ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਦੀ ਮੀਟਿੰਗ
ਛੇਤੀ ਸਿੱਖਿਆ ਵਿਕਾਸ ਬੋਰਡ ਕਮੇਟੀ ਦੀ ਮੀਟਿੰਗ ਬੁਲਾ ਕੇ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਉਨਾਂ ਦੀ ਰਿਹਾਇਸ਼ ਸੰਗਰੂਰ ਵਿਖੇ ਹੋਈ ਹੈ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਸੂਬਾਈ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ ਅਤੇ ਮੀਤ ਪ੍ਰਧਾਨ ਵਿਸ਼ਾਲ ਭਠੇਜਾ ਪਹੁੰਚੇ ਹੋਏ ਸਨ ਜਦਕਿ ਮੀਟਿੰਗ ਲਈ ਕੇਵਲ ਯੂਨੀਅਨ ਦੇ ਮੁਖੀ ਨੂੰ ਹੀ ਲਿਜਾਇਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰ. ਬੀਰ ਨੇ ਮੰਗਾਂ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਆਦਰਸ਼ ਸਕੂਲਾਂ ਦੇ ਸਮੁੱਚੇ ਕਰਮਚਾਰੀ ਅੱਜ ਬੇਹੱਦ ਨਿਗੂਣੀਆਂ ਤਨਖਾਹਾਂ 'ਤੇ ਨੌਕਰੀਆਂ ਕਰਨ ਲਈ ਮਜ਼ਬੂਰ ਹਨ।ਜਿਸ ਨਾਲ ਪਰਿਵਾਰਾਂ ਦੇ ਗੁਜ਼ਾਰੇ ਕਰਨੇ ਬੇਹੱਦ ਔਖੇ ਹਨ। ਉਨ੍ਹਾਂ ਸਰਕਾਰ ਤੋਂ ਗ੍ਰੇਡ ਪੇਅ ਮੁਤਾਬਕ ਤਨਖਾਹਾਂ ਦੀ ਪੁਰਜ਼ੋਰ ਮੰਗ ਕੀਤੀ ਹੈ।ਯੂਨੀਅਨ ਦੇ ਪ੍ਰਮੁੱਖ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਆਦਰਸ਼ ਸਕੂਲਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ।ਜਿਸ ਨੂੰ ਸਰਕਾਰ ਵੱਲੋਂ ਸੁਹਿਰਦਤਾ ਤੇ ਗੰਭੀਰਤਾ ਨਾਲ ਲੈ ਕੇ ਮੁੱਖ ਧਾਰਾ ਦੇ ਵਿੱਚ ਲਿਆਇਆ ਜਾ ਸਕਦਾ ਹੈ।ਉਨ੍ਹਾਂ 12-12 ਸਾਲਾਂ ਤੋਂ ਨਿਰਵਿਘਨ ਨੌਕਰੀਆਂ ਕਰਦੇ ਕਰਮਚਾਰੀਆਂ ਦੀਆਂ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਵੀ ਪੇਸ਼ ਕੀਤੀ ਹੈ।ਮੁੱਖ ਮੰਤਰੀ ਨੇ ਸਮੁੱਚੀਆਂ ਮੰਗਾਂ ਸੁਣਨ ਤੋਂ ਬਾਅਦ ਕਿਹਾ ਕਿ ਸਾਨੂੰ ਖ਼ੁਦ ਨੂੰ ਪਤਾ ਹੈ ਕਿ ਆਦਰਸ਼ ਸਕੂਲ ਕਿੱਥੇ-ਕਿੱਥੇ ਸਥਾਪਤ ਹਨ।ਉਨ੍ਹਾਂ ਪਿੰਡਾਂ ਵਿੱਚ ਸਥਾਪਿਤ ਆਦਰਸ਼ ਸਕੂਲਾਂ ਦੇ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਬੱਚਿਆਂ ਨੂੰ ਸਹੂਲਤਾਂ ਨਾ ਮਿਲਣ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।ਮੁੱਖ ਮੰਤਰੀ ਨੇ ਯੂਨੀਅਨ ਦੀਆਂ ਸਮੁੱਚੀ ਵਾਰਤਾ ਸੁਣਨ ਤੋਂ ਬਾਅਦ ਕਿਹਾ ਕਿ ਬਹੁਤ ਛੇਤੀ ਸਿੱਖਿਆ ਵਿਕਾਸ ਬੋਰਡ ਕਮੇਟੀ ਦੀ ਮੀਟਿੰਗ ਬੁਲਾ ਕੇ ਆਦਰਸ਼ ਸਕੂਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਕਿਸੇ ਵੀ ਕਿਸਮ ਦੀ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ।ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੇ ਮੀਟਿੰਗ ਵਿੱਚ ਕੀਤੇ ਦਾਅਵੇ ਵਾਅਦੇ ਵਫ਼ਾ ਨਾ ਹੋਏ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਅੰਦਰ ਜਥੇਬੰਦੀ ਸਰਕਾਰ ਨੂੰ ਘੇਰਨ ਲਈ ਮਜ਼ਬੂਰ ਹੋਵੇਗੀ ਜਦਕਿ ਸਮੁੱਚਾ ਮਾਮਲਾ ਆਦਰਸ਼ ਸਕੂਲਾਂ ਦਾ ਸਰਕਾਰ ਦੇ ਧਿਆਨ ਵਿੱਚ ਹੈ।ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਦਰਜਨਾਂ ਮੀਟਿੰਗਾਂ ਯੂਨੀਅਨ ਦੀਆਂ ਹੋ ਚੁੱਕੀਆਂ ਹਨ ਪਰ ਪਰਨਾਲਾ ਹਾਲੇ ਉੱਥੇ ਹੀ ਹੈ।
