ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵਲੋਂ 22 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਦੇ ਯੂਨੀਅਨ ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਿਹਾਇਸ਼ ਦਾ 22 ਸਤੰਬਰ ਨੂੰ ਪਟਿਆਲਾ ਵਿਖੇ ਘਿਰਾਓ ਕੀਤਾ ਜਾਵੇਗਾ ।ਇਹ ਫੈਸਲਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸਾ ਵੱਲੋ ਵਲੰਟੀਅਰ ਸਾਥੀਆਂ ਨਾਲ ਮੀਟਿੰਗ ਵਿਚ ਲਿਆ ਗਿਆ ਹੈ।ਕੋਵਿਡ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਪਿਛਲੇ 4 ਸਾਲ ਤੋਂ ਉਹਨਾਂ ਨੂੰ ਝੂਠੀਆਂ ਮੀਟਿੰਗਾਂ ਦੇ ਕੇ ਟਾਲਿਆ ਜਾ ਰਿਹਾ।ਕਾਂਗਰਸ ਸਰਕਾਰ ਵਾਂਗ ਆਪ ਸਰਕਾਰ ਵੀ ਉਹਨਾਂ ਨੂੰ ਗੁਮਰਾਹ ਕਰ ਰਹੀ ਹੈ ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਾਰ-ਵਾਰ ਮੀਡੀਆ 'ਚ ਬਿਆਨ ਦਿੱਤੇ ਜਾ ਰਹੇ ਹਨ ਕਿੇ ਕੋਵਿਡ ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰਾਂ ਨੂੰ ਜਲਦੀ ਨੌਕਰੀਆਂ 'ਤੇ ਬਹਾਲ ਕੀਤਾ ਜਾਵੇਗਾ।ਮੁੱਖ ਮੰਤਰੀ ਇਹ ਬਿਆਨ ਅਨੇਕਾਂ ਵਾਰ ਦੇ ਚੁੱਕੇ ਨੇ ਪਰ ਇਹਨਾਂ ਨੂੰ ਬੂਰ ਕਦੋ ਪਵੇਗਾ ਇਸ ਗੱਲ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਹੈ।ਉਹਨਾਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਦੇ ਡਾਕਟਰ ਤੇ ਸਟਾਫ਼ ਵੀ ਹੜਤਾਲ ਤੇ ਜਾ ਚੁੱਕੇ ਹਨ ਤੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ 'ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ ਤੇ ਸਟਾਫ਼ ਦੀ ਵੀ ਜ਼ਿਆਦਾ ਕਮੀ ਹੈ।ਜਿਸ ਕਰਕੇ ਮੈਡੀਕਲ ਸਟਾਫ਼ ਦੀ ਕਮੀ ਕਰਕੇ ਆਮ ਜਨਤਾ ਹਸਪਤਾਲਾਂ ਵਿਚ ਬਹੁਤ ਖੱਜ਼ਲ-ਖੁਆਰ ਹੋ ਰਹੀ ਹੈ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਕਰੋਨਾ ਵਲੰਟੀਅਰ ਨੂੰ ਦੀਵਾਲੀ ਦਾ ਤੋਹਫ਼ਾ ਪੱਕੀ ਨੌਕਰੀ ਵਜੋਂ ਦਿੱਤਾ ਜਾਵੇਗਾ ਪਰ ਉਸ ਦੀਵਾਲੀ ਨੂੰ ਲੰਘਿਆਂ 2 ਸਾਲ ਹੋ ਗਏ ਹਨ ਤੇ ਉਹ ਹੁਣ ਤਕ ਕਾਲੀ ਦੀਵਾਲੀ ਹੀ ਮਨਾਉਂਦੇ ਆ ਰਹੇ ਹਨ।ਉਹਨਾਂ ਕਿਹਾ ਕਿ ਉਹ 22 ਸਤੰਬਰ ਨੂੰ ਸੁਤੀ ਹੋਈ ਸਰਕਾਰ ਨੂੰ ਫਿਰ ਜਗਾਉਣ ਲਈ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ ਜੇਕਰ ਕੋਈ ਪੁਖਤਾ ਹੱਲ ਨਾ ਹੋਇਆ ਤਾਂ ਉਹ ਕੋਈ ਸਖ਼ਤ ਐਕਸਨ ਲੈਣ ਲਈ ਮਜ਼ਬੂਰ ਹੋਣਗੇ ਕਿੳਂਕਿ ਪਟਿਆਲਾ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਢਾਈ ਸਾਲਾਂ ਵਿਚ ਅਨੇਕਾਂ ਝੂਠੀਆਂ ਮੀਟਿੰਗਾਂ ਦਿਵਾਈਆਂ ਹਨ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ।
