ਰੋਫੈਸਰ ਗਗਨਦੀਪ ਸ਼ਰਮਾਂ, ਪ੍ਰੋਫੈਸਰ ਗੁਰਵਿੰਦਰ ਸਿੰਘ,ਪ੍ਰੋਫੈਸਰ ਜਗਪ੍ਰੀਤ ਕੌਰ ਅਤੇ ਪ੍ਰੋਫੈਸਰ ਜਗਪ੍ਰੀਤ ਸਿੰਘ ਹਾਜ਼ਰ ਸਨ।

Thursday, November 14, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਬਾ ਜੋਗੀ ਪੀਰ ਪਬਲਿਕ ਸਕੂਲ ਰੱਲਾ ਵਿਖ਼ੇ ਗੁਰਪੁਰਬ ਤੇ ਬਾਲ ਦਿਵਸ ਮਨਾਇਆ

ਬਾਬਾ ਜੋਗੀ ਪੀਰ ਪਬਲਿਕ ਸਕੂਲ ਰੱਲਾ ਵਿਖ਼ੇ ਗੁਰਪੁਰਬ ਤੇ ਬਾਲ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਬਾ ਜੋਗੀ ਪੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖ਼ੇ ਬਾਲ ਦਿਵਸ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਤੋਂ ਕੀਤੀ ਗਈ । ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਨਵੰਬਰ ਨੂੰ ਸਮਰਪਿਤ ਇਹ ਸਮਾਗਮ ਬੱਚਿਆਂ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ।ਬੱਚਿਆਂ ਨੇ ਨਾਟਕ, ਕਵਿਤਾਵਾਂ ਅਤੇ ਗੀਤ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ।ਬੱਚਿਆਂ ਵੱਲੋਂ ਹਰਿਆਣਾਵੀਂ ਡਾਂਸ,ਸਕਿਟ ਅਤੇ ਸੋਸ਼ਲ ਮੀਡੀਆ ਸਬੰਧੀ ਪਰਫੋਰਮੈਂਸ ਦਿੱਤੀਆਂ।ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ।ਇਸ ਦੌਰਾਨ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਵੀ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਲੇ ਸੰਦੇਸ਼ ਦਿੱਤੇ। ਸਕੂਲ ਪ੍ਰਿੰਸੀਪਲ ਨੇਹਾ ਗਰਗ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਗੁਰਪੁਰਬ ਬਾਰੇ ਜਾਣਕਾਰੀ ਦਿੱਤੀ।ਇਸ ਸਮੇਂ ਸਕੂਲ ਅਧਿਆਪਕਾ ਜਸਵੀਰ ਕੌਰ,ਅਮਰਜੀਤ ਕੌਰ, ਵੀਰਪਾਲ ਰਾਣੀ,ਅਮਨਪ੍ਰੀਤ ਕੌਰ,ਕਿਰਨਜੀਤ ਕੌਰ, ਅਮਨਦੀਪ ਕੌਰ,ਸੁਖਬੀਰ ਕੌਰ,ਸਪਨਾ ਰਾਣੀ, ਗੁਰਪ੍ਰੀਤ ਸਿੰਘ,ਅਮਰੀਕ ਸਿੰਘ, ਚਾਨਣ ਸਿੰਘ ਆਦਿ ਸਟਾਫ ਮੌਜੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੀਆਂ ਵਿਦਿਆਰਥਣਾਂ ਨੇ ਕੀਤਾ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ

ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੀਆਂ ਵਿਦਿਆਰਥਣਾਂ ਨੇ ਕੀਤਾ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ

ਡੀਸੀ ਮਾਨਸਾ ਕੁਲਵੰਤ ਸਿੰਘ ਨੇ ਅਨਮੋਲਦੀਪ ਕੌਰ ਤੇ ਸੁਖਮਨਜੋਤ ਕੌਰ ਕੀਤਾ ਵਿਸ਼ੇਸ਼ ਤੌਰ 'ਤੇ ਸਨਮਾਨਿਤ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੀ ਵਿਦਿਆਰਥਣ ਅਨਮੋਲਦੀਪ ਕੌਰ ਵੱਲੋਂ ਭਾਸ਼ਣ ਅਤੇ ਸੁਖਮਨਜੋਤ ਕੌਰ ਵੱਲੋਂ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਜੇਤੂ ਵਿਦਿਆਰਥਣਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਉਹਨਾਂ ਦੱਸਿਆ ਕਿ ਉਕਤ ਜੇਤੂ ਵਿਦਿਆਰਥਣਾਂ ਨੂੰ ਗਾਈਡ ਅਧਿਆਪਕਾ ਸਰਬਜੀਤ ਕੌਰ, ਦੁਪਿੰਦਰ ਕੌਰ ਤੇ ਸਟਾਫ ਵੱਲੋਂ ਮੁਬਾਰਕਬਾਦ ਦਿੱਤੀ ਗਈ। ਉਹਨਾਂ ਦੱਸਿਆ ਕਿ ਉਕਤ ਬੱਚੇ ਮਸਤੂਆਣਾ ਸਾਹਿਬ ਵਿਖੇ ਸਿੱਖਿਆ ਕਲਾ ਮੰਚ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਮੁਕਾਬਲਿਆਂ 'ਚੋਂ ਵੀ ਦੂਜੇ ਸਥਾਨ ਤੇ ਰਹੇ ਸਨ।ਬੱਚਿਆਂ ਦੀ ਇਸ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਮਦਨ ਲਾਲ ਕਟਾਰੀਆ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਨਸਾ ਤੇ ਝੁਨੀਰ ਸਤਪਾਲ ਸਿੰਘ ਨੇ ਵੀ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦੀ ਆਕਸਫੋਰਡ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਦੀ ਆਕਸਫੋਰਡ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ 'ਦੀ ਆਕਸਫੋਰਡ ਪਬਲਿਕ ਸਕੂਲ' ਚੀਮਾ ਵਿਖੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ 'ਸੁਖਮਨੀ ਸਾਹਿਬ' ਜੀ ਦੇ ਪਾਠ ਕੀਤੇ ਗਏ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਰਸ - ਭਿੰਨੀ ਬਾਣੀ ਦਾ ਕੀਰਤਨ ਅਤੇ ਸ਼ਬਦ ਗਾਇਨ ਕੀਤਾ ਗਿਆ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਦੁਆਰਾ ਗੁਰੂ ਜੀ ਦੁਆਰਾ ਉਚਾਰਨ 'ਮੂਲ ਮੰਤਰ' ਦਾ ਜਾਪ ਕੀਤਾ ਗਿਆ। 'ਅਨੰਦ ਸਾਹਿਬ' ਦੇ ਪਾਠ ਅਤੇ ਅਰਦਾਸ ਉਪਰੰਤ ਵਿਦਿਆਰਥੀਆਂ ਨੂੰ ਲੰਗਰ ਛਕਾਇਆ ਗਿਆ।ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ  ਗੁਰਧਿਆਨ ਸਿੰਘ ਚਹਿਲ ਨੇ ਪ੍ਰਕਾਸ਼ ਪੁਰਬ ਨਾਲ ਸਬੰਧਿਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ ਅਤੇ ਨਿਰਸਵਾਰਥ ਸੇਵਾ, ਮਨੁੱਖਤਾ ਪ੍ਰਤੀ ਪਿਆਰ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਦ੍ਰਿੜ ਇਰਾਦੇ ਨਾਲ ਅਪਣਾਉਣ ਦਾ ਸੰਕਲਪ ਕਰਨਾ ਚਾਹੀਦਾ ਹੈ।ਇਸ ਮੌਕੇ ਸਕੂਲ ਦੇ ਚੇਅਰਮੈਨ ਚਮਕੌਰ ਸਿੰਘ,ਭੀਮ ਸੈਨ ਅਤੇ ਗੋਰਾ ਲਾਲ,ਸਮੂਹ ਮੈਨੇਜ਼ਮੈਂਟ ਮੈਂਬਰ,ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।