ਈਟੀਟੀ 2364 ਆਧਿਆਪਕਾਂ ਦੀ ਜਲਦੀ ਨਿਯੁਕਤੀ ਪੱਤਰ ਜਾਰੀ ਕਰੇ ਪੰਜਾਬ ਸਰਕਾਰ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਕਾਫੀ ਸਮੇਂ ਤੋਂ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ।ਜਿਸ 'ਤੇ ਰੋਸ ਪ੍ਰਗਟ ਕਰਦਿਆਂ ਯੂਨੀਅਨ ਆਗੂ ਮਨਪ੍ਰੀਤ ਮਾਨਸਾ ਤੇ ਗੁਰਸੰਗਤ ਸਿੰਘ ਬੁਢਲਾਡਾ ਵੱਲੋਂ ਸਰਕਾਰ ਦਾ ਭੰਡੀ ਪ੍ਰਚਾਰ ਕਰਨ ਦੀ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਮਾਨ ਸਰਕਾਰ ਜਲਦੀ ਈਟੀਟੀ 2364 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਉਹ ਆਉਣ ਵਾਲੀ 15 ਅਗਸਤ ਨੂੰ ਹਰ ਜਿਲ੍ਹੇ ਵਿੱਚ ਕਾਲੀਆਂ ਝੰਡੀਆਂ ਨਾਲ ਸਰਕਾਰ ਦਾ ਤਿੱਖਾ ਵਿਰੋਧ ਕਰਨਗੇ। ਯੂਨੀਅਨ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਦੂਜੀਆਂ ਸਰਕਾਰਾਂ ਤੋਂ ਤੰਗ ਆ ਕੇ ਹੀ ਉਹ ਮਾਨ ਸਰਕਾਰ ਨੂੰ ਸੱਤਾ ਵਿੱਚ ਲੈ ਕੇ ਆਏ ਸੀ ਤੇ ਸੱਤਾ 'ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਰੁਜ਼ਗਾਰ ਸਾਥੀਆਂ ਨਾਲ ਵਾਅਦਾ ਕੀਤਾ ਸੀ ਕਿ ਸਾਡਾ ਹਰਾ ਪੈੱਨ ਉਹਨਾਂ ਦੇ ਹੱਕ ਵਿੱਚ ਚੱਲੇਗਾ ਪਰ ਉਸ ਹਰੇ ਪੈਨ ਦੀ ਉਡੀਕ ਈਟੀਟੀ 2364 ਅਧਿਆਪਕ ਸਾਥੀ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਇਹ ਵੀ ਕਿਹਾ ਕਿ ਸਾਨੂੰ ਮਾਨ ਸਰਕਾਰ 'ਤੇ ਪੂਰਾ ਭਰੋਸਾ ਹੈ ਕਿ ਉਹ ਜਲਦੀ ਸਾਡੀ ਚਿੰਤਾ ਦਾ ਹੱਲ ਕਰਨਗੇ ਤਾਂ ਉਹ ਜਲਦੀ ਸਕੂਲਾਂ 'ਚ ਜਾ ਕੇ ਆਪਣੀਆਂ ਸੇਵਾਵਾਂ ਨਿਭਾ ਸਕਣ।
