ਬੀਪੀਈਓ ਦਾ ਮੁੜ ਜ਼ਿਲ੍ਹਾ ਕਾਡਰ ਬਣਾਇਆ ਜਾਵੇ : ਰਾਕੇਸ਼ ਗੋਇਲ ਬਰੇਟਾ
ਬਲਾਕ ਸਿੱਖਿਆ ਅਫਸਰ ਜ਼ਿਲ੍ਹਾ ਪੱਧਰੀ ਸੀਨੀਅਰਤਾ ਅਨੁਸ਼ਾਰ ਹੋਣ ਪ੍ਰਮੋਟ : ਅਮਨਦੀਪ ਸ਼ਰਮਾ
ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦਾ ਇੱਕ ਵਫਦ ਸੂਬਾ ਜੋਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਦੀ ਅਗਵਾਈ ਵਿੱਚ ਵਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੀ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਮੁੜ ਜ਼ਿਲ੍ਹਾ ਕਾਡਰ ਬਣਾਏ ਜਾਣ ਦੀ ਮੰਗ ਰੱਖਣ ਲਈ ਮਿਲਿਆ।ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਗੋਇਲ ਬਰੇਟਾ ਸੂਬਾ ਸਕੱਤਰ ਨੇ ਦੱਸਿਆ ਕਿ ਮੁੱਢ ਤੋਂ ਹੀ ਪ੍ਰਾਇਮਰੀ ਦੇ ਸਾਰੇ ਕਾਡਰ ਜਿਲਾ ਕਾਡਰ ਹਨ ਪਰੰਤੂ ਫਰਵਰੀ 2020 'ਚ ਵਿਭਾਗ ਵੱਲੋਂ ਬੀਪੀਈਓ ਦਾ ਕਾਡਰ ਜ਼ਿਲ੍ਹਾ ਤੋਂ ਸਟੇਟ ਕਾਡਰ ਬਣਾ ਦਿੱਤਾ ਸੀ। ਜਿਸ ਦੇ ਆਧਾਰ ਤੇ ਸੈਂਟਰ ਹੈਡ ਟੀਚਰ ਦੀ ਸੀਨੀਆਰਤਾ ਸੂਚੀ ਸਟੇਟ ਪੱਧਰੀ ਬਣਾ ਕੇ ਮਈ 2021 ਤੋਂ ਲਗਾਤਾਰ ਬੀਪੀਈਓ ਦੀਆਂ ਸਟੇਟ ਪੱਧਰੀ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ। ਵੱਡੀ ਗਿਣਤੀ ਵਿੱਚ ਪ੍ਰਮੋਸ਼ਨਾਂ ਕਰਨ ਦੇ ਬਾਵਜੂਦ ਵੀ ਲਗਭਗ 15 ਤੋਂ 16 ਜਿਲਿਆਂ ਵਿੱਚ ਅਜੇ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਅਸਾਮੀਆਂ 60 ਤੋਂ 70% ਅਸਾਮੀਆਂ ਖਾਲੀ ਹਨ।ਇਸ ਸਬੰਧੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੀ ਸਰਕਾਰ ਦੁਆਰਾ 2020 ਵਿੱਚ ਪ੍ਰਿੰਸੀਪਲ ਦੇ ਤਰੱਕੀ ਰੂਲਾਂ ਵਿੱਚ ਵੀ ਸੋਧ ਕਰਨ ਕਾਰਣ ਪ੍ਰਮੋਸ਼ਨ ਚੈਨਲ ਵਿੱਚ ਖੜੋਤ ਆ ਗਈ ਸੀ ਅਤੇ ਜਿਸ ਨੂੰ ਦਰੁਸਤ ਕਰਨ ਲਈ ਮੌਜੂਦਾ ਸਰਕਾਰ ਨੇ ਜਿਸ ਤਰ੍ਹਾਂ ਸਲਾਘਾਯੋਗ ਕਦਮ ਉਠਾਉਂਦੇ ਹੋਏ ਉਹ ਰੂਲ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਪ੍ਰਿੰਸੀਪਲ ਦੇ ਰੂਲਜ਼ ਦੀ ਤਰ੍ਹਾਂ ਹੀ ਬੀਪੀਈਓ ਦੇ ਸਟੇਟ ਕਾਡਰ ਦੇ ਰੂਲਜ਼ ਵਿੱਚ ਸੋਧ ਕਰਕੇ ਵਾਪਸ ਜਿਲਾ ਕਾਡਰ ਬਣਾਇਆ ਜਾਵੇ ਤਾਂ ਜੋ ਪ੍ਰਾਇਮਰੀ ਕਾਡਰ ਦੇ ਪ੍ਰਮੋਸ਼ਨ ਚੈਨਲ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕੇ। ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਸਟੇਟ ਕਾਡਰ ਨਾਲ 25-25 30-30 ਸਾਲ ਸਰਵਿਸ ਕਰ ਚੁੱਕੇ ਸੀ ਐਚ ਟੀ ਦੀ ਪ੍ਰਮੋਸ਼ਨ ਡਿਊ ਹੋਣ ਦੇ ਬਾਵਜੂਦ ਵੀ ਪ੍ਰਮੋਸ਼ਨ ਨਾ ਹੋਣ ਕਾਰਨ ਉਹਨਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਕਿਉਂਕਿ ਜੇਕਰ ਸਟੇਟ ਕਾਡਰ ਰਹਿੰਦਾ ਹੈ ਤਾਂ ਸੈਂਕੜੇ ਸੀ ਐਚ ਟੀਜ਼ ਦਾ ਪ੍ਰਮੋਸ਼ਨ ਦਾ ਬਣਦਾ ਹੱਕ ਮਾਰਿਆ ਜਾਵੇਗਾ ਅਤੇ ਜਿੰਨੇ ਕੁ ਪ੍ਰਮੋਟ ਹੋਣਗੇ, ਉਹਨਾਂ ਨੂੰ ਆਪਣੇ ਘਰ ਤੋਂ ਬਹੁਤ ਦੂਰ-ਦੁਰਾਡੇ ਜਿਲਿਆਂ ਵਿੱਚ ਜਾਣਾ ਪਵੇਗਾ ਜਿਸ ਨਾਲ ਉਨਾ ਦੇ ਕੰਮ ਵਿੱਚ ਉਨੀ ਕਾਰਜ ਕੁਸ਼ਲਤਾ ਨਹੀਂ ਆਵੇਗੀ। ਜਿਸ ਦਾ ਸਿੱਖਿਆ ਵਿਭਾਗ ਨੂੰ ਵੱਡਾ ਨੁਕਸਾਨ ਹੋਵੇਗਾ।ਸੂਬਾ ਸਕੱਤਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26.6.2025 ਨੂੰ ਸਕੱਤਰ ਸਕੂਲੀ ਸਿੱਖਿਆ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਜੀ ਨਾਲ ਹੋਈ ਮੀਟਿੰਗ ਵਿੱਚ ਵੀ ਬੀਪੀਈਓ ਦਾ ਜਿਲਾ ਕਾਡਰ ਬਣਾਉਣ ਸਬੰਧੀ ਵਿਸਥਾਰ ਪੂਰਵਕ ਚਰਚਾ ਹੋਈ ਸੀ। ਉਸ ਮੀਟਿੰਗ ਵਿੱਚ ਜਥੇਬੰਦੀ ਦੀ ਬੀਪੀਈਓ ਦਾ ਜਿਲਾ ਕਾਡਰ ਬਣਾਏ ਜਾਣ ਦੀ ਮੰਗ ਦਾ ਪ੍ਰਾਇਮਰੀ ਕਾਡਰ ਦੀਆਂ ਲਗਭਗ ਸਾਰੀਆਂ ਹੀ ਹਾਜ਼ਰ ਜਥੇਬੰਦੀਆਂ ਵੱਲੋਂ ਵੀ ਜ਼ੋਰਦਾਰ ਸਮਰਥਨ ਕੀਤਾ ਗਿਆ ਸੀ ਅਤੇ ਸਕੱਤਰ ਮੈਮ ਤੋਂ ਸੋਧੇ ਜਾਣ ਵਾਲੇ ਰੂਲਜ਼ ਵਿੱਚ ਬੀਪੀਈਓ ਦੇ ਜਿਲਾ ਕਾਡਰ ਬਣਾਏ ਜਾਣ ਦੀ ਪੁਰਜੋਰ ਸਿਫਾਰਿਸ਼ ਕੀਤੀ ਸੀ। ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਇਸ ਮੰਗ ਨੂੰ ਕੈਬਨਿਟ ਵਿੱਚ ਪੂਰੇ ਜ਼ੋਰ ਨਾਲ ਰੱਖਣਗੇ।ਇਸ ਮੌਕੇ ਪਰਗਟ ਸਿੰਘ ਬਖਸ਼ੀਵਾਲਾ,ਰਜਿੰਦਰ ਸਿੰਘ ਚੂੜਲ ਖੁਰਦ,ਅਮਿਤ ਕੁਮਾਰ ਲਹਿਰਾਗਾਗਾ,ਕਿਰਨਪਾਲ ਗਾਗਾ ਆਦਿ ਹਾਜ਼ਰ ਸਨ।
