Sunday, September 1, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਮੋਟਰ ਵਹੀਕਲ ਐਕਟ 2019 ਬਾਰੇ ਕੀਤਾ ਨੁੱਕੜ ਨਾਟਕ ਪੇਸ਼

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਮੋਟਰ ਵਹੀਕਲ ਐਕਟ 2019 ਬਾਰੇ ਕੀਤਾ ਨੁੱਕੜ ਨਾਟਕ ਪੇਸ਼
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਭੀਖੀ ਵਿੱਚ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਮਾਲ ਦੀ ਕੋਸ਼ਿਸ਼,ਇੱਕ ਨੁੱਕੜ ਨਾਟਕ (ਸਟ੍ਰੀਟ ਪਲੇ) ਦਾ ਪ੍ਰਦਰਸ਼ਨ ਕਰ ਕੇ ਕੀਤੀ ਜਿਸ ਵਿੱਚ ਮੋਟਰ ਵਹੀਕਲ ਐਕਟ 2019 ਦੇ ਮੁੱਖ ਉਪਬੰਧਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।ਇਸ ਦਾ ਉਦੇਸ਼ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਐਕਟ ਦੁਆਰਾ ਪੇਸ਼ ਕੀਤੇ ਗਏ ਨਵੇਂ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਇਹ ਨਾਟਕ, ਜੋ ਕਿ ਜਾਣਕਾਰੀ ਭਰਪੂਰ ਅਤੇ ਦਿਲਚਸਪ  ਸੀ,ਨੇ ਮੋਟਰ ਵਹੀਕਲ ਐਕਟ 2019 ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ, ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਵਾਹਨ ਚਲਾਉਣ ਲਈ ਟ੍ਰੈਫਿਕ ਉਲੰਘਣਾ ਕਰਨ ਤੇ ਉਹਨਾਂ ਲਈ ਸਖ਼ਤ ਸਜ਼ਾਵਾਂ ਅਤੇ ਜੁਰਮਾਨੇ ਸ਼ਾਮਲ ਹਨ। ਨਾਟਕੀ ਦ੍ਰਿਸ਼ਾਂ ਅਤੇ ਇੰਟਰਐਕਟਿਵ ਤੱਤਾਂ ਦੁਆਰਾ, ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਿੰਮੇਵਾਰ ਡਰਾਈਵਿੰਗ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਸੰਦੇਸ਼ ਪਹੁੰਚਾਇਆ। ਇਸ ਕੋਸ਼ਿਸ ਨੇ ਸਥਾਨਕ ਭਾਈਚਾਰੇ ਦਾ ਧਿਆਨ ਖਿੱਚਿਆ, ਜਿਨ੍ਹਾਂ ਨੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਦੀ ਰਚਨਾਤਮਕ ਪਹੁੰਚ ਦੀ ਸ਼ਲਾਘਾ ਕੀਤੀ। ਏ.ਐਸ.ਆਈ. ਸੁਰੇਸ਼ ਕੁਮਾਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਉਪਰਾਲੇ ਲਈ ਵਿਦਿਆਰਥੀਆਂ ਅਤੇ ਸਕੂਲ ਦੀ ਸ਼ਲਾਘਾ ਕੀਤੀ। ਸਕੂਲ ਦੀ ਪ੍ਰਿੰਸੀਪਲ,ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਕਾਰਜ ਲਈ ਸਮਰਪਣ ਕਰਨ ਅਤੇ ਆਪਣੀ ਪ੍ਰਤਿਭਾ ਦੁਆਰਾ ਇਲਾਕੇ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਪਲਨਪ੍ਰੀਤ ਕੌਰ ਨੂੰ ਸਟਰੀਟ ਸ਼ੋਅ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਵਧਾਈ ਦਿੱਤੀ ਜਿਸ ਲਈ ਉਹ ਪਿਛਲੇ ਕੁਝ ਦਿਨਾਂ ਤੋਂ ਕੰਮ ਕਰ ਰਹੀ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਮਾਨਸਾ ਨੂੰ ਮਿਲੇ ਦੋ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ

ਜ਼ਿਲ੍ਹਾ ਮਾਨਸਾ ਨੂੰ ਮਿਲੇ ਦੋ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ

ਡਾ. ਪਰਮਜੀਤ ਸਿੰਘ  ਭੋਗਲ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ( ਸੈ:ਸਿੱ:) ,ਮਦਨ ਲਾਲ ਕਟਾਰੀਆ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਬਣੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ :  ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਮੁਤਾਬਕ ਪਿਛਲੇ ਦਿਨੀ ਕੀਤੀਆਂ ਗਈਆਂ ਪਦਉਨਤੀਆਂ ਉਪਰੰਤ ਜਿਲ੍ਹਾ ਮਾਨਸਾ ਨੂੰ ਦੋ ਉਪ ਜਿਲ੍ਹਾ ਸਿੱਖਿਆ ਅਫਸਰ ਮਿਲ ਗਏ ਹਨ। ਜ਼ਿਲ੍ਹਾ  ਸਿੱਖਿਆ ਅਫਸਰ ਮਾਨਸਾ ਮੈਡਮ ਭੁਪਿੰਦਰ ਕੌਰ ਨੇ ਦੱਸਿਆ ਕਿ ਡਾ. ਪਰਮਜੀਤ ਸਿੰਘ ਭੋਗਲ ਜਿਹੜੇ ਕਿ ਬਤੌਰ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ, ਉਹਨਾਂ ਨੂੰ ਪਦਉਤ ਕਰਕੇ ਬਤੌਰ ਉਪ ਜਿਲਾ ਸਿੱਖਿਆ ਅਫਸਰ ( ਸੈ:ਸਿੱ:) ਮਾਨਸਾ ਪਦਉੱਨਤ ਕੀਤਾ ਗਿਆ ਹੈ, ਦੱਸਣਾ ਬਣਦਾ ਹੈ ਕਿ ਪਰਮਜੀਤ ਸਿੰਘ ਨੇ 1997 ਵਿੱਚ ਬਤੌਰ ਈਟੀਟੀ ਅਧਿਆਪਕ ਵਜੋਂ ਆਪਣੀ ਸੇਵਾ ਸਰਕਾਰੀ ਪ੍ਰਾਇਮਰੀ ਸਕੂਲ ਆਦਮਕੇ ਤੋਂ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਛਾਪਿਆਂਵਾਲੀ ਵਿਖੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਸਾਲ 2006 ਵਿੱਚ ਪਰਮਜੀਤ ਸਿੰਘ ਬਤੌਰ ਸਮਾਜਿਕ ਸਿੱਖਿਆ ਮਾਸਟਰ ਪਦਉਨਤ ਹੋਏ ਅਤੇ ਸਰਕਾਰੀ ਹਾਈ ਸਕੂਲ ਕਿਸ਼ਨਗੜ੍ਹ ਫਰਮਾਹੀ ਵਿਖੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ 2006 ਵਿੱਚ ਬਤੌਰ ਮੁੱਖ ਅਧਿਆਪਕ ਪਦਉੱਨਤ ਹੋ ਕੇ ਇਹਨਾਂ ਨੇ ਆਪਣੀਆਂ ਸੇਵਾਵਾਂ ਸਰਕਾਰੀ ਹਾਈ ਸਕੂਲ ਅਤਲਾ ਕਲਾਂ ਵਿਖੇ ਨਿਭਾਈਆਂ। ਸਾਲ 2014 ਵਿੱਚ ਮੁੱਖ ਅਧਿਆਪਕ ਤੋਂ ਬਤੌਰ ਪ੍ਰਿੰਸੀਪਲ ਪਦ ਉਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਨੀਰ ਵਿਖੇ ਆਪਣੀਆਂ ਸੇਵਾਵਾਂ ਬਹੁਤ ਹੀ ਬਿਹਤਰ ਤਰੀਕੇ ਨਾਲ ਨਿਭਾਈਆਂ ਅਤੇ ਉਸ ਤੋਂ ਬਾਅਦ ਬਦਲੀ ਹੋਣ ਤੇ ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਪਰਮਜੀਤ ਸਿੰਘ ਭੋਗਲ ਸੈਸ਼ਨ 2022-23 ਦੌਰਾਨ ਸਿੱਖਿਆ ਸੁਧਾਰ ਕਮੇਟੀ ਜਿਲਾ ਮਾਨਸਾ ਦੇ ਇੰਚਾਰਜ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਇਸ ਸਮੇਂ ਆਪਣੇ ਪ੍ਰਿੰਸੀਪਲ ਅਹੁਦੇ ਦੇ ਨਾਲ ਨਾਲ ਬਤੌਰ ਬਲਾਕ ਨੋਡਲ ਅਫਸਰ ਮਾਨਸਾ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਬਹੁਤ ਹੀ ਨਿਮਰ ਅਤੇ ਸਾਊ ਸੁਭਾ ਦੇ ਮਾਲਕ ਡਾ. ਪਰਮਜੀਤ ਸਿੰਘ ਭੋਗਲ ਲਿਖਣ ਦੇ ਸ਼ੌਕੀਨ ਵੀ ਹਨ ਜਿਨਾਂ ਨੇ ਕਾਵ ਸੰਗ੍ਰਹਿ 'ਟਿੱਬਿਆਂ ਦਾ ਯਾਰ' ਆਪਣੀ ਕਿਤਾਬ ਲਿਖ ਚੁੱਕੇ ਹਨ। ਜਿਹੜੀ ਕਿ ਸਾਡੇ ਵਿੱਚ ਬੜੀ ਹੀ ਹਰਮਨ ਪਿਆਰੀ ਸਿੱਧ ਹੋਈ ਹੈ।
ਇਸੇ ਤਰ੍ਹਾਂ ਉਹਨਾਂ ਦੱਸਿਆ ਕਿ ਮਦਨ ਲਾਲ ਕਟਾਰੀਆ ਨੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮਾਨਸਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਉਹਨਾਂ ਦੱਸਿਆ ਕਿ ਸਾਲ 1990 ਵਿੱਚ ਬਤੌਰ ਹਿਸਾਬ ਮਾਸਟਰ ਆਪਣੀਆਂ ਸੇਵਾਵਾਂ ਸਰਕਾਰੀ ਹਾਈ ਸਕੂਲ ਉਭਾ ਬੁਰਜ ਢਿੱਲਵਾਂ ਤੋਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਸਾਲ 2006 ਵਿੱਚ ਡਾਇਰੈਕਟ ਮੁੱਖ ਅਧਿਆਪਕ ਵਜੋਂ ਸਰਕਾਰੀ ਹਾਈ ਸਕੂਲ ਘਰਾਂਗਣਾ ਵਿਖੇ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਸਾਲ 2014 ਵਿੱਚ ਬਤੌਰ ਪ੍ਰਿੰਸੀਪਲ ਹੋਣ ਤੇ ਸਰਕਾਰੀ ਸੈਕੈਂਡਰੀ ਸਕੂਲ ਸੰਘਾ ਵਿਖੇ ਆਪਣੀਆਂ ਸੇਵਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਇਸਦੇ ਨਾਲ ਬਦਲੀ ਹੋਣ ਤੇ ਸਾਲ 2014 ਵਿੱਚ ਸਰਕਾਰੀ ਸਕੈਂਡਰੀ ਸਕੂਲ ਲੜਕੇ ਫਫੜੇ ਭਾਈ ਕੇ ਵਿਖੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਸੇਵਾਵਾਂ ਦਿੱਤੀਆਂ ਅਤੇ ਇਸ ਸਕੂਲ ਨੂੰ ਆਪਣੀ ਮਿਹਨਤ ਨਾਲ ਬੁਲੰਦੀਆਂ 'ਤੇ ਪਹੁੰਚਾਇਆ। ਸਾਲ 2019 ਵਿੱਚ ਇਹਨਾਂ ਦੀ ਬਦਲੀ ਸਰਕਾਰੀ ਸੈਕੰਡਰੀ ਕੰਨਿਆ ਰੱਲਾ ਵਿਖੇ ਹੋਈ ਜਿੱਥੇ ਇਹਨਾਂ ਦੀਆਂ ਹੁਣ ਸੇਵਾਵਾਂ ਨਿਭਾ ਰਹੇ ਸੀ l। ਇਸ ਸੰਸਥਾ ਨੂੰ ਇਹਨਾਂ ਦੇ ਯੋਗ ਤਜਰਬੇ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਿੰਗਾਰਿਆ ਹੋਇਆ ਹੈ ਅਤੇ ਇਸ ਸਕੂਲ ਅਕਾਦਮਿਕ ਪੱਖ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ। ਇਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਬਤੌਰ ਉਪ ਜਿਲਾ ਸਿੱਖਿਆ ਅਫਸਰ ਮਾਨਸਾ ਐਲੀਮੈਂਟਰੀ ਸਿੱਖਿਆ  ਵਜੋਂ ਪਦਉੱਨਤ ਕੀਤਾ ਗਿਆ ਹੈ। ਇਹਨਾਂ ਅਧਿਕਾਰੀਆਂ ਦੀਆਂ ਪਦ ਉਨਤੀਆਂ ਹੋਣ ਤੇ ਸਮੂਹ ਅਧਿਕਾਰੀਆਂ, ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਜਿਲਾ ਮਾਨਸਾ ਦੇ ਦੋ  ਸਿੱਖਿਆ  ਅਧਿਕਾਰੀ ਸਾਡੇ ਜਿਲ੍ਹਾ ਮਾਨਸਾ ਦੇ ਸਿੱਖਿਆ ਤੰਤਰ ਨੂੰ ਹੋਰ ਉੱਚਾ ਲਿਜਾਣ ਵਿੱਚ ਆਪਣੀ ਮਿਹਨਤ ਜਾਰੀ ਰੱਖਣਗੇ ਅਤੇ ਭਵਿੱਖ ਵਿੱਚ ਜਿਲ੍ਹਾ ਮਾਨਸਾ ਸਿੱਖਿਆ ਦੇ ਖੇਤਰ ਵਿੱਚ ਹੋਰ ਬੁਲੰਦੀਆਂ ਨੂੰ ਛੂਹੇਗਾ।ਇਸ ਮੌਕੇ  ਜ਼ਿਲ੍ਹਾ ਸਿੱਖਿਆ ਅਫਸਰ ਸੈਕਡਰੀ ਸਿੱਖਿਆ ਭੁਪਿੰਦਰ ਕੌਰ,ਗੁਰਮੀਤ ਸਿੰਘ,ਅਰੁਣ ਕੁਮਾਰ,ਕੁਲਦੀਪ ਸਿੰਘ,ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ ਅਸ਼ੋਕ ਕੁਮਾਰ ,ਡੀ.ਐੱਮ. ਪਰਵਿੰਦਰ ਸਿੰਘ,ਗੁਰਦਾਸ ਸਿੰਘ ਸੇਖੋ ਅਤੇ ਹੋਰ ਅਧਿਆਪਕ ਹਾਜਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਉੱਤਰ ਖੇਤਰੀ ਪੱਧਰ ਦੀਆਂ 3 ਦਿਨਾਂ ਖੇਡਾਂ ਹੋਈਆਂ ਸੰਪੰਨ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਉੱਤਰ ਖੇਤਰੀ ਪੱਧਰ ਦੀਆਂ 3 ਦਿਨਾਂ ਖੇਡਾਂ ਹੋਈਆਂ ਸੰਪੰਨ

ਖਿਡਾਰੀ ਨਸ਼ਾ ਮੁਕਤ ਰਹਿ ਕੇ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ : ਡੀ.ਐਸ.ਪੀ. ਮਨਜੀਤ ਸਿੰਘ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਮਤੀ ਦੁਆਰਾ ਕਰਵਾਈਆਂ ਗਈਆਂ 35ਵੀਂ ਵਿੱਦਿਆ ਭਾਰਤੀ ਉੱਤਰ ਖੇਤਰੀ ਪੱਧਰ ਦੀਆਂ 3 ਰੋਜ਼ਾ ਖੇਡਾਂ ਦੇ ਸਮਾਪਤੀ ਸਮਾਰੋਹ ਦੇ ਮੌਕੇ ਇਨਾਮ ਵੰਡ ਸਮਾਰੋਹ ਕਰਵਇਆ ਗਿਆ।ਖੇਡ ਸਮਾਗਮ ਦੌਰਾਨ ਮੁੱਖ ਮਹਿਮਾਨ ਡੀ.ਐਸ.ਪੀ. ਸਰਦੂਲਗੜ੍ਹ ਮਨਜੀਤ ਸਿੰਘ ਅਤੇ ਉੱਤਰ ਖੇਤਰ ਦੇ ਮਹਾਂ ਮੰਤਰੀ ਦੇਸਰਾਜ,ਪੰਜਾਬ ਸੂਬੇ ਦੇ ਮਹਾਮੰਤਰੀ ਡਾ. ਨਵਦੀਪ ਸ਼ੇਖਰ ਪਹੁੰਚੇ।ਉੱਤਰ ਖੇਤਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਜੂਡੋ,ਕੁਸ਼ਤੀ,ਕੁਰਾਸ਼ ਅਤੇ ਤਾਈਕਵਾਂਡੋ ਖੇਡਾਂ ਕਰਵਾਈਆਂ ਗਈਆਂ।ਖੇਡ ਮੁਕਾਬਲੇ ਵਿੱਚ ਪੂਰੇ ਪੰਜਾਬ ਦੇ ਵਿੱਦਿਆ ਭਾਰਤੀ ਦੇ ਸਕੂਲਾਂ ’ਚੋਂ 500 ਖਿਡਾਰੀਆਂ ਨੇ ਭਾਗ ਲਿਆ।ਮਨਜੀਤ ਸਿੰਘ  ਡੀ.ਐਸ.ਪੀ. ਸਰਦੂਲਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਰਹਿ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਮੁੱਖ ਮਹਿਮਾਨਾਂ ਅਤੇ ਸਕੂਲ ਪ੍ਰਬੰਧ ਸੰਮਤੀ,ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਜੇਤੂ ਖਿਡਾਰੀਆਂ ਨੂੰ ਤਮਗੇ,ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਵਧਾਈ ਵੀ ਦਿੱਤੀ।ਵਿੱਦਿਆ ਮੰਦਰ ਦੀ ਪ੍ਰਬੰਧ ਸੰਮਤੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਮੁੱਖ ਮਹਿਮਾਨ,ਉੱਤਰ ਖੇਤਰ ਦੇ ਸਾਰੇ ਭਾਗ ਲੈਣ ਵਾਲੇ,ਖੇਡ ਅਧਿਆਪਕ,ਅਲੱਗ-ਅਲੱਗ ਸਕੂਲਾਂ ਤੋਂ ਆਏ ਅਧਿਆਪਕ ਅਤੇ ਵਿਿਦਆਰਥੀਆਂ ਦਾ ਸਕੂਲ ਪਹੁੰਚਣ ਅਤੇ ਸਹਿਯੋਗ ਦੇਣ ਅਤੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

Saturday, August 31, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜ਼ਿਲ੍ਹਾ ਪੱਧਰੀ ਟਾਈਪਿੰਗ ਮੁਕਾਬਲਿਆਂ 'ਚ ਖੁਸ਼ਪ੍ਰੀਤ ਸਿੰਘ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਜ਼ਿਲ੍ਹਾ ਪੱਧਰੀ ਟਾਈਪਿੰਗ ਮੁਕਾਬਲਿਆਂ 'ਚ ਖੁਸ਼ਪ੍ਰੀਤ ਸਿੰਘ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਗਰੂਰ ਦੀ ਅਗਵਾਈ ਵਿੱਚ ਅਤੇ ਜ਼ਿਲ੍ਹਾ ਕਰੀਅਰ ਗਾਈਡੈਂਸ ਕੌਂਸਲਰ ਰਾਕੇਸ਼ ਕੁਮਾਰ ਦੀ ਦੇਖ ਰੇਖ ਹੇਠ ਹੋਏ ਜ਼ਿਲ੍ਹਾ ਪੱਧਰੀ ਪੰਜਾਬੀ ਟਾਈਪਿੰਗ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਬਲਾਕ ਕਰੀਅਰ ਕੌਂਸਲਰ ਚੀਮਾ ਯਾਦਵਿੰਦਰ ਸਿੰਘ ਨੇ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਵਿਦਿਆਰਥੀ ਨੂੰ ਕੰਪਿਊਟਰ ਅਧਿਆਪਕ ਪ੍ਰਵੀਨ ਬਾਲਾ ਲਗਾਤਾਰ ਤਿਆਰੀ ਕਰਵਾ ਰਹੇ ਸਨ।ਸਕੂਲ ਪਹੁੰਚਣ 'ਤੇ ਸਕੂਲ ਮੁਖੀ ਮਨੀਸ਼ ਕੁਮਾਰ, ਇੰਚਾਰਜ ਯਾਦਵਿੰਦਰ ਕੁਮਾਰ,ਅਵਿਨਾਸ਼ ਕੁਮਾਰ, ਕੈਰੀਅਰ ਕੌਂਸਲਰ ਇੰਚਾਰਜ ਭੁਪਿੰਦਰ ਕੌਰ,ਪ੍ਰਵੀਨ ਬਾਲਾ, ਸ੍ਰੀਮਤੀ ਰਿੰਕੂ,ਰਾਜਵੀਰ ਕੌਰ,ਭਾਵਨਾ ਸਿੰਗਲਾ,ਗੁਰਮੀਤ ਕੌਰ ਆਦਿ ਅਧਿਆਪਕਾਂ ਨੇ ਸਨਮਾਨਿਤ ਕੀਤਾ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਹੋਇਆ ਉੱਤਰ ਖੇਤਰ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਹੋਇਆ ਉੱਤਰ ਖੇਤਰ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਵਿੱਦਿਆ ਭਾਰਤੀ ਅਖਿਲ ਭਾਰਤੀ ਦੁਆਰਾ 35ਵੀਆਂ ਉੱਤਰ ਖੇਤਰ ਪੱਧਰੀ ਖੇਡਾਂ ਦਾ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸ਼ਾਨਦਾਰ ਆਗਾਜ਼ ਹੋਇਆ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਹਨਾਂ ਖੇਡਾਂ ਦੀ ਤਿਰੰਗਾ ਝੰਡਾ ਲਹਿਰਾਉਣ ਤੇ ਰਾਸ਼ਟਰੀ ਗੀਤ ਨਾਲ ਸ਼ਾਨਦਾਰ ਸ਼ੁਰੂਆਤ ਹੋਈ। ਉੁਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਲਗਭਗ 500 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਕੁਸ਼ਤੀ, ਜੂਡੋ, ਤਾਇਕਵਾਂਡੋ ਤੇ ਕੁਰਾਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਉੱਤੇ ਮੁੱਖ ਮਹਿਮਾਨ ਦੇ ਤੌਰ ਤੇ ਨਵਜੋਤ ਸਿੰਘ ਧਾਲੀਵਾਲ ਜਿਲ੍ਹਾ ਖੇਡ ਅਫਸਰ ਮਾਨਸਾ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਮਹਾਂ ਮੰਤਰੀ ਦੇਸ ਰਾਜ, ਪੰਜਾਬ ਪ੍ਰਾਂਤ ਮਹਾ ਮੰਤਰੀ ਡਾ. ਨਵਦੀਪ ਸ਼ੇਖਰ ਪਹੁੰਚੇ। ਆਏ ਹੋਈ ਮਹਿਮਾਨਾਂ ਨੇ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਜੋਤੀ ਪਰਚੰਡ ਕਰਕੇ ਇਹਨਾਂ ਖੇਡਾਂ ਦਾ ਆਰੰਭ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿੱਦਿਆ ਭਾਰਤੀ ਉੱਤਰ ਖੇਤਰ ਮਹਾ ਮੰਤਰੀ ਦੇਸ਼ਰਾਜ ਨੇ ਦੱਸਿਆ ਕਿ ਵਿੱਦਿਆ ਭਾਰਤੀ ਦੀਆਂ ਖੇਡਾਂ ਦੀ ਸ਼ੁਰੂਆਤ 1989 ਈਸਵੀ ਤੋਂ ਹੋਈ। ਵਿੱਦਿਆ ਭਾਰਤੀ ਦੀਆਂ ਸੰਸਥਾਵਾਂ ਦੇ ਖਿਡਾਰੀਆਂ ਦੁਆਰਾ ਅਨੁਸ਼ਾਸਨ, ਵਧੀਆ ਕਾਰਗੁਜ਼ਾਰੀ ਅਤੇ ਖੇਡ ਭਾਵਨਾ ਦੇ ਪ੍ਰਦਰਸ਼ਨ ਕਾਰਨ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਵਿੱਦਿਆ ਭਾਰਤੀ ਨੂੰ ਫੇਅਰ ਪਲੇਅ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮੇਂ ਖੇਡ ਝੰਡਾ ਲਹਿਰਾ ਕੇ ਸਾਰੇ ਖਿਡਾਰੀਆਂ ਦੁਆਰਾ ਭਾਈਚਾਰਕ ਸਾਂਝ ਨਾਲ ਖੇਡ ਨਿਯਮਾਂ ਅਤੇ ਅਨੁਸ਼ਾਸਨ ਦਾ ਪਾਲਣ ਕਰਦੇ ਹੋਏ ਖੇਡਣ ਦੀ ਸਹੁੰ ਚੁੱਕੀ ਗਈ।ਇਸ ਮੌਕੇ ਮਹਿਮਾਨ ਦੇ ਤੌਰ 'ਤੇ ਪਹੁੰਚੀਆਂ ਸ਼ਖਸ਼ੀਅਤਾਂ ਨੇ ਖੇਡਾਂ ਨੂੰ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਦੱਸਦੇ ਹੋਏ ਕਿਹਾ ਕਿ ਖੇਡਾਂ ਮਨੁੱਖ ਵਿੱਚ ਉੱਚ ਨੈਤਿਕ ਗੁਣ ਪੈਦਾ ਕਰਦੀਆਂ ਹਨ।ਉਹਨਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਸਖਤ ਮਿਹਨਤ ਕਰਨ ਅਤੇ ਭਵਿੱਖ ਵਿੱਚ ਇਕ ਕਾਮਯਾਬ ਖਿਡਾਰੀ ਅਤੇ ਇੱਕ ਉੱਤਮ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਤੇ ਸਕੂਲ ਸਟਾਫ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਐਸ.ਏ.ਐਸ. ਸਕੂਲ ਦੇ ਖ਼ਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ

ਐਸ.ਏ.ਐਸ. ਸਕੂਲ ਦੇ ਖ਼ਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀਆਂ ਵੱਖ-ਵੱਖ ਖੇਡਾਂ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੇ  ਜਿੱਤ ਪ੍ਰਾਪਤ ਕੀਤੀ ਅਤੇ ਆਪਣੀ ਚੋਣ ਰਾਜ ਪੱਧਰੀ ਖੇਡਾਂ 'ਚ ਕਰਵਾਈ।ਜਿਹਨਾਂ ਵਿੱਚ ਕ੍ਰਿਕਟ ਅੰਡਰ-19 ਵਿੱਚ ਗੁਣਨੀਤ ਕੌਰ ,ਸ਼ੂਟਿੰਗ ਅੰਡਰ-19 ਕਿਰਨਦੀਪ ਕੌਰ ਅਰਸ਼ ਗੋਇਲ ਕੁਸ਼ਤੀ ਅੰਡਰ-19 ਸ਼ਰਨਪ੍ਰੀਤ ਕੌਰ ਕਿੱਕ-ਬਾਕਸਿੰਗ  ਅੰਡਰ 14 ਅੰਗਦ ਵੀਰ ਸਿੰਘ ਵੁਸੂ ਵਿੱਚ ਅੰਡਰ-17 ਕਮਲਪ੍ਰੀਤ ਕੌਰ,ਮਨਪ੍ਰੀਤ ਕੌਰ, ਅੰਡਰ 19 ਸਿਮਰਨ ਕੌਰ ,ਅੰਡਰ-17 ਹਰਪ੍ਰੀਤ ਸਿੰਘ ਵਾਲੀਬਾਲ ਸਮੈਇੰਗ ਅੰਡਰ-19 ਵਿੱਚ ਹੁਸਨਦੀਪ ਸਿੰਘ ਸੈਪਕ-ਟਾਕਰਾ ਵਿੱਚ ਗੁਣਨੀਤ ਕੌਰ ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਮਨਦੀਪ ਸਿੰਘ,ਜਸ਼ਨਪ੍ਰੀਤ ਕੌਰ,ਅੰਡਰ-17 ਜਗਜੀਤ ਸਿੰਘ,ਕਬੱਡੀ ਸਰਕਲ ਅੰਡਰ-17 ਮਨਪ੍ਰੀਤ ਕੌਰ,ਕਮਲਪ੍ਰੀਤ ਕੌਰ ਜੂਡੋ ਅੰਡਰ-14 ਮਨਜੋਤ ਕੌਰ,ਅੰਡਰ 17 ਅਰਸ਼ਦੀਪ ਕੌਰ ਅੰਡਰ-19 ਸ਼ਰਨਪ੍ਰੀਤ ਕੌਰ ਤੇ ਕੁਲਦੀਪ ਕੌਰ ਅਰਸ਼ਪਿੰਦਰ ਕੌਰ ਅੰਡਰ-17 ਰਹਿਮਾਨ ਖਾਨ,ਤਰਨਵੀਰ ਸਿੰਘ‌ ਆਦਿ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ ਵਿੱਚ ਆਪਣਾ ਨਾਮ ਪੱਕਾ ਕਰਵਾਇਆ।ਸਕੂਲ ਦੇ ਪ੍ਰਿੰਸੀਪਲ ਬਿਕਰਮ ਸ਼ਰਮਾ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਪਿਛਲੇ ਸਾਲ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸੇ ਤਰ੍ਹਾਂ ਇਸ ਸਾਲ ਵੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਨਾਮਣਾ ਖੱਟਣਗੇ।ਸਕੂਲ ਦੇ ਉਪ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਨਾਲ ਸਕੂਲ ਖੇਡਾਂ ਦੇ ਇੰਚਾਰਜ ਰੁਪਿੰਦਰ ਸਿੰਘ,ਜੂਡੋ ਕੋਚ ਪ੍ਰਿਥੀਪਾਲ ਸਿੰਘ,ਬਾਕਸਿੰਗ ਕੋਚ ਮਨਪ੍ਰੀਤ ਕੌਰ,ਸ਼ੂਟਿੰਗ ਕੋਚ ਗਗਨ ਸਿੰਘ,ਸਕੇਟਿੰਗ ਕੋਚ ਸਾਹਿਲ ਸਿੰਗਲਾ ਅਤੇ ਸਮੂਹ ਸਟਾਫ ਨੂੰ ਜਿੱਤ ਦੀ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਛੇਤੀ ਸਿੱਖਿਆ ਵਿਕਾਸ ਬੋਰਡ ਕਮੇਟੀ ਦੀ ਮੀਟਿੰਗ ਬੁਲਾ ਕੇ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਉਨਾਂ ਦੀ ਰਿਹਾਇਸ਼ ਸੰਗਰੂਰ ਵਿਖੇ ਹੋਈ ਹੈ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਸੂਬਾਈ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ ਅਤੇ ਮੀਤ ਪ੍ਰਧਾਨ ਵਿਸ਼ਾਲ ਭਠੇਜਾ ਪਹੁੰਚੇ ਹੋਏ ਸਨ ਜਦਕਿ ਮੀਟਿੰਗ ਲਈ ਕੇਵਲ ਯੂਨੀਅਨ ਦੇ ਮੁਖੀ ਨੂੰ ਹੀ ਲਿਜਾਇਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰ. ਬੀਰ ਨੇ ਮੰਗਾਂ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਆਦਰਸ਼ ਸਕੂਲਾਂ ਦੇ ਸਮੁੱਚੇ ਕਰਮਚਾਰੀ ਅੱਜ ਬੇਹੱਦ ਨਿਗੂਣੀਆਂ ਤਨਖਾਹਾਂ 'ਤੇ ਨੌਕਰੀਆਂ ਕਰਨ ਲਈ ਮਜ਼ਬੂਰ ਹਨ।ਜਿਸ ਨਾਲ ਪਰਿਵਾਰਾਂ ਦੇ ਗੁਜ਼ਾਰੇ ਕਰਨੇ ਬੇਹੱਦ ਔਖੇ ਹਨ। ਉਨ੍ਹਾਂ ਸਰਕਾਰ ਤੋਂ ਗ੍ਰੇਡ ਪੇਅ ਮੁਤਾਬਕ ਤਨਖਾਹਾਂ ਦੀ ਪੁਰਜ਼ੋਰ ਮੰਗ ਕੀਤੀ ਹੈ।ਯੂਨੀਅਨ ਦੇ ਪ੍ਰਮੁੱਖ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਆਦਰਸ਼ ਸਕੂਲਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ।ਜਿਸ ਨੂੰ ਸਰਕਾਰ ਵੱਲੋਂ ਸੁਹਿਰਦਤਾ ਤੇ ਗੰਭੀਰਤਾ ਨਾਲ ਲੈ ਕੇ ਮੁੱਖ ਧਾਰਾ ਦੇ ਵਿੱਚ ਲਿਆਇਆ ਜਾ ਸਕਦਾ ਹੈ।ਉਨ੍ਹਾਂ 12-12 ਸਾਲਾਂ ਤੋਂ ਨਿਰਵਿਘਨ ਨੌਕਰੀਆਂ ਕਰਦੇ ਕਰਮਚਾਰੀਆਂ ਦੀਆਂ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਵੀ ਪੇਸ਼ ਕੀਤੀ ਹੈ।ਮੁੱਖ ਮੰਤਰੀ ਨੇ ਸਮੁੱਚੀਆਂ ਮੰਗਾਂ ਸੁਣਨ ਤੋਂ ਬਾਅਦ ਕਿਹਾ ਕਿ ਸਾਨੂੰ ਖ਼ੁਦ ਨੂੰ ਪਤਾ ਹੈ ਕਿ ਆਦਰਸ਼ ਸਕੂਲ ਕਿੱਥੇ-ਕਿੱਥੇ ਸਥਾਪਤ ਹਨ।ਉਨ੍ਹਾਂ ਪਿੰਡਾਂ ਵਿੱਚ ਸਥਾਪਿਤ ਆਦਰਸ਼ ਸਕੂਲਾਂ ਦੇ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਬੱਚਿਆਂ ਨੂੰ  ਸਹੂਲਤਾਂ ਨਾ ਮਿਲਣ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।ਮੁੱਖ ਮੰਤਰੀ ਨੇ ਯੂਨੀਅਨ ਦੀਆਂ ਸਮੁੱਚੀ ਵਾਰਤਾ ਸੁਣਨ ਤੋਂ ਬਾਅਦ ਕਿਹਾ ਕਿ ਬਹੁਤ ਛੇਤੀ ਸਿੱਖਿਆ ਵਿਕਾਸ ਬੋਰਡ ਕਮੇਟੀ ਦੀ ਮੀਟਿੰਗ ਬੁਲਾ ਕੇ ਆਦਰਸ਼ ਸਕੂਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਕਿਸੇ ਵੀ ਕਿਸਮ ਦੀ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ।ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੇ ਮੀਟਿੰਗ ਵਿੱਚ ਕੀਤੇ ਦਾਅਵੇ ਵਾਅਦੇ ਵਫ਼ਾ ਨਾ ਹੋਏ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਅੰਦਰ ਜਥੇਬੰਦੀ ਸਰਕਾਰ ਨੂੰ ਘੇਰਨ ਲਈ ਮਜ਼ਬੂਰ ਹੋਵੇਗੀ ਜਦਕਿ ਸਮੁੱਚਾ ਮਾਮਲਾ ਆਦਰਸ਼ ਸਕੂਲਾਂ ਦਾ ਸਰਕਾਰ ਦੇ ਧਿਆਨ ਵਿੱਚ ਹੈ।ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਦਰਜਨਾਂ ਮੀਟਿੰਗਾਂ ਯੂਨੀਅਨ ਦੀਆਂ ਹੋ ਚੁੱਕੀਆਂ ਹਨ ਪਰ ਪਰਨਾਲਾ ਹਾਲੇ ਉੱਥੇ ਹੀ ਹੈ।