Tuesday, April 30, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਿਰ ਭੀਖੀ ਦੀ ਵਿਦਿਆਰਥਣ ਨੇ ਮੈਰਿਟ ਲਿਸਟ ਚ ਕਰਵਾਇਆ ਨਾਂ ਦਰਜ਼

ਸ੍ਰੀ ਤਾਰਾ ਚੰਦ ਵਿੱਦਿਆ ਮੰਦਿਰ ਭੀਖੀ ਦੀ ਵਿਦਿਆਰਥਣ ਨੇ ਮੈਰਿਟ ਲਿਸਟ ਚ ਕਰਵਾਇਆ ਨਾਂ ਦਰਜ਼


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੀ ਤਾਰਾ ਚੰਦ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਭੀਖੀ ਦੀ ਵਿਦਿਆਰਥਣ ਨਾਵਿਯਾ ਗਰਗ ਪੁੱਤਰੀ ਡਾ. ਗੌਰਵ ਗਰਗ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ 8ਵੀ ਜਮਾਤ ਦੀ ਐਲਾਨੀ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ਼ ਕਰਵਾ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਨਾਵਿਆ ਗਰਗ ਨੇ 589/600 ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਵਿੱਚ 11ਵਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਮੈਨੇਜਮੈਂਟ ਪ੍ਰਧਾਨ ਸਤੀਸ਼ ਕੁਮਾਰ , ਸਮੂਹ ਕਮੇਟੀ ਮੈਂਬਰ ਸਾਹਿਬਾਨ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਨਾਵਿਯਾ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੀਐਸਈਬੀ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਘੋਸ਼ਿਤ,

ਪੀਐਸਈਬੀ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਘੋਸ਼ਿਤ

8ਵੀਂ ਜਮਾਤ ਦਾ 98.31 ਫ਼ੀਸਦ ਤੇ 12ਵੀਂ ਦਾ ਰਿਹਾ 93.04 ਫ਼ੀਸਦ ਪਾਸ ਨਤੀਜਾ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੇ 8ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ 12ਵੀਂ ਦਾ ਪਾਸ ਫ਼ੀਸਦ 93.04 ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 5ਵੀਂ,8ਵੀ,10ਵੀਂ ਅਤੇ 12ਵੀ ਜਮਾਤ ਨਤੀਜੇ ਅਪ੍ਰੈਲ ਮਹੀਨੇ ਵਿੱਚ ਹੀ ਐਲਾਨ ਦਿੱਤੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲ 2023-24 ਦੌਰਾਨ 12ਵੀਂ ਜਮਾਤ ਦੀਆਂ ਵੱਖ-ਵੱਖ ਸਟ੍ਰੀਮ 'ਚ ਰਜਿਸਟਰਡ ਹੋਏ ਵਿਦਿਆਰਥੀਆਂ ਲਈ 13 ਫਰਵਰੀ ਤੋਂ 30 ਮਾਰਚ 2024 ਤਕ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅੱਜ ਮੰਗਲਵਾਰ, 30 ਅਪ੍ਰੈਲ ਨੂੰ ਸ਼ਾਮ 4 ਵਜੇ ਐਲਾਨ ਦਿੱਤੇ ਹਨ।
ਨਤੀਜਾ ਦੇਖਣ ਲਈ 1 ਮਈ ਨੂੰ ਐਕਟਿਵ ਹੋਵੇਗਾ ਲਿੰਕ : 
ਪੰਜਾਬ ਬੋਰਡ ਸੀਨੀਅਰ ਸੈਕੰਡਰੀ ਨਤੀਜੇ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਅਗਲੇ ਦਿਨ ਭਾਵ ਬੁੱਧਵਾਰ 1 ਮਈ, 2024 ਨੂੰ ਆਪਣੇ ਨਤੀਜਿਆਂ ਦੀ ਜਾਂਚ ਕਰਨ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਵਿਦਿਆਰਥੀ ਵੀ 1 ਮਈ ਨੂੰ ਨਤੀਜਾ ਦੇਖ ਸਕਣਗੇ।



Monday, April 29, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਬੀਰਬਲ ਸਿੰਘ ਚੀਮਾ ਕਿਸਾਨ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਨਿਯੁਕਤ

ਬੀਰਬਲ ਸਿੰਘ ਚੀਮਾ ਕਿਸਾਨ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਨਿਯੁਕਤ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਮ ਆਦਮੀ ਪਾਰਟੀ ਵੱਲੋਂ ਕਸਬੇ ਦੇ ਸੀਨੀਅਰ ਆਪ ਆਗੂ ਬੀਰਬਲ ਸਿੰਘ ਚੀਮਾ ਨੂੰ ਕਿਸਾਨ ਵਿੰਗ ਦਾ ਸਟੇਟ ਜੁਆਇੰਟ ਸਕੱਤਰ ਨਿਯੁਕਤ ਕੀਤਾ ਹੈ। ਆਪਣੀ ਇਸ ਨਿਯੁਕਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਬੀਰਬਲ ਸਿੰਘ ਚੀਮਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਵਜ਼ੀਰ ਅਮਨ ਅਰੋੜਾ ਤੇ ਪੰਜਾਬ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਬੀਰਬਲ ਸਿੰਘ ਦੀ ਨਿਯੁਕਤੀ 'ਤੇ ਆਪ ਦੇ ਬਲਾਕ ਪ੍ਰਧਾਨ ਨਿਰਭੈ ਸਿੰਘ ਮਾਨ,ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਦਰਸ਼ਨ ਸਿੰਘ ਗੀਤੀ ਮਾਨ,ਮਨਪ੍ਰੀਤ ਸਿੰਘ ਮਨੀ ਜ਼ਿਲ੍ਹਾ ਮੀਡੀਆ ਇੰਚਾਰਜ,ਬਹਾਦਰ ਸਿੰਘ ਚਹਿਲ, ਨਰਿੰਦਰ ਸਿੰਘ ਚਹਿਲ,ਦਰਸ਼ਨ ਸਿੰਘ ਨੱਥੂ ਕਾ,ਗੁਰਪ੍ਰੀਤ ਸਿੰਘ ਚੀਮਾ,ਸਰਬਾ ਸਿੰਘ ਤੋਲਾਵਾਲ,ਕੁਲਦੀਪ ਸਿੰਘ ਸਿੱਧੂ,ਲੱਖੀ ਬਾਂਸਲ,ਜਸਵੀਰ ਸੀਰਾ,ਰੂਪ ਸਿੰਘ,ਰਜਿੰਦਰ ਕੁਮਾਰ ਲੀਲੂ, ਜੱਗਾ ਸਿੰਘ ਡੀਪੀਈ,ਜਗਤਾਰ ਚੀਮਾ,ਜਗਸੀਰ ਸਿੰਘ,ਮਿੱਠੂ ਸਿੰਘ,ਹਰਪ੍ਰੀਤ ਸਿੰਘ ਚਹਿਲ,ਦਰਸ਼ਨ ਬੇਦੀ,ਮੇਜਰ ਸਿੰਘ, ਗੁਰਮੇਲ ਸਿੰਘ ਆਦਿ ਨੇ ਵਧਾਈ ਦਿੰਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕਾਂਗਰਸ ਤੇ ਆਪ ਅਣਅਧਿਕਾਰਤ ਗਠਜੋੜ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ : ਹਰਸਿਮਰਤ ਕੌਰ ਬਾਦਲ

ਕਾਂਗਰਸ ਤੇ ਆਪ ਅਣਅਧਿਕਾਰਤ ਗਠਜੋੜ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ : ਹਰਸਿਮਰਤ ਕੌਰ ਬਾਦਲ


ਮੁੱਖ ਮੰਤਰੀ ’ਤੇ ਕੀਤਾ ਤਿੱਖਾ ਹਮਲਾ,ਕਿਹਾ ਕਿ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਹਰ ਮੁਹਾਜ਼ ’ਤੇ ਪੰਜਾਬੀਆਂ ਨੂੰ ਫੇਲ੍ਹ ਕਰ ਕੇ ਹੁਣ ਪੰਜਾਬ ਵਿਚ ਅਣਅਧਿਕਾਰਤ ਗਠਜੋੜ ਬਣਾ ਕੇ ਵੋਟਰਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਹਨ। ਉਹਨਾਂ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਅਨੇਕਾਂ ਪਿੰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਅਤੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਕੀਤਾ ਕੱਖ ਵੀ ਨਹੀਂ ਗਿਆ। ਇਸੇ ਤਰੀਕੇ ਆਪ ਸਰਕਾਰ ਨੇ ਕੁਝ ਹੀ ਹਫਤਿਆਂ ਵਿਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਇਸਦੇ ਵਿਧਾਇਕ ਨਸ਼ਾ ਤਸਕਰਾਂ ਨਾਲ ਰਲ ਗਏ ਹਨ ਤੇ ਸਮੁੱਚੀ ਪੀੜੀ ਹੀ ਖਤਮ ਹੋ ਰਹੀ ਹੈ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਦੋਵੇਂ ਸਰਕਾਰਾਂ ਬੇਅਦਬੀ ਦੇ ਕੇਸਾਂ ਨੂੰ ਰੋਕਣ ਤੇ ਹੱਲ ਕਰਨ ਵਿਚ ਨਾਕਾਮ ਰਹੀਆਂ ਹਨ। ਦੋਵਾਂ ਸਰਕਾਰਾਂ ਨੇ ਅਕਾਲੀ ਦਲ ’ਤੇ ਬੇਅਦਬੀ ਕਰਨ ਦੇ ਦੋਸ਼ ਲਗਾਏ ਸਨ ਪਰ ਹੁਣ ਇਹਨਾਂ ਨੇ ਬੇਅਦਬੀ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਵਾ ਦਿੱਤੇ ਹਨ ਅਤੇ ਮੁਲਜ਼ਮਾਂ ਨੂੰ ਜ਼ਮਾਨਤਾਂ ਮਿਲ ਗਈਆਂ ਹਨ। ਉਹਨਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੇ ਕਾਂਗਰਸ ਤੇ ਆਪ ਦੇ ਹੱਥਾਂ ਵਿਚ ਸੰਤਾਪ ਹੰਢਾਹਿਆ ਹੈ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ 2.75 ਲੱਖ ਪੰਜਾਬੀਆਂ ਨੂੰ ਰੋਜ਼ਗਾਰ ਦਿੱਤਾ ਪਰ  ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਸਰਕਾਰਾਂ ਨੇ ਨੌਜਵਾਨਾਂ ਨਾਲ ਧੋਖਾ ਕੀਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਤਾਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਸਰਕਾਰੀ ਨੌਕਰੀਆਂ ਬਾਹਰਲਿਆਂ ਨੂੰ ਦੇ ਦਿੱਤੀਆਂ।ਪੰਜਾਬੀਆਂ ਨੂੰ ਕਾਂਗਰਸ ਤੇ ਆਪ ਦੀ ਹਮਾਇਤ ਨਾ ਕਰਨ ਦੀ ਅਪੀਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ  ਦੋਵਾਂ ਪਾਰਟੀਆਂ ਦਾ ਕੌਮੀ ਪੱਧਰ ’ਤੇ ਗਠਜੋੜ ਹੈ ਅਤੇ ਇਹ ਚੰਡੀਗੜ੍ਹ ਵਿਚ ਵੀ ਸਾਂਝਾ ਉਮੀਦਵਾਰ ਖੜ੍ਹਾ ਕਰ ਕੇ ਲੜ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਪਾਰਟੀਆਂ ਨੂੰ ਪੁੱਛਣ ਕਿ ਪੰਜਾਬ ਲਈ ਉਹਨਾਂ ਕੀ ਕੀਤਾ ਹੈ। ਉਹਨਾਂ ਕਿਹਾ ਕਿ ਦੋਵਾਂ ਵਿਚੋਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸੂਬੇ ਵਿਚ ਬਿਜਲੀ ਉਦਪਾਦਨ ਲਈ ਇਕ ਵੀ ਯੂਨਿਟ ਨਹੀਂ ਲਗਾਇਆ ਤੇ ਨਾ ਹੀ ਬੁਨਿਆਦੀ ਢਾਂਚੇ  ਦਾ ਇਕ ਵੀ ਪ੍ਰਾਜੈਕਟ ਲਿਆਂਦਾ ਹੈ।ਆਪ ਸਰਕਾਰ ਦੀ ਗੱਲ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਪੰਜਾਬ ਦੇ ਪਿੰਡਾਂ ਵਿਚੋਂ ਚੱਲੇਗੀ ਪਰ ਉਹ ਆਪ ਰੁਝੇਵਿਆਂ ਵਿਚ ਰੁੱਝੇ ਹਨ ਅਤੇ ਕੇਜਰੀਵਾਲ ਦੀ ਸੇਵਾ ਕਰਦਿਆਂ ਹੋਰ ਰਾਜਾਂ ਵਿਚ ਆਪ ਲਈ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਮਿਲਿਆ। ਮੈਡੀਕਲ ਸਟਾਫ ਅਤੇ ਪੰਜਾਬ ਪੁਲਿਸ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਨੂੰ 25 ਅਪ੍ਰੈਲ ਤੱਕ ਤਨਖਾਹਾਂ ਨਹੀਂ ਮਿਲੀਆਂ। ਸੀਵਰੇਜ ਪ੍ਰਣਾਲੀ ਸਮੇਤ ਨਾਗਰਿਕ ਸਹੂਲਤਾਂ ਦਾ ਬੁਰਾ ਹਾਲ ਹੈ ਅਤੇ ਕਮਜ਼ੋਰ ਵਰਗਾਂ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਦਿੱਤਾ ਜਾ ਰਿਹਾ।ਲੋਕਾਂ ਨੂੰ ਅਕਾਲੀ ਦਲ ਦੀ ਹਮਾਇਤ ਕਰਨ ਅਤੇ 2027 ਤੱਕ ਕਾਂਗਰਸ ਤੇ ਆਪ ਦੋਵਾਂ ਨੂੰ ਠੁਕਰਾ ਕੇ ਲੋਕ ਪੱਖੀ ਸਰਕਾਰ ਸਥਾਪਿਤ ਕਰਨ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹੈ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਤੁਹਾਡੀਆਂ ਮੁਸ਼ਕਿਲਾਂ ਦੇ ਹੱਲ ਲਈ ਸੰਗਤ ਦਰਸ਼ਨ ਪ੍ਰੋਗਰਾਮ ਨਾਲ ਤੁਹਾਡੇ ਦਰਾਂ ’ਤੇ ਆਉਂਦੇ ਸਨ। ਅਸੀਂ ਤੁਹਾਨੂੰ ਹਰ ਸਹੂਲਤ ਦਿੱਤੀ ਭਾਵੇਂ ਉਹ ਬੁਢਾਪਾ ਪੈਨਸ਼ਨ ਹੋਵੇ, ਸ਼ਗਨ ਸਕੀਮ, ਆਟਾ ਦਾਲ ਸਕੀਮ ਜਾਂ ਹੋਰ ਸਕੀਮਾਂ ਹੋਣ ਤੇ ਅਸੀਂ ਅਜਿਹਾ ਕਰਦਿਆਂ ਗਰੰਟੀਆਂ ਦਾ ਪ੍ਰਾਪੇਗੰਡਾ ਵੀ ਨਹੀਂ ਕੀਤਾ। ਇਸ ਮੌਕੇ ਹਲਕਾ ਬੁੱਢਲਾਡਾ ਦੇ ਇੰਚਾਰਜ਼ ਡਾ. ਨਿਸ਼ਾਨ ਸਿੰਘ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਮੌਜ਼ੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜੈਸਮੀਨ ਜੱਸੀ ਨੇ ਮੈਰੀਟੋਰੀਅਸ ਦਾਖਲਾ ਪ੍ਰੀਖਿਆ 'ਚ ਸੂਬੇ 'ਚੋਂ ਹਾਸਿਲ ਕੀਤਾ 5ਵਾਂ ਸਥਾਨ

ਜੈਸਮੀਨ ਜੱਸੀ ਨੇ ਮੈਰੀਟੋਰੀਅਸ ਦਾਖਲਾ ਪ੍ਰੀਖਿਆ 'ਚ ਸੂਬੇ 'ਚੋਂ ਹਾਸਿਲ ਕੀਤਾ 5ਵਾਂ ਸਥਾਨ

ਜੈਸਮੀਨ ਜੱਸੀ ਨੇ ਪੂਰੇ ਮਾਨਸਾ ਜ਼ਿਲ੍ਹੇ 'ਚੋਂ ਕੀਤਾ ਟਾਪ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂ ਕਲਾਂ ਦੀ ਮਿਹਨਤੀ ਵਿਦਿਆਰਥਣ ਜੈਸਮੀਨ ਜੱਸੀ ਪੁੱਤਰੀ ਬਲਵੀਰ ਸਿੰਘ ਨੇ 135/150 ਅੰਕ ਲੈ ਕੇ ਮਾਨਸਾ ਜ਼ਿਲ੍ਹੇ 'ਚੋਂ ਪਹਿਲਾ ਅਤੇ ਪੰਜਾਬ 'ਚੋਂ 5ਵਾਂ ਸਥਾਨ ਹਾਸਿਲ ਕਰਕੇ ਆਪਣਾ,ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਕਰੀਬ 4 ਹਜ਼ਾਰ ਬੱਚਿਆਂ ਨੇ ਇਹ ਪੇਪਰ ਦਿੱਤਾ ਸੀ ਅਤੇ ਪੰਜਾਬ ਵਿਚ ਕਰੀਬ 1 ਲੱਖ ਬੱਚਿਆਂ ਨੇ ਇਹ ਪੇਪਰ ਦਿੱਤਾ ਸੀ।ਇਸ ਤੋਂ ਇਲਾਵਾ ਸੁਨੇਹਾ ਕੌਰ ਨੇ ਵੀ 116 ਅੰਕ ਲੈ ਕੇ ਜਿਲ੍ਹੇ 'ਚੋਂ 8ਵਾਂ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਸਕੂਲ ਦੇ 13 ਬੱਚਿਆਂ ਨੇ ਇਹ ਪੇਪਰ ਦਿੱਤਾ ਸੀ ਤੇ ਸਾਰੇ ਹੀ ਬੱਚਿਆਂ ਨੇ ਇਹ ਪੇਪਰ ਪਾਸ ਕੀਤਾ ਹੈ। ਸਕੂਲ ਦੇ ਡੀਡੀਓ ਗੁਰਮੀਤ ਸਿੰਘ ਪ੍ਰਿੰਸੀਪਲ ਵਲੋਂ ਵੀ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਗਈ। ਇਹ ਪ੍ਰਾਪਤੀ ਬੱਚਿਆਂ ਦੀ ਸਖ਼ਤ ਮਿਹਨਤ ਨੂੰ ਦਰਸਾਉਂਦੀ ਹੈ।ਸਕੂਲ ਇੰਚਾਰਜ ਜਸਬੀਰ ਸਿੰਘ,ਲੈਕਚਰਾਰ ਸੰਜੀਵ ਕੁਮਾਰ ਅਤੇ ਸਮੂਹ ਸਟਾਫ਼ ਵਲੋਂ ਇਸ ਬੱਚੀ ਨੂੰ ਅਤੇ ਸਪੈਸ਼ਲ ਕੋਚਿੰਗ ਦੇਣ ਵਾਲੇ ਗਾਈਡ ਅਧਿਆਪਕ ਗੁਰਪ੍ਰੀਤ ਸਿੰਘ ਗਣਿਤ ਆਧਿਆਪਕ ਨੂੰ ਮੁਬਾਰਕਾਂ ਦਿੱਤੀਆਂ ਗਈਆਂ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਵਤਾਰ ਸਿੰਘ,ਬਿੱਕਰ ਸਿੰਘ, ਗੁਰਪ੍ਰੀਤ ਸਿੰਘ, ਅੰਕਿਤ ਕੁਮਾਰ,ਇਕਬਾਲ ਸਿੰਘ,ਅਜੈ ਕੁਮਾਰ,ਸ਼ਸ਼ੀ ਭੂਸ਼ਣ,ਸਰਵਨ ਸਿੰਘ,ਸੁਖਵੀਰ ਕੌਰ,ਅਮਨਦੀਪ ਕੌਰ ਸਾਇੰਸ,ਗੋਲ਼ੋ ਕੌਰ,ਵੀਰਪਾਲ ਕੌਰ,ਰਜਨੀ ਸਿੰਗਲਾ,ਅਮਨਦੀਪ ਕੌਰ,ਗਗਨਪਾਲ ਕੌਰ ਆਦਿ ਹਾਜ਼ਰ ਸਨ।

Sunday, April 28, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੈਰੀਟੋਰੀਅਸ ਸਕੂਲ ਦਾਖਲਾ ਪ੍ਰੀਖਿਆ 'ਚ ਜ਼ਿਲ੍ਹਾ ਸੰਗਰੂਰ 'ਚੋਂ ਹਰਜੋਤ ਕੌਰ ਨੇ ਕੀਤਾ ਟਾਪ

ਮੈਰੀਟੋਰੀਅਸ ਸਕੂਲ ਦਾਖਲਾ ਪ੍ਰੀਖਿਆ 'ਚ ਜ਼ਿਲ੍ਹਾ ਸੰਗਰੂਰ 'ਚੋਂ ਹਰਜੋਤ ਕੌਰ ਨੇ ਕੀਤਾ ਟਾਪ

ਸਰਕਾਰੀ ਸਕੂਲ ਜਖ਼ੇਪਲ ਦੇ ਮੁਖੀ ਅਤੇ ਸਟਾਫ ਨੇ ਵਿਦਿਆਰਥਣ ਤੇ ਮਾਪਿਆਂ ਨੂੰ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਹਰਜੋਤ ਕੌਰ ਨੇ ਪਿਛਲੇ ਦਿਨੀ ਹੋਏ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਪ੍ਰੀਖਿਆ 'ਚੋਂ 132 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਸੰਗਰੂਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਅਧਿਆਪਕ ਅਰਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਲਗਭਗ 5 ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਪ੍ਰਾਪਤੀ ਹੈ। ਇਸ ਵਿਦਿਆਰਥਣ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਉੱਚਾ ਕੀਤਾ ਹੈ।ਵਿਦਿਆਰਥਣ ਦੀ ਪ੍ਰਾਪਤੀ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾਸ੍ਰੋਤ ਰਹੇਗੀ।ਸਕੂਲ ਮੁਖੀ ਮੁਨੀਸ਼ ਵਰਮਾ ਨੇ ਸਕੂਲ ਸਟਾਫ ਅਤੇ ਹਰਜੋਤ ਕੌਰ ਦੇ ਮਾਪਿਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਹੋਣਹਾਰ ਵਿਦਿਆਰਥਣ ਦੇ ਅਗਲੇਰੇ ਭਵਿੱਖ ਦੀ ਕਾਮਨਾ ਕੀਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਯਾਦ 'ਚ ਗੁਰਮਤਿ ਸਮਾਗਮ 30 ਨੂੰ

ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਯਾਦ 'ਚ  ਗੁਰਮਤਿ ਸਮਾਗਮ 30 ਨੂੰ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ਼੍ਰੀ ਸੱਚਖੰਡ ਵਾਸੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 98ਵੇਂ ਜਨਮ ਦਿਹਾੜੇ ਦੀ ਖੁਸ਼ੀ ਵਜੋਂ 'ਮਹਾਨ ਗੁਰਮਤਿ ਸਮਾਗਮ' ਗੁਰਦੁਆਰਾ ਤਪ ਅਸਥਾਨ ਬੜੂ ਸਾਹਿਬ ਵਿਖੇ 30 ਅਪ੍ਰੈਲ ਅਤੇ 1 ਮਈ ਨੂੰ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਬੜੂ ਸਾਹਿਬ ਟਰਸਟ ਦੇ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਦੌਰਾਨ ਹਜ਼ੂਰੀ ਰਾਗੀ ਗਿਆਨੀ ਮਨਿੰਦਰ ਸਿੰਘ,ਸੰਤ ਬਾਬਾ ਜਗਤਾਰ ਸਿੰਘ ਕਾਹਨਗੜ੍ਹ ਵਾਲੇ,ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ ਅਤੇ ਅਨਾਹਦ ਬਾਣੀ ਤੰਤੀ ਸਾਜ਼ ਜਥਾ ਗੁਰਦੁਆਰਾ ਬੜੂ ਸਾਹਿਬ ਵੱਲੋਂ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ ਅਤੇ ਸਮਾਗਮ ਦੇ ਅਖੀਰ 'ਚ ਕਲਗੀਧਰ ਟਰਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਬੜੂ ਸਾਹਿਬ ਵਾਲੇ ਸੰਗਤਾਂ ਨਾਲ ਗੁਰਮਤੀ ਬਚਨਾਂ ਦੀ ਸਾਂਝ ਪਾਉਣਗੇ ਅਤੇ ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ।ਭਾਈ ਜਗਜੀਤ ਸਿੰਘ ਬੜੂ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਵੱਧ-ਚੜ ਕੇ ਇਸ ਮਹਾਨ ਗੁਰਮਤਿ ਸਮਾਗਮ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।