ਕਲਗੀਧਰ ਟਰੱਸਟ ਵੱਲੋਂ ਹੜ੍ਹ ਦੀ ਚਪੇਟ ਵਿੱਚ ਆਉਂਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਪਿਛਲੇ ਕਈ ਦਿਨਾਂ ਤੋਂ ਰਾਵੀ ਦਰਿਆ ਦੇ ਬੰਨ੍ਹ ਟੁੱਟਣ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹ ਆਏ ਹੋਏ ਹਨ।ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਹੜ੍ਹ ਵਾਲ਼ੀ ਸਥਿਤੀ ਬਣੀ ਹੋਈ ਹੈ,ਉਸੇ ਤਹਿਤ ਗੁਰਦਾਸਪੁਰ,ਪਠਾਨਕੋਟ,ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ। ਜਿਸ ਤਰ੍ਹਾਂ ਬੀਤੇ ਸਮੇ ਵਿੱਚ ਹੜ੍ਹ ਦੀ ਚਪੇਟ ਵਿੱਚ ਆਏ ਪਿੰਡਾਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਇਹਨਾਂ ਪਿੰਡਾਂ ਵਿੱਚੋਂ ਕੱਲ੍ਹ 150 ਤੋਂ ਵੱਧ ਵਿਅਕਤੀਆਂ ਛੋਟੇ ਮਾਲ ਪਸ਼ੂਆ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਇਹ ਟੀਮ ਸਥਾਨਕ ਲੋਕਾਂ ਦੀਆ ਜ਼ਰੂਰਤਾਂ ਪੂਰੀਆਂ ਕਰਨ ਨੂੰ ਪੁੱਜੀ ਪਹਿਲੀ ਟੀਮ ਹੈ, ਜੋ ਲੰਗਰ ਦੇ ਨਾਲ-ਨਾਲ ਅਤੇ 50 ਮੈਡੀਕਲ ਕਿਟਾ ਅਤੇ ਡਾਕਟਰ ਨੂੰ ਨਾਲ ਲੈ ਕੇ 20 ਮਰੀਜਾਂ ਦਾ ਅਲੱਗ-ਅਲੱਗ ਡੇਰਿਆਂ 'ਚ ਜਾ ਕੇ ਚੈੱਕਅੱਪ ਕਰਵਾਇਆ ਗਿਆ।ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਭਰ ਜਾਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਟਰੱਸਟ ਵੱਲੋ ਰਾਹਤ ਕਿੱਟਾਂ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਹੜ੍ਹ-ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਓਹਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 1000 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।ਇਥੇ ਜਿਕਰਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਿੱਦਿਅਕ ਖੇਤਰ ਦੇ ਨਾਲ-ਨਾਲ ਜਦੋ ਵੀ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ ਆਈ ਹੈ ਤਾਂ ਟਰੱਸਟ ਦੇ ਸੇਵਾਦਾਰਾਂ ਨੇ ਮੱਦਦ ਲਈ ਅੱਗੇ ਹੋ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ।
