ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜ੍ਹਿੰਗ ਦਾ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵੱਲੋਂ ਸਨਮਾਨ
ਦਰਸ਼ਨ ਸਿੰਘ ਚੌਹਾਨ, ਸੁਨਾਮ : ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੇ ਘਰ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਦਾ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵੱਲੋਂ ਸੇਵਾ ਮੁਕਤ ਐਸਪੀ ਪ੍ਰਧਾਨ ਰੁਪਿੰਦਰ ਭਾਰਦਵਾਜ,ਸੈਕਟਰੀ ਮਾਸਟਰ ਭੂਸ਼ਣ ਸ਼ਰਮਾ,ਕੈਸ਼ੀਅਰ ਡਾਕਟਰ ਸੋਮਨਾਥ ਸ਼ਰਮਾ ਸਮੇਤ ਹੋਰ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੂੰ ਬ੍ਰਾਹਮਣ ਸਮਾਜ ਦੇ ਇਤਿਹਾਸ ਅਤੇ ਬ੍ਰਾਹਮਣਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਬ੍ਰਾਹਮਣ ਭਲਾਈ ਬੋਰਡ ਬਣਾਇਆ ਗਿਆ ਸੀ ਜਿਸ ਦੇ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕਰਕੇ ਬ੍ਰਾਹਮਣ ਸਮਾਜ ਨੂੰ ਸਤਿਕਾਰ ਦਿੱਤਾ ਗਿਆ ਸੀ ਲੇਕਿਨ ਮੌਜੂਦਾ ਸਰਕਾਰ ਨੇ ਬ੍ਰਾਹਮਣ ਭਲਾਈ ਬੋਰਡ ਦੀ ਸਾਰ ਨਹੀਂ ਲਈ ਭਾਵੇਂ ਕਿ ਇਸ ਸਰਕਾਰ ਨੂੰ ਕਈ ਵਾਰ ਇਸ ਬਾਰੇ ਜਾਣੂੰ ਕਰਵਾਇਆ ਗਿਆ । ਇਸ ਮੌਕੇ ਭੇਖ ਖੱਟ ਦਰਸ਼ਨ ਸਾਧੂ ਸਮਾਜ ਪੰਜਾਬ ਦੇ ਪ੍ਰਧਾਨ ਕਾਹਨ ਦਾਸ ਬਾਵਾ ਨੇ ਸਾਧੂ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂੰ ਕਰਵਾਇਆ। ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਣ ਤੇ ਬ੍ਰਾਹਮਣ ਸਮਾਜ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਨਰੇਸ਼ ਸ਼ਰਮਾ, ਪ੍ਰਮੋਦ ਅਵਸਥੀ, ਮਹਿਲਾ ਕਾਂਗਰਸ ਦੀਆਂ ਆਗੂ ਸ਼ਸ਼ੀ ਅਗਰਵਾਲ ਅਤੇ ਕਰਮਜੀਤ ਕੌਰ ਮਾਡਲ ਟਾਊਨ ਆਦਿ ਹਾਜ਼ਰ ਸਨ।
