Thursday, July 31, 2025

ਸੰਗਰੂਰ,ਪੱਤਰ ਪ੍ਰੇਰਕ : ਈਟੀਟੀ 2364 ਭਰਤੀ ਨੂੰ ਜਲਦ ਪੂਰਾ ਕਰਵਾਉਣ ਲਈ ਯੂਨੀਅਨ ਵੱਲੋਂ ਚਾਰਾਜੋਈ ਸ਼ੁਰੂ

ਈਟੀਟੀ 2364 ਭਰਤੀ ਨੂੰ ਜਲਦ ਪੂਰਾ ਕਰਵਾਉਣ ਲਈ ਯੂਨੀਅਨ ਵੱਲੋਂ ਚਾਰਾਜੋਈ ਸ਼ੁਰੂ


3 ਅਗਸਤ ਨੂੰ ਰੱਖਿਆ ਸੰਗਰੂਰ ਵਿਖੇ ਇਕੱਠ

ਪੱਤਰ ਪ੍ਰੇਰਕ,ਸੰਗਰੂਰ : ਯੂਨੀਅਨ ਆਗੂ ਮਨਪ੍ਰੀਤ ਮਾਨਸਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਈਟੀਟੀ 2364 ਅਧਿਆਪਕਾਂ ਦੀ ਭਰਤੀ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਸੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਲੁਧਿਆਣਾ ਵਿਖੇ 19 ਮਾਰਚ 2025 ਨੂੰ 951 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਵੱਡੇ ਗਏ ਤੇ ਪਹਿਲੀ ਲਿਸਟ ਦੀ ਜੋਇਨਿੰਗ ਕਰਵਾਈ ਗਈ ਸੀ। ਹੁਣ 19 ਜੁਲਾਈ ਨੂੰ ਲਗਭਗ ਚਾਰ ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵਿਭਾਗ ਵੱਲੋਂ ਕੋਈ ਵੀ ਲਿਸਟ ਉਮੀਦਵਾਰਾਂ ਦੀ ਜਾਰੀ ਨਹੀਂ ਕੀਤੀ ਗਈ। ਜਿਸ ਦੇ ਵਿਰੋਧ ਵਜੋਂ ਸੂਬਾ ਪੱਧਰੀ ਇਕੱਠ ਸੰਗਰੂਰ ਵਿਖੇ 3 ਅਗਸਤ ਨੂੰ ਰੱਖਿਆ ਗਿਆ। ਉਹਨਾਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ 2364 ਭਰਤੀ ਦੀਆਂ ਖਾਲੀ ਪਈਆਂ ਪੋਸਟਾਂ ਤੇ ਬਾਕੀ ਰਹਿੰਦੇ ਉਮੀਦਵਾਰਾ ਦੀਆਂ ਵੱਖ ਵੱਖ ਕੈਟੇਗਰੀ ਦੀਆਂ ਲਿਸਟਾਂ ਸਕਰੂਟਨੀ ਕਰਵਾ ਕਿ ਤੇ ਪੋਸਟਾਂ ਡੀ- ਰਿਜ਼ਰਵ ਕਰਕੇ ਜਲਦੀ ਜਾਰੀ ਕੀਤੀ ਆ ਜਾਣ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿੱਥੇ ਵੀ ਪ੍ਰੋਗਰਾਮ ਹੋਣਗੇ ਭੰਗ ਕੀਤੇ ਜਾਣਗੇ।ਇਸ ਮੌਕੇ ਯੂਨੀਅਨ ਆਗੂ ਗੁਰਸੰਗਤ ਬੁਢਲਾਡਾ,ਵਰਿੰਦਰ ਸਰਹਿੰਦ,ਅਮ੍ਰਿਤਪਾਲ ਧੂਰੀ,ਮਦਨ ਜਲਾਲਾਬਾਦ,ਸੁਖਦੇਵ ਫਾਜਿਲਕਾ,ਜਸਵਿੰਦਰ ਮਾਛੀਵਾੜਾ, ਸਰਬਜੋਤ ਹੁਸ਼ਿਆਰਪੁਰ,ਗੁਰਮੁੱਖ ਸਰਦੂਲਗੜ੍ਹ,ਹਰਮਨ ਲੁਧਿਆਣਾ,ਰਣਜੀਤ ਸੰਗਰੂਰ,ਗਗਨ ਧੂਰੀ,ਗਗਨ ਖੰਨਾ ਆਦਿ ਸਾਥੀ ਹਾਜਿਰ ਸਨ।

Tuesday, July 29, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੜ੍ਹਦੀਆਂ ਤਿੰਨ ਸਕੀਆਂ ਭੈਣਾਂ ਨੇ ਪਾਸ ਕੀਤੀ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੜ੍ਹਦੀਆਂ ਤਿੰਨ ਸਕੀਆਂ ਭੈਣਾਂ ਨੇ ਪਾਸ ਕੀਤੀ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ

ਕਾਲਜ ਦੇ ਪ੍ਰਿੰਸੀਪਲ ਤੇ ਸਟਾਫ ਵੱਲੋਂ ਤਿੰਨੋਂ ਧੀਆਂ ਦਾ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਅਧੀਨ ਚੱਲ ਰਹੀ ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਪੜ੍ਹਦੀਆਂ ਤਿੰਨ ਸਕੀਆਂ ਭੈਣਾਂ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਕਰਵਾਈ ਜੂਨ 2025 ਦੀ ਯੂ.ਜੀ.ਸੀ. ਨੈੱਟ (ਰਾਸ਼ਟਰੀ ਯੋਗਤਾ ਪ੍ਰੀਖਿਆ) ਪਾਸ ਕੀਤੀ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨੋਂ ਵਿਦਿਆਰਥਣਾਂ ਬਹੁਤ ਹੀ ਮਿਹਨਤੀ ਅਤੇ ਦ੍ਰਿੜ ਇਰਾਦੇ ਵਾਲੀਆਂ ਹਨ। ਜਿਸ ਦਾ ਸਬੂਤ ਹਰਦੀਪ ਕੌਰ ਨੇ ਪੰਜਾਬੀ ਵਿਸ਼ੇ ਵਿਚ, ਬੇਅੰਤ ਕੌਰ ਨੇ ਇਤਿਹਾਸ ਵਿਸ਼ੇ ਵਿਚ ਅਤੇ ਰਿੰਪੀ ਕੌਰ ਨੇ ਕੰਪਿਊਟਰ ਸਾਇੰਸ ਦੇ ਵਿਸ਼ੇ ਵਿਚ ਪ੍ਰੀਖਿਆ ਪਾਸ ਕਰਕੇ ਦਿੱਤਾ ਹੈ। ਇਹ ਸੰਸਥਾ ਦੇ ਇਤਿਹਾਸ ਵਿਚ ਮਿਸਾਲ ਕਾਇਮ ਹੋਈ ਹੈ ਕਿ ਇਕੋ ਸੰਸਥਾ ਵਿਚ ਪੜ੍ਹੀਆਂ ਤਿੰਨ ਸਕੀਆਂ ਭੈਣਾਂ ਨੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਇਕੱਠਿਆਂ ਪਾਸ ਕੀਤੀ ਹੈ, ਇਸ ਤਰ੍ਹਾਂ ਦੀਆਂ ਮਿਸਾਲਾਂ ਬਹੁਤ ਹੀ ਘੱਟ ਮਿਲਦੀਆਂ ਹਨ। ਸਾਡੀ ਆਟੋਨੌਮਸ ਸੰਸਥਾ ਨੇ ਪਾਠਕ੍ਰਮ ਅਜਿਹੇ ਤਿਆਰ ਕੀਤੇ ਹਨ ਜਿਸ ਸਦਕਾ ਆਉਣ ਵਾਲੇ ਸਮੇਂ ਅਜਿਹੀਆਂ ਮਿਸਾਲਾਂ ਮਿਲਦੀਆਂ ਰਹਿਣਗੀਆਂ। ਇਨ੍ਹਾਂ ਵਿਦਿਆਰਥਣਾਂ ਨੇ ਕਿਸੇ ਵੀ ਵੱਡੇ ਸ਼ਹਿਰ ਵਿਚ ਮਹਿੰਗੀ ਕੋਚਿੰਗ ਪ੍ਰਾਪਤ ਨਾ ਕਰਕੇ ਇਸ ਸੰਸਥਾ ਵਿਚ ਪ੍ਰਾਪਤ ਕੀਤੀ ਉਚੇਰੀ ਸਿੱਖਿਆ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਘਰ ਬੈਠ ਕੇ ਹੀ ਇਹ ਪ੍ਰਾਪਤੀ ਕੀਤੀ ਹੈ ਜੋ ਅਕਾਦਮਿਕ ਮਿਆਰ ਦੀ ਮਿਸਾਲ ਹੈ। ਅਜਿਹੇ ਵਿਦਿਆਰਥੀਆਂ ਦੇ ਜਨੂੰਨ ਅਤੇ ਮਿਹਨਤ ਤੋਂ ਪ੍ਰੇਰਿਤ ਹੋ ਕੇ ਆਉਣ ਵਾਲੇ ਸਮੇਂ ਵਿਚ ਵਿਦਿਆਰਥੀ ਅਜਿਹੀਆਂ ਪ੍ਰਾਪਤੀਆਂ ਕਰਕੇ ਇਸ ਕਾਲਜ ਦਾ ਨਾਮ ਰੌਸ਼ਨ ਕਰਨਗੇ।ਕੰਪਿਊਟਰ ਵਿਭਾਗ ਦੇ ਮੁਖੀ ਅਤੇ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਨੇ ਘਰੇਲੂ ਤੰਗੀਆਂ ਤੁਰਸੀਆਂ ਹੋਣ ਦੇ ਬਾਵਜੂਦ ਵੀ ਇਹ ਸਿੱਧ ਕੀਤਾ ਹੈ ਕਿ ਉੱਗਣ ਵਾਲੇ ਪੱਥਰ ਪਾੜ ਕੇ ਵੀ ਉੱਗ ਪੈਂਦੇ ਹਨ। ਵਿਦਿਆਰਥਣ ਹਰਦੀਪ ਕੌਰ, ਰਿੰਪੀ ਕੌਰ ਅਤੇ ਬੇਅੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਅਧਿਆਪਕਾਂ ਨੇ ਕੀਤੀ ਹੈ ਜਿਸ ਸਦਕਾ ਅਸੀਂ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਸਾਡਾ ਉਦੇਸ਼ ਪੀ.ਐੱਚ-ਡੀ ਦੀ ਪੜ੍ਹਾਈ ਕਰਨਾ ਹੈ। ਉਨ੍ਹਾਂ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਇਸ ਕਾਲਜ ਦੇ ਸਟਾਫ ਦੀ ਬਦੌਲਤ ਅਤੇ ਅਗਵਾਈ ਸਦਕਾ ਮੇਰੀਆਂ ਧੀਆਂ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਰਿਹਾ।ਮੰਚ ਦਾ ਸੰਚਾਲਨ ਪ੍ਰੋਫੈਸਰ ਗੁਰਦੀਪ ਸਿੰਘ ਨੇ ਕੀਤਾ।

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਬ ਕਮੇਟੀ ਦੇ ਚੇਅਰਮੈਨ ਹਰਪਾਲ ਚੀਮਾ ਨਾਲ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਗੂਆਂ ਦੀ ਹੋਈ ਮੀਟਿੰਗ

ਸਬ ਕਮੇਟੀ ਦੇ ਚੇਅਰਮੈਨ ਹਰਪਾਲ ਚੀਮਾ ਨਾਲ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਗੂਆਂ ਦੀ ਹੋਈ ਮੀਟਿੰਗ 

6 ਅਗਸਤ ਨੂੰ ਪੰਜਾਬ ਭਵਨ ਚੰਡੀਗੜ ਵਿਖੇ ਫਿਰ ਹੋਵੇਗੀ ਜਥੇਬੰਦੀ ਨਾਲ ਮੀਟਿੰਗ : ਆਗੂ

ਖੁਸ਼ਪ੍ਰੀਤ ਸਿੰਘ ਚਹਿਲ,

ਚੀਮਾ ਮੰਡੀ : ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਗੁਰਵਿੰਦਰ ਸਿੰਘ ਧਾਲੀਵਾਲ ਅਤੇ ਗਗਨਦੀਪ ਸਿੰਘ ਸੁਨਾਮ ਵਲੋਂ ਆਪਣੇ ਸਾਥੀਆਂ ਸਮੇਤ ਮੀਟਿੰਗ ਕੀਤੀ ਗਈ। ਮੰਤਰੀ ਹਰਪਾਲ ਸਿੰਘ ਚੀਮਾ ਨੇ ਜਥੇਬੰਦੀ ਨਾਲ ਤਕਰੀਬਨ ਅੱਧਾ ਘੰਟਾ ਚੱਲੀ ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਸਬ ਕਮੇਟੀ ਵੱਲੋਂ ਇਨ੍ਹਾਂ ਦਾ ਸਬੰਧਤ ਵਿਭਾਗ ਸੀਵਰੇਜ ਬੋਰਡ ਇਸ ਦੇ ਨਾਲ ਪਰਸੋਨਲ ਵਿਭਾਗ, ਵਿੱਤ ਵਿਭਾਗ ਅਤੇ ਯੋਜਨਾ,ਕਿਰਤ ਵਿਭਾਗ ਆਦਿ ਨਾਲ ਮੀਟਿੰਗਾ ਕਰਨ ਤੋਂ ਬਾਅਦ ਪਾਲਿਸੀ ਅਮਲ ਵਿਚ ਲਿਆਂਦੀ ਜਾਵੇਗੀ ਇਸ ਤੋਂ ਪਹਿਲਾਂ ਵੀ ਮੁੱਖ ਕਾਰਜਕਾਰੀ ਅਫਸਰ ਮੈਡਮ ਦੀਪਤੀ ਉਪਲ ਅਤੇ ਸਾਰੇ ਅਧਿਕਾਰੀਆਂ ਵਲੋਂ ਪੂਰੇ ਪੰਜਾਬ ਦੇ ਵਿੱਚ ਠੇਕੇਦਾਰਾਂ ਸੁਸਾਇਟੀਆਂ ਤੇ ਕੰਪਨੀਆਂ ਰਾਹੀਂ ਰੱਖੇ ਮੁਲਜ਼ਮਾਂ ਦੀਆਂ ਹੁਣ ਫਿਰ ਤੋਂ ਸੂਚੀਆਂ ਮੰਗੀਆਂ ਗਈਆਂ ਹਨ। ਇਸ ਪਹਿਲਾ ਵੀ 2018 ਦੇ ਵਿੱਚ ਇਸ ਜਥੇਬੰਦੀ ਵੱਲੋਂ ਪੂਰੇ ਪੰਜਾਬ ਵਿੱਚੋਂ ਸੂਚੀਆਂ ਭੇਜੀਆਂ ਗਈਆਂ ਸਨ। ਉਨਾਂ ਕਿਹਾ ਜਿਵੇਂ ਹੁਣ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਸਿੱਧਾ ਵਿਭਾਗ ਵਿਚ ਕੀਤਾ ਜਾ ਰਿਹਾ ਹੈ । ਉਸੇ ਤਰ੍ਹਾਂ ਸੀਵਰੇਜ ਬੋਰਡ ਦੇ ਵਿੱਚ ਪੰਪ ਓਪਰੇਟਰ,ਫਿਟਰ,ਮਾਲੀ ਕਮ ਚੌਕੀਦਾਰ, ਡਰਾਈਵਰ,ਬਿਲ ਕਲਰਕ,ਬਿਲ ਡਿਸਟਰੀਬਿਊਟਰ, ਬੇਲਦਾਰ ਆਦਿ ਅਸਾਮੀਆਂ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਸੀਵਰੇਜ ਬੋਰਡ ਵਿੱਚ ਮਰਜ਼ ਕਰਨ ਲਈ ਪਰਮੋਜਲ ਬਣਾਈ ਜਾ ਰਹੀ ਹੈ । ਸਬ ਕਮੇਟੀ ਦੇ ਚੇਅਰਮੈਨ ਹਰਪਾਲ ਚੀਮਾ ਨੇ ਕਿਹਾ ਇਸ ਜਥੇਬੰਦੀ ਦੇ ਆਗੂਆਂ ਨੂੰ 6 ਅਗਸਤ ਦੀ ਪੰਜਾਬ ਭਵਨ ਚੰਡੀਗੜ ਵਿਖੇ ਮੀਟਿੰਗ ਲਈ ਸੱਦਾ ਭੇਜਿਆ ਜਾਵੇਗਾ। ਇਸ ਮੌਕੇ ਆਈ.ਏ.ਐਸ. ਮੈਡਮ ਦੀਪਤੀ ਉੱਪਲ,ਮੁੱਖ ਕਾਰਜਕਾਰੀ ਅਫਸਰ ਉੱਪਲ, ਮੁਕੇਸ਼ ਗਰਗ ਤਕਨੀਕੀ ਸਲਾਹਕਾਰ,ਐਮ.ਪੀ.ਜੀ.ਏ. ਗੁਰਵਿੰਦਰ ਪਾਲ ਸਿੰਘ ਐਮ ਪੀ,ਜੀ,ਏ, ਪ੍ਰਦੀਪ ਸਿੰਘ ਭੀਖੀ,ਯਾਦਵਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ,ਚਹਿਲ ਚੀਮਾ ਮੰਡੀ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ 31 ਜੁਲਾਈ ਨੂੰ ਸੂਬੇ 'ਚ ਸਰਕਾਰੀ ਛੁੱਟੀ ਦਾ ਐਲਾਨ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ 31 ਜੁਲਾਈ ਨੂੰ ਸੂਬੇ 'ਚ ਸਰਕਾਰੀ ਛੁੱਟੀ ਦਾ ਐਲਾਨ

ਪਾਰਟੀ ਪ੍ਰਧਾਨ ਤੇ ਕੈਬਨਿਟ ਵਜ਼ੀਰ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਜਾਣਕਾਰੀ ਸਾਂਝੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ 'ਚ ਇਕ ਹੋਰ ਗਜ਼ਟਿਡ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੁਣ 31 ਜੁਲਾਈ ਨੂੰ ਪੂਰੇ ਸੂਬੇ 'ਚ ਛੁੱਟੀ ਰਹੇਗੀ। ਇਸ ਦਿਨ ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਲ 2025 ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ 'ਚ ਪਹਿਲਾਂ ਇਸ 31 ਜੁਲਾਈ ਦੀ ਛੁੱਟੀ ਨੂੰ ਰਾਖਵੀਆਂ ਛੁੱਟੀਆਂ 'ਚ ਜਗ੍ਹਾ ਦਿੱਤੀ ਸੀ ਜਿਸ ਨੂੰ ਹੁਣ ਸਰਕਾਰੀ ਛੁੱਟੀ ਐਲਾਨਦਿਆਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਹਲਕਾ ਸੁਨਾਮ ਊਧਮ ਸਿੰਘ ਵਾਲ਼ਾ ਦੇ ਵਿਧਾਇਕ, ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਇਹ ਵੀ ਦੱਸਿਆ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮਿਲ ਕੇ ਭਵਾਨੀਗੜ੍ਹ, ਸੁਨਾਮ,ਭੀਖੀ ਸੜਕ ਦਾ ਨਾਂ ਹੁਣ ਸ਼ਹੀਦ ਊਧਮ ਸਿੰਘ ਮਾਰਗ ਰੱਖਣਗੇ ਜਿਸ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਅਮਨ ਅਰੋੜਾ ਨੇ ਕਿਹਾ ਕਿ ਕੰਬੋਜ ਸਮਾਜ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ 'ਤੇ ਸਿਰਫ਼ ਸੁਨਾਮ 'ਚ ਨਹੀਂ, ਬਲਕਿ ਪੂਰੇ ਪੰਜਾਬ 'ਚ ਛੁੱਟੀ ਐਲਾਨੀ ਜਾਣੀ ਚਾਹੀਦੀ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਮੰਨ ਲਿਆ।

Saturday, July 26, 2025

ਗੁਰਵਿੰਦਰ ਸਿੰਘ ਚਹਿਲ,ਸੰਗਰੂਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਮਿਆਰ ਉੱਚੇ ਚੁੱਕਣ ਲਈ ਅਧਿਆਪਕਾਂ ਨਾਲ ਸੰਵਾਦ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਮਿਆਰ ਉੱਚੇ ਚੁੱਕਣ ਲਈ ਅਧਿਆਪਕਾਂ ਨਾਲ ਸੰਵਾਦ

ਅਧਿਆਪਕਾਂ ਤੋਂ ਮਿਲੀ ਰਾਏ ਨਾਲ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਂਦੇ ਜਾਣਗੇ, ਕੰਪਿਊਟਰ ਲੈਬਾਂ ਦੇ ਨਵੀਨੀਕਰਨ ਲਈ 400 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ

ਸੰਗਰੂਰ,(ਗੁਰਵਿੰਦਰ ਸਿੰਘ ਚਹਿਲ) : ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਵਿਲੱਖਣ ਕੋਸ਼ਿਸ਼ ਤਹਿਤ ਪੰਜਾਬ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸੰਗਰੂਰ ਵਿਖੇ "ਅਧਿਆਪਕਾਂ ਨਾਲ ਸੰਵਾਦ" ਰਾਹੀਂ ਅਧਿਆਪਕਾਂ ਤੋਂ ਸੁਝਾਅ ਅਤੇ ਫੀਡਬੈਕ ਲਈ।ਹਰਜੋਤ ਸਿੰਘ ਬੈਂਸ ਨੇ ਸੰਗਰੂਰ ਜ਼ਿਲ੍ਹੇ ਦੇ ਸਕੂਲ ਮੁਖੀਆਂ ਨਾਲ ਵਿਸ਼ੇਸ਼ ਸੰਵਾਦ ਕਰਦਿਆਂ ਉਨ੍ਹਾਂ ਤੋਂ ਕੀਮਤੀ ਸੁਝਾਅ ਲਏ ਤਾਂ ਜੋ ਸਿੱਖਿਆ ਦੀ ਗੁਣਵੱਤਾ ਤੇ ਸਕੂਲਾਂ ਦੀਆਂ ਢਾਂਚਾਗਤ ਸੁਵਿਧਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ।ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਨਤੀਜਾ ਮੁੱਖੀ ਹੈ ਨਾ ਕਿ ਕੇਵਲ ਦਿੱਖਾਵਟ ਵਾਲੀ ਹੈ। ਉਨ੍ਹਾਂ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਦਾ ਪੂਰਾ ਭਰੋਸਾ ਦਿਵਾਇਆ ਅਤੇ 400 ਕਰੋੜ ਰੁਪਏ ਦੀ ਲਾਗਤ ਨਾਲ ਕੰਪਿਊਟਰ ਲੈਬਾਂ ਦਾ ਨਵੀਨੀਕਰਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਇੰਟਰਐਕਟਿਵ ਪੈਨਲ ਲਗਾਏ ਜਾ ਰਹੇ ਹਨ ਅਤੇ ਅਧਿਆਪਕਾਂ ਦੇ ਤੀਜੇ ਬੈਚ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾਵੇਗਾ, ਜਿਸ ਸਬੰਧੀ ਚੋਣ ਕੇਵਲ ਮੈਰਿਟ ਅਧਾਰਤ ਹੋਵੇਗੀ।ਕੈਬਨਿਟ ਮੰਤਰੀ ਨੇ ਇਸ ਨਾਲ ਹੀ ਕਿਹਾ ਕਿ ਲੈਕਚਰਾਰਾਂ ਦੀ ਤਰੱਕੀ, 400 ਨਵੇਂ ਪ੍ਰਿੰਸੀਪਲਾਂ ਦੀ ਨਿਯੁਕਤੀ ਅਤੇ ਸਕੂਲਾਂ ਵਿੱਚ ਬੈਠਣ ਤੇ ਸਫਾਈ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਵਰਗੀਆਂ ਕਈ ਪਹਿਲ-ਕਦਮੀਆਂ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਸਤੇ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ.) 2024 ਵਿੱਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਰਾਸ਼ਟਰੀ ਪੱਧਰ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਕੂਲਾਂ ਦੇ 845 ਵਿਦਿਆਰਥੀਆਂ ਨੇ ਐਨ.ਈ.ਈ.ਟੀ. (ਨੈਸ਼ਨਲ ਐਲਿਜੀਬਿਲਟੀ ਕਮ ਐਂਟ੍ਰੈਂਸ ਟੈਸਟ) ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ 265 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ (ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਮੇਨਜ਼) ਕਲੀਅਰ ਕਰ ਕੇ ਸਕੂਲ ਸਿੱਖਿਆ ਵਿਭਾਗ ਦੀ ਅਕਾਦਮਿਕ ਉੱਤਮਤਾ ਬਾਬਤ ਵਚਨਬੱਧਤਾ ਸਾਬਤ ਕੀਤੀ ਹੈ।ਇਹ ਸਾਰੀਆਂ ਉਪਲਬਧੀਆਂ ਇਹ ਸਾਬਤ ਕਰਦੀਆਂ ਹਨ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਵੱਤਾ ਭਰੀ ਸਿੱਖਿਆ ਦੇਣ ਅਤੇ ਵਿਦਿਆਰਥੀਆਂ ਦੇ ਚੰਗੇ ਅਕਾਦਮਿਕ ਨਤੀਜੇ ਵਧਾਉਣ ਲਈ ਵਚਨਬੱਧ ਹੈ।ਅਧਿਆਪਕਾਂ ਨੂੰ ਵਧਾਈ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸਕੂਲ ਆਫ਼ ਐਮੀਨਾਂਸ, ਸਕੂਲ ਆਫ਼ ਹੈਪੀਨੈੱਸ ਅਤੇ ਸਕੂਲ ਆਫ਼ ਬ੍ਰਿਲੀਆਂਸ ਵਰਗੀਆਂ ਪਹਿਲਾਂ ਦੀ ਸ਼ੁਰੂਆਤ ਕੀਤੀ ਗਈ ਹੈ।ਸਿੱਖਿਆ ਮੰਤਰੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਿੰਗਾਪੁਰ, ਫਿਨਲੈਂਡ ਅਤੇ ਅਹਿਮਦਾਬਾਦ ਦੀਆਂ ਪ੍ਰਸਿੱਧ ਅੰਤਰ ਰਾਸ਼ਟਰੀ ਸੰਸਥਾਵਾਂ ਵਿੱਚ ਤਕਨੀਕੀ ਤੇ ਆਧੁਨਿਕ ਸਿੱਖਿਆ ਪ੍ਰਣਾਲੀ ਅਨੁਸਾਰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ "ਅਧਿਆਪਕਾਂ ਨਾਲ ਸੰਵਾਦ" ਪਹਿਲ ਨੂੰ ਇੱਕ ਐਸਾ ਮੰਚ ਕਿਹਾ, ਜਿੱਥੇ ਅਧਿਆਪਕਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣ ਕੇ ਉਨ੍ਹਾਂ ਦੇ ਸੁਝਾਵਾਂ ਨੂੰ ਤਰਜੀਹ ਦਿੰਦੇ ਹੋਏ ਸਿੱਖਿਆ ਵਿੱਚ ਸੰਯੁਕਤ ਸੁਧਾਰ ਲਈ ਕੰਮ ਕੀਤਾ ਜਾਂਦਾ ਹੈ।ਇਸ ਮੌਕੇ ਸੁਖਚੈਨ ਸਿੰਘ ਪਪੜਾ ਵਧੀਕ ਡਿਪਟੀ ਕਮਿਸ਼ਨਰ,ਚਰਨਜੋਤ ਸਿੰਘ ਵਾਲੀਆ ਐਸ ਡੀ ਐਮ ਸੰਗਰੂਰ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ,ਕੈਂਪਸ ਮੈਨੇਜਰ ਅਤੇ ਹੋਰ ਸਟਾਫ਼ ਹਾਜ਼ਰ ਸੀ।

Friday, July 25, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਐਚਟੀ ਤੇ ਸੀਐਚਟੀ ਜਥੇਬੰਦੀ ਪੰਜਾਬ ਦੇ ਵਫ਼ਦ ਨੇ ਡਾਇਰੈਕਟਰ ਨੂੰ ਮਿਲ ਕੇ ਦਿੱਤਾ ਮੰਗ ਪੱਤਰ

ਐਚਟੀ ਤੇ ਸੀਐਚਟੀ ਜਥੇਬੰਦੀ ਪੰਜਾਬ ਦੇ ਵਫ਼ਦ ਨੇ ਡਾਇਰੈਕਟਰ ਨੂੰ ਮਿਲ ਕੇ ਦਿੱਤਾ ਮੰਗ ਪੱਤਰ

ਮਿਸ਼ਨ ਸਮਰੱਥ ਤਹਿਤ ਕੈਂਪਾਂ ਦੀ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ-ਅਮਨਦੀਪ ਸ਼ਰਮਾ

ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇਕ ਵਫਦ ਸੂਬਾ ਸਕਤੱਰ ਰਾਕੇਸ਼ ਗੋਇਲ ਬਰੇਟਾ ਦੀ ਅਗਵਾਈ ਵਿੱਚ ਡਾਇਰੈਕਟਰ ਐਸ.ਸੀ.ਈ.ਆਰ.ਟੀ. ਕਿਰਨ ਸ਼ਰਮਾ ਨੂੰ ਮਿਲਿਆ।ਜਥੇਬੰਦੀ ਵੱਲੋਂ ਮੰਗ ਰੱਖੀ ਗਈ ਕਿ 2024 ਵਿੱਚ ਮਿਸਨ ਸਮਰੱਥ ਦੇ ਕੈਂਪ ਜਿਹੜੇ ਬਲਾਕ ਪੱਧਰ ਤੇ ਲਾਏ ਗਏ ਹਨ ਉਹਨਾਂ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਕਿਉਂਕਿ ਅਧਿਆਪਕਾਂ ਵੱਲੋਂ ਖਰਚ ਕੀਤੀ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਉਹਨਾਂ ਕਿਹਾ ਕਿ ਬਹੁਤੇ ਜਿਲਿਆਂ ਨੂੰ ਰਾਸ਼ੀ ਮਿਲ ਚੁੱਕੀ ਹੈ ਪਰੰਤੂ 6-7 ਜ਼ਿਲ੍ਹੇ ਅਜੇ ਵੀ ਪੈਡਿੰਗ ਹਨ। ਇਸ ਲੀਏ ਇਹਨਾਂ ਜ਼ਿਲ੍ਹਿਆਂ ਨੂੰ ਤੁਰੰਤ ਰਾਸ਼ੀ ਜਾਰੀ ਕੀਤੀ ਜਾਵੇ। ਤਾਂ ਜੋ ਅਧਿਆਪਕ ਦੀਆਂ ਜੇਬਾਂ ਵਿੱਚੋਂ ਖਰਚ ਰਾਸ਼ੀ ਉਹਨਾਂ ਨੂੰ ਮਿਲ ਸਕੇ।ਇਸ ਮੌਕੇ ਰਾਕੇਸ਼ ਕੁਮਾਰ, ਅਮਰੀਕ ਸਿੰਘ ਆਦਿ ਅਧਿਆਪਕ ਸਾਥੀ ਹਾਜ਼ਰ ਸਨ।

Thursday, July 24, 2025

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਪੱਧਰੀ ਕਲਾ ਉਤਸਵ 7 ਅਤੇ 8 ਅਗਸਤ ਨੂੰ

 ਜ਼ਿਲ੍ਹਾ ਪੱਧਰੀ ਕਲਾ ਉਤਸਵ 7 ਅਤੇ 8 ਅਗਸਤ ਨੂੰ

ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਹੈ : ਡੀ.ਈ.ਓ.

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਪਰਮਜੀਤ ਸਿੰਘ ਦੀ ਅਗਵਾਈ ਅਧੀਨ ਅਤੇ ਇਸ ਪ੍ਰੋਗਰਾਮ ਦੇ ਜਿਲ੍ਹਾ ਨੋਡਲ ਅਫਸਰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਜ਼ਿਲ੍ਹਾ ਪੱਧਰੀ ਕਲਾ ਉਤਸਵ 2025 ਮਿਤੀ 7 ਅਤੇ 8 ਅਗਸਤ 2025 ਨੂੰ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ, ਉਨ੍ਹਾਂ ਦੱਸਿਆ ਕਿ ਕਲਾ ਉਤਸਵ 2025 ਵਿਚ ਸਮੂਹ ਸਰਕਾਰੀ, ਏਡਿਡ, ਪ੍ਰਾਈਵੇਟ, ਲੋਕਲ ਬਾਡੀ ਅਤੇ ਕੇਂਦਰ ਸਰਕਾਰ ਦੇ ਸਕੂਲਾਂ ਵਿਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਇਸ ਪ੍ਰੋਗਰਾਮ ਦੇ ਜਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਲਾ ਉਤਸਵ ਵਿੱਚ ਹਰ ਸਕੂਲ ਵਿਚੋਂ ਇਕ ਲੜਕਾ ਅਤੇ ਇਕ ਲੜਕੀ ਭਾਗ ਲੈ ਸਕਦੇ ਹਨ। ਹਰ ਗਤੀਵਿਧੀ ਵਿੱਚ ਪਹਿਲਾ, ਦੂਜੇ ਅਤੇ ਤੀਜੇ ਸਥਾਨ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਸਨਮਾਨ ਚਿੰਨ੍ਹ ਅਤੇ ਪੌਦੇ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਕਲਾ ਉਤਸਵ ਲਈ 12 ਖੇਤਰ ਨਿਰਧਾਰਤ ਕੀਤੇ ਗਏ ਹਨ ਜਿਸ ਵਿੱਚ ਵੋਕਲ ਮਿਊਜਿਕ ਸੋਲੋ, ਵੋਕਲ ਮਿਊਜਿਕ ਗਰੁੱਪ, ਇੰਸਟਰੂਮੈਂਟਲ ਮਿਊਜਿਕ ਸੋਲੋ, ਇੰਸਟਰੂਮੈਂਟਲ ਮਿਊਜਿਕ ਗਰੁੱਪ, ਸੋਲੋ ਡਾਂਸ, ਗਰੁਪ ਡਾਂਸ, ਥੀਏਟਰ ਗਰੁੱਪ, ਵਿਜ਼ੂਅਲ 2 ਡੀ, ਵਿਜ਼ੂਅਲ ਆਰਟ 3 ਡੀ, ਗਰੁੱਪ ਵਿਜ਼ੂਅਲ ਆਰਟ ਅਤੇ ਟਰੈਡੀਸ਼ਨਲ ਹਨ। ਜਿਲਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਉਤਸਵ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਦਵਾਇਆ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਦੀ ਐਂਟਰੀ ਲਈ ਵੱਖ-ਵੱਖ ਸਕੂਲਾਂ ਨੂੰ ਗੂਗਲ ਫਾਰਮ ਭੇਜਿਆ ਗਿਆ ਹੈ ਜਿਸ ਰਾਹੀਂ ਵਿਦਿਆਰਥੀਆਂ ਦੀਆਂ ਐਂਟਰੀਆਂ ਕੀਤੀਆਂ ਜਾਣਗੀਆਂ। ਕੋਈ ਵੀ ਵਿਦਿਆਰਥੀ ਸਿੱਧੇ ਤੌਰ ਤੇ ਇਸ ਉਤਸਵ ਵਿੱਚ ਭਾਗ ਨਹੀਂ ਲੈ ਸਕਦਾ। ਉਹਨਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਕਲਾ ਉਤਸਵ ਵਿੱਚ ਭਾਗ ਦਿਵਾਇਆ ਜਾਵੇ ਅਤੇ ਤਿਆਰੀ ਸ਼ੁਰੂ ਕਰਵਾ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਸਕੂਲ ਪੱਧਰ ਤੇ ਜੇਤੂ ਵਿਦਿਆਰਥੀ ਜਿਲ੍ਹਾ ਪੱਧਰ ਤੇ ਭਾਗ ਲੈਣਗੇ, ਜ਼ਿਲ੍ਹਾ ਪੱਧਰ ਤੇ ਜੇਤੂ ਵਿਦਿਆਰਥੀ ਜੋਨ ਪੱਧਰ ਤੇ ਭਾਗ ਲੈਣਗੇ, ਜੋਨ ਪੱਧਰ ਤੇ ਜੇਤੂ ਵਿਦਿਆਰਥੀ ਰਾਜ ਪੱਧਰ ਅਤੇ ਉਸ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਨੇ ਇਸ ਕਲਾ ਉਤਸਵ ਵਿੱਚ ਭਾਗ ਲੈਣਾ ਹੈ।

Wednesday, July 23, 2025

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਪੁਰਾਣੀ ਪੈਨਸ਼ਨ ਬਹਾਲ ਕਰੋ ਬੈਨਰ ਹੇਠ ਕਨਵੈਂਸ਼ਨ ਤਿੰਨ ਅਗਸਤ ਨੂੰ ਮਾਨਸਾ 'ਚ - ਅਮਨਦੀਪ ਸ਼ਰਮਾ/ਹਰਪਾਲ ਕੌਰ ਮਾਨਸਾ

ਪੁਰਾਣੀ ਪੈਨਸ਼ਨ ਬਹਾਲ ਕਰੋ ਬੈਨਰ ਹੇਠ ਕਨਵੈਂਸ਼ਨ ਤਿੰਨ ਅਗਸਤ ਨੂੰ ਮਾਨਸਾ 'ਚ - ਅਮਨਦੀਪ ਸ਼ਰਮਾ/ਹਰਪਾਲ ਕੌਰ ਮਾਨਸਾ

ਮੁਲਾਜ਼ਮਾਂ ਦੇ ਮਸਲਿਆਂ 'ਤੇ ਕਰਾਂਗੇ ਚਰਚਾ : ਰਾਕੇਸ਼ ਗੋਇਲ ਬਰੇਟਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ, ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਪੰਜਾਬ ਭਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਨਵੈਂਸ਼ਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਹਰਪਾਲ ਕੌਰ ਮਾਨਸਾ ਨੇ ਦੱਸਿਆ ਕਿ 3 ਅਗਸਤ ਨੂੰ ਮਾਨਸਾ ਵਿਖੇ ਪੁਰਾਣੀ ਪੈਨਸ਼ਨ ਨੂੰ ਲੈ ਕੇ ਪੰਜਾਬ ਪੱਧਰੀ ਕਨਵੈਂਸ਼ਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਨਵੈਂਸ਼ਨਾ ਰਾਹੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਦੀ ਯਤਨ ਕੀਤੇ ਜਾਣਗੇ। ਇਸ ਮੌਕੇ ਬੋਲਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਆਮਨਦੀਪ ਸ਼ਰਮਾ ਨੇ ਕਿਹਾ ਕਿ ਮੁਲਾਜ਼ਮਾ ਦੀਆਂ ਡੀਏ ਦੀਆਂ ਕਿਸਤਾਂ ਜਾਰੀ ਕਰਨਾ, ਪੇਂਡੂ ਭੱਤਾ ਬਹਾਲ ਕਰਨਾ, ਏਸੀਪੀ ਸਕੀਮ ਨੂੰ ਮੁੜ ਤੋਂ ਲਾਗੂ ਕਰਨਾ, ਅਧਿਆਪਕਾਂ ਦੀਆਂ ਤਰੱਕੀਆਂ ਕਰਨਾ ਆਦਿ ਅਹਿਮ ਮਸਲਿਆਂ ਦੀ ਗੱਲਬਾਤ ਹੋਵੇਗੀ।ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਂਦਿਆ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਉਸ ਨੂੰ ਇਹ ਵਾਅਦਾ ਤੁਰੰਤ ਪੂਰਾ ਕਰਨਾ ਬਣਦਾ ਹੈ । ਉਹਨਾਂ ਕਿਹਾ ਕਿ ਜੇਕਰ ਕਨਵੈਨਸਨਾ ਜਾਈਏ ਮਸਲਾ ਹੱਲ ਨਹੀਂ ਹੁੰਦਾ ਤਾਂ ਜਲਦੀ ਪੰਜਾਬ ਪੱਧਰੀ ਧਰਨੇ ਮੁਜਾਰਿਆਂ ਦਾ ਪ੍ਰੋਗਰਾਮ ਰੱਖਿਆ ਜਾਵੇਗਾ। ਉਨਾਂ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਸਾਰੇ ਮੁਲਾਜ਼ਮਾਂ ਨੂੰ ਸਾਡੀਆਂ ਕਨਵੇਸ਼ਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਵਾਈ ਜਾ ਸਕੇ। ਉਹਨਾਂ ਕਿਹਾ ਕਿ ਇਸ ਸਬੰਧੀ ਮਾਨਸਾ ਜ਼ਿਲ੍ਹੇ ਵਿੱਚ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨਾਂ ਪ੍ਰਾਪਤੀ ਜਥੇਬੰਦੀਆਂ ਨੂੰ ਵੀ ਕਨਵੈਂਸ਼ਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ।ਉੱਧਰ ਮਿਡ -ਡੇ -ਮੀਲ ਵਰਕਰ ਯੂਨੀਅਨ ਜਿਲਾ ਮਾਨਸਾ ਦੀ ਪ੍ਰਧਾਨ ਜਸਵੀਰ ਕੌਰ ਮਾਨਸਾ ਨੇ ਵੀ ਐਲਾਨ ਕੀਤਾ ਹੈ ਕਿ ਉਹ ਇਨਾ ਕਨਵੈਨਸਨਾ ਦਾ ਹਿੱਸਾ ਬਣਨਗੇ ਅਤੇ ਆਪਣੀ ਤਨਖਾਹ ਦੀ ਮੰਗ ਨੂੰ ਵੱਡੇ ਪੱਧਰ 'ਤੇ ਉਭਾਰਨਗੇ। ਉਹਨਾਂ ਕਿਹਾ ਕਿ ਤਿੰਨ ਅਗਸਤ ਨੂੰ ਹੋਣ ਵਾਲੇ ਕਨਵੈਂਸ਼ਨ ਵਿੱਚ ਮਿਡ ਡੇ ਮੀਲ ਵਰਕਰ ਵੀ ਵੱਡੀ ਗਿਣਤੀ ਵਿੱਚ ਭਾਗ ਲੈਣਗੇ।ਹਰਪਾਲ ਕੌਰ ਮਾਨਸਾ ਨੇ ਦੱਸਿਆ ਕਿ ਇਸ ਸਬੰਧੀ ਭਾਰਤ ਭੂਸ਼ਨ ਮਾਨਸਾ ਗੁਰਜੰਟ ਸਿੰਘ ਬਛੋਆਣਾ ਅੰਗਰੇਜ ਸਿੰਘ ਸਾਹਨੇਵਾਲੀ, ਜਗਤਾਰ ਸਿੰਘ ਔਲਖ, ਸੁਖਵਿੰਦਰ ਸਿੰਗਲਾ ਬਰੇਟਾ, ਲਾਭ ਸਿੰਘ ਮਾਨਸਾ ਆਦਿ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

Sunday, July 20, 2025

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਪੁਰਾਣੀ ਪੈਨਸ਼ਨ ਸੰਗਠਨ ਕਮੇਟੀ ਵੱਲੋਂ ਮਾਨਸਾ ਅਤੇ ਸਰਦੂਲਗੜ੍ਹ ਹਲਕਾ ਦੇ ਵਿਧਾਇਕਾਂ ਨੂੰ ਦਿੱਤੇ ਮੰਗ ਪੱਤਰ : ਹਰਪਾਲ ਕੌਰ,ਅਮਨਦੀਪ ਸ਼ਰਮਾ

ਪੁਰਾਣੀ ਪੈਨਸ਼ਨ ਸੰਗਠਨ ਕਮੇਟੀ ਵੱਲੋਂ ਮਾਨਸਾ ਅਤੇ ਸਰਦੂਲਗੜ੍ਹ ਹਲਕਾ ਦੇ ਵਿਧਾਇਕਾਂ ਨੂੰ ਦਿੱਤੇ ਮੰਗ ਪੱਤਰ : ਹਰਪਾਲ ਕੌਰ,ਅਮਨਦੀਪ ਸ਼ਰਮਾ


ਜਿਲਾ ਪੱਧਰੀ ਹੋਣ ਬਲਾਕ ਸਿੱਖਿਆ ਅਫਸਰ ਦੀਆਂ ਤਰੱਕੀਆ-ਰਾਕੇਸ਼ ਗੋਇਲ ਬਰੇਟਾ

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਪੁਰਾਣੀ ਪੈਨਸ਼ਨ ਸੰਗਠਨ ਵੱਲੋਂ ਮਾਨਸਾ ਹਲਕਾ ਤੋਂ ਵਿਧਾਇਕ ਵਿਜੇ ਸਿੰਗਲਾ, ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੰਗ ਪੱਤਰ ਦਿੱਤੇ ਗਏ। ਸੰਗਠਨ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹਨਾਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਅਮਨਦੀਪ ਸ਼ਰਮਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਅੱਜ ਦੇ ਸਮੇਂ ਹਰੇਕ ਮੁਲਾਜ਼ਮ ਲਈ ਜਰੂਰੀ ਹੈ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਆਮਦਨ ਦੀ ਲੋੜ ਪੈਂਦੀ ਹੈ।ਜਥੇਬੰਦੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਵੀ ਜਿਲਾ ਪੱਧਰੀ ਸੀਨੀਅਰ ਤਾਂ ਸੁਥੀਆ ਬਣਾ ਕੇ ਕੀਤੀਆਂ ਜਾਣ।ਉਹਨਾ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨਾ, ਪੇਡੂ ਭੱਤਾ ਬਹਾਲ ਕਰਨਾ ਆਦਿ ਮਸਲਿਆਂ ਤੇ ਵੀ ਗੱਲਬਾਤ ਰੱਖੀ। ਇਸ ਸਮੇਂ ਸੁਖਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ,ਸੁਖਵਿੰਦਰ ਸਿੰਗਲਾ ਸੂਬਾ ਕਮੇਟੀ,ਮਹਿੰਦਰ ਪਾਲ ਬਰੇਟਾ, ਜਗਤਾਰ ਸਿੰਘ ਔਲਖ,ਭਾਰਤ ਭੂਸ਼ਣ ਮਾਨਸਾ, ਅਕਬਰ ਬੱਪੀਆਣਾ,ਬੂਟਾ ਸਿੰਘ ਮਾਨਸਾ,ਗੁਰਜੰਟ ਸਿੰਘ ਬੱਛੂਆਣਾ,ਲਾਭ ਸਿੰਘ ਮਾਨਸਾ,ਸੁਨੀਲ ਕੁਮਾਰ ਬਰੇਟਾ ਅਤੇ ਹੋਰ ਸਾਥੀ ਹਾਜ਼ਰ ਸਨ।

Saturday, July 19, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਬੀਪੀਈਓ ਦਾ ਮੁੜ ਜ਼ਿਲ੍ਹਾ ਕਾਡਰ ਬਣਾਇਆ ਜਾਵੇ : ਰਾਕੇਸ਼ ਗੋਇਲ ਬਰੇਟਾ

ਬੀਪੀਈਓ ਦਾ ਮੁੜ ਜ਼ਿਲ੍ਹਾ ਕਾਡਰ ਬਣਾਇਆ ਜਾਵੇ : ਰਾਕੇਸ਼ ਗੋਇਲ ਬਰੇਟਾ 

ਬਲਾਕ ਸਿੱਖਿਆ ਅਫਸਰ ਜ਼ਿਲ੍ਹਾ ਪੱਧਰੀ ਸੀਨੀਅਰਤਾ ਅਨੁਸ਼ਾਰ ਹੋਣ ਪ੍ਰਮੋਟ : ਅਮਨਦੀਪ ਸ਼ਰਮਾ

ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦਾ ਇੱਕ ਵਫਦ ਸੂਬਾ ਜੋਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਦੀ ਅਗਵਾਈ ਵਿੱਚ ਵਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੀ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਮੁੜ ਜ਼ਿਲ੍ਹਾ ਕਾਡਰ ਬਣਾਏ ਜਾਣ ਦੀ ਮੰਗ ਰੱਖਣ ਲਈ ਮਿਲਿਆ।ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਗੋਇਲ ਬਰੇਟਾ ਸੂਬਾ ਸਕੱਤਰ ਨੇ ਦੱਸਿਆ ਕਿ ਮੁੱਢ ਤੋਂ ਹੀ ਪ੍ਰਾਇਮਰੀ ਦੇ ਸਾਰੇ ਕਾਡਰ ਜਿਲਾ ਕਾਡਰ ਹਨ ਪਰੰਤੂ ਫਰਵਰੀ 2020 'ਚ ਵਿਭਾਗ ਵੱਲੋਂ ਬੀਪੀਈਓ ਦਾ ਕਾਡਰ ਜ਼ਿਲ੍ਹਾ ਤੋਂ ਸਟੇਟ ਕਾਡਰ ਬਣਾ ਦਿੱਤਾ ਸੀ। ਜਿਸ ਦੇ ਆਧਾਰ ਤੇ ਸੈਂਟਰ ਹੈਡ ਟੀਚਰ ਦੀ ਸੀਨੀਆਰਤਾ ਸੂਚੀ ਸਟੇਟ ਪੱਧਰੀ ਬਣਾ ਕੇ ਮਈ 2021 ਤੋਂ ਲਗਾਤਾਰ ਬੀਪੀਈਓ ਦੀਆਂ ਸਟੇਟ ਪੱਧਰੀ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ। ਵੱਡੀ ਗਿਣਤੀ ਵਿੱਚ ਪ੍ਰਮੋਸ਼ਨਾਂ ਕਰਨ ਦੇ ਬਾਵਜੂਦ ਵੀ ਲਗਭਗ 15 ਤੋਂ 16 ਜਿਲਿਆਂ ਵਿੱਚ ਅਜੇ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਅਸਾਮੀਆਂ 60 ਤੋਂ 70% ਅਸਾਮੀਆਂ ਖਾਲੀ ਹਨ।ਇਸ ਸਬੰਧੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੀ ਸਰਕਾਰ ਦੁਆਰਾ 2020 ਵਿੱਚ ਪ੍ਰਿੰਸੀਪਲ ਦੇ ਤਰੱਕੀ ਰੂਲਾਂ ਵਿੱਚ ਵੀ ਸੋਧ ਕਰਨ ਕਾਰਣ ਪ੍ਰਮੋਸ਼ਨ ਚੈਨਲ ਵਿੱਚ ਖੜੋਤ ਆ ਗਈ ਸੀ ਅਤੇ ਜਿਸ ਨੂੰ ਦਰੁਸਤ ਕਰਨ ਲਈ ਮੌਜੂਦਾ ਸਰਕਾਰ ਨੇ ਜਿਸ ਤਰ੍ਹਾਂ ਸਲਾਘਾਯੋਗ ਕਦਮ ਉਠਾਉਂਦੇ ਹੋਏ ਉਹ ਰੂਲ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਪ੍ਰਿੰਸੀਪਲ ਦੇ ਰੂਲਜ਼ ਦੀ ਤਰ੍ਹਾਂ ਹੀ ਬੀਪੀਈਓ ਦੇ ਸਟੇਟ ਕਾਡਰ ਦੇ ਰੂਲਜ਼ ਵਿੱਚ ਸੋਧ ਕਰਕੇ ਵਾਪਸ ਜਿਲਾ ਕਾਡਰ ਬਣਾਇਆ ਜਾਵੇ ਤਾਂ ਜੋ ਪ੍ਰਾਇਮਰੀ ਕਾਡਰ ਦੇ ਪ੍ਰਮੋਸ਼ਨ ਚੈਨਲ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕੇ। ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਸਟੇਟ ਕਾਡਰ ਨਾਲ 25-25 30-30 ਸਾਲ ਸਰਵਿਸ ਕਰ ਚੁੱਕੇ ਸੀ ਐਚ ਟੀ ਦੀ ਪ੍ਰਮੋਸ਼ਨ ਡਿਊ ਹੋਣ ਦੇ ਬਾਵਜੂਦ ਵੀ ਪ੍ਰਮੋਸ਼ਨ ਨਾ ਹੋਣ ਕਾਰਨ ਉਹਨਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਕਿਉਂਕਿ ਜੇਕਰ ਸਟੇਟ ਕਾਡਰ ਰਹਿੰਦਾ ਹੈ ਤਾਂ ਸੈਂਕੜੇ ਸੀ ਐਚ ਟੀਜ਼ ਦਾ ਪ੍ਰਮੋਸ਼ਨ ਦਾ ਬਣਦਾ ਹੱਕ ਮਾਰਿਆ ਜਾਵੇਗਾ ਅਤੇ ਜਿੰਨੇ ਕੁ ਪ੍ਰਮੋਟ ਹੋਣਗੇ, ਉਹਨਾਂ ਨੂੰ ਆਪਣੇ ਘਰ ਤੋਂ ਬਹੁਤ ਦੂਰ-ਦੁਰਾਡੇ ਜਿਲਿਆਂ ਵਿੱਚ ਜਾਣਾ ਪਵੇਗਾ ਜਿਸ ਨਾਲ ਉਨਾ ਦੇ ਕੰਮ ਵਿੱਚ ਉਨੀ ਕਾਰਜ ਕੁਸ਼ਲਤਾ ਨਹੀਂ ਆਵੇਗੀ। ਜਿਸ ਦਾ ਸਿੱਖਿਆ ਵਿਭਾਗ ਨੂੰ ਵੱਡਾ ਨੁਕਸਾਨ ਹੋਵੇਗਾ।ਸੂਬਾ ਸਕੱਤਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26.6.2025 ਨੂੰ ਸਕੱਤਰ ਸਕੂਲੀ ਸਿੱਖਿਆ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਜੀ ਨਾਲ ਹੋਈ ਮੀਟਿੰਗ ਵਿੱਚ ਵੀ ਬੀਪੀਈਓ ਦਾ ਜਿਲਾ ਕਾਡਰ ਬਣਾਉਣ ਸਬੰਧੀ ਵਿਸਥਾਰ ਪੂਰਵਕ ਚਰਚਾ ਹੋਈ ਸੀ। ਉਸ ਮੀਟਿੰਗ ਵਿੱਚ ਜਥੇਬੰਦੀ ਦੀ ਬੀਪੀਈਓ ਦਾ ਜਿਲਾ ਕਾਡਰ ਬਣਾਏ ਜਾਣ ਦੀ ਮੰਗ ਦਾ ਪ੍ਰਾਇਮਰੀ ਕਾਡਰ ਦੀਆਂ ਲਗਭਗ ਸਾਰੀਆਂ ਹੀ ਹਾਜ਼ਰ ਜਥੇਬੰਦੀਆਂ ਵੱਲੋਂ ਵੀ ਜ਼ੋਰਦਾਰ ਸਮਰਥਨ ਕੀਤਾ ਗਿਆ ਸੀ ਅਤੇ ਸਕੱਤਰ ਮੈਮ ਤੋਂ ਸੋਧੇ ਜਾਣ ਵਾਲੇ ਰੂਲਜ਼ ਵਿੱਚ ਬੀਪੀਈਓ ਦੇ ਜਿਲਾ ਕਾਡਰ ਬਣਾਏ ਜਾਣ ਦੀ ਪੁਰਜੋਰ ਸਿਫਾਰਿਸ਼ ਕੀਤੀ ਸੀ। ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਇਸ ਮੰਗ ਨੂੰ ਕੈਬਨਿਟ ਵਿੱਚ ਪੂਰੇ ਜ਼ੋਰ ਨਾਲ ਰੱਖਣਗੇ।ਇਸ ਮੌਕੇ ਪਰਗਟ ਸਿੰਘ ਬਖਸ਼ੀਵਾਲਾ,ਰਜਿੰਦਰ ਸਿੰਘ ਚੂੜਲ ਖੁਰਦ,ਅਮਿਤ ਕੁਮਾਰ ਲਹਿਰਾਗਾਗਾ,ਕਿਰਨਪਾਲ ਗਾਗਾ ਆਦਿ ਹਾਜ਼ਰ ਸਨ।

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟ੍ਰੇਨਿੰਗ ਕਰਵਾਈ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟ੍ਰੇਨਿੰਗ ਕਰਵਾਈ 

ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈ ਸਿੱ) ਭੁਪਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪੰਜ ਬਲਾਕਾਂ 'ਚ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟਰੇਨਿੰਗ ਕਰਵਾਈ।ਇਸ ਦੌਰਾਨ ਵੱਖ ਵੱਖ ਵਿਸ਼ਾ ਮਾਹਿਰਾਂ ਦੁਆਰਾ ਆਪਣੇ ਤਜ਼ਰਬੇ ਸਾਝੇ ਕੀਤੇ ਗਏ।ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਭੁਪਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਕੂਲੀ ਵਿਦਿਆਰਥੀਆਂ ਅਤੈ ਮਾਪਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਨਸ਼ੇ ਦੀ ਮਾੜੀ ਅਲ੍ਹਾਮਤ ਦੀ ਲਪੇਟ ਵਿਚ ਨਾ ਆਵੇ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਸਮਝਦੇ ਹੋਏ ਅਤੇ ਸਾਡਾ ਨੈਤਿਕ ਫਰਜ਼ ਮੰਨਦੇ ਹੋਏ ਹਰ ਨਾਗਰਿਕ ਨੂੰ ਨਸ਼ਿਆਂ ਖਿਲਾਫ ਲਾਮਬੰਦ ਹੋਣ ਦੀ ਲੋੜ ਹੈ ਤਾਂ ਜੋ ਕੋਈ ਵੀ ਗਲਤ ਅਨਸਰ ਸਾਡੇ ਬੱਚਿਆਂ ਨੂੰ ਬਹਿਲਾ ਕੇ ਨਸ਼ਿਆਂ ਦਾ ਆਦੀ ਨਾ ਬਣਾ ਸਕੇ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈ ਸਿੱ) ਡਾ. ਪਰਮਜੀਤ ਸਿੰਘ ਭੋਗਲ,ਗੁਰਪ੍ਰੀਤ ਕੌਰ,ਡਾ. ਅੰਗਰੇਜ ਸਿੰਘ,ਸੇਵਾ ਮੁਕਤ ਪ੍ਰਿੰਸੀਪਲ ਦਰਸ਼ਨ ਸਿੰਘ,ਬਲਜੀਤ ਸਿੰਘ,ਜ਼ਿਲ੍ਹਾ ਨੋਡਲ ਨਿਰਮਲ ਸਿੰਘ,ਡੀ ਆਰ ਸੀ ਨਵਨੀਤ ਕੱਕੜ,ਬੀ ਆਰ ਸੀ ਅਮਨਦੀਪ ਸਿੰਘ,ਕੇਵਲ ਸਿੰਘ,ਸੁਮਿਤ ਸਿੰਘ,ਸੋਨੀ ਸਿੰਗਲਾ,ਮੇਵਾ ਸਿੰਘ, ਤਰਨਦੀਪ ਸਿੰਘ,ਸੰਦੀਪ ਸਿੰਗਲਾ ਦੁਆਰਾ ਟਰੇਨਿੰਗ ਕਰਵਾਈ ਗਈ।

Monday, July 7, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਤੋਲਾਵਾਲ ਦੇ ਕਾਲਜ ਪੜ੍ਹਦੇ ਵਿਦਿਆਰਥੀ ਨੇ ਆਰਥਿਕ ਤੰਗੀ ਕਾਰਨ ਕੀਤੀ ਜੀਵਨ ਲੀਲ੍ਹਾ ਸਮਾਪਤ

ਪਿੰਡ ਤੋਲਾਵਾਲ ਦੇ ਕਾਲਜ ਪੜ੍ਹਦੇ ਵਿਦਿਆਰਥੀ ਨੇ ਆਰਥਿਕ ਤੰਗੀ ਕਾਰਨ ਕੀਤੀ ਜੀਵਨ ਲੀਲ੍ਹਾ ਸਮਾਪਤ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਨਜ਼ਦੀਕੀ ਪਿੰਡ ਤੋਲਾਵਾਲ ਦੇ ਇੱਕ ਕਾਲਜ ਪੜ੍ਹਦੇ ਵਿਦਿਆਰਥੀ ਵਲੋਂ ਘਰ ਦੀ ਆਰਥਿਕ ਤੰਗੀ ਕਾਰਨ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜ਼ਿੰਦਗੀ ਖਤਮ ਕਰ ਲੈਣ ਦੀ ਦੁਖਦਾਇਕ ਖਬਰ ਮਿਲੀ। ਮ੍ਰਿਤਕ ਨੌਜਵਾਨ ਇਕ ਬਹੁਤ ਛੋਟੇ ਕਿਸਾਨ ਦਾ ਪੁੱਤਰ ਸੀ। ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਦੱਸਿਆ ਕਿ ਪਿੰਡ ਤੋਲਾਵਾਲ ਦਾ ਮਨਜੀਤ ਸਿੰਘ (19 ਸਾਲ) ਪੁੱਤਰ ਗੁਰਜੰਟ ਸਿੰਘ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ 'ਚ ਬੀ ਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਪਰ ਘਰ ਵਿਚ ਆਰਥਿਕ ਤੰਗੀ ਹੋਣ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ।ਜਿਸ ਨੂੰ ਲੈ ਕੇ ਉਸ ਨੇ ਕੋਈ ਜਹਿਰਲੀ ਵਸਤੂ ਨਿਗਲ਼ ਲਈ। ਪਤਾ ਲੱਗਣ 'ਤੇ ਪਰਿਵਾਰ ਵਲੋਂ ਇਲਾਜ ਲਈ ਤੁਰੰਤ ਉਸ ਨੂੰ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ 'ਤੇ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Wednesday, July 2, 2025

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਡੀਈਓ ਮਾਨਸਾ ਮੰਜੂ ਬਾਲਾ ਨੇ ਕਲੱਸਟਰ ਗੁੜੱਦੀ ਦੇ ਚਾਰ ਸਕੂਲਾਂ ਦਾ ਕੀਤਾ ਨਿਰੀਖਣ

ਡੀਈਓ ਮਾਨਸਾ ਮੰਜੂ ਬਾਲਾ ਨੇ ਕਲੱਸਟਰ ਗੁੜੱਦੀ ਦੇ ਚਾਰ ਸਕੂਲਾਂ ਦਾ ਕੀਤਾ ਨਿਰੀਖਣ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ,ਭਾਦੜਾ, ਬੀਰੋਕੇ ਕਲਾਂ ਅਤੇ ਗੁੜੱਦੀ ਦਾ ਨਿਰੀਖਣ ਕੀਤਾ ਗਿਆ।ਉਹਨਾ ਉਕਤ ਸਕੂਲਾਂ ਦੀਆਂ ਪ੍ਰੀ-ਪਾ੍ਇਮਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਜਮਾਤਾਂ ਦਾ ਨਿਰੀਖਣ ਕੀਤਾ,ਮਿਸ਼ਨ ਸਮਰੱਥ, ਐਫਐਲਐਨ ਪ੍ਰੋਜੈਕਟਾਂ ਸਬੰਧੀ ਵੀ ਗੱਲਬਾਤ ਕੀਤੀ।ਮਿਡ ਡੇ ਮੀਲ ਦੀ ਵੀ ਜਾਂਚ ਕੀਤੀ ਗਈ। ਸਕੂਲਾਂ ਦੇ ਸਮੁੱਚੇ ਰਿਕਾਰਡ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਮੂਹ ਸਕੂਲ ਮੁਖੀਆਂ ਤੇ ਸਟਾਫ ਨੂੰ ਵਿਭਾਗੀ ਹਦਾਇਤਾਂ ਵੀ ਜਾਰੀ ਕੀਤੀਆਂ।ਉਹਨਾਂ ਵੱਲੋਂ ਬੱਚਿਆਂ ਨਾਲ ਛੁੱਟੀਆਂ ਦੇ ਕੰਮ ਸਬੰਧੀ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਉਹ ਮਨ ਲਗਾ ਕੇ ਪੜ੍ਹਾਈ ਕਰਨ। ਉਹਨਾਂ ਵੱਖ ਵੱਖ ਜਮਾਤਾਂ ਵਿੱਚ ਜਾ ਕੇ ਬੱਚਿਆਂ ਦੀ ਸਿੱਖਣ ਕਾਬਲੀਅਤ ਦਾ ਵੀ ਨਿਰੀਖਣ ਕੀਤਾ।ਇਸ ਮੌਕੇ ਗਗਨਦੀਪ ਸ਼ਰਮਾ,ਸੀ.ਐਚ.ਟੀ. ਰਾਮਪਾਲ ਸਿੰਘ,ਸੰਦੀਪ ਕੁਮਾਰ ਸਕੂਲ ਮੁਖੀ ਦੋਦੜਾ,ਰਾਜਵਿੰਦਰ ਕੌਰ ਸਕੂਲ ਮੁਖੀ ਭਾਦੜਾ,ਕਸ਼ਮੀਰ ਸਿੰਘ ਸਕੂਲ ਮੁਖੀ ਬੀਰੋਕੇ ਕਲਾਂ,ਸਰਕਾਰੀ ਹਾਈ ਸਕੂਲ ਦੇ ਮੁਖੀ ਅਮਨਦੀਪ ਸਿੰਘ ਔਲਖ ਤੋਂ ਇਲਾਵਾ ਉਕਤ ਸਕੂਲਾਂ ਦਾ ਸਟਾਫ਼ ਹਾਜ਼ਰ ਸੀ।