Tuesday, March 31, 2026

ਵਿਦਾਇਗੀ ਸਮਾਰੋਹ ਮੌਕੇ ਵਿਸ਼ੇਸ਼ ਸਨਮਾਨ : ਕਰਮਸ਼ੀਲ ਗੁਣਵਾਨ,ਸਿਰੜੀ ਅਧਿਆਪਕ ਪ੍ਰਿੰਸੀਪਲ ਨਿਰਮਲ ਸਿੰਘ ਸੈਦੇਵਾਲਾ

ਪ੍ਰਤਿਭਾ ਦਾ ਵਗਦਾ ਦਰਿਆ,ਏਕੇ ਤੇ ਮਿਹਨਤ ਦਾ ਮੁਜ਼ੱਸਮਾ, ਕਰਮਸ਼ੀਲ ਗੁਣਵਾਨ,ਸਿਰੜੀ ਅਧਿਆਪਕ ਪ੍ਰਿੰਸੀਪਲ ਨਿਰਮਲ ਸਿੰਘ ਸੈਦੇਵਾਲਾ

ਵਿਦਾਇਗੀ ਸਮਾਰੋਹ ਮੌਕੇ ਵਿਸ਼ੇਸ਼ ਸਨਮਾਨ

ਹਜ਼ਾਰਾਂ ਮੀਲਾਂ ਦਾ ਸਫਰ ਵੀ ਪਹਿਲੇ ਕਦਮ ਤੋਂ ਹੀ ਸ਼ੁਰੂ ਹੁੰਦਾ ਹੈ, ਬਸ ਮਨ ਦੇ ਰੌਸ਼ਨ ਕੋਨਿਆਂ ਅੰਦਰ ਸਬਰ-ਸੰਤੋਖ, ਪੈਰਾਂ ਵਿੱਚ ਤੁਰਨ ਦਾ ਹੁਨਰ ਹੋਵੇ, ਬਾਹਾਂ ਵਿੱਚ ਮੰਜ਼ਿਲ ਨੂੰ ਕਲਾਵੇ ਵਿੱਚ ਭਰਨ ਦਾ ਸੂਹਾ ਅਹਿਸਾਸ ਹੋਵੇ, ਅੱਖਾਂ ਵਿੱਚ ਗਿਆਨ ਦੀ ਚਮਕ ਤੇ ਖੁਆਬ ਸੁਪਨਮਈ ਹੋਣ, ਦਿਲ ਦੀਆਂ ਸੁਹਜ਼ ਕੰਦਰਾਂ ਵਿੱਚੋਂ ਛੋਟਿਆਂ ਲਈ ਪਿਆਰ ਵੱਡਿਆਂ ਲਈ ਸਤਿਕਾਰ ਪਨਪਦਾ ਹੋਵੇ, ਸਹਿਯੋਗ ਆਪਸੀ ਸਾਂਝ, ਭਾਈਚਾਰਾ, ਨੈਤਿਕਤਾ ਜਿਹੇ ਗੁਣ ਆਪ ਮੁਹਾਰੇ ਆਲ਼ੇ ਦੁਆਲ਼ੇ ਪਰਿਕਰਮਾ ਕਰਦੇ ਹੋਣ ਤਾਂ ਜ਼ਿੰਦਗੀ ਨੂੰ ਭਰ ਗਲ਼ੇ ਤੱਕ ਜਿਉਣ ਦਾ ਆਨੰਦ ਹੀ ਵਿਲੱਖਣ ਹੁੰਦਾ ਹੈ

ਅਜਿਹੀ ਹੀ ਅਦੁਤੀ ਸ਼ਖਸੀਅਤ ਨੇ ਪ੍ਰਿੰਸੀਪਲ ਨਿਰਮਲ ਸਿੰਘ ਸੈਦੇਵਾਲਾ ਜੀ ਜੋ ਕਿ ਬਿਨਾਂ ਸ਼ੱਕ ਆਪਣੇ ਨਾਮ ਦੀ ਤਰ੍ਹਾਂ ਅਸਲ ਹਯਾਤੀ ਵਿੱਚ ਵੀ ਸ਼ੁੱਧ, ਖਾਲਸ ਤੇ ਨਿਰਮਲ ਨੇਆਪ ਲੰਬੇ ਸਮੇਂ ਤੋਂ ਅਧਿਆਪਨ ਦੇ ਪਵਿੱਤਰ ਕਿੱਤੇ ਦੇ ਨਾਲ-ਨਾਲ ਸਮਾਜਿਕ ਸਰਗਰਮੀਆਂ ਨਾਲ ਜੁੜੇ ਰਹਿਣ ਵਾਲੇ, ਪ੍ਰਕਿਰਤੀ ਦੇ ਰੰਗਾਂ ਵਿੱਚ ਇੱਕ-ਮਿਕ, ਸਾਫ ਤੇ ਇਮਾਨਦਾਰ ਮੁਹਾਂਦਰੇ ਵਾਲੇ ਕਰਮਸ਼ੀਲ ਮਿਹਨਤੀ ਇਨਸਾਨ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂਆਪ ਜੀ ਦੀ ਸੱਚੀ-ਸੁੱਚੀ ਸ਼ਖਸੀਅਤ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਹੁਨਰ ਰੱਖਦੀ ਹੈਹਉਮੈ ਤੋਂ ਮੁਕਤ, ਨਿਮਰਤਾ, ਸਦਭਾਵਨਾ ਨਾਲ ਲਬਰੇਜ਼ ਆਪ ਦਾ ਸੁਭਾਅ ਸ਼ਖਸੀਅਤ ਵਿੱਚ ਹੋਰ ਵੀ ਅਦਬੀ ਰੰਗ ਭਰ ਦਿੰਦਾ ਹੈਆਪਣੀ ਜ਼ਿੰਦਗੀ ਦੇ ਅੱਧੇ ਤੋਂ ਵੀ ਵੱਧ ਪਲ 33 ਸਾਲ ਇੱਕ ਮਹੀਨਾ 27 ਦਿਨ ਆਪ ਨੇ ਸਿੱਖਿਆ ਵਿਭਾਗ ਦੇ ਲੇਖੇ ਬੜੇ ਹੀ ਖੂਬਸੂਰਤ ਢੰਗ ਤੇ ਖੂਬਸੂਰਤ ਤਰੀਕੇ ਨਾਲ ਲਗਾਏਆਪ ਦਾ ਜਨਮ ਪਿੰਡ ਸੈਦੇਵਾਲਾ ਵਿਖੇ ਜਨਮਦਾਤੀ ਸ਼੍ਰੀਮਤੀ ਦਰਸ਼ਨ ਕੌਰ ਦੀ ਕੁੱਖੋਂ ਪਿਤਾ ਸਰਦਾਰ ਮੁਖਤਿਆਰ ਸਿੰਘ ਦੇ ਸੋਹਣੇ ਵਿਹੜੇ ਵਿੱਚ ਖੁਸ਼ਗਵਾਰ ਮਾਹੌਲ ਵਿੱਚ ਹੋਇਆਆਪਜੀ ਦੇ ਸਰਬ ਸਾਂਝੇ ਪਰਿਵਾਰ ਵਿੱਚ ਉਸ ਸਮੇਂ 11 ਜੀਅ ਏਕੇ ਦੀ ਲੜੀ ਵਿੱਚ ਪਰੋਏ ਇੱਕ ਛੱਤ ਹੇਠ ਜੀਵਨ ਦੀ ਸਾਂਝ ਪਾ ਰਹੇ ਸਨਆਪ ਜੀ ਦੇ ਪਰਿਵਾਰ ਵਿੱਚ ਆਪ ਦੀ ਇੱਕ ਭੈਣ ਦਲਵਿੰਦਰ ਕੌਰ, ਇੱਕ ਛੋਟਾ ਭਰਾ ਸਤਨਾਮ ਸਿੰਘ, ਪਤਨੀ ਸ਼੍ਰੀਮਤੀ ਬਲਜੀਤ ਕੌਰ ਐਸੋਸੀਏਟ ਟੀਚਰ ਸ.ਪ.ਸ. ਬਾਜ਼ੀਗਰ ਬਸਤੀ ਬੋਹਾ ਅਤੇ ਇਕਲੌਤੀ ਸੰਤਾਨ ਬੇਟਾ ਸ਼ੁਭਦੀਪ ਸਿੰਘ, ਕਨੇਡਾ ਦੇ ਸ਼ਹਿਰ ਬਰੌਕਵਿਲੇ ਵਿਖੇ ਆਈ.ਟੀ. ਇੰਜੀਨੀਅਰ ਦੇ ਤੌਰ ਤੇ ਸਫਲ ਕਾਰਜਸ਼ੀਲ ਹੈਪ੍ਰਿੰ. ਨਿਰਮਲ ਸਿੰਘ ਸੈਦੇਵਾਲਾ ਜੀ ਉਹਨਾਂ ਪਰਿਵਾਰਾਂ ਦੇ ਜੰਮਪਲ ਹਨ ਜਿਨ੍ਹਾਂ ਵਿੱਚ ਅਕਸਰ ਉਨਾਂ ਸਮਿਆਂ ਵਿੱਚ ਅੱਖਰ ਗਿਆਨ ਦਾ ਚਾਨਣਾ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਸੀ ਪਿਤਾ ਸਰਦਾਰ ਮੁਖਤਿਆਰ ਸਿੰਘ ਜੋ ਕਿ ਅਧਿਆਤਮਵਾਦ ਦੀ ਮੂਰਤ ਸਨ ਆਪਣੇ ਸਪੁੱਤਰ ਨੂੰ ਸ਼ਬਦ ਗਿਆਨ ਤੋਂ ਕੋਰਾ ਨਾ ਰੱਖਦੇ ਹੋਏ ਉਨਾਂ ਪ੍ਰਿੰ. ਨਿਰਮਲ ਸਿੰਘ ਦੇ ਹੱਥ ਪੈਨਸਿਲ, ਕਾਪੀ, ਬਸਤਾ ਦੇ ਸਕੂਲ ਦੇ ਰਸਤੇ ਉਂਗਲ ਫੜ ਤੋਰ ਦਿੱਤਾ। ਵਿਰਸੇ ਵਿੱਚੋਂ ਮਿਲੇ ਅਦੁੱਤੀ ਗੁਣਾਂ ਅਤੇ ਯੋਗ ਅਗਵਾਈ ਸਦਕਾ ਆਪ ਨੇ ਮੁੱਢਲੀ ਪੜ੍ਹਾਈ ਸ.ਮਿ.ਸ. ਸੈਦੇਵਾਲਾ ਤੋਂ ਗ੍ਰਹਿਣ ਕੀਤੀ, ਦਸਵੀਂ ਦੀ ਪੜ੍ਹਾਈ ਲਈ ਆਪ ਨੇ ਸ.ਹ.ਸ. ਚਲੈਲਾ ਜਿਲਾ ਪਟਿਆਲਾ ਵਿਖੇ ਵਹੀਰਾਂ ਘੱਤ ਦਿੱਤੀਆਂ ਫਿਰ ਪ੍ਰੀ ਮੈਡੀਕਲ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਤੋਂ, ਅਖੀਰ ਬੀ.. ਲਈ ਫਿਰ ਐਨ.ਐਮ. ਕਾਲਜ ਮਾਨਸਾ ਵਿਖੇ ਦਾਖਲ ਹੋਏ। ਜ਼ਿਕਰਯੋਗ ਹੈ ਕਿ ਆਪਜੀ ਦੀ ਅਦੁੱਤੀ ਪੜ੍ਹਾਈ ਪ੍ਰਤੀ ਖਿੱਚ ਨੇ ਆਪਜੀ ਦੇ ਅੰਦਰ ਅਵੇਸਲੇਪਨ ਦੀ ਚਾਦਰ ਉਤਾਰ ਕੇ ਹੋਰ ਗਿਆਨ ਇਕੱਤਰ ਕਰਨ ਦੀ ਦਿਲੀ ਇੱਛਾ ਨੇ 1989-91 ਦੇ ਬੈਚ ਵਿੱਚ ਈਟੀਟੀ ਡਾਇਟ ਨਾਭਾ ਵਿਖੇ ਦਾਖਲਾ ਦਿਵਾ ਦਿੱਤਾ। ਇੱਥੇ ਵੀ ਇਨਾਂ ਆਪਣੀ ਸੂਝ-ਬੂਝ, ਅਧਿਆਪਕਾਂ ਦੀ ਪ੍ਰੇਰਨਾ ਨਾਲ ਉੱਤਮ ਪ੍ਰਦਰਸ਼ਨ ਕਰਦਿਆਂ ਈਟੀਟੀ ਦੇ ਦੋ ਸਮੈਸਟਰਾਂ ਵਿੱਚ ਪੰਜਾਬ ਟੋਪ ਦੇ ਝੰਡੇ ਬੁਲੰਦ ਕੀਤੇ ਇਥੋਂ ਤੱਕ ਕੇ ਵੀ ਆਪ ਜੀ ਦੇ ਅੰਦਰ ਸਿੱਖਣ ਅਤੇ ਅੱਗੇ ਵਧਣ ਦੀ ਭੁੱਖ ਮਿਟਣ ਵਾਲੀ ਨਹੀਂ ਸੀ ਸਿੱਟੇ ਵਜੋਂ ਆਪ ਨੌਕਰੀ ਵਿੱਚ ਆਉਣ ਤੋਂ ਬਾਅਦ ਵੀ ਐਮ.. ਇਤਿਹਾਸ, ਪੰਜਾਬੀ ਅਤੇ ਅੰਗਰੇਜ਼ੀ, ਬੀ ਐਡ ਅਤੇ ਐਮ.ਫਿਲ. ਅੰਗਰੇਜ਼ੀ ਕਰ ਗਏਉੱਦਮੀ ਬੰਦਿਆਂ ਦੇ ਯਤਨਾਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਵੀ ਕੁਦਰਤੀ ਤੌਰ ਤੇ ਸੁਭਾਵਿਕ ਹੈ ਜ਼ਿੰਦਗੀ ਦੇ ਪਹਿਲੇ ਪੜਾਅ ਵਿੱਚ ਸ਼ਬਦ ਦਾ ਗਿਆਨ ਲੈਣ ਵਾਲੇ ਪ੍ਰਿੰ. ਨਿਰਮਲ ਸਿੰਘ ਹੁਣ ਸ਼ਬਦ ਦਾ ਗਿਆਨ ਵੰਡਣ ਵਾਲੇ ਬਣ ਬਤੌਰ ਈਟੀਟੀ ਅਧਿਆਪਕ ਸ.ਪ.ਸ. ਟੋਡਰਪੁਰ ਜ਼ਿਲਾ ਮਾਨਸਾ ਵਿਖੇ ਮਿਤੀ 5 ਫਰਵਰੀ 1993 ਨੂੰ ਹਾਜ਼ਰ ਹੋਏ, ਜਿੱਥੇ ਇੱਕ ਸਾਲ ਦੀ ਸੇਵਾ ਤੋਂ ਬਾਅਦ ਤਿੰਨ ਸਾਲ ਸ.ਪ.ਸ. ਸੈਦੇਵਾਲਾ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ। ਜਿਵੇਂ ਕਿਹਾ ਜਾਂਦਾ ਹੈ ਕਿ ਮਿਹਨਤਕਸ਼, ਹਿੰਮਤੀ ਲੋਕ ਮੰਜ਼ਿਲ ਪ੍ਰਾਪਤ ਕਰਨ ਤੋਂ ਬਾਅਦ ਵੀ ਨਿਚਲੇ ਨਹੀਂ ਬੈਠਦੇ ਹੁੰਦੇ ਉਸੇ ਤਰ੍ਹਾਂ ਹੁਣ ਇਹ ਵਿਭਾਗ ਦੀ ਸਿੱਧੀ ਭਰਤੀ ਰਾਹੀਂ ਬਤੌਰ ਪੰਜਾਬੀ ਮਾਸਟਰ ਸ.ਹ.ਸ. ਰਾਮਗੜ ਸ਼ਾਹਪੁਰੀਆ ਵਿਖੇ 6 ਮਾਰਚ 1997 ਨੂੰ ਜੁਆਇੰਨ ਕੀਤਾ। ਇਥੇ ਤਿੰਨ ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਦੋ ਸਾਲ ਦਾ ਸਮਾਂ ਆਪ ਨੇ ਸ.ਹ.ਸ. ਰਿਉਂਦ ਕਲਾਂ ਵਿਖੇ ਸਕੂਲ ਦੇ ਸਰਵ ਪੱਖੀ ਵਿਕਾਸ ਦੇ ਲੇਖੇ ਲਾਇਆ, ਉਪਰੰਤ ਫਿਰ ਲਗਭਗ ਸੱਤ ਸਾਲ ਸ.ਮਿ.ਸ. ਅਚਾਨਕ ਜ਼ਿਲ੍ਹਾ ਮਾਨਸਾ ਵਿਖੇ ਉਥੋਂ ਦੀਆਂ ਪੰਚਾਇਤਾਂ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਸਕੂਲ ਨੂੰ ਸਿਖਰਾਂ ਉੱਪਰ ਲੈ ਕੇ ਗਏ ਫਿਰ ਸਿੱਖਿਆ ਵਿਭਾਗ ਦੀ ਅੱਖ ਤੋਂ ਆਪ ਬਚ ਕੇ ਨਾ ਰਹਿ ਸਕੇ, ਵਿਭਾਗ ਵਿੱਚ ਆਪ ਜੀ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ,100% ਨਤੀਜਿਆਂ ਅਤੇ ਆਪ ਜੀ ਦੀ ਖੂਬਸੂਰਤ ਲਿਆਕਤ ਨੂੰ ਸਨਮੁਖ ਰੱਖਦਿਆਂ ਵਿਭਾਗ ਨੇ ਜੁਲਾਈ 2008 ਵਿੱਚ ਆਪ ਨੂੰ ਬਤੌਰ ਅੰਗਰੇਜ਼ੀ ਲੈਕਚਰਾਰ ਤਰੱਕੀ ਦੇ ਕੇ ਸਨਮਾਨਿਆ। 26 ਜੁਲਾਈ 2008 ਨੂੰ ਸ.ਸ.ਸ. ਬਰੇ ਵਿਖੇ ਜੁਆਇਨ ਕੀਤਾ ਜਿੱਥੇ ਆਪ 01-08-2008 ਤੋਂ 25-03-2010 ਤੱਕ ਡੀਡੀਓ ਪ੍ਰਿੰਸੀਪਲ ਵੀ ਰਹੇ। ਜਦ ਆਪ ਜੀ ਇਸ ਸੰਸਥਾ ਦੇ ਮੁਖੀ ਰਹੇ ਇਹ ਸੰਸਥਾ ਨੀਮ ਪੇਂਡੂ ਇਲਾਕੇ ਦਾ ਉਹ ਸਕੂਲ ਸੀ ਜੋ ਕਿ ਮੁਢਲੀਆਂ ਲੋੜਾਂ ਤੋਂ ਸੱਖਣਾ ਸੀ ਅਧਿਆਪਕਾਂ ਅਤੇ ਪ੍ਰਬੰਧਾਂ ਦੀ ਭਾਰੀ ਘਾਟ ਸੀ ਆਪ ਦਾ ਸੁਪਨਾ ਸੰਸਥਾ ਨੂੰ ਬਿਹਤਰ ਨਤੀਜਿਆਂ ਵੱਲ ਲੈ ਕੇ ਜਾਣ ਅਤੇ ਇਲਾਕੇ ਦੇ ਵਿਦਿਆਰਥੀਆਂ ਨੂੰ ਅੱਖਰ ਗਿਆਨ ਨਾਲ ਜੋੜਨ ਦਾ ਸੀ। ਨਤੀਜੇ ਵਜੋਂ ਆਪ ਨੇ ਹਿੰਮਤ, ਲਗਨ, ਸੂਝ ਸਿਆਣਪ ਦੇ ਹਥਿਆਰ ਚੁੱਕ ਪਿੰਡ ਦੇ ਮੁਹਤਬਰ ਸੱਜਣਾਂ, ਸਰਪੰਚਾਂ, ਪੰਚਾਂ ਨਾਲ ਰਾਬਤੇ ਕਾਇਮ ਕੀਤੇ, ਮੀਟਿੰਗਾਂ ਦਾ ਆਯੋਜਨ ਹੋਇਆ, ਵਿਚਾਰਾਂ ਕੀਤੀਆਂ ਗਈਆਂ  ਹੋਇਆ ਇਹ ਕਿ ਸਭ ਪਾਰਟੀ ਬਾਜੀ ਤੋਂ ਉੱਪਰ ਉੱਠ ਸਕੂਲ ਦੇ ਵਿਕਾਸ ਕਾਰਜਾਂ ਲਈ ਇੱਕ ਮੰਚ ਉੱਪਰ ਇਕੱਤਰ ਹੋ ਗਏ ਆਰਜ਼ੀ ਤੌਰ ਤੇ ਸਟਾਫ ਦੀ ਕਮੀ ਦੂਰ ਕੀਤੀ, ਸਕੂਲ ਦੇ ਸੁੰਦਰੀਕਰਨ ਵਿੱਚ ਨਿਖਾਰ ਲਿਆਂਦਾ ਵਿਦਿਆਰਥੀਆਂ ਨੂੰ ਖੇਡਾਂ ਵੱਲ ਰੁਚਿਤ ਕੀਤਾ ਜਿਸ ਦੇ ਸਦਕੇ ਸ.ਸ.ਸ. ਬਰੇ ਦਾ ਨਾਮ ਸ਼ੱਤ ਪ੍ਰਤੀਸ਼ਤ ਨਤੀਜਿਆਂ ਕਾਰਨ ਪੂਰੇ ਜ਼ਿਲ੍ਹੇ ਵਿੱਚ ਚਰਚਾ ਛੇੜ ਗਿਆ ਆਪ ਜੀ ਦੇ ਅਜਿਹੇ ਵਿਕਾਸ ਕਾਰਜਾਂ ਦੀ ਰਮਜ਼ ਜ਼ਿਲ੍ਹਾ ਸਿੱਖਿਆ ਦਫਤਰ ਤੱਕ ਵੀ ਪੁੱਜੀ ਫਿਰ ਆਪ ਜੀ ਨੂੰ ਪੂਰੇ ਜਿਲ੍ਹੇ ਦੇ ਵਿਕਾਸ ਕਾਰਜਾਂ ਲਈ ਸਿੱਖਿਆ ਸੁਧਾਰ ਟੀਮ ਮਾਨਸਾ ਦਾ ਅੰਗ ਬਣਾ ਲਿਆ ਗਿਆ

ਸਾਡੇ ਗੁਰੂਆਂ ਰਹਿਬਰਾਂ ਦੀ ਅਕੀਦਤ ਮੁਤਾਬਕ ਚੰਗੇ ਇਨਸਾਨਾਂ ਦੀ ਹਰ ਜਗ੍ਹਾ ਲੋੜ ਹੁੰਦੀ ਹੈ, ਉਹਨਾਂ ਨੂੰ ਇੱਕ ਜਗ੍ਹਾ ਹੀ ਆਪਣੇ ਗਿਆਨ ਦਾ ਛਿੱਟਾ ਨਹੀਂ ਦੇਣਾ ਚਾਹੀਦਾ ... ਰਾਮਗੜ੍ਹ ਸ਼ਾਹਪੁਰੀਆ ਲਈ ਉਹ ਸਮਾਂ ਬੜਾ ਹੀ ਮੁਲਵਾਨ, ਖੁਸ਼ਗਵਾਰ ਅਤੇ ਕਾਬਿਲੇ ਤਾਰੀਫ ਸੀ ਜਦ ਜੂਨ 2016 ਵਿੱਚ ਆਪ ਰਾਮਗੜ੍ਹ ਸ਼ਾਹਪੁਰੀਆਂ ਸੰਸਥਾ ਵਿਖੇ ਹਾਜ਼ਰ ਹੋ ਕੇ ਇੱਕ ਸਫਲ ਨਿੱਗਰ ਸਮਰੱਥਾ ਦੇ ਧਾਰਨੀ ਕਮਾਂਡਰ ਹੋ ਇਸ ਸੰਸਥਾ ਦੀ ਅਗਵਾਈ ਕੀਤੀ ਇਹ ਸਕੂਲ ਵੀ ਜਿਵੇਂ ਸਾਲਾਂ ਤੋਂ ਇਹਨਾਂ ਦੀ ਉਡੀਕ ਕਰ ਰਿਹਾ ਹੋਵੇ ਜਲਦ ਹੀ ਸਮੂਹ ਸਟਾਫ ਨੂੰ ਇੱਕ ਧਾਗੇ ਵਿੱਚ ਪਰੋ ਕੇ ਸਕੂਲ ਦੇ ਵਿਕਾਸ ਕਾਰਜਾਂ ਦੀ ਲਕੀਰ ਵੱਡੀ ਕਰਨ ਵੱਲ ਜੁੱਟ ਪਏ ਧਰਤੀ ਦੇ ਇੱਕ ਚੱਕਰ ਪੂਰਾ ਕਰਦਿਆਂ ਦਿਨਾਂ ਵਿੱਚ ਹੀ ਪਿਛਲੇ ਸਕੂਲ ਦਾ ਇਤਿਹਾਸ ਦੁਹਰਾਇਆ ਗਿਆ ਸਵੇਰ ਦੀ ਸਭਾ ਵਿਚਲੇ ਹਾਊਸ ਸਿਸਟਮ ਦੀ ਅੱਲੋਕਾਰੀ ਪੇਸ਼ਕਾਰੀ ਹਰ ਇੱਕ ਨੂੰ ਪ੍ਰਭਾਵਿਤ ਕਰਦੀ, ਖੇਡਾਂ ਅਤੇ ਸਹਿ-ਵਿਦਿਅਕ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਰੋਜ਼ਾਨਾ ਦੇ ਅਖਬਾਰਾਂ ਦੀ ਹੈੱਡਲਾਈਨ ਬਣਦੀਆਂ, ਮਾਨਯੋਗ ਪੰਚਾਇਤਾਂ, ਪਤਵੰਤਿਆਂ, ਦਾਨੀਆਂ ਨੂੰ ਨਾਲ ਜੋੜ ਕੇ ਦਾਨ ਦੇ ਰੂਪ ਵਿੱਚ ਲਗਭਗ 3 ਲੱਖ ਰੁਪਏ ਦੀ ਰਾਸ਼ੀ ਇਕੱਤਰ ਕਰ ਸਕੂਲ ਵਿੱਚ ਗਿਆਨ ਰਿਸ਼ਮਾਭਾਸ਼ਾ ਪਾਰਕ ਦਾ ਨਿਰਮਾਣ ਕੀਤਾ ਵਿਲੱਖਣ ਖੂਬਸੂਰਤ ਦਿੱਖ ਦੇ ਮੇਨ ਗੇਟ ਦੀ ਉਸਾਰੀ ਕੀਤੀ ਸਾਹਿਤਕ ਮੈਗਜ਼ੀਨ ਨਕਸ਼--ਕਦਮਦੇ ਸਰਪ੍ਰਸਤ ਦੇ ਤੌਰ ਤੇ ਕਾਰਜ ਵੀ ਆਪ ਦੇ ਲੇਖੇ ਆਏ ਸੰਸਥਾ ਦਾ ਮਾਹੌਲ ਇੰਨਾ ਖਿੱਚ ਭਰਪੂਰ ਲੁਭਾਵਨਾ ਬਣ ਗਿਆ, ਸਕੂਲ ਦੀ ਹੋਣਹਾਰ ਲੜਕੀ ਸੁਖਪ੍ਰੀਤ ਕੌਰ ਨੇ ਕਰਾਟੇ ਗੇਮ ਵਿੱਚ ਭਾਰਤ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਸਬ-ਡਿਵੀਜ਼ਨ ਬੁਢਲਾਡਾ ਦੀ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੀ ਪਰੇਡ ਸਕੂਲ ਦੇ ਵਿਦਿਆਰਥੀਆਂ ਬਿਨਾਂ ਅਧੂਰੀ ਰਹਿ ਜਾਂਦੀ ਸੀ ਰਹਿੰਦੇ ਸਮੇਂ ਤੱਕ ਇਹ ਸੰਸਥਾ ਇਹਨਾਂ ਦੇ ਕਾਰਜਕਾਲ ਦੇ ਸੁਹੱਪਣ ਦੀ ਗਵਾਹੀ ਭਰਦੀ ਰਹੇਗੀ

ਉੱਦਮੀ ਕਰਮਸ਼ੀਲ ਵਿਅਕਤੀਤਵ ਦੀ ਅਥਾਹ ਸਮਰੱਥਾ ਵਾਲੇ ਇਨਸਾਨਾਂ ਦੀ ਆਮਦ ਦੀ ਬੇਕਰਾਰੀ ਹਰ ਇੱਕ ਨੂੰ ਰਹਿੰਦੀ ਹੈ ... ਰਾਮਗੜ੍ਹ ਸ਼ਾਹਪੁਰੀਆ ਦੇ ਵਿਕਾਸ ਕਾਰਜਾਂ ਦੇ ਚਰਚਿਆਂ ਨੇ ਫਿਰ ਪਿੰਡ ਬਰੇ ਦੀਆਂ ਪੰਚਾਇਤਾਂ ਦਾ ਧਿਆਨ ਇਕੱਤਰ ਕੀਤਾ ਦਿਆਨਤਦਾਰ ਇਨਸਾਨ ਰੁੱਖਾ ਸੁਭਾਅ ਕੋਲ ਨਹੀਂ ਰੱਖਦੇ ਜਿਸ ਕਰਕੇ ਆਪ ਫਿਰ ਉਹਨਾਂ ਦੇ ਪਿਆਰ ਕਾਰਨ 29 ਅਕਤੂਬਰ 2022 ਨੂੰ ਦੁਬਾਰਾ ... ਬਰੇ ਹਾਜ਼ਰ ਹੋ ਗਏ ਰਾਮਗੜ੍ਹ ਸ਼ਾਹਪੁਰੀਆਂ ਦਾ 9 ਸਾਲ ਦਾ ਕਾਰਜਕਾਲ ਬਾਖੂਬੀ ਉਦਾਹਰਨਮਈ ਹੋ ਨਿਬੜਿਆ ਜੋ ਸੁਨਹਿਰੀ ਅੱਖਰਾਂ ਦੀ ਭਾਅ ਮਾਰਦਾ ਰਹੇਗਾ ... ਬਰੇ ਦਾ ਮਾਹੌਲ ਪਹਿਲਾਂ ਹੀ ਆਪਦੀ ਰੂਹ ਦੇ ਧੁਰ ਅੰਦਰ ਤੱਕ ਉਕਰਿਆ ਹੋਇਆ ਸੀ ਜਲਦ ਹੀ ਪਹਿਲਾਂ ਵਾਂਗ ਸਕੂਲ ਦੀਆਂ ਸਮੁੱਚੀਆਂ ਗਤੀਵਿਧੀਆਂ ਸੁਰਜੀਤ ਹੋ ਗਈਆਂ ਫਿਰ ਇੱਕ ਸਫਲ ਕਪਤਾਨ ਦੀ ਵਰਦੀ ਪਹਿਨ ਆਪਣੀ ਫੌਜ ਦੇ ਸਹਿਯੋਗ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਰਸਤਿਆਂ ਦੇ ਪਾਂਧੀ ਬਣ ਗਏ, ਉੱਚੇ ਵਿਅਕਤੀਤਵ, ਸਾਫ ਰਹਿਣੀ ਬਹਿਣੀ, ਚੰਗੇ ਸੰਸਕਾਰਾਂ ਦੇ ਧਾਰਨੀ, ਅਧਿਆਪਨ ਵਰਗ ਦੇ ਚਹੇਤੇ ਇਨਸਾਨਾਂ ਨੂੰ ਕਿਸੇ ਮਾਣ ਸਨਮਾਨ ਦੀ ਭੁੱਖ ਜਾਂ ਤ੍ਰੇਹ ਨਹੀਂ ਹੁੰਦੀ ਉਨਾਂ ਨੇ ਨਿਰਵਿਘਨ ਆਪਣੀ ਇਕਾਗਰਤਾ ਆਪਣੇ ਕਾਰਜਾਂ ਤੇ ਹੀ ਰੱਖਣੀ ਹੁੰਦੀ ਹੈ ਸਗੋਂ ਸਨਮਾਨ ਖੁਦ ਉਹਨਾਂ ਦਾ ਪਿੱਛਾ ਕਰਦੇ ਹਨ ... ਬਰੇ ਦੇ ਵਿਕਾਸ ਕਾਰਜਾਂ ਨੂੰ ਦੇਖਦਿਆਂ 26 ਜਨਵਰੀ 2013 ਨੂੰ ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਸੰਸਦੀ ਸਕੱਤਰ ਸਰਦਾਰ ਬਲਵੀਰ ਸਿੰਘ ਘੁੰਨਸ ਨੇ ਅਤੇ 26 ਜਨਵਰੀ 2024 ਨੂੰ ਕੈਬਨਿਟ ਮੰਤਰੀ ਸਰਦਾਰ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਸਨਮਾਨਾਂ ਦੀ ਕਤਾਰ ਵੀ ਲੰਬੀ ਹੁੰਦੀ ਜਾ ਰਹੀ ਸੀ ਜਦੋਂ 30 ਜਨਵਰੀ 2019 ਨੂੰ ... ਰਾਮਗੜ੍ਹ ਸ਼ਾਹਪੁਰੀਆਂ ਦੇ ਵਿਕਾਸ ਕੰਮਾਂ ਦੀ ਸ਼ਲਾਘਾ ਕਰਦਿਆਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਉਪਰੋਕਤ ਤੋਂ ਇਲਾਵਾ ਸਮੇਂ ਸਮੇਂ ਤੇ ਸਕੂਲ ਦੀ ਕਾਇਆਕਲਪ ਕਰਨਾ, ਸਮਰ ਕੈਂਪਾਂ ਕਾਰਨ, ਵਾਧੂ ਜਮਾਤਾਂ ਦੇ ਪ੍ਰਬੰਧਨ ਕਾਰਨ, ਡੀਜੀਐਸਸੀ ਪੰਜਾਬ, ਸਿੱਖਿਆ ਸਕੱਤਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਵੱਲੋਂ ਅਨੇਕਾਂ ਵਾਰ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜਿਆ ਗਿਆ ਆਪਣੀ ਕਿਰਤ ਭੂਮੀ ਤੋਂ ਇਲਾਵਾ ਆਪ ਜਨਮ-ਭੂਮੀ ਦੇ ਕਿਣਕਿਆਂ ਨਾਲ ਵੀ ਸਨੇਹ ਰੱਖਦੇ ਹਨ ਸਮਾਜਿਕ, ਧਾਰਮਿਕ ਮਾਮਲਿਆਂ ਵਿੱਚ ਆਪ ਦਾ ਵਡਮੁੱਲਾ ਯੋਗਦਾਨ ਹੈ ਗੁਰੂਦੁਆਰਾ ਪਾਹਿਨ ਸਾਹਿਬ ਸੈਦੇਵਾਲਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਲ ਖਜ਼ਨਚੀ ਰਹੇ ਹਨ ਅਤੇ ਹੁਣ ਗੁਰਦੁਆਰਾ ਆਡਿਟ ਕਮੇਟੀ ਦੇ ਮੈਂਬਰ ਹਨ ਅਧਿਆਪਕ ਦਲ ਪੰਜਾਬ ਵਿੱਚ ਬਲਾਕ ਅਤੇ ਜ਼ਿਲ੍ਹਾ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ ਤੇ ਮੌਜੂਦਾ ਸਟੇਟ ਕਮੇਟੀ ਮੈਂਬਰ ਅਤੇ ਲੈਕ. ਯੂਨੀਅਨ ਕੈਸ਼ੀਅਰ ਵੀ ਹਨ ਇਸ ਤੋਂ ਇਲਾਵਾ ਬਾਬੇ ਨਾਨਕ ਦਾ ਸੰਦੇਸ਼ ਜੋ ਆਪ ਨੂੰ ਗੁੜਤੀ ਵਿੱਚ ਮਿਲਿਆ ਅਨੁਸਾਰ ਕਿਰਤ ਕਰੋ ਵੰਡ ਛਕੋ ਦੇ ਧਾਰਨੀ ਹਨ ਦੀਨ-ਦੁਖੀਆਂ, ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ, ਸੈਂਕੜੇ ਵਿਦਿਆਰਥੀਆਂ ਦੀਆਂ ਫੀਸਾਂ ਭਰ ਉਹਨਾਂ ਅੰਦਰ ਗਿਆਨ ਦਾ ਚਿਰਾਗ ਮਘਦਾ ਰੱਖਣ ਦੀ ਸੋਚ ਹਮੇਸ਼ਾ ਰਹਿੰਦੀ ਹੈ ਸਮਾਜ ਸੇਵਾ ਦੇ ਕਾਰਜਾਂ ਦੀ ਭਾਗੀਦਾਰੀ ਤੋਂ ਇਲਾਵਾ ਚੰਗਾ ਸਾਹਿਤ ਪੜ੍ਹਨਾ ਤੇ ਵੰਡਣਾ ਆਪ ਦੀ ਫਿਤਰਤ ਵਿੱਚ ਸ਼ਾਮਿਲ ਹੈ ਆਪ ਜੀ ਦੀ ਪ੍ਰੇਰਨਾ ਅਤੇ ਯਤਨਾ ਸਦਕਾ ਸੈਂਕੜੇ ਵਿਦਿਆਰਥੀ ਅੱਜ ਕੱਲ ਸਰਕਾਰੀ ਨੌਕਰੀਆਂ ਜਿਵੇਂ ਅਧਿਆਪਕ, ਭਾਰਤੀ ਫੌਜ, ਪੁਲਿਸ, ਰੇਲਵੇ ਵਿਭਾਗ ਅਤੇ ਹੋਰ ਸਨਮਾਨ ਯੋਗ ਕਾਰਜਾਂ ਤੇ ਲੱਗੇ ਹੋਏ ਹਨ ਸਿੱਖਿਆ ਜਗਤ ਦੇ ਇਸ ਬਾਬਾ ਬੋਹੜ ਉੱਤੇ ਕਾਲਾ ਦੌਰ ਵੀ ਆਪਣੀਆਂ ਪੈੜਾਂ ਛੱਡ ਗਿਆ ਜਦੋਂ ਕੁਝ ਸਮਾਂ ਪਹਿਲਾਂ ਇਹਨਾਂ ਦੀ ਸੱਜੀ ਬਾਂਹ ਛੋਟਾ ਵੀਰ ਸਤਨਾਮ ਸਿੰਘ ਸੰਖੇਪ ਬਿਮਾਰੀ ਕਾਰਨ ਰੁਖਸਤ ਹੋ ਗਿਆ ਹੁਣ ਉਸ ਪਰਿਵਾਰ ਦੀਆਂ ਜਿੰਮੇਵਾਰੀਆਂ ਦਾ ਬੋਝ ਵੀ ਆਪ ਬੜੇ ਹੀ ਹੌਸਲੇ ਤੇ ਜਿੰਮੇਵਾਰਾਨਾ ਢੰਗ ਨਾਲ ਚੁੱਕ ਰਹੇ ਹਨ ਵਕਤ ਗਤੀਸ਼ੀਲ ਹੈ ਵਕਤ ਦੇ ਘੋੜੇ, ਦਰਿਆਵਾਂ ਦੇ ਵਹਿਣ, ਨਿਰੰਤਰ ਚਾਲ ਨਾਲ ਰੁਮਕਦੇ ਰਹਿੰਦੇ ਹਨ ਅੱਜ ਮਿਤੀ 31 ਮਾਰਚ 2026 ਨੂੰ ਇਸ ਹਿੰਮਤੀ, ਮਿਹਨਤੀ, ਕੀਰਤੀਮਾਨ ਸਥਾਪਿਤ ਕਰਤਾ, ਇਮਾਨਦਾਰ ਅਕਸ਼ ਵਾਲੇ, ਸਰਬ ਗੁਣ ਸੰਪੰਨ, ਮਿਲਾਪੜੇ ਸੁਭਾਅ ਦੇ ਮਾਲਕ, ਲੋਕ ਹਿੱਤਾਂ ਨਾਲ ਜੁੜੇ, ਸਮਾਜ ਸੇਵੀ, ਪ੍ਰਤਿਭਾਵਾਨ ਇਨਸਾਨ, ਆਦਰਸ਼ ਅਧਿਆਪਕ, ਸੋਹਣੀ ਸੋਚ ਵਾਲੇ, ਗਿਆਨ ਦੇ ਧਨੀ ਪ੍ਰਿੰ. ਸਰਦਾਰ ਨਿਰਮਲ ਸਿੰਘ ਸੈਦੇਵਾਲਾ ਸਿੱਖਿਆ ਵਿਭਾਗ ਵਿੱਚੋਂ 33 ਸਾਲ, ਇੱਕ ਮਹੀਨੇ 27 ਦਿਨ ਦੀ ਬੇਦਾਗ, ਸੱਚੀ-ਸੁੱਚੀ ਸੇਵਾ ਨਿਭਾਉਣ ਤੋਂ ਬਾਅਦ ... ਬਰੇ ਤੋਂ ਵਿਦਾ ਹੋ ਰਹੇ ਹਨ ਆਪ ਜੀ ਸਮੁੱਚੇ ਇਲਾਕੇ ਅਤੇ ਸਿੱਖਿਆ ਜਗਤ ਦਾ ਮਾਣ ਅਤੇ ਧਰੂ ਤਾਰਾ ਹਨ ਅੱਜ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਮੌਕੇ ਇੱਕ ਬਹੁਪੱਖੀ ਹੁਨਰ ਦੇ ਮਾਲਕ ਅਜ਼ੀਮ ਸ਼ਖਸੀਅਤ ਨੂੰ ਸਨਮਾਨਿਤ ਕਰਦਿਆਂ ਫਖਰ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਪਰਮਾਤਮਾ ਆਪ ਜੀ ਨੂੰ ਅਥਾਹ ਖੁਸ਼ੀਆਂ, ਸੋਹਣੀ ਜੀਵਨ ਜਾਂਚ, ਸਿਹਤਯਾਬੀ ਭਰੀ ਲੰਬੀ ਉਮਰ ਬਖਸ਼ੀਸ਼ ਕਰਨ ਸਿੱਖਿਆ ਵਿਭਾਗ ਆਪ ਜੀ ਦੇ ਖੂਬਸੂਰਤ ਕਾਰਜਾਂ ਕਾਰਨ ਹਮੇਸ਼ਾ ਆਪਦਾ ਰਿਣੀ ਰਹੇਗਾ

     ਆਮੀਨ !

ਅੰਤ ਵਿੱਚ:-

          ਰੁਲ ਨਾ ਜਾਵੀਂ ਭੀੜ , ਮੱਝਾਂ ਗਾਵਾਂ ਵਾਂਗ,

          ਸਿੱਧਾ ਹੋ ਕੇ ਟੱਕਰੀਂ, ਤੇਜ਼ ਹਵਾਵਾਂ ਵਾਂਗ

ਵਗਦੇ ਹੋਏ ਵਹਿਣ ਪਿਛਾਂਹ ਨੂੰ ਮੁੜਦੇ ਨਹੀਂ,

ਮਿੱਤਰਾ ਸਿਖ ਲੈ ਤੁਰਨਾ ਤੂੰ ਦਰਿਆਵਾਂ ਵਾਂਗ ।।

ਮੁਲਾਕਾਤੀ:- ਦਿਲਬਾਗ ਰਿਉਂਦ,

Thursday, March 19, 2026

ਗੁਰਵਿੰਦਰ ਸਿੰਘ ਚਹਿਲ,ਖਡੂਰ ਸਾਹਿਬ : ਸਰਕਾਰੀ ਸਕੂਲ ਭਲਾਈਪੁਰ ਡੋਗਰਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆ ਪ੍ਰੀਖਿਆ ਕੀਤੀ ਪਾਸ

ਸਰਕਾਰੀ ਸਕੂਲ ਭਲਾਈਪੁਰ ਡੋਗਰਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆ ਪ੍ਰੀਖਿਆ ਕੀਤੀ ਪਾਸ 

ਜੈਸਮੀਨ ਕੌਰ, ਹਰਮਿੰਦਰ ਕੌਰ ਤੇ ਅਰਮਾਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ

ਗੁਰਵਿੰਦਰ ਸਿੰਘ ਚਹਿਲ,ਖਡੂਰ ਸਾਹਿਬ : ਸਰਕਾਰੀ ਐਲੀਮੈਂਟਰੀ ਸਕੂਲ ਭਲਾਈਪੁਰ ਡੋਗਰਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆ ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੋਸ਼ਨ ਕੀਤਾ ਹੈ। ਸੈਂਟਰ ਸਕੂਲ ਮੁਖੀ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਈਡ ਅਧਿਆਪਕ ਸੰਦੀਪ ਸਿੰਘ ਦੀ ਅਗਵਾਈ ਹੇਠ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਬਲਵਿੰਦਰ ਸਿੰਘ,ਹਰਮਿੰਦਰ ਕੌਰ ਪੁੱਤਰੀ ਬੂਟਾ ਸਿੰਘ ਤੇ ਅਰਮਾਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਛੇਵੀਂ ਜਮਾਤ ਵਿੱਚ ਦਾਖਲਾ ਪੱਕਾ ਕਰ ਲਿਆ ਹੈ। ਉਹਨਾਂ ਪਾਸ ਹੋਣ ਵਾਲੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਤੇ ਗਾਈਡ ਅਧਿਆਪਕ ਸੰਦੀਪ ਸਿੰਘ ਨੂੰ ਵੀ ਵਧਾਈ ਦਿੱਤੀ। ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਦਿਲਬਾਗ ਸਿੰਘ ਨੇ ਵੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਤੇ ਗਾਈਡ ਅਧਿਆਪਕ ਸੰਦੀਪ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਿਹਨਤ ਕਰਨ ਵਾਲਿਆਂ ਲਈ ਸਭ ਕੁੱਝ ਸੰਭਵ ਹੁੰਦਾ ਹੈ।

Wednesday, March 18, 2026

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜਸਕਰਨ ਸਿੰਘ ਨੇ 91.25 ਫੀਸਦੀ ਅੰਕ ਲੈ ਕੇ ਨਵੋਦਿਆ ਪ੍ਰੀਖਿਆ 'ਚ ਜ਼ਿਲ੍ਹਾ ਮਾਨਸਾ 'ਚੋਂ ਟੌਪ ਕੀਤਾ

ਜਸਕਰਨ ਸਿੰਘ ਨੇ 91.25 ਫੀਸਦੀ ਅੰਕ ਲੈ ਕੇ ਨਵੋਦਿਆ ਪ੍ਰੀਖਿਆ 'ਚ ਜ਼ਿਲ੍ਹਾ ਮਾਨਸਾ 'ਚੋਂ ਟੌਪ ਕੀਤਾ


ਬੀਜੇਐਫ ਸੰਸਥਾ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਬਣੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਸਿੱਖਿਆ ਪ੍ਰੋਜੈਕਟ ਦੇ ਸਹਿਯੋਗ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੇ 5 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਲਕਪੁਰ ਖਿਆਲ਼ਾ ਦੇ 4 ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਸਿਖਿਆ ਖੇਤਰ 'ਚ ਇਤਿਹਾਸ ਰਚ ਦਿੱਤਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਸਕੂਲ ਦੇ ਵਿਦਿਆਰਥੀ ਜਸਕਰਨ ਸਿੰਘ ਨੇ 91.25 ਫੀਸਦੀ ਅੰਕ ਲੈ ਕੇ ਜ਼ਿਲੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਪ੍ਰਬੰਧਕਾਂ ਵੱਲੋਂ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਸਕੂਲ ਦੇ ਵਿਦਿਆਰਥੀਆਂ ਨੂੰ ਤਿੰਨੇ ਪੇਪਰਾਂ ਹਿਸਾਬ,ਪੰਜਾਬੀ ਅਤੇ ਰੀਜਨਿੰਗ ਲਈ ਵਿਸ਼ੇਸ ਤਿਆਰ ਕੀਤੇ ਹੋਏ ਕਿਤਾਬਾਂ ਦੇ ਸੈੱਟ,ਟੈਸਟ ਸੀਰੀਜ਼ ਬੁੱਕਲੈੱਟ, ਓਐਮਆਰ ਸੀਟਾਂ ਅਤੇ ਹੋਰ ਸਿਖਿਆ ਸਮੱਗਰੀ ਮੁਹੱਈਆ ਕਰਵਾਈ ਗਈ ਸੀ। ਫਾਊਂਡੇਸ਼ਨ ਦੇ ਜ਼ਿਲਾ ਮਾਨਸਾ ਦੇ ਕੋਆਰਡੀਨੇਟਰ ਪ੍ਰੋਫ਼ੈਸਰ ਸਤਨਾਮ ਸਿੰਘ ਬੱਛੋਆਣਾ ਨੇ ਦੱਸਿਆ ਸੰਸਥਾ ਵੱਲੋਂ ਇਨਾਂ ਬੱਚਿਆਂ ਦਾ ਹਰ ਕਦਮ 'ਤੇ ਮਾਰਗ ਦਰਸ਼ਨ ਕੀਤਾ ਜਾਵੇਗਾ।ਉਹਨਾ ਦੱਸਿਆ ਸੰਸਥਾ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ ਅਤੇ ਮੈਨੇਜਿੰਗ ਟਰੱਸਟੀ ਡਾਕਟਰ ਬੀ.ਐਨ. ਵਾਲੀਆ ਸਾਬਕਾ ਡਾਇਰੈਕਟਰ ਪੀਜੀਆਈ ਦੀ ਅਗਵਾਈ ਹੇਠ ਹੁਣ ਤੱਕ ਪੰਜਾਬ ਦੇ 500 ਤੋਂ ਵੱਧ ਵਿਦਿਆਰਥੀ,ਸੰਸਥਾ ਦੇ ਬੀਜੇਐਫ ਸਟਾਰ ਸਕਾਲਰਸ਼ਿਪ ਪ੍ਰੋਜੈਕਟ ਰਾਹੀਂ ਨੀਟ ਅਤੇ ਜੇਈਈ ਦੀ ਵਕਾਰੀ ਪ੍ਰਵੇਸ਼ ਪ੍ਰੀਖਿਆ ਪਾਸ ਕਰ ਚੁੱਕੇ ਹਨ। ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਿਤ 125 ਤੋਂ ਵਧੇਰੇ ਵਿਦਿਆਰਥੀਆਂ ਨੇ ਵੀ ਬੀਜੇਐਫ ਦੀ ਸਟਾਰ ਸਕਾਲਰਸ਼ਿਪ ਯੋਜਨਾ ਰਾਹੀਂ ਨੀਟ ਅਤੇ ਜੇਈਈ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਚ ਸਫਲਤਾ ਹਾਸਲ ਕੀਤੀ ਹੈ।ਸੰਸਥਾ ਦਾ ਮੁੱਖ ਉਦੇਸ਼ ਪੰਜਾਬ ਦੇ ਪੇੰਡੂ ਵਿਦਿਆਰਥੀਆਂ ਨੂੰ ਸਿਖਿਆ ਖੇਤਰ ਨਾਲ ਸੰਬੰਧਿਤ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਮੁਕਾਬਲੇ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ ਬਾਰੇ ਜਾਗਰੂਕ ਕਰਨਾ ਅਤੇ ਤਿਆਰੀ ਕਰਾਉਣਾ ਹੈ।ਪਿੰਡਾਂ ਦੀਆਂ ਸੰਸਥਾਵਾਂ,ਸਕੂਲ ਅਧਿਆਪਕਾਂ ਅਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਨਾਗਰਿਕਾਂ ਨਾਲ ਮਿਲ ਕੇ ਇਹ ਸਿਖਿਆ ਪ੍ਰੋਜੈਕਟ ਪੇੰਡੂ ਖੇਤਰ ਵਿੱਚ ਚਲਾਏ ਜਾਂਦੇ ਹਨ।

Tuesday, March 17, 2026

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਯੂਪੀਐਸਸੀ 'ਚ 136ਵਾਂ ਰੈਂਕ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਦਾ ‘ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕੀਤਾ ਸਨਮਾਨ

ਯੂਪੀਐਸਸੀ 'ਚ 136ਵਾਂ ਰੈਂਕ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਦਾ ‘ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕੀਤਾ ਸਨਮਾਨ

ਵਿਦਿਆਰਥੀ ਲਗਨ ਅਤੇ ਸਹੀ ਦਿਸ਼ਾ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ : ਮਨਪ੍ਰੀਤ ਕੌਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਯੂ.ਪੀ.ਐਸ.ਸੀ. ਸਿਵਲ ਸਰਵਿਸ ਪ੍ਰੀਖਿਆ ਵਿੱਚ 136ਵਾਂ ਰੈਂਕ ਹਾਸਲ ਕਰਕੇ ਸ਼ਾਨਦਾਰ ਕਾਮਯਾਬੀ ਪ੍ਰਾਪਤ ਕਰਨ ਵਾਲੀ ਕਿਸਾਨ ਪਰਿਵਾਰ ਦੀ ਧੀ ਮਨਪ੍ਰੀਤ ਕੌਰ ਦੇ ਸਨਮਾਨ ਵਿੱਚ ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਸਮਾਗਮ ਕਰਵਾਇਆ।ਪਿੰਡ ਧਲੇਵਾਂ ਦੇ ਸੁਖਦੇਵ ਸਿੰਘ ਦੀ ਧੀ ਮਨਪ੍ਰੀਤ ਕੌਰ ਦੀ ਇਸ ਉਪਲਬਧੀ ਨੇ ਨਾ ਸਿਰਫ਼ ਉਸਦੇ ਪਰਿਵਾਰ ਨੂੰ ਮਾਣ ਬਖ਼ਸ਼ਿਆ ਹੈ, ਸਗੋਂ ਪੂਰੇ ਮਾਨਸਾ ਜ਼ਿਲੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਇਹ ਸਮਾਗਮ ਵਿਦਿਆਰਥੀ ਜੀਵਨ ਵਿੱਚ ਉੱਚ ਆਦਰਸ਼ਾਂ, ਲਗਨ ਅਤੇ ਨਿਰੰਤਰ ਮਿਹਨਤ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲਾ ਸਾਬਤ ਹੋਇਆ।ਇਸ ਮੌਕੇ ਡਾ. ਗੁਰਲਾਭ ਸਿੰਘ ਧਲੇਵਾਂ,ਪਰਸ਼ੋਤਮ ਸਿੰਘ ਧਲੇਵਾਂ,ਸਾਬਕਾ ਸਰਪੰਚ ਬਲਰਾਜ ਸਿੰਘ ਧਲੇਵਾਂ , ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਕੁਲਵੰਤ ਸਿੰਘ ਬੁਢਲਾਡਾ ਅਤੇ ਸ਼ਮਸ਼ੇਰ ਸਿੰਘ ਧਲੇਵਾਂ ਸਮੇਤ ਕਾਲਜ ਪ੍ਰਬੰਧਕ ਮੰਡਲ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਵੀ ਵੱਡੀ ਮਾਤਰਾ ਵਿੱਚ ਮੌਜੂਦ ਸਨ। ਸਮਾਗਮ ਦੌਰਾਨ ਮਨਪ੍ਰੀਤ ਕੌਰ ਦਾ ਗਰਮਜੋਸ਼ੀ ਨਾਲ ਸਨਮਾਨ ਚਿੰਨ ਭੇਂਟ ਕਰਕੇ ਸਵਾਗਤ ਕੀਤਾ ਗਿਆ ਅਤੇ ਓਹਨਾਂ ਦੀ ਕਾਬਲਿਅਤ, ਸੰਕਲਪ ਅਤੇ ਅਟੱਲ ਮਿਹਨਤ ਨੂੰ ਸਲਾਮ ਕੀਤਾ ਗਿਆ। ਡਾ. ਸਿਮਰਨਜੀਤ ਕੌਰ ਵੱਲੋਂ ਮੁੱਖ ਮਹਿਮਾਨਾਂ ਦਾ ਸਤਿਕਾਰ ਸਹਿਤ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦਰਸ਼ਕਾਂ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸਹਾਇਕ ਪ੍ਰੋਫੈਸਰ ਅਵਤਾਰ ਸਿੰਘ ਨੇ ਪੀਪੀਟੀ ਰਾਹੀਂ ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁੱਖ ਮਹਿਮਾਨਾਂ ਨਾਲ ਸਾਂਝੀ ਕੀਤੀ। ਸਮਾਗਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਂਦੇ ਹੋਏ ਡਾ. ਸ਼ਬੀਰ ਅਹਿਮਦ ਸ਼ਾਹ ਅਤੇ ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ ਨੇ ਆਪਣੀ ਐਂਕਰਿੰਗ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ।ਕਾਲਜ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਉਹਨਾਂ ਨੂੰ ਉੱਚੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।ਆਪਣੇ ਸੰਬੋਧਨ ਵਿੱਚ ਮਨਪ੍ਰੀਤ ਕੌਰ ਨੇ ਆਪਣੇ ਸੰਘਰਸ਼ਮਈ ਸਫ਼ਰ ਬਾਰੇ ਵਿਸਥਾਰ ਨਾਲ ਦੱਸਦਿਆਂ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ, ਸੁਚੱਜੀ ਯੋਜਨਾ ਅਤੇ ਅਟੱਲ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਸਨੇ ਕਿਹਾ ਕਿ ਹਰ ਵਿਦਿਆਰਥੀ ਲਗਨ ਅਤੇ ਸਹੀ ਦਿਸ਼ਾ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ।ਵਿਦਿਆਰਥੀਆਂ ਵੱਲੋਂ ਮਨਪ੍ਰੀਤ ਕੌਰ ਨਾਲ ਗਿਆਨਵਰਧਕ ਸਵਾਲ-ਜਵਾਬ ਸੈਸ਼ਨ ਵੀ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਯੂ.ਪੀ.ਐਸ.ਸੀ. ਦੀ ਤਿਆਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਵਿਦਿਆਰਥੀਆਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਖੁੱਲਕੇ ਸਵਾਲ ਪੁੱਛੇ ਜਿਨ੍ਹਾਂ ਦਾ ਮਨਪ੍ਰੀਤ ਕੌਰ ਨੇ ਸਹਿਜਤਾ ਨਾਲ ਜਵਾਬ ਦਿੱਤਾ ਅਤੇ ਆਉਣ ਵਾਲਿਆਂ ਮੁਸ਼ਕਿਲਾਂ ਦਾ ਡਟਕੇ ਸਾਹਮਣਾਂ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਔਰਤਾਂ ਦੀ ਸਥਿਤੀ ਵਿੱਚ ਵੱਡਾ ਬਦਲਾਅ ਆਇਆ ਹੈ ਅਤੇ ਹੁਣ ਉਹ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਪ੍ਰਤੀ ਕੇਂਦ੍ਰਿਤ ਰਹਿਣ ਅਤੇ ਆਪਣੀਆਂ ਯੋਗਤਾਵਾਂ ’ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ।