Monday, August 19, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ 'ਚ ਮਨਾਇਆ ਰੱਖੜੀ ਦਾ ਤਿਉਹਾਰ

ਦਿ ਰੌਇਲ ਗਲੋਬਲ ਸਕੂਲ 'ਚ ਮਨਾਇਆ ਰੱਖੜੀ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵਲੋਂ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਅਤੇ ਮਾਲੀਆਂ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਨੇ  ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ ਸਾਹਿਤ ਅਕਾਦਮੀ ਚੰਡੀਗੜ੍ਹ, ਡਾ. ਰਾਜਿੰਦਰ ਸਿੰਘ ਸੋਹਲ ਅਤੇ ਪ੍ਰਿੰਸੀਪਲ ਯੋਗਿਤਾ ਭਾਟੀਆ ਨੂੰ ਵੀ ਰੱਖੜੀ ਬੰਨ੍ਹੀ ।ਇਸ ਮੌਕੇ ਵਿਦਿਆਰਥੀਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ। ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰੱਖੜੀ ਭਾਰਤ ਦਾ ਪ੍ਰਸਿੱਧ ਅਤੇ ਪ੍ਰਾਚੀਨ ਤਿਉਹਾਰ ਹੈ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੋਰ ਮਜਬੂਤ ਕਰਦਾ ਹੈ।ਇਸ ਮੌਕੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਅਤੇ ਤਰੱਕੀ ਲਈ ਅਰਦਾਸ ਕਰਦੀਆਂ ਹਨ ਅਤੇ ਭਰਾ ਆਪਣੀਆਂ ਭੈਣਾਂ ਨੂੰ ਤੋਹਫੇ ਦਿੰਦੇ ਹਨ ਤੇ ਹਮੇਸ਼ਾ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਕੂਲ ਵਿੱਚ ਕੰਮ ਕਰਨ ਵਾਲੇ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹਨ ਇਸ ਲਈ ਸਾਨੂੰ ਸਭ ਦੀ ਕਦਰ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਭੈਣਾਂ ਭਰਾਵਾਂ ਨਾਲ ਪਿਆਰ ਨਾਲ ਰਲਕੇ ਰਹਿਣ ਅਤੇ ਇੱਕ ਦੂਜੇ ਦਾ ਹਮੇਸ਼ਾ ਸਹਿਯੋਗ ਕਰਨ ਦੀ ਪ੍ਰੇਰਨਾ ਦਿੱਤੀ। ਡਾ.  ਰਾਜਿੰਦਰ ਸਿੰਘ ਸੋਹਲ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਗ੍ਰਾਮ ਪੰਚਾਇਤ ਚੋਣਾਂ ਲਈ ਵੋਟ ਬਣਾਉਣ/ਵੋਟ ਕੱਟਣ ਅਤੇ ਹੋਰ ਤਬਦੀਲੀ ਲਈ 20, 21 ਅਤੇ 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਡਿਪਟੀ ਕਮਿਸ਼ਨਰ

ਗ੍ਰਾਮ ਪੰਚਾਇਤ ਚੋਣਾਂ ਲਈ ਵੋਟ ਬਣਾਉਣ/ਵੋਟ ਕੱਟਣ ਅਤੇ ਹੋਰ ਤਬਦੀਲੀ ਲਈ 20, 21 ਅਤੇ 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਡਿਪਟੀ ਕਮਿਸ਼ਨਰ

ਕਮਿਸ਼ਨ ਦੀ ਵੈਬਸਾਈਟ sec.punjab.gov.in ’ਤੇ  ਕੀਤੇ ਜਾ ਸਕਦੇ ਹਨ ਫਾਰਮ ਡਾਉਨਲੋਡ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰਾਜ ਵਿੱਚ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਯੋਗਤਾ ਮਿਤੀ 1 ਜਨਵਰੀ 2023 ਦੇ ਆਧਾਰ ’ਤੇ ਮਿਤੀ 07 ਜਨਵਰੀ 2024 ਨੂੰ ਅੰਤਿਮ ਪ੍ਰਕਾਸ਼ਨਾ ਕਰਵਾਈ ਜਾ ਚੁੱਕੀ ਹੈ। ਇੰਨ੍ਹਾਂ ਵੋਟਰ ਸੂਚੀਆਂ ਦੀ ਮਿਤੀ 29 ਦਸੰਬਰ 2023 ਤੱਕ ਜਿਲਿ੍ਹਆਂ ਦੇ ਸਬੰਧਤ ਚੋਣ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਆਮ ਜਨਤਾ ਤੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਕੇ 5 ਜਨਵਰੀ 2024 ਨੂੰ ਉਨ੍ਹਾਂ ਦਾ ਨਿਪਟਾਰਾ ਕਰਕੇ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਸੀ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹੁਣ ਸਾਰੇ ਯੋਗ ਵੋਟਰ, ਸੂਚੀਆਂ ਵਿੱਚ ਆਪਣਾ ਨਾਮ ਦਰਜ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਕੰਮ ਲਈ 20, 21 ਅਤੇ 22 ਅਗਸਤ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਆਮ ਜਨਤਾ ਤੋਂ ਫਾਰਮ ਨੰਬਰ 1,2 ਅਤੇ 3 ਕ੍ਰਮਵਾਰ ਵੋਟਾਂ ਬਣਾਉਣ,ਕੱਟਣ ਅਤੇ ਵੋਟਾਂ ਵਿੱਚ ਪਤੇ ਦੀ ਤਬਦੀਲੀ ਜਾਂ ਕੋਈ ਹੋਰ ਸੋਧ ਕਰਨ ਲਈ, ਇਤਰਾਜ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।ਉਨਾਂ ਦੱਸਿਆ ਕਿ ਇਹ ਫਾਰਮ ਸਾਰੇ ਚੋਣ ਰਜਿਸਟਰੇਸ਼ਨ ਅਫ਼ਸਰਾਂ (ਐਸ.ਡੀ.ਐਮਜ਼) ਦੇ ਦਫ਼ਤਰਾਂ ਵਿੱਚ ਉਪਲੱਬਧ ਹਨ ਅਤੇ ਇਹ ਫਾਰਮ ਕਮਿਸ਼ਨ ਦੀ ਵੈਬਸਾਈਟ <sec.punjab.gov.in> ਤੋਂ ਡਾਉਨਲੋਡ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕੁਲਵੰਤ ਸਿੰਘ ਨੇ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਅਹੁਦਾ ਸੰਭਾਲਿਆ

ਕੁਲਵੰਤ ਸਿੰਘ ਨੇ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਅਹੁਦਾ ਸੰਭਾਲਿਆ

ਜ਼ਿਲ੍ਹਾ ਵਾਸੀਆਂ ਨੂੰ ਸਮਾਂ-ਬੱਧ ਤੇ ਵਧੀਆ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕੁਲਵੰਤ ਸਿੰਘ ਨੇ ਡਿਪਟੀ ਕਮਿਸ਼ਨਰ ਮਾਨਸਾ ਵਜ਼ੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਕੁਲਵੰਤ ਸਿੰਘ 2012 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਡਿਪਟੀ ਕਮਿਸ਼ਨਰ ਮੋਗਾ ਤਾਇਨਾਤ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤਰਨਤਾਰਨ, ਫਿਰੋਜ਼ਪੁਰ, ਵਧੀਕ ਡਿਪਟੀ ਕਮਿਸ਼ਨਰ ਜਲੰਧਰ, ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ, ਐੱਸ.ਡੀ.ਐੱਮ ਤਲਵੰਡੀ ਸਾਬੋ ਅਤੇ ਨਕੋਦਰ ਸਮੇਤ ਪੰਜਾਬ ਸਰਕਾਰ ਦੇ ਵੱਖ ਵੱਖ ਅਹੁਦਿਆਂ ਉੱਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨ ਹਿੱਤ ਸੇਵਾਵਾਂ ਤੈਅ ਸਮਾਂ ਸੀਮਾਂ ਵਿਚ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਸਰਕਾਰੀ ਕੰਮਾਂ ਕਾਰਾਂ ਵਿਚ ਪਾਰਦਰਸ਼ਤਾ, ਨਿਰੰਤਰਤਾ ਅਤੇ ਤੇਜ਼ੀ ਲਿਆਉਣ ਦੇ ਨਾਲ ਨਾਲ ਜ਼ਿਲ੍ਹਾ ਵਾਸੀਆਂ ਨੂੰ ਸਮਾਂਬੱਧ ਤੇ ਵਧੀਆ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਮਾਨਸਾ ਦੇ ਵਿਕਾਸ ਅਤੇ ਹੋਰ ਕਾਰਜਾਂ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਇਸ ਤੋਂ ਪਹਿਲਾਂ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਦਾ ਬਤੌਰ ਡਿਪਟੀ ਕਮਿਸ਼ਨਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ,ਐਸ.ਪੀ. (ਐਚ) ਜਸਕੀਰਤ ਸਿੰਘ,ਐਸ.ਡੀ.ਐਮ. ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ,ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਾਜ ਕੁਮਾਰ, ਪੀ.ਏ. ਟੁ ਡਿਪਟੀ ਕਮਿਸ਼ਨਰ ਸੁਖਰਾਜ ਸਿੰਘ,ਸੁਪਰਡੰਟ ਅਮਰਜੀਤ ਸਿੰਘ,ਸੁਪਰਡੰਟ ਮੱਖਣ ਲਾਲ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Sunday, August 18, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਨੂੰ ਕੋਰੀਓਗਰਾਫ਼ਰੀ 'ਚ ਮਿਲਿਆ ਪਹਿਲਾ ਸਥਾਨ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਨੂੰ ਕੋਰੀਓਗਰਾਫ਼ਰੀ 'ਚ ਮਿਲਿਆ ਪਹਿਲਾ ਸਥਾਨ

ਮੁੱਖ ਮਹਿਮਾਨ ਕੈਬਨਿਟ ਵਜ਼ੀਰ ਚੇਤਨ ਸਿੰਘ ਜੌੜਾਮਾਜਰਾ ਨੇ ਵਿਦਿਆਰਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜੇ ਨਾਲ ਸੰਬੰਧਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ,ਜਿਸ ਨੂੰ ਮੁੱਖ ਮਹਿਮਾਨ ਕੈਬਨਿਟ ਵਜ਼ੀਰ ਚੇਤਨ ਸਿੰਘ ਜੌੜਾਮਾਜਰਾ,ਹੋਰ ਅਧਿਕਾਰੀਆਂ ਤੇ ਹਾਜ਼ਰੀਨ ਵੱਲੋਂ ਭਰਪੂਰ ਸਲਾਹਿਆ ਗਿਆ। ਸਕੂਲ ਮੁਖੀ ਕਸ਼ਮੀਰ ਸਿੰਘ ਤੇ ਅਧਿਆਪਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦੁਆਰਾ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ਨੂੰ ਪਹਿਲਾ ਸਥਾਨ ਮਿਲਿਆ ਹੈ ਜਿਸ ਦੇ ਲਈ ਉਹਨਾਂ ਦਾ ਸਮੁੱਚਾ ਸਟਾਫ ਅਤੇ ਬੱਚਿਆਂ ਦੇ ਮਾਪੇ ਵਧਾਈ ਦੇ ਪਾਤਰ ਹਨ। ਸਕੂਲ ਮੁਖੀ ਨੇ ਦੱਸਿਆ ਕਿ ਮੁੱਖ ਮਹਿਮਾਨ ਕੈਬਨਿਟ ਵਜ਼ੀਰ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਸਕੂਲ ਦੀ ਸਮੁੱਚੀ ਟੀਮ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਪ੍ਰਾਇਮਰੀ ਸਿੱਖਿਆ) ਭੁਪਿੰਦਰ ਕੌਰ ਨੇ ਵਿਦਿਆਰਥੀਆਂ,ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਕਿਸੇ ਗੱਲੋਂ ਘੱਟ ਨਹੀਂ ਬਲਕਿ ਉਹਨਾਂ ਦੀ ਕਲਾ ਨੂੰ ਨਿਖਾਰਨ ਦੀ ਸਖਤ ਜਰੂਰਤ ਹੈ।ਉਹਨਾਂ ਕਿਹਾ ਕਿ ਪਾਰਖੂ ਅਧਿਆਪਕ ਅਜਿਹੇ ਬੱਚਿਆਂ ਦੀਆਂ ਕਲਾਵਾਂ ਨੂੰ ਅੱਗੇ ਲੈ ਕੇ ਆ ਰਹੇ ਹਨ ਜੋ ਕਿ ਵਧਾਈ ਦੇ ਪਾਤਰ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਮੁਕੰਮਲ-ਵਿਧਾਇਕ ਬੁੱਧ ਰਾਮ

ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਮੁਕੰਮਲ-ਵਿਧਾਇਕ ਬੁੱਧ ਰਾਮ

ਵਿਧਾਇਕ ਬੁੱਧ ਰਾਮ ਨੇ ਚਾਂਦਪੁਰਾ ਬੰਨ ਅਤੇ ਸਾਈਫਨ ਦਾ ਕੀਤਾ ਦੌਰਾ ਕੀਤਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕੁਦਰਤੀ ਆਫਤਾਂ ਨਾਲ ਲੜਨ ਲਈ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ। ਪਿਛਲੇ ਸਾਲ ਘੱਗਰ ਦੇ ਚਾਂਦਪੁਰਾ ਬੰਨ ਟੁੱਟਣ ਨਾਲ ਕਾਫੀ ਨੁਕਸਾਨ ਹੋਇਆ ਸੀ। ਇਸ ਵਾਰ ਇਸ ਬੰਨ੍ਹ ’ਤੇ ਅਗੇਤੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਚਾਂਦਪੁਰਾ ਬੰਨ ਅਤੇ ਸਾਈਫਨ ਦਾ ਦੌਰਾ ਕਰਨ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ ’ਤੇ ਇਸ ਵਾਰ ਡਰੇਨਜ਼ ਵਿਭਾਗ ਨੂੰ ਮਿੱਟੀ ਦੇ ਗੱਟੇ ਭਰ ਕੇ ਰੱਖਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ। ਇੱਥੇ ਸਤੰਬਰ ਦੇ ਅਖੀਰ ਤੱਕ ਪੱਕੇ ਤੌਰ ਤੇ ਪੋਕੇ ਲੇਨ ਮੌਜੂਦ ਰਹੇਗੀ, ਜਿਸ ਨਾਲ ਸਾਈਫਨ ਵਿੱਚ ਫਸਣ ਵਾਲੀ ਜੰਗਲੀ ਬੂਟੀ ਜਾਂ ਪਾਣੀ ਦੇ ਵਹਾਅ ’ਚ ਰੁਕਾਵਟ ਪਾਉਣ ਵਾਲੀ ਅੜਿੱਕੇ ਵਾਲੀ ਚੀਜ਼ ਬਾਹਰ ਕੱਢੀ ਜਾਇਆ ਕਰੇਗੀ।ਇਸ ਮੌਕੇ  ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਚਮਕੌਰ ਸਿੰਘ ਖੁਡਾਲ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਕੁਲਵਿੰਦਰ ਸਿੰਘ ਖੁਡਾਲ, ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ, ਗੁਰਦਰਸ਼ਨ ਸਿੰਘ ਪਟਵਾਰੀ, ਗੁਰਵਿੰਦਰ ਸਿੰਘ ਕੁੱਲਰੀਆਂ, ਦੀਪ ਸੈਣੀ, ਰਮਨ ਗੁੜੱਦੀ , ਡਰੇਨਜ਼ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀ, ਅਵਤਾਰ ਸਿੰਘ ਚੌਂਕੀ ਇੰਚਾਰਜ ਕੁਲਰੀਆਂ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜਗਤਜੀਤ ਗਰੁੱਪ ਚੀਮਾ ਦੀ ਕੋਈ ਵੀ ਖ਼ੇਤੀ ਮਸ਼ੀਨਰੀ ਖਰੀਦਣ 'ਤੇ ਮਿਲੇਗਾ ਲੱਕੀ ਕੂਪਨ

ਜਗਤਜੀਤ ਗਰੁੱਪ ਚੀਮਾ ਦੀ ਕੋਈ ਵੀ ਖ਼ੇਤੀ ਮਸ਼ੀਨਰੀ ਖਰੀਦਣ 'ਤੇ ਮਿਲੇਗਾ ਲੱਕੀ ਕੂਪਨ 

ਲੱਕੀ ਕੂਪਨ ਦੌਰਾਨ ਕਰੋੜਾਂ ਰੁਪਏ ਦੇ ਦਿੱਤੇ ਜਾਣਗੇ ਇਨਾਮ

ਪਿਛਲੇ ਸਾਲ ਦੇ ਜੇਤੂ ਕਿਸਾਨਾਂ ਨੂੰ ਥਾਰ,ਜੋਹਨ ਡੀਅਰ ਟਰੈਕਟਰ,ਅਲਟੋ ਕਾਰ,ਬੁਲਿਟ ਅਤੇ ਸਪਲਾਈਡਰ ਮੋਟਰਸਾਈਕਲ ਕੀਤੇ ਪ੍ਰਦਾਨ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਕਿਸਾਨਾਂ ਲਈ ਬਿਹਤਰੀਨ ਤੇ ਅੱਜ ਦੇ ਡਿਜ਼ੀਟਲ ਜ਼ਮਾਨੇ ਦੀ ਖੇਤੀਬਾੜੀ ਮਸ਼ੀਨਰੀ ਪ੍ਰਦਾਨ ਕਰਨ ਵਾਲੇ ਜਗਤਜੀਤ ਗਰੁੱਪ ਜੀਮਾ ਮੰਡੀ ਵੱਲੋਂ ਪਿਛਲੇ ਦਿਨੀ ਡੇਹਲੋਂ ਵਿਖੇ ਆਪਣੇ ਨਵੇਂ ਪਲਾਂਟ ਦੇ ਉਦਘਾਟਨ ਮੌਕੇ ਪਿਛਲੇ ਸਾਲ ਦੇ ਸੁਪਰ ਸੀਡਰ ਖਰੀਦਣ ਵਾਲੇ ਕਿਸਾਨਾਂ ਦੇ ਲੱਕੀ ਡਰਾਅ ਕੂਪਨਾਂ ਦੇ ਇਨਾਮ ਕੱਢੇ ਗਏ ਸਨ, ਜਿਸ ਵਿੱਚ ਪਹਿਲਾ ਇਨਾਮ ਫਾਜ਼ਿਲਕਾ ਦੇ ਕਿਸਾਨ ਜੰਗ ਸਿੰਘ ਨੂੰ ਥਾਰ ਦੇ ਰੂਪ ਵਿੱਚ ਮਿਲਿਆ ਸੀ। ਦੂਜਾ ਇਨਾਮ ਜੋਨਡੀਅਰ ਟਰੈਕਟਰ ਜਗਰਾਉਂ ਦੇ ਕਿਸਾਨ ਲਵਪ੍ਰੀਤ ਸਿੰਘ ,ਤੀਜਾ ਨਾਮ ਅਲਟੋ ਕਾਰ ਚੀਕਾ (ਹਰਿਆਣਾ) ਦੇ ਕਿਸਾਨ ਲਖਵਿੰਦਰ ਸਿੰਘ ਨੂੰ ਨਿਕਲੇ ਸਨ। ਇਸ ਤੋਂ ਇਲਾਵਾ ਪੰਜ ਬੁਲਟ ਮੋਟਰਸਾਈਕਲ ਅਤੇ ਦਸ ਸਪਲੈਂਡਰ ਮੋਟਰਸਾਈਕਲ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਕਿਸਾਨਾਂ ਨੂੰ ਲੱਕੀ ਡਰਾਅ ਰਾਹੀਂ ਨਿਕਲੇ ਸਨ। ਉਕਤ ਵਿਜੇਤਾ ਕਿਸਾਨਾਂ ਨੂੰ ਜਗਤਜੀਤ ਗਰੁੱਪ ਚੀਮਾ ਮੰਡੀ ਵਿਖੇ ਬੁਲਾ ਕੇ ਡਰਾਅ ਰਾਹੀਂ ਨਿਕਲੀ ਸਾਰੀ ਮਸ਼ੀਨਰੀ ਉਹਨਾਂ ਦੇ ਸਪੁਰਦ ਕੀਤੀ ਗਈ। ਗਰੁੱਪ ਦੇ ਸੀਈਓ ਰਾਜੇਸ਼ ਮਲਿਕ ਨੇ ਦੱਸਿਆ ਕਿ ਇਹ ਲੱਕੀ ਡਰਾਅ ਵਾਲੀ ਸਕੀਮ ਅਗਲੇ ਸਾਲ ਲਈ ਵੀ ਅਨਾਊਂਸ ਕੀਤੀ ਗਈ ਹੈ ਜਿਸ ਵਿੱਚ ਜਗਤਜੀਤ ਗਰੁੱਪ ਵੱਲੋਂ ਤਿਆਰ ਕੋਈ ਵੀ ਖੇਤੀਬਾੜੀ ਮਸ਼ੀਨਰੀ ਖਰੀਦਣ 'ਤੇ ਲੱਕੀ ਡਰਾਅ ਦਾ ਕੁਪਨ ਮਿਲੇਗਾ ਜਿਸ ਵਿੱਚ ਪਹਿਲਾ ਇਨਾਮ ਜਗਤਜੀਤ ਗਰੁੱਪ ਦੀ ਏਸੀ ਕੰਬਾਈਨ, ਦੂਜਾ ਇਨਾਮ ਥਾਰ, ਤੀਜਾ ਇਨਾਮ ਜੌਹਨ ਡੀਅਰ ਟਰੈਕਟਰ (ਏਸੀ ਕੈਬਿਨ), ਚੌਥਾ ਇਨਾਮ ਅਲਟੋ ਕਾਰ, ਪੰਜਵਾਂ ਇਨਾਮ ਪੰਜ ਬੁਲਿਟ ਮੋਟਰਸਾਈਕਲ ਅਤੇ ਛੇਵੇਂ ਇਨਾਮ ਵਿੱਚ 10 ਸਪਲੈਂਡਰ ਮੋਟਰਸਾਈਕਲ ਰੱਖੇ ਗਏ ਹਨ।ਇਸ ਤੋਂ ਇਲਾਵਾ 32 ਕਿਸਾਨ ਅਜਿਹੇ ਹੋਣਗੇ ਜੋ ਦੁਬਈ ਦੇ ਟੂਰ 'ਤੇ ਜਾਣਗੇ। ਸੋ ਕੁੱਲ 51 ਇਨਾਮਾਂ ਵਾਲੀ ਇਸ ਸਕੀਮ ਨੂੰ ਲਾਂਚ ਵੀ ਕੀਤਾ ਗਿਆ। ਜਗਤਜੀਤ ਗਰੁੱਪ ਵੱਲੋਂ ਇਸ ਮੌਕੇ 2024 ਮਾਡਲ ਸੁਪਰ ਸੀਡਰ ਵੀ ਲਾਂਚ ਕੀਤਾ ਗਿਆ ਜਿਸ ਦੀ ਲਾਂਚਿੰਗ ਤੋਂ ਗਰੁੱਪ ਦੇ ਵਰਕਰ ਬਹੁਤ ਖੁਸ਼ ਨਜ਼ਰ ਆ ਰਹੇ ਸਨ ਕਿਉਂਕਿ ਭਾਰਤ ਦਾ ਸਭ ਤੋਂ ਵੱਧ ਵਿਕਣ ਵਾਲਾ ਸੁਪਰਸੀਡਰ ਤੇ ਸਭ ਤੋਂ ਵੱਧ ਐਡਵਾਂਸ ਟੈਕਨੋਲੋਜੀ ਵਾਲਾ ਇਸ ਤੋਂ ਪਹਿਲਾ ਸੁਪਰ ਸੀਡਰ ਵੀ ਕਿਸਾਨਾਂ ਨੇ ਬਹੁਤ ਪਸੰਦ ਕੀਤਾ ਹੈ।ਜਗਤਜੀਤ ਗਰੁੱਪ ਦੇ ਚੇਅਰਮੈਨ ਸਰਦਾਰ ਧਰਮ ਸਿੰਘ ਅਤੇ ਐਮਡੀ ਜਗਤਜੀਤ ਸਿੰਘ ਨੇ ਵੱਖ-ਵੱਖ ਲੱਕੀ ਕੂਪਨਾ ਰਾਹੀਂ ਇਨਾਮ ਜਿੱਤਣ ਵਾਲੇ ਕਿਸਾਨਾਂ ਨੂੰ ਵਧਾਈ ਦਿੱਤੀ।

Saturday, August 17, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 20 ਅਗਸਤ ਤੋਂ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਸਾਥੀ ਕਰਨਗੇ ਪੱਕੇ ਮੋਰਚੇ ਦੀ ਸ਼ੁਰੂਆਤ

20 ਅਗਸਤ ਤੋਂ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਸਾਥੀ ਕਰਨਗੇ ਪੱਕੇ ਮੋਰਚੇ ਦੀ ਸ਼ੁਰੂਆਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਮੂਹ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਈਟੀਟੀ 2364 ਭਰਤੀ ਨੂੰ ਲੈ ਕੇ ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੂਰੇ ਪੰਜਾਬ ਦੇ ਸੰਘਰਸ਼ੀ ਸਾਥੀ ਮੀਟਿੰਗ ਦਾ ਹਿੱਸਾ ਬਣੇ ਨਾਲ ਹੀ ਕਮੇਟੀ ਦਾ ਵਿਸਥਾਰ ਕਰਨ ਲਈ ਨਵੇਂ ਸਾਥੀਆਂ ਨੂੰ ਸਟੇਟ ਕਮੇਟੀ ਵਿੱਚ ਜੋੜਿਆ ਗਿਆ। ਉਸ ਉਪਰੰਤ ਸਾਰੇ ਸਾਥੀਆਂ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੀ ਹੁਣ ਤੱਕ ਅਸੀਂ ਸਰਕਾਰ ਦੇ ਕਹਿਣ ਤੇ ਈਟੀਟੀ 2364 ਭਰਤੀ ਲਈ ਇੰਤਜਾਰ ਕੀਤਾ, ਪਰ ਸਰਕਾਰ ਨੇ ਹੁਣ ਤੱਕ ਸਾਨੂੰ ਲਾਰੇ ਵਿੱਚ ਰੱਖਿਆਂ ਜਿਸ ਕਰਕੇ ਸਾਰੇ ਸਾਥੀਆਂ ਵਿੱਚ ਰੋਸ ਹੈ ਜਿਸ ਨੂੰ ਦੇਖਦਿਆਂ ਈਟੀਟੀ 2364 ਕਮੇਟੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਅਸੀਂ ਆਉਣ ਵਾਲੀ 20 ਅਗਸਤ 2024 ਤੋਂ ਪੱਕੇ ਮੋਰਚੇ ਦੀ ਸ਼ੁਰੂਆਤ ਕਰ ਰਹੇ ਹਾਂ, ਤੇ ਨਾਲ ਗੁਪਤ ਐਕਸ਼ਨ ਵੀ ਕੀਤੇ ਜਾਣਗੇ ਅਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਦੋਰਾਨ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਹ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਇਸ ਮੌਕੇ ਕਮੇਟੀ ਆਗੂ ਮਨਪ੍ਰੀਤ ਮਾਨਸਾ,ਹਰਜੀਤ ਸਿੰਘ ਬੁਢਲਾਡਾ,ਗੁਰਸੇਵ ਸਿੰਘ ਸੰਗਰੂਰ, ਗੁਰਸੰਗਤ ਸਿੰਘ ਬੁਢਲਾਡਾ ਗੁਰਜੀਵਨ ਸਿੰਘ ਮਾਨਸਾ, ਵਰਿੰਦਰ ਸਰਹਿੰਦ, ਅੰਮ੍ਰਿਤ ਧੂਰੀ,ਨਵੀ ਜੋਸ਼ਨ,ਹੀਰਾ ਲਾਧੁਕਾ, ਸੁਖਜਿੰਦਰ ਸਿੰਘ ਸੰਗਰੂਰ, ਪ੍ਰਿਥਵੀ ਵਰਮਾ, ਜਗਪਾਲ ਸਿੰਘ, ਤਰਸੇਮ ਸਿੰਘ ਸੰਗਰੂਰ, ਕਿਰਨਦੀਪ ਨਾਭਾ, ਸੀਤਲ ਫਾਜ਼ਿਲਕਾ,ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।