Tuesday, April 23, 2024

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪੀ.ਐਫ.ਐਮ‌.ਐਸ. ਦੇ ਪੈਸੇ ਸਕੂਲਾਂ ਨੂੰ ਤੁਰੰਤ ਵਾਪਸ ਕਰਨ ਦੀ ਮੰਗ : ਅਮਨਦੀਪ ਸ਼ਰਮਾ

ਪੀ.ਐਫ.ਐਮ‌.ਐਸ. ਦੇ ਪੈਸੇ ਸਕੂਲਾਂ ਨੂੰ ਤੁਰੰਤ ਵਾਪਸ ਕਰਨ ਦੀ ਮੰਗ : ਅਮਨਦੀਪ ਸ਼ਰਮਾ

ਗਰੈਜੂਏਟ ਸੈਰੇਮਨੀ ,ਸਕੂਲ ਗਰਾਂਟ ,ਐਫਐਲਐਨ ਕਿੱਟ ਅਤੇ ਵੱਖ ਵੱਖ ਗਰਾਂਟਾਂ ਦਾ ਪੈਸਾ ਲਿਆ ਗਿਆ ਸੀ ਵਾਪਸ : ਜਸ਼ਨਦੀਪ ਕੁਲਾਣਾ

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਮਾਰਚ ਮਹੀਨੇ ਪੰਜਾਬ ਭਰ ਦੇ ਸਕੂਲਾਂ ਵਿੱਚੋਂ ਪੀਐਫਐਸ ਰਾਹੀਂ ਵਾਪਸ ਲਏ ਗਏ ਪੈਸਿਆਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਆਂ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਉਪ ਪ੍ਰਧਾਨ ਜਸ਼ਨਦੀਪ ਸਿੰਘ ਕਲਾਣਾ ਨੇ ਕਿਹਾ ਕਿ ਸਕੂਲਾਂ ਨੇ ਵੱਖ-ਵੱਖ ਦੁਕਾਨਾਂ ਤੋਂ ਸਮਾਨ ਪਹਿਲਾਂ ਹੀ ਖਰੀਦ ਲਿਆ ਹੈ ਅਤੇ ਉਹਨਾਂ ਦਾ ਭੁਗਤਾਨ ਅਜੇ ਤੱਕ ਪੈਂਡਿੰਗ ਹੈ।ਉਨਾਂ ਕਿਹਾ ਕਿ ਪੈਸੇ ਨਾ ਮਿਲਣ ਕਾਰਨ ਦੁਕਾਨਦਾਰ ਵੀ ਸਕੂਲ ਮੁਖੀਆਂ ਨੂੰ ਲਗਾਤਾਰ ਫੋਨ ਕਰ ਰਹੇ ਹਨ।ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਦੱਸਿਆ ਕਿ ਪੰਜਾਬ ਭਰ ਦੇ ਪ੍ਰਾਇਮਰੀ, ਅਪਰ ਪ੍ਰਾਇਮਰੀ ਸਕੂਲਾਂ ਦੇ ਕਰੋੜਾਂ ਰੁਪਏ ਮਾਰਚ ਮਹੀਨੇ ਖਾਤਿਆਂ ਵਿੱਚੋਂ ਵਾਪਸ ਲੈ ਲਏ ਗਏ ਸਨ ਜਿਨਾਂ ਨੂੰ ਤੁਰੰਤ ਸਕੂਲਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਸਏਐਸ ਸਕੂਲ ਚੀਮਾ 'ਚ 11ਵੀਂ ਜਮਾਤ ਦੀਆਂ ਵੱਖ-ਵੱਖ ਸਟਰੀਮਾਂ ਦੇ ਦਾਖਲੇ ਸ਼ੁਰੂ

ਐਸਏਐਸ ਸਕੂਲ ਚੀਮਾ 'ਚ 11ਵੀਂ ਜਮਾਤ ਦੀਆਂ ਵੱਖ-ਵੱਖ ਸਟਰੀਮਾਂ ਦੇ ਦਾਖਲੇ ਸ਼ੁਰੂ 


ਸੰਸਥਾ ਨੇ ਸਫਲਤਾ ਪੂਰਵਕ ਪੂਰੇ ਕੀਤੇ 25 ਸਾਲ : ਪ੍ਰਿੰਸੀਪਲ ਵਿਕਰਮ ਸ਼ਰਮਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਜਨਮ ਨਗਰੀ ਚੀਮਾ ਮੰਡੀ ਵਿਖੇ ਸੰਨ 1999 ਤੋਂ ਸਥਾਪਿਤ ਇਸ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਅਤਰ ਸਿੰਘ (ਐਸਏਐਸ) ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਵਿਖੇ ਸੈਸ਼ਨ 2024-25 ਦੇ ਦਾਖਲੇ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਸਕੂਲ ਦੇ ਸੰਸਥਾਪਕ ਤੇ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਹ ਸੰਸਥਾ ਦੀ ਸਿਲਵਰ ਜੁਬਲੀ ਮਨਾ ਚੁੱਕੇ ਹਨ,ਇਸ ਦੌਰਾਨ ਸੰਸਥਾ ਦਾ ਸਫਰ ਬਹੁਤ ਹੀ ਸਫਲਤਾ ਪੂਰਵਕ ਰਿਹਾ।ਉਹਨਾ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ,ਖੇਡਾਂ,ਸੱਭਿਆਚਾਰਕ ਤੇ ਹੋਰ ਖੇਤਰਾਂ ਵਿੱਚ ਹਮੇਸ਼ਾ ਅੱਛਾ ਰੋਲ਼ ਅਦਾ ਕਰ ਕੇ ਉਹਨਾਂ ਦੀ ਸੰਸਥਾ ਨੂੰ ਮੋਹਰੀ ਸਫਾਂ ਵਿੱਚ ਰੱਖਿਆ ਹੈ।ਉਹਨਾਂ ਦੱਸਿਆ ਕਿ ਇੱਥੇ ਲਗਭਗ 40 ਪਿੰਡਾਂ ਦੇ 1200 ਦੇ ਕਰੀਬ ਵਿਦਿਆਰਥੀ ਵਿੱਦਿਆ ਹਾਸਿਲ ਕਰ ਰਹੇ ਹਨ।ਇਸ ਵੇਲੇ 11ਵੀਂ ਜਮਾਤ ਲਈ ਮੈਡੀਕਲ,ਨਾਨ-ਮੈਡੀਕਲ,ਕਾਮਰਸ ਅਤੇ ਆਰਟਸ ਗਰੁੱਪ ਲਈ ਦਾਖਲਾ ਸਫਲਤਾਪੂਰਵਕ ਚੱਲ ਰਿਹਾ ਹੈ।ਉਹਨਾਂ ਦੱਸਿਆ ਕਿ ਜਿਥੇ ਕਾਮਰਸ ਗਰੁੱਪ ਵਿੱਚ ਸੰਸਥਾ ਦੇ ਵਿਦਿਆਰਥੀ ਬਿਨ੍ਹਾਂ ਟਿਉਸ਼ਨ ਰੱਖੇ 97 ਫ਼ੀਸਦ ਤੱਕ ਅੰਕ ਹਾਸਿਲ ਕਰ ਚੁਕੇ ਹਨ,ਉਥੇ ਹੀ ਮੈਡੀਕਲ,ਨਾਨ ਮੈਡੀਕਲ,ਅਰਟਸ ਤੇ ਇੰਟਰ-ਆਰਟਸ ਗਰੁੱਪ ਦੇ ਵਿਦਿਆਰਥੀ ਵੀ ਵਧੀਆ ਅੰਕ ਹਾਸਿਲ ਕਰਕੇ ਸੰਸਥਾ ਦਾ ਨਾਂ ਰੋਸ਼ਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸੰਸਥਾ ਦੀ ਵਿਲੱਖਣਤਾ ਇਹ ਹੈ ਕਿ ਜਿਹੜੇ ਵਿਦਿਆਰਥੀ ਇੱਥੇ ਪੜ੍ ਕੇ ਗਏ ਹਨ,ਉਹਨਾਂ ਦੇ ਬੱਚੇ ਵੀ ਵਿਦਿਆਰਥੀਆਂ ਦੇ ਰੂਪ ਵਿੱਚ ਇਸੇ ਸੰਸਥਾ ਤੋਂ ਵਿੱਦਿਆ ਹਾਸਲ ਕਰ ਰਹੇ ਹਨ ਜੋ ਕਿ ਸੰਸਥਾ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ। ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਸੰਸਥਾ 'ਚ ਵਿੱਦਿਆ ਪ੍ਰਾਪਤ ਕਰਕੇ ਗਏ ਬਹੁਤ ਸਾਰੇ ਵਿਦਿਆਰਥੀ ਵਿਦੇਸ਼ਾਂ ਵਿੱਚ ਵੀ ਸੇਵਾਵਾਂ ਨਿਭਾ ਰਹੇ ਹਨ।






ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਿਸ਼ਨ ਸਮਰੱਥ ਨੂੰ ਲੈ ਕੇ ਬੱਚਿਆਂ ਦੇ ਰੂ-ਬ-ਰੂ ਹੋਏ ਜ਼ਿਲਾ ਕੋਆਰਡੀਨੇਟਰ -ਅੰਮ੍ਰਿਤਵੀਰ ਸਿੰਘ

ਮਿਸ਼ਨ ਸਮਰੱਥ ਨੂੰ ਲੈ ਕੇ ਬੱਚਿਆਂ ਦੇ ਰੂ-ਬ-ਰੂ ਹੋਏ ਜ਼ਿਲਾ ਕੋਆਰਡੀਨੇਟਰ -ਅੰਮ੍ਰਿਤਵੀਰ ਸਿੰਘ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਿਸ਼ਨ ਸਮਰੱਥ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਅੰਮ੍ਰਿਤਵੀਰ ਸਿੰਘ ਨੇ ਕਿਹਾ ਕਿ ਇਸ ਤਹਿਤ ਵਿਦਿਆਰਥੀਆਂ ਦੇ ਤਿੰਨ ਵੱਖ-ਵੱਖ ਲੈਵਲ ਬਣਾਏ ਗਏ ਹਨ ਜਿਸ ਵਿੱਚ ਪੰਜਾਬੀ ,ਅੰਗਰੇਜ਼ੀ ਅਤੇ ਗਣਿਤ ਵਿਸ਼ੇ ਨੂੰ ਸ਼ਾਮਿਲ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਇਹ ਮਿਸ਼ਨ ਦੂਜੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਸਿਰਫ ਦੋ ਮਹੀਨਿਆਂ ਲਈ ਚਲਾਇਆ ਗਿਆ ਹੈ। ਉਨਾਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਬੋਲਦਿਆਂ ਸਕੂਲ ਦੇ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਵਿਦਿਆਰਥੀਆਂ ਨੂੰ ਮੁਢਲੇ ਕਨਸੈਪਟ ਜਿਸ ਤਰ੍ਹਾਂ ਭਾਗ, ਗੁਣਾ, ਜੋੜ, ਘਟਾਓ ਕਹਾਣੀ ਨੂੰ ਪੜਨਾ ਲੈਵਲਾਂ ਅਨੁਸਾਰ ਵੰਡਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੁਢਲਾ ਗਿਆਨ ਮੁਹਈਆ ਕਰਵਾਇਆ ਜਾ ਸਕੇ।ਮਿਸ਼ਨ ਸਮਰੱਥ ਦੇ ਪੰਜਾਬੀ ਭਾਸ਼ਾ ਦੇ ਸਟੇਟ ਰਿਸੋਰਜ ਪਰਸਨ ਦਿਨੇਸ਼ ਰਿਸ਼ੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੂੰ ਪੰਜਾਬੀ ਭਾਸ਼ਾ ਦੇ ਮੁਢਲੇ ਸੰਕਲਪ ਜਿਸ ਵਿੱਚ ਪੈਰਾ, ਕਹਾਣੀ, ਸ਼ਬਦ,ਵਾਕ ਵਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਉਹਨਾਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਲਿਖਣ ਅਤੇ ਪੜਨ ਸਬੰਧੀ ਵੀ ਪ੍ਰੇਰਿਤ ਕੀਤਾ।ਇਸ ਸਮੇਂ ਟੇਨੂ ਬਾਲਾ, ਗੁਰਪ੍ਰੀਤ ਕੌਰ ,ਮਨਜੀਤ ਕੌਰ, ਮਨਪ੍ਰੀਤ, ਪ੍ਰੀਤੀ ਅਰੋੜਾ, ਮੰਜੂ ਸ਼ਰਮਾ, ਬੀਰਪਾਲ,ਮੋਨਿਕਾ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਸ੍ਰੀ ਹਨੂੰਮਾਨ ਜੈਯੰਤੀ ਸ਼ਰਧਾ ਨਾਲ ਮਨਾਈ

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਸ੍ਰੀ ਹਨੂੰਮਾਨ ਜੈਯੰਤੀ ਸ਼ਰਧਾ ਨਾਲ ਮਨਾਈ

 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਸ੍ਰੀ ਹਨੂੰਮਾਨ ਜੈਯੰਤੀ ਸ਼ਰਧਾ ਨਾਲ ਮਨਾਈ। ਸਵੇਰ ਦੀ ਸਭਾ ਵਿੱਚ ਸਰਸਵਤੀ ਵੰਦਨਾਂ ਤੋਂ ਬਾਅਦ ਬੱਚਿਆਂ ਵਲੋਂ ਹਨੂੰਮਾਨ ਜੀ ਦੀ ਜੀਵਨੀ ਵਰਤਾਂਤ ਨੂੰ ਦਰਸਾਉਂਦੇ ਹੋਏ ਕਹਾਣੀ,ਕਵਿਤਾ,ਦੋਹੇ,ਚੌਪਈਆਂ ਅਤੇ ਭਜਨ ਪੇਸ਼ ਕੀਤੇ।ਇਸ ਤੋਂ ਬਾਅਦ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।ਪ੍ਰਿੰਸੀਪਲ ਸੰਜੀਵ ਕੁੁਮਾਰ ਨੇ ਬੱਚਿਆਂ ਨੂੰ ਸ੍ਰੀ ਹਨੂੰਮਾਨ ਜੀ ਦੇ ਚਰਿੱਤਰ ਤੋਂ ਭਗਤੀ,ਸੇਵਾ,ਸਵਾਮੀ-ਭਗਤੀ,ਵਫਾਦਾਰੀ ਆਦਿ ਗੁੁਣ ਸਿੱਖਣ ਲਈ ਪ੍ਰੇਰਿਤ ਕੀਤਾ।ਇਸ ਆਨੰਦ ਮਈ ਵਿਸੇਸ਼ ਸਭਾ ਦਾ ਅੰਤ ਭਜਨ ਨਾਲ ਕੀਤਾ।ਸਮਾਗਮ ਦੌਰਾਨ ਮੈਥ ਉਲੰਪੀਅਡ ਵਿੱਚ ਸਕੂਲ ਦੇ  ਵਿਦਿਆਰਥੀਆਂ ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਲੋਬਲ ਸਕੂਲ ਵਿਖ਼ੇ ਵਿਸ਼ਵ ਧਰਤੀ ਦਿਵਸ ਮਨਾਇਆ


ਦਿ ਰੌਇਲ ਗਲੋਬਲ ਸਕੂਲ ਵਿਖ਼ੇ ਵਿਸ਼ਵ ਧਰਤੀ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਗਲੋਬਲ ਵਾਰਮਿੰਗ ਦੇ ਵਧਦੇ ਖਤਰਿਆਂ ਤੋਂ ਜਾਣੂ ਕਰਵਾਉਣ ਅਤੇ ਧਰਤੀ ਮਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਸਬੰਧ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ।ਸਵੇਰ ਦੀ ਸਭਾ ਦਾ ਥੀਮ ਵਿਸ਼ਵ ਧਰਤੀ ਦਿਵਸ ਰੱਖਿਆ ਗਿਆ। ਸਕੂਲ ਅਧਿਆਪਕਾ ਸੁਨੀਤਾ ਨੇ ਵਿਦਿਆਰਥੀਆਂ ਨੂੰ ਧਰਤੀ ਦੇ ਬਚਾਓ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਧਰਤੀ ਵਾਤਾਵਰਣ ਅਤੇ ਜੀਵ ਸੁਰੱਖਿਆ ਸਬੰਧੀ ਅਤੇ ਪ੍ਰਦੂਸ਼ਣ ਰੋਕੋ ਬਾਰੇ ਚਾਰਟ ਬਣਾਏ। ਸਕੂਲ ਦੇ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨਾਲ ਮਿਲ ਕੇ ਸਕੂਲ ਵਿੱਚ ਪੌਦੇ ਲਗਾਏ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਸਾਡੀ ਮਾਂ ਹੈ ਤੇ ਇਸ ਦੀ ਰੱਖਿਆ ਕਰਨਾ ਸਾਡੇ ਜੀਵਨ ਦਾ ਪਹਿਲਾ ਕਰਮ ਹੈ। ਪੌਦੇ ਲਗਾਉਣ ਦੀ ਮੁਹਿੰਮ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਧਰਤੀ,ਪਾਣੀ ਅਤੇ ਹਵਾ ਦੀ ਸੰਭਾਲ ਕਰਨ ਅਤੇ ਜੀਵ-ਜੰਤੂਆ ਪ੍ਰਤੀ ਸਨੇਹ ਦੀ ਭਾਵਨਾ ਰੱਖਣ ਦਾ ਸੰਦੇਸ਼ ਦਿੱਤਾ। ਧਰਤੀ 'ਤੇ ਕੁਦਰਤੀ ਸਰੋਤ ਜਿਵੇਂ ਪੀਣ ਯੋਗ ਪਾਣੀ,ਕੋਇਲਾ, ਪੈਟਰੋਲ ਬਹੁਤ ਹੀ ਸੀਮਤ ਮਾਤਰਾ ਵਿੱਚ ਹਨ। ਮਨੁੱਖ ਨੂੰ ਇਹਨਾਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲ਼ੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਉਹਨਾਂ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਕਿ ਉਹ ਆਪਣੇ ਘਰਾਂ ਅਤੇ ਚੌਗਿਰਦੇ ਵਿੱਚ ਫੁੱਲਦਾਰ ਅਤੇ ਫ਼ਲਦਾਰ ਬੂਟੇ ਲਗਾਉਣ। ਇਸ ਸਮੇਂ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਸਨ।


Monday, April 22, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤਿਆ ਕਰਮ ਸਿੰਘ

ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤਿਆ ਕਰਮ ਸਿੰਘ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਵਿਖੇ ਬਤੌਰ ਈਜੀਐਸ ਵਲੰਟੀਅਰ ਵਜੋਂ ਨਿਯੁਕਤ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਕਰਮ ਸਿੰਘ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤ ਗਿਆ ਹੈ। ਦੱਸਣ ਯੋਗ ਹੈ ਕਿ ਕਰਮ ਸਿੰਘ 2003 ਵਿੱਚ ਬਤੌਰ ਈਜੀਅਸ ਵਲੰਟੀਅਰ ਭਰਤੀ ਹੋਇਆ ਸੀ ਜਿਸ ਨੇ ਬਾਅਦ ਵਿੱਚ ਈਟੀਟੀ ਦੀ ਡਿਗਰੀ ਵੀ ਹਾਸਲ ਕੀਤੀ।ਫਰਵਰੀ 2014  ਵਿੱਚ ਉਸ ਦੀ ਨਿਯੁਕਤੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੀਤੀ ਗਈ ਜਿੱਥੇ ਕਿ ਉਹ ਸੇਵਾ ਨਿਭਾਉਂਦਿਆਂ ਲੰਘੀ 29 ਫਰਵਰੀ ਨੂੰ ਸੇਵਾ ਮੁਕਤ ਹੋ ਗਿਆ। ਭਾਵੇਂ ਕਿ ਉਸ ਨੂੰ ਉਮੀਦ ਸੀ ਕਿ ਬਾਕੀ ਮੁਲਾਜ਼ਮਾਂ ਵਾਂਗ ਅਪਾਹਜ ਹੋਣ ਕਾਰਨ ਦੋ ਸਾਲ ਦਾ ਵਾਧਾ ਮਿਲ ਜਾਵੇਗਾ ਪਰ ਉਸਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਉਸ ਦੀ ਇਹ ਉਮੀਦ ਪੂਰੀ ਨਾ ਹੋ ਸਕੀ।ਵਿਭਾਗ ਵੱਲੋਂ ਉਹਨਾਂ ਨੂੰ ਰਿਟਾਇਰਮੈਂਟ 'ਤੇ ਕੋਈ ਬਣਦਾ ਸਨਮਾਨ ਜਾਂ ਕੋਈ  ਵੀ ਮਾਣ ਭੱਤਾ ਨਹੀਂ ਦਿੱਤਾ ਗਿਆ। ਵਾਧਾ ਮਿਲਣ ਦੀ ਉਮੀਦ ਨਾਲ ਉਸ ਨੇ ਸਕੂਲ ਸਟਾਫ ਤੋਂ ਵਿਦਾਇਗੀ ਪਾਰਟੀ ਵੀ ਨਹੀਂ ਲਈ ਸੀ।ਸਿੱਖਿਆ ਵਿਭਾਗ ਵਿੱਚ ਕੱਚਾ ਮੁਲਾਜ਼ਮ ਹੋਣ ਦੇ ਕਾਰਨ ਉਸ ਦੀ ਨੌਕਰੀ ਦੀ ਵਾਧੇ ਵਾਲੀ ਰੀਝ ਪੂਰੀ ਨਾ ਹੋ ਸਕੀ,ਜਿਸ ਕਰਕੇ ਲੰਘੇ ਦਿਨੀਂ ਸਕੂਲ ਸਟਾਫ ਵੱਲੋਂ ਉਸ ਨੂੰ ਆਪਣੇ ਤੌਰ 'ਤੇ ਸੋਨੇ ਦੀ ਮੁੰਦੀ ਪਾ ਕੇ ਸਨਮਾਨਿਤ ਕੀਤਾ।ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਵੱਲੋਂ ਕਰਮ ਸਿੰਘ ਨੂੰ ਸਕੂਲ ਵਿੱਚ ਆਪਣੇ ਪੱਧਰ 'ਤੇ ਹੀ ਵਿਦਾਇਗੀ ਪਾਰਟੀ ਦਿੱਤੀ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਅਨੇਕਾਂ ਦੁੱਖ,ਦਰਦ ਅਤੇ ਚੀਸਾਂ ਅਪਣੇ ਦਿਲ 'ਚ ਸਮੇਟ ਕੇ ਕਰਮ ਸਿੰਘ ਸਕੂਲ ਤੇ ਸਿੱਖਿਆ ਵਿਭਾਗ ਨੂੰ ਅਲਵਿਦਾ ਕਹਿ ਖਾਲੀ ਹੱਥ ਘਰ ਪਰਤ ਗਿਆ।ਸਕੂਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਬਹੁਤ ਹੀ ਜ਼ਿਆਦਾ ਮਿਹਨਤੀ ਇਨਸਾਨ ਹੈ। ਉਹਨਾਂ ਵੱਲੋਂ ਸਕੂਲ ਨੂੰ ਦਿੱਤੀਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਇੱਥੇ ਦੱਸਣਾ ਬਣਦਾ ਹੈ ਕਿ ਉਕਤ ਕੈਟਾਗਰੀ ਦੇ ਕਰਮਚਾਰੀਆਂ ਨੂੰ 2014 ਤੋਂ 2019 ਤੱਕ ਪ੍ਰਤੀ ਮਹੀਨਾ 5000 ਤਨਖਾਹ ਮਿਲਦੀ ਰਹੀ ਜਦਕਿ 2019 ਤੋਂ ਜੁਲਾਈ 2023 ਤੱਕ 6000 ਪ੍ਰਤੀ ਮਹੀਨਾ ਤਨਖਾਹ ਮਿਲਦੀ ਰਹੀ।ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਵੱਲੋਂ ਇਹਨਾਂ ਕਰਮਚਾਰੀਆਂ ਦੀ ਤਨਖਾਹ ਵਧਾਉਣ ਵੱਲ ਉਕਾ ਵੀ ਧਿਆਨ ਨਹੀਂ ਦਿੱਤਾ ਗਿਆ ਜਦਕਿ ਮੌਜੂਦਾ ਆਪ ਸਰਕਾਰ ਵੱਲੋਂ ਬੇਸ਼ੱਕ ਇਹਨਾਂ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵੱਡੇ-ਵੱਡੇ ਹੋਰਡਿੰਗ ਵੀ ਲਗਾਏ ਪਰ ਅੱਜ ਵੀ ਇਹ ਸਾਰੇ ਭੱਤਿਆਂ ਤੋਂ ਨਿਗੂਣੇ ਹਨ ਅਤੇ ਇਹਨਾਂ ਨੂੰ ਪੱਕੇ ਸਰਕਾਰੀ ਮੁਲਾਜ਼ਮਾਂ ਵਾਲੀ ਕੋਈ ਸਹੂਲਤ ਨਹੀਂ ਦਿੱਤੀ ਗਈ ਪਰ ਆਪ ਸਰਕਾਰ ਵੱਲੋਂ ਇਹਨਾਂ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ 6000 ਰੁਪਏ ਤੋਂ ਸਿੱਧਾ 18 ਹਜਾਰ ਰੁਪਏ ਮਾਣਭੱਤਾ ਜ਼ਰੂਰ ਕੀਤਾ ਗਿਆ ਹੈ।ਇੱਥੇ ਦੱਸਣਾ ਬਣਦਾ ਹੈ ਕਿ ਹੁਣ ਤੱਕ ਬਣੀਆ ਅਕਾਲੀ-ਭਾਜਪਾ,ਕਾਂਗਰਸ ਅਤੇ ਆਪ ਸਰਕਾਰ ਨੇ ਇਹਨਾਂ ਵਲੰਟੀਅਰਾਂ ਦੀ ਰਹਿੰਦੀ ਜ਼ਿੰਦਗੀ ਅਤੇ ਇਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।


ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਸਰਕਾਰੀ ਹਾਈ ਸਮਾਰਟ ਸਕੂਲ ਬੋੜਾਵਾਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦ

ਸਰਕਾਰੀ ਹਾਈ ਸਮਾਰਟ ਸਕੂਲ ਬੋੜਾਵਾਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦ


ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਬੋੜਾਵਾਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਣ ਮੁਸਕਾਨ ਗੌੜ 94 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ, ਤਨਵੀਰ ਕੌਰ ਨੇ ਦੂਜਾ ਅਤੇ ਗੁਰਕੀਰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਧਿਆਪਕ ਸੁਖਚੈਨ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ 4 ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੇ 27 ਵਿਦਿਆਰਥੀਆਂ ਨੇ 80 ਫ਼ੀਸਦ ਤੋਂ ਵੱਧ ਅੰਕ ਹਾਸਿਲ ਕੀਤੇ। ਉਹਨਾਂ ਦੱਸਿਆ ਕਿ ਸਾਰੇ ਵਿਦਿਆਰਥੀ 60 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ।ਸਕੂਲ ਇੰਚਾਰਜ ਹਰਮੀਤ ਕੌਰ,ਕਰਮਜੀਤ ਕੌਰ,ਨੀਤੂ ਰਾਣੀ,ਸਿਮਰਨ, ਸੁਖਚੈਨ ਸਿੰਘ,ਨਿਤਿਨ ਕੁਮਾਰ,ਸੇਵਾ ਸਿੰਘ ਸੇਖੋਂ,ਦਮਨਜੀਤ ਸਿੰਘ,ਮਨਪ੍ਰੀਤ ਸਿੰਘ,ਨੀਤੂ ਚੌਹਾਨ,ਉਪਾਸਨਾ ਗਰਗ ਅਤੇ ਅੰਮ੍ਰਿਤ ਸਿੰਘ ਨੇ ਵਿਦਿਆਰਥੀ ਅਤੇ ਮਾਪਿਆਂ ਨੂੰ ਵਧਾਈ ਦਿੱਤੀ।