Tuesday, August 20, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ

ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਦੇ ਸਟਾਫ਼ ਅਤੇ ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਚੀਮਾ ਵੱਲੋਂ ਕੁਦਰਤ ਪ੍ਰਤੀ ਆਪਣੇ ਫਰਜ਼ ਨੂੰ ਸਮਝਦਿਆਂ ਸਾਂਝੇ ਉੱਦਮ ਨਾਲ ਵੱਖ ਵੱਖ ਤਰ੍ਹਾਂ ਦੇ ਫੁੱਲਦਾਰ,ਫਲਦਾਰ, ਸਜਾਵਟੀ ਅਤੇ ਛਾਂਦਾਰ ਪੌਦਿਆਂ ਨੂੰ ਲਗਾਉਣ ਦੀ ਸੇਵਾ ਆਰੰਭੀ। ਗਰੁੱਪ ਨੇ ਦੱਸਿਆ ਕਿ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਵਾਤਾਵਰਣ ਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਲੜੀ ਤਹਿਤ ਪਿੰਡ ਤੋਲਾਵਾਲ ਦੇ ਸਰਕਾਰੀ ਸਕੂਲ ਅਤੇ ਆਲੇ-ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਇਹ ਸਾਂਝਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸਕੂਲ ਮੁਖੀ ਹਰਜਿੰਦਰ ਕੌਰ,ਸਮੂਹ ਸਕੂਲ ਸਟਾਫ਼,ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਦੇ ਸੰਸਥਾਪਕ ਜੱਸੀ ਸਰਦਾਰ ,ਡਾ. ਸੁਖਵੀਰ ਸਿੰਘ ਚੀਮਾ,ਗੁਰਸੇਵਕ ਸਿੰਘ ਚੀਮਾ ਅਤੇ ਉਹਨਾਂ ਦੀ ਪੂਰੀ ਟੀਮ ਮੌਜ਼ੂਦ ਸੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ‘ਚ ਜਿੱਤੇ ਤਗਮੇ

ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ‘ਚ ਜਿੱਤੇ ਤਗਮੇ

ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ ’ਤੇ ਕੀਤਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਸਿੱਖਿਆ ਸੰਮਤੀ ਵੱਲੋਂ ਰਾਜ ਪੱਧਰੀ ਖੇਡ ਮੁਕਾਬਲੇ ਦਇਆਨੰਦ ਪਬਲਿਕ ਸਕੂਲ ਨਾਭਾ ਵਿਖੇ ਕਰਵਾਏ ਗਏ ਜਿਹਨਾਂ ਇਹਨਾਂ ’ਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ 38 ਖਿਡਾਰੀਆਂ ਨੇ ਹਿੱਸਾ ਲਿਆ।ਬਾਸਕਟਬਾਲ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਅੰਡਰ-14 ਉਮਰ ਵਰਗ ਲੜਕੀਆਂ ’ਚ ਸਕੂਲ ਦੀ ਟੀਮ ਨੇ ਪਹਿਲਾ,ਅੰਡਰ-14 ਉਮਰ ਵਰਗ ਲੜਕਿਆਂ ਵਿੱਚ ਦੂਜਾ,ਅੰਡਰ-17 ਉਮਰ ਵਰਗ ਲੜਕੀਆਂ ’ਚ ਪਹਿਲਾ,ਅੰਡਰ-17 ਉਮਰ ਵਰਗ ਲੜਕਿਆਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸ਼ਤਰੰਜ ਮੁਕਾਬਲਿਆਂ ’ਚ ਮਾਨਸਾ ਵਿਭਾਗ ਵੱਲੋਂ ਖੇਡਦੇ ਹੋਏ ਅੰਡਰ-17 ਉਮਰ ਵਰਗ ਲੜਕਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਮਾਪਤੀ ਸਮਾਰੋਹ ਵਿੱਚ ਸਰਵਹਿੱਤਕਾਰੀ ਸਿਿਖਆ ਸੰਮਤੀ ਦੇ ਅਧਿਕਾਰੀਆਂ ਵੱਲੋਂ ਇਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ,ਜਿਸ ਵਿੱਚ ਪਹਿਲੇ ,ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ ਸੋਨ,ਚਾਂਦੀ ਤੇ ਕਾਂਸੇ ਦੇ ਸੋਨ ਤਗਮੇ ਅਤੇ ਟਰਾਫੀਆ ਦੇ ਕੇ ਸਨਮਾਨਿਤ ਕੀਤਾ।ਸਕੂਲ ਦੀ ਸਵੇਰ ਦੀ ਸਭਾ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਖੇਡਾਂ ਵਿਿਦਆਰਥੀ ਜੀਵਨ ਦਾ ਅਹਿਮ ਹਿੱਸਾ ਹਨ।ਖੇਡਾਂ ਮਨੁੱਖ ਵਿੱਚ ਉੱਚ ਨੈਤਿਕ ਗੁਣ ਪੈਦਾ ਕਰਕੇ ਉਸ ਨੂੰ ਉੱਤਮ ਨਾਗਰਿਕ ਬਣਨ ਦੇ ਯੋਗ ਬਣਾਉਦੀਆਂ ਹਨ।ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਮਾਣ ਕਰਦਿਆਂ ਉਹਨਾਂ ਸਾਰੇ ਖਿਡਾਰੀਆਂ ਨੂੰ ਇਸਦੀ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ।

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਬੀ.ਐਲ.ਓਜ਼. 20 ਸਤੰਬਰ ਤੱਕ ਘਰ ਘਰ ਜਾ ਕੇ ਕਰਨਗੇ ਵੋਟਰਾਂ ਦੀ ਵੈਰੀਫਿਕੇਸ਼ਨ-ਜ਼ਿਲ੍ਹਾ ਚੋਣ ਅਫ਼ਸਰ

ਬੀ.ਐਲ.ਓਜ਼.  20 ਸਤੰਬਰ ਤੱਕ ਘਰ ਘਰ ਜਾ ਕੇ ਕਰਨਗੇ ਵੋਟਰਾਂ ਦੀ ਵੈਰੀਫਿਕੇਸ਼ਨ-ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਚੋਣ ਕਮਿਸ਼ਨ ਦੀ ਵਿਸ਼ੇਸ਼ ਮੁਹਿੰਮ ਦਾ ਲਾਹਾ ਲੈਣ ਦੀ ਅਪੀਲ


ਗੁਰਵਿੰਦਰ ਸਿੰਘ ਚਹਿਲ,ਮਾਨਸਾ : ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ 1 ਜਨਵਰੀ, 2025 ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ,ਜਿਸ ਅਨੁਸਾਰ ਬੀ.ਐਲ.ਓਜ਼ ਵੱਲੋਂ ਘਰ ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।ਇਸ ਸਬੰਧੀ ਕਮਿਸ਼ਨ ਵੱਲੋਂ 20 ਸਤੰਬਰ 2024 ਤੱਕ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਅਧੀਨ ਬੀ.ਐਲ.ਓਜ਼ ਆਪਣੇ ਪੋਲਿੰਗ ਏਰੀਏ ਵਿੱਚ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਹਨ।ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਵੈਰੀਫਿਕੇਸ਼ਨ ਬੀ.ਐਲ.ਓਜ਼ ਵੱਲੋਂ ਆਪਣੇ ਮੋਬਾਇਲ ’ਤੇ ਬੀ.ਐਲ.ਓ.ਐਪ ਰਾਹੀਂ ਕੀਤੀ ਜਾਵੇਗੀ। ਵੈਰੀਫਿਕੇਸ਼ਨ ਦੌਰਾਨ ਬੀ.ਐਲ.ਓਜ਼ ਇੱਕ ਘਰ/ਪਰਿਵਾਰ ਦੇ ਸਾਰੇ ਮੈਂਬਰਾ ਦੀ ਡਿਟੇਲ ਬੀ.ਐਲ.ਓ. ਐਪ ਵਿੱਚ ਇਕੱਠੀ ਕਰਨਗੇ। ਇਸ ਦੌਰਾਨ ਪਰਿਵਾਰ ਵਿੱਚੋਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਅਕਤੀ ਜਿੰਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ, ਉਹ ਫਾਰਮ ਨੰਬਰ 6 ਭਰ ਕੇ ਆਪਣੀ ਨਵੀਂ ਵੋਟ ਬਣਵਾ ਸਕਦੇ ਹਨ ਅਤੇ ਜਿੰਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ/ਕਿਸੇ ਹੋਰ ਸਥਾਨ ’ਤੇ ਸ਼ਿਫਟ ਹੋ ਚੁੱਕੇ ਹਨ ਜਾਂ 2 ਪਾਸੇ ਵੋਟ ਬਣੀ ਹੋਈ ਹੈ,ਉਹ ਆਪਣਾ ਫਾਰਮ ਨੰਬਰ 7 ਭਰ ਕੇ ਆਪਣੇ ਸਬੰਧਤ ਬੀ.ਐਲ.ਓਜ਼. ਨੂੰ ਦੇ ਕੇ ਵੋਟ ਕਟਵਾ ਸਕਦੇ ਹਨ ਅਤੇ ਜਿਨ੍ਹਾਂ ਵਿਅਕਤੀਆਂ ਦੀ ਵੋਟ ਬਣੀ ਹੋਈ ਹੈ,ਉਹ ਕਿਸੇ ਵੀ ਕਿਸਮ ਦੀ ਦਰੁਸਤੀ ਕਰਵਾਉਣ ਲਈ ਫਾਰਮ ਨੰਬਰ 8 ਭਰ ਕੇ ਆਪਣੇ ਬੀ.ਐਲ.ਓ. ਨੂੰ ਜਮ੍ਹਾ ਕਰਵਾ ਸਕਦੇ ਹਨ।ਉਨ੍ਹਾਂ ਆਮ ਜਨਤਾ/ਵੋਟਰਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਸਬੰਧਤ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਕਮਿਸ਼ਨ ਵੱਲੋਂ ਮਿੱਥੇ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ ਅਤੇ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ।

Monday, August 19, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ 'ਚ ਮਨਾਇਆ ਰੱਖੜੀ ਦਾ ਤਿਉਹਾਰ

ਦਿ ਰੌਇਲ ਗਲੋਬਲ ਸਕੂਲ 'ਚ ਮਨਾਇਆ ਰੱਖੜੀ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵਲੋਂ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਅਤੇ ਮਾਲੀਆਂ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਨੇ  ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ ਸਾਹਿਤ ਅਕਾਦਮੀ ਚੰਡੀਗੜ੍ਹ, ਡਾ. ਰਾਜਿੰਦਰ ਸਿੰਘ ਸੋਹਲ ਅਤੇ ਪ੍ਰਿੰਸੀਪਲ ਯੋਗਿਤਾ ਭਾਟੀਆ ਨੂੰ ਵੀ ਰੱਖੜੀ ਬੰਨ੍ਹੀ ।ਇਸ ਮੌਕੇ ਵਿਦਿਆਰਥੀਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ। ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰੱਖੜੀ ਭਾਰਤ ਦਾ ਪ੍ਰਸਿੱਧ ਅਤੇ ਪ੍ਰਾਚੀਨ ਤਿਉਹਾਰ ਹੈ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੋਰ ਮਜਬੂਤ ਕਰਦਾ ਹੈ।ਇਸ ਮੌਕੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਅਤੇ ਤਰੱਕੀ ਲਈ ਅਰਦਾਸ ਕਰਦੀਆਂ ਹਨ ਅਤੇ ਭਰਾ ਆਪਣੀਆਂ ਭੈਣਾਂ ਨੂੰ ਤੋਹਫੇ ਦਿੰਦੇ ਹਨ ਤੇ ਹਮੇਸ਼ਾ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਕੂਲ ਵਿੱਚ ਕੰਮ ਕਰਨ ਵਾਲੇ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹਨ ਇਸ ਲਈ ਸਾਨੂੰ ਸਭ ਦੀ ਕਦਰ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਭੈਣਾਂ ਭਰਾਵਾਂ ਨਾਲ ਪਿਆਰ ਨਾਲ ਰਲਕੇ ਰਹਿਣ ਅਤੇ ਇੱਕ ਦੂਜੇ ਦਾ ਹਮੇਸ਼ਾ ਸਹਿਯੋਗ ਕਰਨ ਦੀ ਪ੍ਰੇਰਨਾ ਦਿੱਤੀ। ਡਾ.  ਰਾਜਿੰਦਰ ਸਿੰਘ ਸੋਹਲ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਗ੍ਰਾਮ ਪੰਚਾਇਤ ਚੋਣਾਂ ਲਈ ਵੋਟ ਬਣਾਉਣ/ਵੋਟ ਕੱਟਣ ਅਤੇ ਹੋਰ ਤਬਦੀਲੀ ਲਈ 20, 21 ਅਤੇ 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਡਿਪਟੀ ਕਮਿਸ਼ਨਰ

ਗ੍ਰਾਮ ਪੰਚਾਇਤ ਚੋਣਾਂ ਲਈ ਵੋਟ ਬਣਾਉਣ/ਵੋਟ ਕੱਟਣ ਅਤੇ ਹੋਰ ਤਬਦੀਲੀ ਲਈ 20, 21 ਅਤੇ 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਡਿਪਟੀ ਕਮਿਸ਼ਨਰ

ਕਮਿਸ਼ਨ ਦੀ ਵੈਬਸਾਈਟ sec.punjab.gov.in ’ਤੇ  ਕੀਤੇ ਜਾ ਸਕਦੇ ਹਨ ਫਾਰਮ ਡਾਉਨਲੋਡ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰਾਜ ਵਿੱਚ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਯੋਗਤਾ ਮਿਤੀ 1 ਜਨਵਰੀ 2023 ਦੇ ਆਧਾਰ ’ਤੇ ਮਿਤੀ 07 ਜਨਵਰੀ 2024 ਨੂੰ ਅੰਤਿਮ ਪ੍ਰਕਾਸ਼ਨਾ ਕਰਵਾਈ ਜਾ ਚੁੱਕੀ ਹੈ। ਇੰਨ੍ਹਾਂ ਵੋਟਰ ਸੂਚੀਆਂ ਦੀ ਮਿਤੀ 29 ਦਸੰਬਰ 2023 ਤੱਕ ਜਿਲਿ੍ਹਆਂ ਦੇ ਸਬੰਧਤ ਚੋਣ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਆਮ ਜਨਤਾ ਤੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਕੇ 5 ਜਨਵਰੀ 2024 ਨੂੰ ਉਨ੍ਹਾਂ ਦਾ ਨਿਪਟਾਰਾ ਕਰਕੇ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਸੀ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹੁਣ ਸਾਰੇ ਯੋਗ ਵੋਟਰ, ਸੂਚੀਆਂ ਵਿੱਚ ਆਪਣਾ ਨਾਮ ਦਰਜ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਕੰਮ ਲਈ 20, 21 ਅਤੇ 22 ਅਗਸਤ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਆਮ ਜਨਤਾ ਤੋਂ ਫਾਰਮ ਨੰਬਰ 1,2 ਅਤੇ 3 ਕ੍ਰਮਵਾਰ ਵੋਟਾਂ ਬਣਾਉਣ,ਕੱਟਣ ਅਤੇ ਵੋਟਾਂ ਵਿੱਚ ਪਤੇ ਦੀ ਤਬਦੀਲੀ ਜਾਂ ਕੋਈ ਹੋਰ ਸੋਧ ਕਰਨ ਲਈ, ਇਤਰਾਜ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।ਉਨਾਂ ਦੱਸਿਆ ਕਿ ਇਹ ਫਾਰਮ ਸਾਰੇ ਚੋਣ ਰਜਿਸਟਰੇਸ਼ਨ ਅਫ਼ਸਰਾਂ (ਐਸ.ਡੀ.ਐਮਜ਼) ਦੇ ਦਫ਼ਤਰਾਂ ਵਿੱਚ ਉਪਲੱਬਧ ਹਨ ਅਤੇ ਇਹ ਫਾਰਮ ਕਮਿਸ਼ਨ ਦੀ ਵੈਬਸਾਈਟ <sec.punjab.gov.in> ਤੋਂ ਡਾਉਨਲੋਡ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕੁਲਵੰਤ ਸਿੰਘ ਨੇ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਅਹੁਦਾ ਸੰਭਾਲਿਆ

ਕੁਲਵੰਤ ਸਿੰਘ ਨੇ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਅਹੁਦਾ ਸੰਭਾਲਿਆ

ਜ਼ਿਲ੍ਹਾ ਵਾਸੀਆਂ ਨੂੰ ਸਮਾਂ-ਬੱਧ ਤੇ ਵਧੀਆ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕੁਲਵੰਤ ਸਿੰਘ ਨੇ ਡਿਪਟੀ ਕਮਿਸ਼ਨਰ ਮਾਨਸਾ ਵਜ਼ੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਕੁਲਵੰਤ ਸਿੰਘ 2012 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਡਿਪਟੀ ਕਮਿਸ਼ਨਰ ਮੋਗਾ ਤਾਇਨਾਤ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤਰਨਤਾਰਨ, ਫਿਰੋਜ਼ਪੁਰ, ਵਧੀਕ ਡਿਪਟੀ ਕਮਿਸ਼ਨਰ ਜਲੰਧਰ, ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ, ਐੱਸ.ਡੀ.ਐੱਮ ਤਲਵੰਡੀ ਸਾਬੋ ਅਤੇ ਨਕੋਦਰ ਸਮੇਤ ਪੰਜਾਬ ਸਰਕਾਰ ਦੇ ਵੱਖ ਵੱਖ ਅਹੁਦਿਆਂ ਉੱਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨ ਹਿੱਤ ਸੇਵਾਵਾਂ ਤੈਅ ਸਮਾਂ ਸੀਮਾਂ ਵਿਚ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਸਰਕਾਰੀ ਕੰਮਾਂ ਕਾਰਾਂ ਵਿਚ ਪਾਰਦਰਸ਼ਤਾ, ਨਿਰੰਤਰਤਾ ਅਤੇ ਤੇਜ਼ੀ ਲਿਆਉਣ ਦੇ ਨਾਲ ਨਾਲ ਜ਼ਿਲ੍ਹਾ ਵਾਸੀਆਂ ਨੂੰ ਸਮਾਂਬੱਧ ਤੇ ਵਧੀਆ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਮਾਨਸਾ ਦੇ ਵਿਕਾਸ ਅਤੇ ਹੋਰ ਕਾਰਜਾਂ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਇਸ ਤੋਂ ਪਹਿਲਾਂ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਦਾ ਬਤੌਰ ਡਿਪਟੀ ਕਮਿਸ਼ਨਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ,ਐਸ.ਪੀ. (ਐਚ) ਜਸਕੀਰਤ ਸਿੰਘ,ਐਸ.ਡੀ.ਐਮ. ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ,ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਾਜ ਕੁਮਾਰ, ਪੀ.ਏ. ਟੁ ਡਿਪਟੀ ਕਮਿਸ਼ਨਰ ਸੁਖਰਾਜ ਸਿੰਘ,ਸੁਪਰਡੰਟ ਅਮਰਜੀਤ ਸਿੰਘ,ਸੁਪਰਡੰਟ ਮੱਖਣ ਲਾਲ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Sunday, August 18, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਨੂੰ ਕੋਰੀਓਗਰਾਫ਼ਰੀ 'ਚ ਮਿਲਿਆ ਪਹਿਲਾ ਸਥਾਨ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਨੂੰ ਕੋਰੀਓਗਰਾਫ਼ਰੀ 'ਚ ਮਿਲਿਆ ਪਹਿਲਾ ਸਥਾਨ

ਮੁੱਖ ਮਹਿਮਾਨ ਕੈਬਨਿਟ ਵਜ਼ੀਰ ਚੇਤਨ ਸਿੰਘ ਜੌੜਾਮਾਜਰਾ ਨੇ ਵਿਦਿਆਰਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜੇ ਨਾਲ ਸੰਬੰਧਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ,ਜਿਸ ਨੂੰ ਮੁੱਖ ਮਹਿਮਾਨ ਕੈਬਨਿਟ ਵਜ਼ੀਰ ਚੇਤਨ ਸਿੰਘ ਜੌੜਾਮਾਜਰਾ,ਹੋਰ ਅਧਿਕਾਰੀਆਂ ਤੇ ਹਾਜ਼ਰੀਨ ਵੱਲੋਂ ਭਰਪੂਰ ਸਲਾਹਿਆ ਗਿਆ। ਸਕੂਲ ਮੁਖੀ ਕਸ਼ਮੀਰ ਸਿੰਘ ਤੇ ਅਧਿਆਪਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦੁਆਰਾ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ਨੂੰ ਪਹਿਲਾ ਸਥਾਨ ਮਿਲਿਆ ਹੈ ਜਿਸ ਦੇ ਲਈ ਉਹਨਾਂ ਦਾ ਸਮੁੱਚਾ ਸਟਾਫ ਅਤੇ ਬੱਚਿਆਂ ਦੇ ਮਾਪੇ ਵਧਾਈ ਦੇ ਪਾਤਰ ਹਨ। ਸਕੂਲ ਮੁਖੀ ਨੇ ਦੱਸਿਆ ਕਿ ਮੁੱਖ ਮਹਿਮਾਨ ਕੈਬਨਿਟ ਵਜ਼ੀਰ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਸਕੂਲ ਦੀ ਸਮੁੱਚੀ ਟੀਮ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਪ੍ਰਾਇਮਰੀ ਸਿੱਖਿਆ) ਭੁਪਿੰਦਰ ਕੌਰ ਨੇ ਵਿਦਿਆਰਥੀਆਂ,ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਕਿਸੇ ਗੱਲੋਂ ਘੱਟ ਨਹੀਂ ਬਲਕਿ ਉਹਨਾਂ ਦੀ ਕਲਾ ਨੂੰ ਨਿਖਾਰਨ ਦੀ ਸਖਤ ਜਰੂਰਤ ਹੈ।ਉਹਨਾਂ ਕਿਹਾ ਕਿ ਪਾਰਖੂ ਅਧਿਆਪਕ ਅਜਿਹੇ ਬੱਚਿਆਂ ਦੀਆਂ ਕਲਾਵਾਂ ਨੂੰ ਅੱਗੇ ਲੈ ਕੇ ਆ ਰਹੇ ਹਨ ਜੋ ਕਿ ਵਧਾਈ ਦੇ ਪਾਤਰ ਹਨ।