Friday, April 26, 2024

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਵੇਗੀ 05 ਮਈ ਨੂੰ

ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਵੇਗੀ 05 ਮਈ ਨੂੰ

ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਜ਼ਿਲ੍ਹਾ ਚੋਣ ਅਫ਼ਸਰ ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਪ੍ਰਕਿਰਿਆ ਮੁਕੰਮਲ ਹੋਈ। 

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਦੇ 645 ਪੋਲਿੰਗ ਸਟੇਸ਼ਨਾਂ ਵਿਖੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਵੰਡ ਸਬੰਧੀ ਪਹਿਲੀ ਰੈਂਡੇਮਾਈਜੇਸ਼ਨ ਅੱਜ ਪੂਰੀ ਹੋ ਗਈ ਹੈ, ਜਿਸ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ 01 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਮਾਨਸਾ ਵਿੱਚ ਚੋਣ ਸਟਾਫ਼ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਜਿੰਨ੍ਹਾਂ ਦੀ ਪਹਿਲੀ ਰਿਹਰਸਲ 05 ਮਈ ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ, ਸ੍ਰ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਅਤੇ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਰੱਲੀ ਵਿਖੇ ਦੋ ਪੜਾਵਾਂ ਵਿਚ ਸਵੇਰੇ 10 ਵਜੇ ਅਤੇ ਬਾਅਦ ਦੁਪਹਿਰ 02 ਵਜੇ ਹੋਵੇਗੀ।ਇਸ ਮੌਕੇ ਚੋਣ ਤਹਿਸੀਲਦਾਰ ਭੂਸ਼ਣ ਕੁਮਾਰ, ਨੋਡਲ ਅਫ਼ਸਰ ਮੈਨਪਾਵਰ ਮੈਨੇਜ਼ਮੈਂਟ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ, ਜ਼ਿਲ੍ਹਾ ਸੂਚਨਾ ਅਫ਼ਸਰ ਜੌਨੀ ਮਲਿਕ,ਸਹਾਇਕ ਨੋਡਲ ਅਫ਼ਸਰ ਮੈਨਪਾਵਰ,ਨਰਿੰਦਰ ਸਿੰਘ,ਚੋਣ ਕਾਨੂੰਗੋ ਵਰੁਣ ਕੁਮਾਰ ਅਤੇ ਵਿਨੈ ਕੁਮਾਰ ਹਾਜ਼ਰ ਸਨ।




Thursday, April 25, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਧਾਰਮਿਕ ਪ੍ਰੀਖਿਆ 'ਚੋਂ ਭਾਈ ਬਹਿਲੋ ਸਕੂਲ ਦੀਆਂ 6 ਵਿਦਿਆਰਥਣਾਂ ਨੇ ਵਜ਼ੀਫਾ ਕੀਤਾ ਹਾਸਿਲ

ਧਾਰਮਿਕ ਪ੍ਰੀਖਿਆ 'ਚੋਂ ਭਾਈ ਬਹਿਲੋ ਸਕੂਲ ਦੀਆਂ 6 ਵਿਦਿਆਰਥਣਾਂ ਨੇ ਵਜ਼ੀਫਾ ਕੀਤਾ ਹਾਸਿਲ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬੱਚਿਆਂ ਨੂੰ ਗੁਰ-ਇਤਿਹਾਸ,ਗੁਰਬਾਣੀ,ਸਿੱਖ-ਇਤਿਹਾਸ ਅਤੇ ਰਹਿਤ ਮਰਯਾਦਾ ਦੀ ਵੱਡਮੁੱਲੀ ਜਾਣਕਾਰੀ ਦੇਣ ਲਈ ਹਰ ਸਾਲ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ,ਜਿਸ ਵਿੱਚ 70 ਪ੍ਰਤੀਸ਼ਤ ਨੰਬਰ ਲੈਣ ਵਾਲੇ ਸਾਰੇ ਵਿੱਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਹਨ।ਇਸੇ ਤਹਿਤ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਦਿਆਰਥੀ ਜਿੱਥੇ ਸੀਬੀਐਸਈ ਦੀਆਂ ਪ੍ਰੀਖਿਆਵਾਂ ਵਿੱਚ ਚੰਗੀ ਪ੍ਰਤੀਸ਼ਤਤਾ ਪ੍ਰਾਪਤ ਕਰਦੇ ਹਨ ਉੱਥੇ ਧਾਰਮਿਕ ਪ੍ਰੀਖਿਆ ਵਿੱਚ ਵੀ ਹਰ ਸਾਲ ਵਜ਼ੀਫ਼ੇ ਪ੍ਰਾਪਤ ਕਰਦੇ ਹਨ।ਸੈਸ਼ਨ 2023-24 ਦੋਰਾਨ ਹੋਈ ਧਾਰਮਿਕ-ਪ੍ਰੀਖਿਆ ਵਿੱਚ ਛੇ ਵਿਦਿਆਰਥਣਾਂ ਨੇ ਪਹਿਲੇ ਦਰਜੇ ਦੀ ਪ੍ਰੀਖਿਆ 'ਚੋਂ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਕ੍ਰਮਵਾਰ 1100-1100 ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫਾ ਹਾਸਿਲ ਕੀਤਾ।ਇਹਨਾਂ ਵਿਦਿਆਰਥਣਾਂ ਵਿੱਚ ਮਨਵੀਰ ਕੌਰ,ਹਰਮੀਤ ਕੌਰ,ਮਨਜੋਤ ਕੌਰ,ਮਨਿੰਦਰ ਕੌਰ,ਖੁਸ਼ਪ੍ਰੀਤ ਕੌਰ ਅਤੇ ਰਮਨਪ੍ਰੀਤ ਕੌਰ ਸ਼ਾਮਿਲ ਹਨ। ਧਾਰਮਿਕ ਅਧਿਆਪਕ ਗੁਰਪ੍ਰੀਤ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ ਸੁਚੱਜੇ ਕਾਰਜ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਸਿੱਖ-ਇਤਿਹਾਸ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਵਜ਼ੀਫ਼ੇ ਦੇ ਵਿਦਿਆਰਥੀਆਂ ਨੂੰ ਦੀ ਹੌਂਸਲਾ ਅਫਜ਼ਾਈ ਹੁੰਦੀ ਹੈ । ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਨੇ ਦੱਸਿਆ ਕਿ ਹਰ ਸਾਲ ਸਾਡੇ ਵਿਦਿਆਰਥੀ ਜਿੱਥੇ ਸੀਬੀਐਸੀਈ ਦੀ ਪ੍ਰੀਖਿਆ ਵਿੱਚ ਜਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਹਨ,ਉੱਥੇ ਧਾਰਮਿਕ ਪ੍ਰੀਖਿਆਵਾਂ ਵਿੱਚ ਵੀ ਵਜੀਫੇ ਹਾਸਿਲ ਕਰਦੇ ਹਨ,ਉਹਨਾਂ ਧਾਰਮਿਕ ਅਧਿਆਪਕ ਗੁਰਪ੍ਰੀਤ ਸਿੰਘ ਦੀ ਮਿਹਨਤ ਦੀ ਸ਼ਲਾਘਾ ਕੀਤੀ । ਸਮੂਹ ਸਟਾਫ਼ ਇਸ ਸਮੇਂ ਬੱਚਿਆਂ ਨੂੰ ਵਧਾਈਆਂ ਦੇ ਕੇ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਟ ਅਹਿਮਦਪੁਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ

ਡਾਇਟ ਅਹਿਮਦਪੁਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ

ਪੋਸਟਰ ਮੇਕਿੰਗ ਮੁਕਾਬਲੇ 'ਚ ਸੀਮਾ ਨੇ ਪਹਿਲਾ,ਸੀਮਾ ਰਾਣੀ ਨੇ ਦੂਜਾ ਸਥਾਨ ਅਤੇ ਕਮਲਦੀਪ ਕੌਰ ਨੇ ਤੀਜਾ ਸਥਾਨ ਕੀਤਾ ਹਾਸਲ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ 'ਰੋਜ਼ਾਨਾ ਜੀਵਨ ਵਿੱਚ ਵਿਗਿਆਨ ਵਿਸ਼ੇ 'ਤੇ' ਸੈਮੀਨਾਰ ਕਰਵਾਇਆ।ਰਿਸੋਰਸ ਪਰਸਨ ਦੇ ਤੌਰ 'ਤੇ ਪੁੱਜੇ ਡਾ. ਜਸਬੀਰ ਸਿੰਘ ਲੈਕਚਰਾਰ ਬੁਢਲਾਡਾ ਨੇ ਸਿਖਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀਆਂ ਬੇਹਦ ਅਦਭੁਤ ਅਤੇ ਦਿਲਚਸਪ ਉਦਾਹਰਨਾ ਦਿੰਦੇ ਹੋਏ ਬੜੀ ਹੀ ਖੂਬਸੂਰਤੀ ਨਾਲ ਵਿਗਿਆਨ ਵਿਸ਼ੇ ਦਾ ਗਿਆਨ ਦਿੱਤਾ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਡਾ. ਜਸਬੀਰ ਸਿੰਘ ਦਾ ਸਾਇੰਸ ਵਿਸ਼ੇ ਨੂੰ ਪੜਾਉਣ ਦਾ ਦਿਲਚਸਪ ਤਰੀਕਾ ਸਾਰੇ ਸਿਖਿਆਰਥੀ ਅਧਿਆਪਕਾਂ ਨੂੰ ਜ਼ਰੂਰ ਅਮਲ ਵਿੱਚ ਲਿਆਉਣਾ ਚਾਹੀਦਾ ਹੈ।ਇਸ ਤੋਂ ਇਲਾਵਾ ਧਰਤੀ ਦਿਵਸ ਦੇ ਸੰਬੰਧ ਵਿੱਚ ਅਮਰੀਕ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਿਖਿਆਰਥੀਆਂ ਵੱਲੋਂ ਡਿਜੀਟਲ ਪੋਸਟਰ ਮੇਕਿੰਗ ਕੰਪੀਟੀਸ਼ਨ ਵਿੱਚ ਭਾਗ ਲਿਆ,ਜਿਸ ਵਿੱਚ ਸੀਮਾ ਨੇ ਪਹਿਲਾ ਸਥਾਨ,ਸੀਮਾ ਰਾਣੀ ਨੇ ਦੂਜਾ ਸਥਾਨ ਅਤੇ ਕਮਲਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪਲਾਸਟਿਕ ਨਾ ਵਰਤਣ ਦਾ ਸੰਦੇਸ਼ ਦਿੰਦੇ ਹੋਏ ਕੱਪੜੇ ਦੇ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾਇਟ ਸਮੁੱਚਾ ਸਟਾਫ ਮੌਜੂਦ ਸੀ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਫਤਿਹਗੜ ਵਿਖ਼ੇ ਵਿਸ਼ਵ ਮਲੇਰੀਆ ਦਿਵਸ ਮੌਕੇ ਕੀਤਾ ਜਾਗਰੂਕ

ਫਤਿਹਗੜ ਵਿਖ਼ੇ ਵਿਸ਼ਵ ਮਲੇਰੀਆ ਦਿਵਸ ਮੌਕੇ ਕੀਤਾ ਜਾਗਰੂਕ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਫਤਿਹਗੜ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਐਂਟੀ ਮਲੇਰੀਆ ਕੈਂਪ ਲਗਾਇਆ ਗਿਆ। ਸਿਹਤ ਕਰਮਚਾਰੀ ਅਵਤਾਰ ਸਿੰਘ ਗੰਢੂਆਂ ਨੇ ਦੱਸਿਆ ਕਿ ਇਸ ਵਰ੍ਹੇ 16 ਤੋਂ 25 ਅਪ੍ਰੈਲ ਤੱਕ  ਵਿਸ਼ਵ ਮਲੇਰੀਆ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ  ਹੈ। ਉਹਨਾਂ ਦੱਸਿਆ ਕਿ ਮਲੇਰੀਆ ਠੰਡ (ਕਾਂਬਾ) ਅਤੇ ਸਿਰ ਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਹੋਣ ਵਾਲਾ ਇੱਕ ਰੋਗ ਹੈ। ਰੋਗੀ ਨੂੰ ਬੁਖ਼ਾਰ ਹੋਣ ਤੋਂ ਬਾਅਦ ਕਦੇ ਬੁਖ਼ਾਰ ਉਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ। ਕਈ ਗੰਭੀਰ ਮਾਮਲਿਆਂ ਵਿੱਚ ਇਹ ਕੋਮਾ ਜਾਂ ਮੌਤ ਦਾ ਕਾਰਣ ਵੀ ਬਣ ਸਕਦਾ ਹੈ।  ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ। ਜੋ ਕਿ ਜ਼ਿਆਦਾਤਰ ਰਾਤ ਸਮੇਂ ਕੱਟਦਾ ਹੈ।ਮਲੇਰੀਆ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ਤੇ ਜਿੰਨਾ ਛੇਤੀ ਹੋ ਸਕੇ  ਖ਼ੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ  ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਸਾਫ਼ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ। ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਅਤੇ  ਛੱਤਾਂ ਤੇ ਵਾਧੂ ਕਬਾੜ ਭਾਂਡੇ, ਟਾਇਰ ਆਦਿ ਨਾ ਰੱਖੇ ਜਾਣ। ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ਤੇ ਜਾਲੀ ਲਗਵਾਉਣੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣਾ।ਇਸ ਮੌਕੇ ਹਰਪ੍ਰੀਤ ਕੌਰ ਸਿਹਤ ਕਰਮਚਾਰੀ,ਸਕੂਲ ਮੁਖੀ ਸੁਜਾਨ ਸਿੰਘ, ਸੁਖਵਿੰਦਰ ਸਿੰਘ,ਜਸਵਿੰਦਰ ਕੌਰ, ਚਰਨਜੀਤ ਕੌਰ ਤੋਂ ਇਲਾਵਾ ਸਕੂਲੀ ਬੱਚੇ ਹਾਜਿਰ ਸੀ।

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਵਿਸ਼ਵ ਮਲੇਰੀਆ ਦਿਵਸ ਮੌਕੇ ਮਲੇਰੀਆ ਤੋਂ ਬਚਣ ਲਈ ਕੀਤਾ ਜਾਗਰੂਕ

ਵਿਸ਼ਵ ਮਲੇਰੀਆ ਦਿਵਸ ਮੌਕੇ ਮਲੇਰੀਆ ਤੋਂ ਬਚਣ ਲਈ ਕੀਤਾ ਜਾਗਰੂਕ 

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਨਜ਼ਦੀਕੀ ਪਿੰਡ ਹਮੀਰਗੜ੍ਹ ਢੈਪਈ,ਹੀਰੋ ਕਲਾਂ,ਖੀਵਾ ਕਲਾਂ,ਦਲੇਮਾ ਅਤੇ ਗੁੜਥੁੜੀ ਵਿਖੇ ਮਲੇਰੀਆ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਸੁਪਰਵਾਈਜ਼ਰ ਲੀਲਾ ਰਾਮ ਨੇ ਦੱਸਿਆ ਕਿ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ,ਜਿਸ ਕਰਕੇ ਉਕਤ ਪਿੰਡਾਂ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਦੇ ਹੀਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਮਾਦਾ ਮੱਛਰ ਐਨੋਫਲੀਜ਼ ਮਲੇਰੀਏ ਦਾ ਕਾਰਨ ਬਣਦਾ ਹੈ ਜੋ ਕਿ ਖੜ੍ਹੇ ਵਾਧੂ ਪਾਣੀ ਵਿੱਚ ਪਲ਼ਦਾ ਹੈ ਤੇ ਇਹ ਮੱਛਰ ਦਿਨ ਸਮੇਂ ਕੱਟਦਾ ਹੈ ਜਿਸ ਨਾਲ ਕਾਂਬੇ ਨਾਲ਼ ਬੁਖ਼ਾਰ ਚੜ੍ਹਦਾ ਹੈ ਤੇ ਪਸੀਨਾ ਆ ਕੇ ਬੁਖਾਰ ਉਤਰਦਾ ਹੈ। ਉਹਨਾਂ ਦੱਸਿਆ ਕਿ ਤੇਈਆ ਬੁਖਾਰ, ਤੇਜ਼ ਬੁਖਾਰ,ਸਿਰ ਦਰਦ,ਉਲਟੀਆਂ ਥਕਾਵਟ ਆਦਿ ਮਲੇਰੀਆ ਬੁਖਾਰ ਦੇ ਲੱਛਣ ਹਨ।ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਕੂਲਰਾਂ ਵਿੱਚ ਪਾਣੀ ਹਰ ਹਫਤੇ ਬਦਲਣਾ ਚਾਹੀਦਾ ਹੈ ਅਤੇ ਬਰਸਾਤ ਦਾ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ।ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਸਿਮਰਜੀਤ ਸਿੰਘ,ਜਗਸੀਰ ਸਿੰਘ,ਯਾਦਵਿੰਦਰ ਸਿੰਘ, ਗੁਰਦੀਪ ਸਿੰਘ,ਸਵਰਨ ਸਿੰਘ ਐਮਪੀਐਚਡਬਲਿਊ ਵੀ ਮੌਜੂਦ ਸਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸਕੂਲ ਰਾਮਪੁਰ ਮੰਡੇਰ ਵਿਖ਼ੇ ਵਧੀਆ ਨਤੀਜਿਆਂ ਵਾਲ਼ੇ ਵਿਦਿਆਰਥੀ ਸਨਮਾਨਿਤ

ਸਰਕਾਰੀ ਸਕੂਲ ਰਾਮਪੁਰ ਮੰਡੇਰ ਵਿਖ਼ੇ ਵਧੀਆ ਨਤੀਜਿਆਂ ਵਾਲ਼ੇ ਵਿਦਿਆਰਥੀ ਸਨਮਾਨਿਤ

      

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਹਾਈ ਸਮਾਰਟ ਸਕੂਲ ਰਾਮਪੁਰ ਮੰਡੇਰ ਦੇ ਦਸਵੀਂ ਜਮਾਤ ਪ੍ਰੀਖਿਆ 'ਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਕੌਰ ਪੁੱਤਰੀ ਮਿੱਠੂ ਸਿੰਘ ਨੇ 589 ਅੰਕ ਲੈ ਕੇ ਪਹਿਲਾ,ਹਰਮਨ ਕੌਰ ਪੁੱਤਰੀ ਸੁਲੱਖਣ ਸਿੰਘ ਨੇ 588 ਅੰਕ ਪ੍ਰਾਪਤ ਕਰਕੇ ਦੂਜਾ, ਸੰਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਤੇ ਹਰਸ਼ਦੀਪ ਕੌਰ ਪੁੱਤਰੀ ਬਾਰੂ ਰਾਮ ਨੇ ਸਾਂਝੇ ਤੌਰ 'ਤੇ 578 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਨਾਲ ਅਮਨਦੀਪ ਕੌਰ ਪੁੱਤਰੀ ਭੋਲਾ ਸਿੰਘ ਨੇ 571 ਅੰਕ, ਰਮਨਦੀਪ ਕੌਰ ਪੁੱਤਰੀ ਕ੍ਰਿਸ਼ਨ ਸਿੰਘ ਨੇ 561 ਅੰਕ, ਬਾਦਲ ਸਿੰਘ ਪੁੱਤਰ ਅਵਤਾਰ ਸਿੰਘ ਨੇ 554 ਅੰਕ,ਹਰਮਨ ਸਿੰਘ ਪੁੱਤਰ ਪਰਮਜੀਤ ਸਿੰਘ ਨੇ 543 ਅੰਕ, ਖੁਸ਼ਪ੍ਰੀਤ ਕੌਰ ਪੁੱਤਰੀ ਪੂਰਨ ਸਿੰਘ ਨੇ 548 ਅੰਕ,ਅਨੂ ਪੁੱਤਰੀ ਸਤਪਾਲ ਸਿੰਘ ਨੇ 534 ਅੰਕ,ਅਨਮੋਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ 533 ਅੰਕ, ਹਰਮਨਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਨੇ 535 ਅੰਕ,ਵੀਰਪਾਲ ਕੌਰ ਪੁੱਤਰੀ ਨੈਬ ਸਿੰਘ ਨੇ 527 ਅੰਕ ਪ੍ਰਾਪਤ ਕੀਤੇ।ਜਮਾਤ ਇੰਚਾਰਜ ਮੈਡਮ ਤਰਨਜੀਤ ਕੌਰ ਨੇ ਦੱਸਿਆ ਕਿ ਇਸ ਸਾਲ ਦਸਵੀਂ ਦਾ ਬਹੁਤ ਸ਼ਾਨਦਾਰ ਨਤੀਜਾ ਰਿਹਾ ਹੈ ਇਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਅਤੇ ਭਵਿੱਖੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਮੁਖੀ ਨੇ ਦੱਸਿਆ ਕਿ ਸਕੂਲ ਦੇ ਹਰ ਸਾਲ ਬਿਹਤਰ ਨਤੀਜੇ ਆਉਂਦੇ ਹਨ, ਇਸ ਸਾਲ ਦੇ ਜਮਾਤ ਅੱਠਵੀਂ ਦੇ ਵੀ ਨਤੀਜੇ ਬਹੁਤ ਵਧੀਆ ਆਉਣ ਦੀ ਆਸ ਹੈ।ਇਹਨਾਂ ਵਿਦਿਆਰਥੀਆਂ ਨੂੰ ਸਕੂਲ ਮੁਖੀ ਅਤੇ ਸਮੁੱਚੇ ਸਟਾਫ ਦੁਆਰਾ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਜਨੀ ਬਾਤਿਸ,ਪੂਨਮ,ਤਰਨਜੀਤ ਕੌਰ, ਮਨੀ ਸ਼ਰਮਾ,ਬਬੀਤਾ ਰਾਣੀ,ਅਨੀਤਾ ਰਾਣੀ,ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ,ਪਪਿੰਦਰ ਸਿੰਘ,ਸਾਹਿਬ ਸਿੰਘ ਅਤੇ ਸੰਦੀਪ ਸ਼ਰਮਾ ਹਾਜ਼ਰ ਸਨ।



ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖੇ ਟ੍ਰੈਫ਼ਿਕ ਨਿਯਮਾਂ ਅਤੇ ਬਾਲ ਅਧਿਕਾਰਾਂ ਸਬੰਧੀ ਸੈਮੀਨਾਰ ਕਰਵਾਇਆ

ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖੇ ਟ੍ਰੈਫ਼ਿਕ ਨਿਯਮਾਂ ਅਤੇ ਬਾਲ ਅਧਿਕਾਰਾਂ ਸਬੰਧੀ ਸੈਮੀਨਾਰ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ  : ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖੇ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲ ਅਧਿਕਾਰਾਂ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਨੇ ਦੱਸਿਆ ਕਿ ਇਹ ਸੈਮੀਨਾਰ ਟਰਾਂਸਪੋਰਟ ਵਿਭਾਗ ਅਤੇ ਬਾਲ ਸੁਰੱਖਿਆ ਦਫ਼ਤਰ ਵੱਲੋਂ ਬੱਚਿਆਂ ਦੀ ਭਲਾਈ ਲਈ ਲਗਾਇਆ ਗਿਆ।ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦੇ ਅਧਿਕਾਰੀ ਭੂਸ਼ਨ ਸਿੰਗਲਾ ਨੇ ਸਰਕਾਰ ਵਲੋਂ ਚਲਾਈ ਜਾ ਰਹੀ ਸੰਗਠਤ ਬਾਲ ਸੁਰੱਖਿਆ ਸਕੀਮ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਲੋੜਵੰਦ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ, ਮਾਨਸਾ ਦੁਆਰਾ ਸਪੋਂਸਰਸ਼ਿਪ, ਫੋਸਟਰ ਕੇਅਰ,ਲੀਗਲੀ ਅਡਾਪਸ਼ਨ,ਸਰਕਾਰੀ ਹੋਮਾਂ ਵਿਚ ਦਾਖ਼ਲੇ ਸਬੰਧੀ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ।ਪੁਲਿਸ ਇੰਸਪੈਕਟਰ ਸੁਰੇਸ਼ ਕੁਮਾਰ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਮਾਪਿਆਂ ਅਤੇ ਸਮਾਜ ਨੂੰ ਵੀ ਸੇਧ ਦੇਣ ਲਈ ਕਿਹਾ ।ਏ ਟੀ ਓ ਕਰਨਵੀਰ ਸਿੰਘ ਟਰਾਂਸਪੋਰਟ ਵਿਭਾਗ ਨੇ ਸਕੂਲੀ ਬੱਸਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਜਾਣਕਾਰੀ ਦਿੱਤੀ ਅਤੇ ਇਸ ਸੰਬੰਧੀ ਜਾਗਰੂਕ ਕੀਤਾ ਕਿ ਸਕੂਲ ਵੈਨਾਂ ਵਿੱਚ ਤੁਸੀਂ ਕੀ ਕੁੱਝ ਚੈੱਕ ਕਰਨਾ ਹੈ ਅਤੇ ਉਨ੍ਹਾਂ ਬੱਚਿਆਂ ਤੋਂ ਯੋਗ ਸਹੂਲਤਾਂ ਬਾਰੇ ਸਵਾਲ ਪੁੱਛੇ ਅਤੇ ਉਨ੍ਹਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸਕੂਲ ਪ੍ਰਿੰਸੀਪਲ ਨੂੰ ਵਾਹਨ ਪਾਲਿਸੀ ਲਾਗੂ ਕਰਨ ਲਈ ਬੇਨਤੀ ਕੀਤੀ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਰਾਹੀਂ ਸਕੂਲੀ ਬੱਸਾਂ ਦੀ ਚੈਕਿੰਗ  ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ,ਜਿਸ ਦੇ ਤਹਿਤ ਹੀ ਇਸ ਸਕੂਲ ਵਿੱਚ ਇਹ ਸੈਮੀਨਾਰ ਕੀਤਾ ਗਿਆ ਹੈ ਅਤੇ ਇਸ ਮੌਕੇ ਸਕੂਲ ਵੈਨਾਂ ਦੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਗਈ।ਸਕੂਲ ਦੇ ਵੈਨ ਡਰਾਈਵਰ ਅਤੇ ਕੰਡਕਟਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਤਾੜਨਾ ਕੀਤੀ ।ਸਕੂਲ ਪ੍ਰਿੰਸੀਪਲ ਨੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਇਸ ਕੈਂਪ ਵਿੱਚ ਦਿੱਤੀ ਜਾਣਕਾਰੀ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ।ਇਸ ਸਮੇਂ ਟਰਾਂਸਪੋਰਟ ਵਿਭਾਗ ਤੋਂ ਗੁਰਵਿੰਦਰ ਸਿੰਘ,ਇਸ਼ਵਰਜੀਤ ਸਿੰਘ,ਸਕੂਲ ਸਟਾਫ਼ ਅਤੇ ਸਕੂਲ ਦੇ ਵੈਨ ਡਰਾਈਵਰ ਅਤੇ ਕੰਡਕਟਰ ਹਾਜ਼ਰ ਸਨ।