ਕਾਂਗਰਸ ਪਾਰਟੀ ਔਰਤਾਂ ਤੋਂ ਉਹਨਾਂ ਦੀਆਂ ਵੋਟਾਂ ਖੋਹਣ ਦੀ ਸਾਜ਼ਿਸ਼ ਰਚ ਰਹੀ ਹੈ : ਹਰਸਿਮਰਤ ਕੌਰ ਬਾਦਲ
ਪਹਿਲਾਂ ਆਮ ਆਦਮੀ ਪਾਰਟੀ ਨੇ ਇਕ-ਇਕ ਹਜ਼ਾਰ ਰੁਪਏ ਦੇ ਫਾਰਮ ਭਰਵਾ ਕੇ ਔਰਤਾਂ ਨੂੰ ਮੂਰਖ ਬਣਾਇਆਗੁਰਵਿੰਦਰ ਸਿੰਘ ਚਹਿਲ,ਮਾਨਸਾ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਮਹਿਲਾਵਾਂ ਨੂੰ ਚੌਕਸ ਕੀਤਾ ਕਿ ਉਹ ਕਾਂਗਰਸ ਵੱਲੋਂ ਉਹਨਾਂ ਦੇ ਵੋਟ ਦਾ ਅਧਿਕਾਰ ਖੋਹਣ ਦੀ ਰਚੀ ਜਾ ਰਹੀ ਸਾਜ਼ਿਸ਼ ਤੋਂ ਸੁਚੇਤ ਰਹਿਣ ਤੇ ਕਿਹਾ ਕਿ ਕਾਂਗਰਸ ਪਾਰਟੀ ਹਰ ਸਾਲ ਇਕ ਲੱਖ ਰੁਪਏ ਦੇਣ ਦੇ ਝੂਠੇ ਵਾਅਦੇ ਦੇ ਫਾਰਮ ਭਰਵਾ ਰਹੀ ਹੈ ਤਾਂ ਜੋ ਔਰਤਾਂ ਦੀਆਂ ਵੋਟਾਂ ਲਈਆਂ ਜਾ ਸਕਣ।ਹਰਸਿਮਰਤ ਨੇ ਕਿਹਾ ਕਿ ਔਰਤਾਂ ਨੇ ਉਹਨਾਂ ਨੂੰ ਆ ਕੇ ਦੱਸਿਆ ਹੈ ਕਿ ਕਾਂਗਰਸੀ ਉਹਨਾਂ ਕੋਲ ਪਹੁੰਚ ਕਰ ਕੇ ਉਹਨਾਂ ਨੂੰ ਹਰ ਸਾਲ ਇਕ ਲੱਖ ਰੁਪਏ ਦੇਣ ਦੇ ਵਾਅਦੇ ਕਰ ਰਹੇ ਹਨ। ਇਸ ਨੂੰ ਇਕ ਵੱਡਾ ਫਰੇਬ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਚੌਕਸ ਕੀਤਾ ਸੀ ਕਿ ਤੁਸੀਂ ਗੁੰਮਰਾਹ ਨਾ ਹੋਣਾ।ਹਰਸਿਮਰਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਤੇ ਹੁਣ ਤੱਕ ਇਕ ਦੁੱਕੀ ਵੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਤੁਹਾਨੂੰ ਇਕ-ਇਕ ਲੱਖ ਰੁਪਏ ਹਰ ਸਾਲ ਦੇਣ ਦਾ ਵਾਅਦਾ ਕਰ ਰਹੀ ਹੈ। ਆਪ ਵਾਂਗੂ ਕਾਂਗਰਸ ਦਾ ਵੀ ਇਹ ਵਾਅਦਾ ਪੂਰਾ ਕਰਨ ਦਾ ਕੋਈ ਇਰਾਦਾ ਨਹੀਂ ਬਲਕਿ ਉਹ ਤਾਂ ਤੁਹਾਡੇ ਤੋਂ ਤੁਹਾਡੇ ਵੋਟ ਦੀ ਤਾਕਤ ਖੋਹਣਾ ਚਾਹੁੰਦੀ ਹੈ।ਹਰਸਿਮਰਤ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਕੀਤੇ ਵਾਅਦਿਆਂ ਦਾ ਹਸ਼ਰ ਚੇਤੇ ਕਰ ਲੈਣ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਖੇਤੀ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਨੌਜਵਾਨਾਂ ਨੂੰ ਵੀ 25-25 ਸੌ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ।ਦੋਵੇਂ ਵਾਅਦੇ ਕਾਗਜ਼ਾਂ ਤੱਕ ਸੀਮਤ ਰਹਿ ਗਏ ਤੇ ਇਹ ਵਾਅਦਾ ਵੀ ਇਸੇ ਤਰੀਕੇ ਕਾਗਜ਼ਾਂ ਤੱਕ ਸੀਮਤ ਰਹਿ ਜਾਵੇਗਾ।ਉਹਨਾਂ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਹੁਣ ਤੱਕ ਨਹੀਂ ਦਿੱਤੇ।ਉਹਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਜਦੋਂ ਆਪ ਵਾਲੇ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਤਾਂ ਉਹ ਕਹਿ ਦੇਣ ਕਿ ਪਹਿਲਾਂ ਉਹਨਾਂ ਤੋਂ 26 ਮਹੀਨਿਆਂ ਦੇ 26-26 ਹਜ਼ਾਰ ਰੁਪਏ ਉਹਨਾਂ ਦੇ ਬੈਂਕ ਖ਼ਾਤਿਆਂ ਵਿਚ ਪਾਉਣ ਅਤੇ ਫਿਰ ਹੀ ਵੋਟਾਂ ਮੰਗਣ।ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਚੇਤੇ ਕਰਨ ਕਿ ਕਿਵੇਂ ਕਾਂਗਰਸ ਤੇ ਆਪ ਸਰਕਾਰਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀਆਂ ਜਾਂਦੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਦਿੱਤੀ ਜਾਰੀ 30 ਕਿਲੋ ਕਣਕ ਘਟਾ ਕੇ 15 ਕਰ ਦਿੱਤੀ ਤੇ ਹੁਣ ਆਪ ਸਰਕਾਰ ਨੇ ਆ ਕੇ ਉਸ ਨੂੰ 5 ਕਿਲੋ ਆਟੇ ਤੱਕ ਸੀਮਤ ਕਰ ਦਿੱਤਾ।ਉਹਨਾਂ ਕਿਹਾ ਕਿ ਲੱਖਾਂ ਹੀ ਆਟਾ ਦਾਲ ਸਕੀਮ ਦੇ ਕਾਰਡ ਤੇ ਬੁਢਾਪਾ ਪੈਨਸ਼ਨਾਂ ਦੇ ਕਾਰਡ ਕੱਟ ਦਿੱਤੇ ਗਏ ਹਨ।ਹਰਸਿਮਰਤ ਨੂੰ ਔਰਤਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਕਿਵੇਂ ਨਸ਼ੇ ਉਹਨਾਂ ਦੇ ਪਰਿਵਾਰ ਤਬਾਹ ਕਰ ਰਹੇ ਹਨ। ਕਈ ਔਰਤਾਂ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਕੋਲ ਪਹੁੰਚ ਕੀਤੀ ਪਰ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।ਹਰਸਿਮਰਤ ਨੇ ਕਿਹਾ ਕਿ ਆਪ ਸਰਕਾਰ ਵਿਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਆਪ ਵਿਧਾਇਕ ਉਹਨਾਂ ਤੋਂ ਮਹੀਨੇ ਲੈ ਰਹੇ ਹਨ।ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਫਿਰ ਨਸ਼ੇ ਅਤੇ ਨਸ਼ਾ ਤਸਕਰਾਂ ਦੋਵਾਂ ਦਾ ਖ਼ਾਤਮਾ ਕੀਤਾ ਜਾਵੇਗਾ।ਇਸ ਮੌਕੇ ਸੀਨੀਅਰ ਆਗੂ ਪ੍ਰੇਮ ਅਰੋੜਾ ਮੌਜੂਦ ਸਨ।
