Thursday, May 22, 2025

ਖੁਸ਼ਪ੍ਰੀਤ ਸਿੰਘ ਚਹਿਲ,ਆਨਲਾਈਨ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਤੇ ਵਿਭਾਗ ਨੇ ਕਸਿਆ ਸਿਕੰਜਾ

ਆਨਲਾਈਨ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਤੇ ਵਿਭਾਗ ਨੇ ਕਸਿਆ ਸਿਕੰਜਾ

ਬਿਗਹਾਟ ਕੰਪਨੀ ਦੀ ਪੰਜਾਬ ਵਿੱਚ ਵਿਕਰੀ ਤੇ ਰੋਕ.-ਡਾ. ਬੈਨੀਪਾਲ

ਖੁਸ਼ਪ੍ਰੀਤ ਸਿੰਘ ਚਹਿਲ, ਸੰਗਰੂਰ : ਖੇਤੀ ਸੈਕਟਰ ਲਈ ਪੰਜਾਬ ਵਿੱਚ ਘਟੀਆ ਦਰਜੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਵਿਕਰੀ ਹੋਣ ਵਾਲੀਆਂ ਕੀਟਨਾਸ਼ਕ ਜਹਿਰਾਂ ਦੀ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ਤੇ ਕਾਰਵਾਈ ਅਮਲ ਵਿੱਚ ਕਰਦਿਆਂ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਦੁਕਾਨਾਂ ਆ ਤੇ ਚੈਕਿੰਗ ਕੀਤੀ ਜਾਂਦੀ ਹੈ। ਜਿਸ ਵਿੱਚ ਗੈਰ ਕਾਨੂੰਨੀ ਕੀਟਨਾਸ਼ਕ ਜਾਂ ਗੈਰ ਮਿਆਰੀ ਕੀਟਨਾਸ਼ਕਾਂ ਦੇ ਸੈਂਪਲ ਲੈ ਕੇ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ ਅਤੇ ਘਟੀਆ ਕੁਆਲਿਟੀ ਪਾਏ ਜਾਣ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ। ਪਰ ਹੁਣ ਵੱਖ ਵੱਖ ਖੇਤਰਾਂ ਵਿੱਚ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕਿਸਾਨਾਂ ਨੂੰ ਕਿਸੇ ਕੰਪਨੀ ਵੱਲੋਂ ਐਪਾਂ ਰਾਹੀਂ ਬਿਨਾਂ ਲਾਇਸੈਂਸ ਤੋਂ ਆਨਲਾਈਨ ਕੀਟਨਾਸ਼ਕ ਜਹਿਰਾਂ ਵੇਚੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਅੰਦਰ ਕਿਸੇ ਨੂੰ ਵੀ ਬਿਨਾਂ ਲਾਈਸੈਂਸ ਕੀਟਨਾਸ਼ਕ ਜਾਹਿਰਾਂ ਦੀ ਵਿਕਰੀ ਨਹੀਂ ਕਰਨ ਦਿੱਤੀ ਜਾਵੇਗੀ। ਆਨਲਾਈਨ ਬਿਗਹਾਟ ਕੰਪਨੀ ਕੋਲ ਪੰਜਾਬ ਵਿੱਚ ਪੈਸਟੀਸਾਈਡ ਵੇਚਣ ਦੀ ਕੋਈ ਮਨਜ਼ੂਰੀ ਨਹੀਂ ਹੈ। ਜਿਸ ਤੇ ਕਾਰਵਾਈ ਕਰਦਿਆਂ ਬਿਗਹਾਟ ਕੰਪਨੀ ਦੀ ਪੈਸਟੀਸਾਈਡ ਵਿਕਰੀ ਤੇ ਪੂਰਨ ਰੋਕ ਲਗਾ ਦਿੱਤੀ ਹੈ। ਉਹਨਾਂ ਆਨਲਾਈਨ ਜਾਂ ਆਫਲਾਈਨ ਪੈਸਟੀਸਾਈਡ ਵੇਚਣ ਵਾਲਿਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਕਿਸੇ ਕਿਸਮ ਦਾ ਕੋਈ ਪੈਸਟੀਸਾਈਡ ਵੇਚਣਾ ਹੈ ਤਾਂ ਖੇਤੀਬਾੜੀ ਵਿਭਾਗ ਵੱਲੋਂ ਲਾਈਸੈਂਸ ਲੈਣਾ ਜਰੂਰੀ ਹੈ। ਬਿਨਾਂ ਲਾਇਸੰਸ ਦੇ ਪੈਸਟੀਸਾਈਡ ਸਟੋਰ ਕਰਨਾ ਜਾਂ ਵੇਚਣਾ ਕਾਨੂੰਨੀ ਜੁਰਮ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਪਹਿਲਾਂ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮਿਆਰੀ ਖੇਤੀ ਵਸਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਵਿਦਿਆਰਥੀਆਂ ਦਾ ਸ਼ਾਨਦਾਰ ਭਵਿੱਖ ਸਿਰਜਣ ਲਈ ਪੁਲ ਦਾ ਕੰਮ ਕਰ ਰਹੀ ਹੈ ਸਰਕਾਰ : ਬੁੱਧ ਰਾਮ

ਵਿਦਿਆਰਥੀਆਂ ਦਾ ਸ਼ਾਨਦਾਰ ਭਵਿੱਖ ਸਿਰਜਣ ਲਈ ਪੁਲ ਦਾ ਕੰਮ ਕਰ ਰਹੀ ਹੈ ਸਰਕਾਰ : ਬੁੱਧ ਰਾਮ


60 ਲੱਖ 58 ਲੱਖ ਦੀ ਲਾਗਤ ਨਾਲ ਰਾਮਪੁਰ ਮੰਡੇਰ ਅਤੇ ਕੁਲਾਣਾ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਹਲਕੇ ਵਿਖੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰ,ਸਿੱਖਿਆ ਵਿਭਾਗ ਦੇ ਅਫਸਰ ਸਾਹਿਬਾਨ, ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਵਿਦਿਆਰਥੀ ਇਕੱਠੇ ਬੈਠੇ ਹਨ। ਇਸ ਮਿਲਣੀ ਦਾ ਮਕਸਦ ਨੀਹ ਪੱਥਰ ਰੱਖਣਾ ਨਹੀਂ ਸਗੋਂ ਇਕੱਠੇ ਬੈਠ ਕੇ ਵਿਦਿਆਰਥੀਆਂ ਦੇ ਭਵਿੱਖ ਦੀ ਯੋਜਨਾਬੰਦੀ ਬਣਾਉਣਾ ਹੈ।ਵਿਧਾਇਕ ਨੇ ਕਿਹਾ ਕਿ ਸਰਕਾਰ ਸਿੱਖਿਆ ਅਤੇ ਵਿਦਿਆਰਥੀਆਂ ਦੇ ਵਿਚਕਾਰ ਪੁੱਲ ਦਾ ਕੰਮ ਕਰ ਰਹੀ ਹੈ ਅਤੇ ਇਹ ਪੁਲ ਵਿਦਿਆਰਥੀਆਂ ਦਾ ਸ਼ਾਨਦਾਰ ਭਵਿੱਖ ਸਿਰਜਣ ਵਿੱਚ ਜਰੂਰ ਸਫਲ ਹੋਵੇਗਾ। ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਉਲੀਕ ਕੇ ਸਕੂਲਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੀ ਸਮਾਰਟ ਬਣਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਮਕਸਦ ਇੱਕ ਚੇਤਨਾ ਪੈਦਾ ਕਰਨਾ ਹੈ ਅਤੇ ਇਹ ਚੇਤਨਾ ਸਿੱਖਿਆ ਦੇ ਬਲਬੂਤੇ ਤੇ ਪੰਜਾਬ ਨੂੰ ਹੱਸਦਾ ਵਸਦਾ ਅਤੇ ਰੰਗਲਾ ਬਣਾਉਣ ਵੱਲ ਸ਼ਾਨਦਾਰ ਉਦਮ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਨਾਂ ਤੇ ਵੱਸਦਾ ਪੰਜਾਬ ਸਦਾ ਚੜਦੀ ਕਲਾ ਵਿੱਚ ਰੱਖਣ ਦੇ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ ਵਿਖੇ ਕਰੀਬ 16 ਲੱਖ 94 ਹਜ਼ਾਰ ਦੀ ਲਾਗਤ ਨਾਲ ਕਲਾਸ ਰੂਮ,ਚਾਰਦੀਵਾਰੀ ਅਤੇ ਹੋਰ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਵਿਖੇ 28 ਲੱਖ 24 ਹਜ਼ਾਰ ਸਾਇੰਸ ਲੈਬ, ਕਲਾਸ ਰੂਮ, ਚਾਰਦੀਵਾਰੀ, ਹੋਰ ਰਿਪੇਅਰ ਅਤੇ ਸਰਕਾਰੀ ਹਾਈ ਸਕੂਲ ਕੁਲਾਣਾ ਵਿਖੇ 15 ਲੱਖ 40 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ, ਖੇਡ ਮੈਦਾਨ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਰਿਪੇਅਰ ਦੇ ਮੁਕੰਮਲ ਹੋਏ ਕਾਰਜਾਂ ਦੇ ਉਦਘਾਟਨ ਕੀਤੇ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ, ਸਕੂਲ ਮੁਖੀ ਰੁਪਿੰਦਰ ਕੌਰ,ਪਰਮਿੰਦਰ ਸਿੰਘ,ਮਨਦੀਪ ਸਿਘ ਸਰਾਂ, ਪਰਵਿੰਦਰ ਸਿੰਘ,ਚੇਅਰਪਰਸਨ ਮਨਦੀਪ ਕੌਰ,ਹਰਜੀਤ ਕੌਰ,ਕਸ਼ਮੀਰਾ ਸਿੰਘ ਤੋਂ ਇਲਾਵਾ ਪਿੰਡਾਂ ਦੇ ਹੋਰ ਮੋਹਤਵਰ ਵਿਅਕਤੀ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Tuesday, May 20, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ :ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ

ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ

ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ ਆਈ ਸਹੀ

ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਪਿਛਲੇ ਦਿਨੀ ਜ਼ਿਲ੍ਹਾ ਸੰਗਰੂਰ ਦੇ ਕਈ ਸਕੂਲਾਂ ਦੇ ਪਾਣੀ ਦੇ ਨਮੂਨਿਆਂ ਵਿੱਚ ਸੰਬੰਧਿਤ ਮਹਿਕਮੇ ਦੁਆਰਾ ਦਿੱਕਤਾਂ ਪਾਈਆਂ ਗਈਆਂ ਸਨ ਜਿਸ ਵਿੱਚ ਇਸ ਖੇਤਰ ਦੀ ਨੰਬਰ ਇੱਕ ਵਿੱਦਿਅਕ ਸੰਸਥਾ ਪੈਰਾਂਮਾਊਂਟ ਪਬਲਿਕ ਸਕੂਲ, ਚੀਮਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸ ਸਬੰਧੀ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਜਦੋਂ ਇਸ ਸਕੂਲ ਵਿੱਚ ਪੜ੍ਹਨ ਵਾਲੇ ਵੱਖ-ਵੱਖ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਨਾਲ ਸੰਪਰਕ ਕਰਕੇ ਇਸ ਦਾ ਕਾਰਨ ਪੁੱਛਿਆ ਤਾਂ ਸਕੂਲ ਦੇ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਅਜਿਹੀ ਗੱਲ ਨਹੀਂ ਹੈ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਹਰੇਕ ਵਰ੍ਹੇ ਉਹਨਾਂ ਦੇ ਸਕੂਲ ਦੇ ਪਾਣੀ ਦੇ ਸੈਂਪਲ ਸਰਕਾਰ ਦੇ ਨਿਯਮਾਂ ਅਨੁਸਾਰ ਚੈੱਕ ਕੀਤੇ ਜਾਂਦੇ ਹਨ ਜੋ ਕਿ ਠੀਕ ਆ ਰਹੇ ਹਨ। ਐਮ.ਡੀ. ਜਸਵੀਰ ਸਿੰਘ ਨੇ ਦੱਸਿਆ ਕਿ ਲਏ ਗਏ ਪਾਣੀ ਦੇ ਸੈਂਪਲ ਦੀ ਰਿਪੋਰਟ ਤਕਰੀਬਨ 10 ਦਿਨਾਂ ਬਾਅਦ ਦਿੱਤੀ ਗਈ ਹੈ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਪਾਣੀ ਵਿੱਚ ਕੋਈ ਘਾਟ ਪਾਈ ਗਈ ਹੈ ਜਦਕਿ ਪਾਣੀ ਦੇ ਸੈਂਪਲ ਵਿੱਚ ਕਿਸੇ ਤਰ੍ਹਾਂ ਦੇ ਹੋਰ ਮਿਸ਼ਰਣ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਲੇਟ ਰਿਪੋਰਟ ਕਾਰਨ ਵੀ ਗੜਬੜੀ ਦਾ ਕਾਰਨ ਬਣ ਸਕਦੀ ਹੈ। ਉਹਨਾਂ ਦੱਸਿਆ ਕਿ ਤਕਰੀਬਨ 500 ਲੀਟਰ ਪਾਣੀ ਹਰ ਘੰਟੇ ਵਿੱਚ ਫਿਲਟਰ ਹੁੰਦਾ ਹੈ ਜਿਸ ਨੂੰ ਬੱਚਿਆਂ ਦੇ ਨਾਲ ਨਾਲ ਇਸ ਸਕੂਲ ਦੀ ਮੈਨੇਜਮੈਂਟ,ਇਥੋਂ ਦਾ ਸਟਾਫ ਅਤੇ ਇਥੇ ਕੰਮ ਕਰਨ ਵਾਲੇ ਹੋਰ ਕਰਮਚਾਰੀ ਵੀ ਪੀਂਦੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਸਕੂਲ ਦੇ ਬੱਚਿਆਂ ਅਤੇ ਹਰ ਕਰਮਚਾਰੀ ਦੀ ਸਿਹਤ ਦਾ ਹਰ ਪੱਖੋਂ ਖਿਆਲ ਰੱਖ ਰਹੇ ਹਨ ਜਿਸ ਕਰਕੇ ਇਹ ਗੁੰਜਾਇਸ਼ ਹੀ ਨਹੀਂ ਹੈ । ਜੇਕਰ ਕਿਸੇ ਤਰ੍ਹਾਂ ਦੀ ਕੋਈ ਘਾਟ ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਂਦਾ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਪੱਤਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਉਪਰੰਤ ਜਦੋਂ ਮਾਪਿਆਂ ਨੇ ਉਹਨਾਂ ਨਾਲ਼ ਸੰਪਰਕ ਕੀਤਾ ਤਾਂ ਉਹਨਾਂ ਨੇ ਮਾਪਿਆਂ ਦੇ ਮੰਗ 'ਤੇ ਸਕੂਲ ਦੇ ਪਾਣੀ ਦਾ ਦੁਬਾਰਾ ਤੋਂ ਸੈਂਪਲ ਦਿੱਤਾ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਪਾਈ ਗਈ ਸਗੋਂ ਪਾਣੀ ਦੀ ਰਿਪੋਰਟ ਸਹੀ ਪਾਈ ਗਈ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੇ ਵਿਸ਼ੇਸ਼ ਹੁਕਮਾਂ ਤਹਿਤ ਜ਼ਿਲ੍ਹਾ ਸਿੱਖਿਆ ਦਫ਼ਤਰ ਸੰਗਰੂਰ ਦੀ ਟੀਮ ਵੱਲੋਂ ਵੀ ਆਰ ਓਜ ਦੀਆਂ ਫੋਟੋਆਂ ਤੇ ਵੀਡੀਓਜ ਬਣਾ ਕੇ ਲਿਜਾਈਆਂ ਗਈਆਂ ਹਨ, ਜਿਸ ਸਬੰਧੀ ਸਕੂਲ ਵੱਲੋਂ ਵੀ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ। ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹਰੇਕ ਵਿਭਾਗ ਦੇ ਕਰਮਚਾਰੀਆ ਨੂੰ ਅਜਿਹੇ ਭਰਮ ਪਾਊ ਪੱਤਰਾਂ ਨੂੰ ਸ਼ੋਸ਼ਲ ਮੀਡੀਆ 'ਤੇ ਜਨਤਕ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਅਜਿਹਾ ਕਰਨ ਨਾਲ਼ ਕੁੱਝ ਲੋਕਾਂ ਦੀ ਨੈਗੇਟੀਵਿਟੀ ਵਿੱਚ ਵਾਧਾ ਹੁੰਦਾ ਹੈ ਤੇ ਹਫੜਾ-ਦਫੜੀ ਪੈ ਜਾਂਦੀ ਹੈ।ਜਸਵੀਰ ਸਿੰਘ ਨੇ ਕਿਹਾ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪੇ ਇਹਨਾ ਅਫਵਾਹਾਂ ਤੋਂ ਬਚਣ ਤੇ ਭਵਿੱਖ ਵਿੱਚ ਵੀ ਕੋਈ ਅਫ਼ਵਾਹ ਫੈਲਾਈ ਜਾਂਦੀ ਹੈ ਤਾਂ ਇਸ ਸਬੰਧੀ ਸਕੂਲ ਨਾਲ ਸੰਪਰਕ ਜਰੂਰ ਕੀਤਾ ਜਾਵੇ। ਉਹਨਾਂ ਕਿਹਾ ਕਿ ਕੁੱਝ ਸ਼ਰਾਰਤੀ ਕਿਸਮ ਦੇ ਲੋਕ ਅਜਿਹੇ ਪੱਤਰਾਂ ਨੂੰ ਅਧਾਰ ਬਣਾ ਕੇ ਸੰਸਥਾ ਨੂੰ ਬਦਨਾਮ ਕਰਨ ਲਈ ਤਤਪਰ ਹਨ। ਉਹਨਾਂ ਮਾਪਿਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਭੁਲੇਖਾ ਤੇ ਭਰਮਪਾਉਂ ਪੋਸਟਾਂ 'ਤੇ ਅਮਲ ਨਾ ਕੀਤਾ ਜਾਵੇ ਜਦਕਿ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਸਮਾਜ ਵਿੱਚ ਸਥਿਰਤਾ ਤੇ ਮੇਲ ਮਿਲਾਪ ਬਣਿਆ ਰਹਿ ਸਕੇ।

Saturday, May 17, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਭਰ ਵਿੱਚ ਸੈਂਕੜੇ ਅਧਿਆਪਕ ਬਣਗੇ ਹੈਡ ਟੀਚਰ ਤੇ ਸੈਂਟਰ ਹੈਡ ਟੀਚਰ-ਅਮਨਦੀਪ ਸ਼ਰਮਾ

ਪੰਜਾਬ ਭਰ ਵਿੱਚ ਸੈਂਕੜੇ ਅਧਿਆਪਕ ਬਣਗੇ ਹੈਡ ਟੀਚਰ  ਤੇ ਸੈਂਟਰ ਹੈਡ ਟੀਚਰ-ਅਮਨਦੀਪ ਸ਼ਰਮਾ

ਤਰੱਕੀਆਂ ਹੋਣ ਨਾਲ ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਮਿਲੇਗਾ ਬਦਲੀ ਦਾ ਮੌਕਾ : ਗੁਰਜੰਟ ਸਿੰਘ ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪ੍ਰਾਇਮਰੀ ਕਾਡਰ ਵਿੱਚ ਈ ਟੀ ਟੀ ਤੋਂ ਹੈਡ ਟੀਚਰ ,ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਉਡੀਕਦੇ ਸੈਂਕੜੇ ਅਧਿਆਪਕਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਹੈ ਟੀਚਰ, ਸੈਂਟਰ ਹੈਡ ਟੀਚਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਅਗਲੇ ਹਫਤੇ ਵੱਖ ਵੱਖ ਜਿਲ੍ਹਿਆਂ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਹੋਣ ਦੀਆਂ ਸੰਭਾਵਨਾਵਾਂ ਹਨ। ਉਹਨਾਂ ਕਿਹਾ ਕਿ ਵੱਡੇ ਜਿਲਿਆਂ ਅੰਮ੍ਰਿਤਸਰ ,ਗੁਰਦਾਸਪੁਰ , ਹੁਸ਼ਿਆਰਪੁਰ ਵਿੱਚ ਵੱਡੀ ਗਿਣਤੀ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਹੁਣ ਲੰਮੇ ਸਮੇਂ ਤੋਂ ਤਰੱਕੀਆਂ ਦੀ ਆਸ ਲਗਾਈ ਬੈਠੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਵੇਗਾ।ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਤੇ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਹੋਣ ਨਾਲ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਮਿਲੇਗਾ ਅਤੇ ਉਹ ਆਪਣੇ ਘਰਾਂ ਕੋਲ ਵਾਪਸ ਆ ਸਕਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਸੋਮਵਾਰ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਯੋਗ ਅਧਿਆਪਕਾਂ ਦੀਆਂ ਤਰੱਕੀਆਂ ਕਰਵਾਈਆਂ ਜਾਣਗੀਆਂ।

Thursday, May 15, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰਜੀਤ ਕੌਰ ਧਨੌਲਾ ਦੇ ਅਚਾਨਕ ਜਹਾਨ ਤੋਂ ਤੁਰ ਜਾਣ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਗੁਰਜੀਤ ਕੌਰ ਧਨੌਲਾ ਦੇ ਅਚਾਨਕ ਜਹਾਨ ਤੋਂ ਤੁਰ ਜਾਣ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਯੂਨੀਅਨ ਆਗੂਆਂ ਨੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਸੂਬਾ ਸਰਕਾਰ ਨੂੰ ਕੀਤੀ ਅਪੀਲ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਥੋੜ੍ਹਾ ਸਮਾਂ ਪਹਿਲਾਂ ਸਰਕਾਰੀ ਅਧਿਆਪਿਕਾ ਵਜੋਂ ਨਿਯੁਕਤ ਹੋਈ ਗੁਰਜੀਤ ਕੌਰ ਧਨੌਲਾ ਦੇ ਅਚਾਨਕ ਇਸ ਜਹਾਨ ਤੋਂ ਚਲੇ ਜਾਣ ਕਾਰਨ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ ਓਥੇ ਹੀ ਸਮੂਹ ਈਟੀਟੀ ਕੇਡਰ ਦੇ ਲਈ ਵੀ ਬਹੁਤ ਹੀ ਦੁੱਖ ਦੀ ਖ਼ਬਰ ਹੈ।ਗੁਰਜੀਤ ਕੌਰ ਕਾਫੀ ਸਮੇ ਤੋਂ ਵਲੰਟੀਅਰ ਦੇ ਤੌਰ 'ਤੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਸਨ।ਉਹਨਾਂ ਨੂੰ 19 ਮਾਰਚ 2025 ਨੂੰ ਰੈਗੂਲਰ ਸਰਕਾਰੀ ਟੀਚਰ ਦੇ ਤੌਰ 'ਤੇ ਨੌਕਰੀ ਮਿਲੀ ਸੀ ਤੇ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲ ਵਿੱਚ ਡਿਊਟੀ ਨਿਭਾਅ ਰਹੇ ਸਨ। ਉਸ ਦੀ ਸਰਕਾਰੀ ਪੱਕੀ ਨੌਕਰੀ ਲੱਗਣ ਕਾਰਨ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਸਨ ਤੇ ਸਭ ਕੁਝ ਖੁਸ਼ੀ ਖ਼ੁਸ਼ੀ ਚਲ ਰਿਹਾ ਸੀ ਪਰ ਅਚਾਨਕ ਉਹਨਾ ਦੀ ਤਬੀਅਤ ਵਿੱਚ ਖਰਾਬੀ ਆਉਣ ਕਰਕੇ ਉਹ ਪਰਿਵਾਰ ਨੂੰ ਛੱਡ ਕੇ ਇਸ ਫ਼ਾਨੀ ਜਹਾਨ ਤੋਂ ਹਮੇਸ਼ਾਂ ਲਈ ਚਲੇ ਗਏ ਅਤੇ ਪਿੱਛੇ ਨਿੱਕੇ ਨਿੱਕੇ ਦੋ ਬੱਚੇ ਛੱਡ ਗਏ ਹਨ ਅਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਈਟੀਟੀ ਕੇਡਰ ਸਮੇਤ ਈਟੀਟੀ ਯੂਨੀਅਨ ਪੰਜਾਬ ਪਰਿਵਾਰ ਦੇ ਨਾਲ ਖੜ੍ਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦੇ ਹਨ ਕਿ ਇਸ ਪਰਿਵਾਰ ਨੂੰ ਭਾਵੇਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਰੂਰ ਪਿਆ ਹੈ ਪਰ ਸਰਕਾਰ ਉਹਨਾਂ ਦੀ ਮਦਦ ਕਰਕੇ ਪਰਿਵਾਰ ਦਾ ਦੁੱਖ ਵੰਡਾਵੇ ਅਤੇ ਪਰਿਵਾਰ ਦੇ ਕਿਸੇ ਇੱਕ ਯੋਗ ਮੈਂਬਰ ਨੂੰ ਰੈਗੂਲਰ ਸਰਕਾਰੀ ਨੌਕਰੀ ਦੇ ਕੇ ਉਹਨਾਂ ਦੇ ਦੁੱਖ ਨੂੰ ਜਰੂਰ ਵੰਡੇ ਤਾਂ ਜੋ ਪਿੱਛੋਂ ਪਰਿਵਾਰ ਦੇ ਪਾਲਣ ਪੋਸ਼ਣ ਅਤੇ ਨਿੱਕੇ ਬੱਚਿਆਂ ਦੀ ਪੜ੍ਹਾਈ ਲਈ ਮਦਦ ਹੋ ਸਕੇ।ਇਸ ਮੌਕੇ ਈਟੀਟੀ ਯੂਨੀਅਨ ਪੰਜਾਬ ਵੱਲੋਂ ਹਰਜੀਤ ਸਿੰਘ,ਮਨਪ੍ਰੀਤ ਸਿੰਘ,ਗੁਰਸੰਗਤ ਬੁਢਲਾਡਾ,ਹੀਰਾ ਲਾਧੂਕਾ,ਕਿਰਨ ਨਾਭਾ,ਗੁਰਸੇਵਕ ਸੰਗਰੂਰ, ਗੁਰਜੀਵਨ ਮਾਨਸਾ,ਵਰਿੰਦਰ ਸਰਹੰਦ,ਅਮ੍ਰਿਤ ਧੂਰੀ,ਨਵੀ ਜੋਸ਼ਨ, ਜਸਵਿੰਦਰ ਮਾਛੀਵਾੜਾ ਆਦਿ ਨੇ ਪੂਰੇ ਈਟੀਟੀ ਕੇਡਰ ਵੱਲੋ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਹਰ ਮਦਦ ਲਈ ਜਿੱਥੇ ਬੇਨਤੀ ਕੀਤੀ ਹੈ ਉਥੇ ਹੀ ਪਰਿਵਾਰ ਨੂੰ ਵੀ ਯਕੀਨ ਦਵਾਇਆ ਹੈ ਕਿ ਪੂਰਾ ਈਟੀਟੀ ਕੇਡਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹਾ ਹੈ।

Tuesday, May 13, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਬਾਰਵੀਂ ਜਮਾਤ ਦਾ ਨਤੀਜਾ  ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀ.ਬੀ.ਐਸ.ਈ. ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ  ਬਾਰਵੀਂ ਜਮਾਤ ਦਾ ਨਤੀਜਾ ਸੌ ਫੀਸਦ ਰਿਹਾ। ਸ਼ੈਸ਼ਨ 2024-25ਦੇ ਅਕਾਦਮਿਕ ਵਰ੍ਹੇ ਦੌਰਾਨ (ਸਾਇੰਸ,ਕਾਮਰਸ,ਆਰਟਸ) ਗਰੁੱਪ ਦੇ ਕੁੱਲ 107 ਵਿੱਦਿਆਰਥੀਆਂ ਨੇ ਬਾਰਵੀਂ ਦੀ ਪ੍ਰੀਖਿਆ ਦਿੱਤੀ ਸੀ।ਆਰਟਸ ਗਰੁੱਪ ਚੋਂ ਰਮਨਦੀਪ ਕੌਰ ਨੇ 95 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ,ਭੂਮਿਕਾ ਨੇ 92 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਹੁਸਨਪ੍ਰੀਤ ਕੌਰ ਨੇ 86.8 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਕਾਮਰਸ ਗਰੁੱਪ ’ਚੋਂ ਅਨਮੋਲਪ੍ਰੀਤ ਸਿੰਘ ਨੇ 92. ਫੀਸਦ ਅੰਕ ਲੈ ਕੇ ਪਹਿਲਾ,ਖੁਸ਼ਮਨਪ੍ਰੀਤ ਕੌਰ ਨੇ 91.4 ਫੀਸਦ ਅੰਕ ਲੈ ਕੇ ਦੂਜਾ,ਨਿਰਵਾਣ ਜਿੰਦਲ ਨੇ  90.2 ਫੀਸਦ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਾਇੰਸ ਗਰੁੱਪ  'ਚ ਸੁਪਨਪ੍ਰੀਤ ਕੌਰ ਨੇ 91.6 ਫੀਸਦ  ਅੰਕ ਲੈ ਕੇ ਪਹਿਲਾ,ਚੇਤੰਨਿਆ ਗੌਤਮ ਨੇ 90.6 ਫੀਸਦ ਅੰਕ ਲੈ ਕੇ ਦੂਜਾ ਅਤੇ  ਜਸ਼ਨਪ੍ਰੀਤ ਸਿੰਘ ਨੇ 89.2 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਸਭ ਦਾ ਮਾਣ ਵਧਾਇਆ ਹੈ।ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਦੇ ਮੌਕੇ ’ਤੇ ਸਕੂਲ ਪ੍ਰਬੰਧਕ ਕਮੇਟੀ,ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੀ.ਪੀ.ਐਸ. ਚੀਮਾ ਦਾ ਸੀ.ਬੀ.ਐਸ.ਈ. 12ਵੀਂ ਦਾ ਨਤੀਜ਼ਾ ਰਿਹਾ 100 ਫੀਸਦ

ਪੀ.ਪੀ.ਐਸ. ਚੀਮਾ ਦਾ ਸੀ.ਬੀ.ਐਸ.ਈ. 12ਵੀਂ ਦਾ ਨਤੀਜ਼ਾ ਰਿਹਾ 100 ਫੀਸਦ

 
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੀ.ਬੀ.ਐਸ.ਈ. ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀਆਂ ਦਾ ਪਾਸ ਨਤੀਜਾ 100 ਫੀਸਦ ਰਿਹਾ।ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਨਾਨ-ਮੈਡੀਕਲ ਸਟਰੀਮ ਵਿੱਚ ਵਿਵੇਕ ਗੋਇਲ ਨੇ 96.2 ਫੀਸਦ,ਅਵਨੀਤ ਸਿੰਘ ਨੇ 88.4 ਫੀਸਦ,ਮਨਪ੍ਰੀਤ ਕੌਰ ਨੇ 87.2 ਫੀਸਦ,ਕਮਲਪ੍ਰੀਤ ਕੌਰ ਨੇ 86.4 ਫੀਸਦ, ਹਰਸਿਮਰਨ ਕੌਰ ਨੇ 85 ਫੀਸਦ,ਪ੍ਰੀਆ ਗੋਇਲ ਨੇ 83.4 ਫੀਸਦ ਅੰਕ ਪ੍ਰਾਪਤ ਕੀਤੇ।ਮੈਡੀਕਲ ਸਟਰੀਮ ਵਿੱਚ ਅਵਨੀਤ ਕੌਰ ਨੇ 93.8 ਫੀਸਦ,ਕਮਲਪ੍ਰੀਤ ਕੌਰ ਨੇ 93 ਫੀਸਦ,ਨਵਜੋਤ ਸਿੰਘ ਨੇ 89.6 ਫੀਸਦ, ਖੁਸ਼ਪ੍ਰੀਤ ਕੌਰ ਨੇ 88.2 ਫੀਸਦ,ਰਸ਼ਮੀ ਸ਼ਰਮਾ ਨੇ 82.2 ਫੀਸਦ,ਹੁਸਨਪ੍ਰੀਤ ਕੌਰ ਨੇ 82 ਫੀਸਦ,ਹਰਮਨ ਸ਼ਰਮਾ ਨੇ 80.6 ਫੀਸਦ, ਹਰਨੀਲ ਸਿੰਘ ਜਵੰਧਾ ਨੇ 80.4 ਫੀਸਦ,ਹਰਮਨਪ੍ਰੀਤ ਕੌਰ ਨੇ 80.2 ਫੀਸਦ,ਰਮਨਦੀਪ ਕੌਰ ਨੇ 80 ਫੀਸਦ ਅੰਕ ਪ੍ਰਾਪਤ ਕੀਤੇ।ਕਾਮਰਸ ਸਟਰੀਮ ਵਿੱਚ ਤਰਨਦੀਪ ਕੌਰ ਨੇ 90 ਫੀਸਦ,ਪਰਨੀਤ ਕੌਰ ਨੇ 89.8 ਫੀਸਦ,ਹਰਜੋਤ ਕੌਰ ਨੇ 89 ਫੀਸਦ,ਜੈਸਮੀਨ ਕੌਰ ਨੇ 88.4 ਫੀਸਦ,ਅਮਿੰ੍ਰਤਪਾਲ ਸਿੰਘ ਨੇ 87.8 ਫੀਸਦ, ਰਮਨਦੀਪ ਕੌਰ ਨੇ 87.6 ਫੀਸਦ,ਕਰਨ ਸਿੰਘ ਸਿੱਧੂ ਨੇ 87.2 ਫੀਸਦ,ਗੁਰਪ੍ਰੀਤ ਕੌਰ ਨੇ 85.8 ਫੀਸਦ, ਪਵਨੀਤ ਕੌਰ ਨੇ 85.2 ਫੀਸਦ,ਹਰਮਨਵੀਰ ਕੌਰ ਨੇ 84.8 ਫੀਸਦ,ਹਰਮਨਪ੍ਰੀਤ ਕੌਰ ਨੇ 84.6 ਫੀਸਦ, ਮਨਜੋਤ ਸਿੰਘ ਨੇ 84 ਫੀਸਦ,ਜਯੋਤੀ ਕੌਰ ਨੇ 82.8 ਫੀਸਦ,ਹੁਸਮਨਪ੍ਰੀਤ ਕੌਰ ਨੇ 82.6 ਫੀਸਦ,ਗੁਰਨੂਰ ਸਿੰਘ ਨੇ 82.4 ਫੀਸਦ,ਮਨਿੰਦਰਜੀਤ ਸਿੰਘ ਨੇ 81.8 ਫੀਸਦ,ਪਰਮਿੰਦਰ ਕੌਰ ਨੇ 81.2 ਫੀਸਦ,ਅਮਨਿੰਦਰ ਸਿੰਘ ਨੇ 81.2 ਫੀਸਦ,ਜੈਸਮੀਨ ਕੌਰ ਨੇ 81 ਫੀਸਦ,ਗਗਨਦੀਪ ਕੌਰ ਨੇ 81 ਫੀਸਦ,ਰਮਨਦੀਪ ਕੌਰ ਨੇ 81 ਫੀਸਦ,ਸਹਿਜਦੀਪ ਸਿੰਘ ਨੇ 80.8 ਫੀਸਦ,ਅਮਾਨਤ ਜੌਤ ਕੌਰ ਨੇ 80.6 ਫੀਸਦ ਅਤੇ ਜੈਸਮੀਨ ਕੌਰ ਨੇ 80 ਫੀਸਦ ਨੇ ਅੰਕ ਪ੍ਰਾਪਤ ਕਰਕੇ ਸਕੂਲ,ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।ਨਤੀਜਾ ਘੋਸ਼ਿਤ ਹੋਣ ’ਤੇ ਸਾਰੇ ਬੱਚਿਆਂ,ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।ਸਕੂਲ ਦੇ ਐਮ. ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੱੁਭ-ਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ,ਉਪ ਪ੍ਰਿੰਸੀਪਲ ਭੁਸ਼ਪਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।