Wednesday, September 11, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਬੱਚਿਆਂ ਨੇ ਲਾਇਆ ਚੱਕ ਭਾਈਕੇ ਫਾਰਮ ਦਾ ਵਿਦਿਅਕ ਟੂਰ

ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਬੱਚਿਆਂ ਨੇ ਲਾਇਆ ਚੱਕ ਭਾਈਕੇ ਫਾਰਮ ਦਾ ਵਿਦਿਅਕ ਟੂਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਦਿਆਰਥੀਆਂ ਨੇ ਚੱਕ ਭਾਈ ਕੇ ਫਾਰਮ ਦਾ ਵਿੱਦਿਅਕ ਟੂਰ ਲਗਾਇਆ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ 50 ਦੇ ਕਰੀਬ ਵਿਦਿਆਰਥੀਆਂ ਨੂੰ 42 ਕਿੱਲਿਆਂ ਵਿੱਚ ਫੈਲਿਆ ਜੰਗਲ ਵਿਖਾਇਆ ਗਿਆ ਬੱਚਿਆਂ ਨੂੰ ਵਾਤਾਵਰਨ ਨਾਲ ਜੋੜਨ ਸਬੰਧੀ ਵੱਧ ਤੋਂ ਵੱਧ ਰੁੱਖ ਲਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਈਕੋ ਕਲੱਬ ਦੇ ਇੰਚਾਰਜ ਮੰਜੂ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਪਹਿਲਾਂ ਵੀ 250 ਦੇ ਕਰੀਬ ਬੂਟਾ ਲੱਗ ਚੁੱਕਿਆ ਹੈ ਅਤੇ ਅੱਜ 50 ਦੇ ਕਰੀਬ ਹੋਰ ਨਵੇਂ ਬੂਟੇ ਸਕੂਲ ਵਿੱਚ ਲਾਉਣ ਸਬੰਧੀ ਚੱਕ ਭਾਈ ਕੇ ਫਾਰਮ ਤੋਂ ਪ੍ਰਾਪਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਵੱਧ ਤੋਂ ਵੱਧ ਵਾਤਾਵਰਨ ਨੂੰ ਬਚਾਉਣਾ ਹੈ।ਇਸ ਸਮੇਂ ਈਕੋ ਕਲੱਬ ਅਹਿਮਦਪੁਰ ਦੀ ਪੂਰੀ ਟੀਮ ਦੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਪ੍ਰਣ ਵੀ ਲਿਆ। ਇਸ ਸਮੇਂ ਪ੍ਰੀਤੀ ਅਰੋੜਾ,ਈਕੋ ਕਲੱਬ ਦੇ ਪ੍ਰਧਾਨ ਕਮਲ,ਸੁਰਿੰਦਰ ਕੁਮਾਰ ਆਦਿ ਹਾਜਰ ਸਨ।


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਖੇਡਾਂ ਵਤਨ ਪੰਜਾਬ ਦੀਆਂ 21 ਸਾਲਾ ਉਮਰ ਵਰਗ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਬਲਾਕ ਬੁਢਲਾਡਾ ਵਿਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਖੇਡਣਾ ਤੰਦਰੁਸਤ ਹੋਣ ਦੀ ਨਿਸ਼ਾਨੀ ਹੈ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਉਤਸਾਹਿਤ ਕਰਨ ਦੇ ਲਈ ਅਤੇ ਪੰਜਾਬ ਦੀਆਂ ਪੁਰਾਤਨ ਖੇਡਾਂ ਦੇ ਨਾਲ ਜੋੜਨ ਦੇ ਲਈ ਬੇਹੱਦ ਵੱਡਾ ਉਪਰਾਲੇ ਕੀਤੇ ਜਾ ਰਹੇ ਹਨ। ਗੁਰੂ ਨਾਨਕ ਕਾਲਜ ਬੁਢਲਾਡਾ ਖੇਡਾਂ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਾਪਤੀਆਂ ਕਰਨ ਵਾਲੇ ਪਹਿਲੇ ਕਾਲਜਾਂ ਵਿਚ ਆਉਂਦਾ ਹੈ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਦਿਨ ਲੜਕੀਆਂ ਦੇ ਵਰਗ ਵਿਚ ਵਾਲੀਬਾਲ ਅਤੇ ਖੋ-ਖੋ ਵਿਚ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਵਰਗ ਵਿਚ ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਖੋ ਖੋ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਐਥਲੈਟਿਕਸ ਦੇ ਮੁਕਾਬਲਿਆਂ ਵਿਚ ਹਰਪ੍ਰੀਤ ਕੌਰ 5000 ਮੀਟਰ ਦੌੜ ਵਿਚ ਗੋਲਡ ਮੈਡਲ, ਸੁਖਦੀਪ ਸਿੰਘ ਨੇ ਲੰਬੀ ਛਾਲ ਵਿਚ ਗੋਲਡ ਮੈਡਲ, ਲੈਨਿਨ ਨੇ ਸਿਲਵਰ ਮੈਡਲ, ਸਵਰਨ ਸਿੰਘ ਨੇ ਗੋਲਾ ਸੁੱਟਣ ਵਿੱਚ ਸਿਲਵਰ ਮੈਡਲ, ਰਜੀਆ ਨੇ 100 ਮੀਟਰ ਦੌੜ ਵਿਚ ਸਿਲਵਰ ਮੈਡਲ ਅਤੇ ਰਜੀਆ ਨੇ ਲੰਬੀ ਛਾਲ ਵਿਚ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਦੂਜੇ ਦਿਨ ਹੋਏ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ ਨਵਜੋਤ ਸਿੰਘ 400 ਮੀਟਰ ਦੌੜ ਵਿਚ ਗੋਲਡ ਮੈਡਲ, ਹਰਪ੍ਰੀਤ ਕੌਰ 1500 ਮੀਟਰ ਦੌੜ ਵਿਚ ਗੋਲਡ ਮੈਡਲ, ਜਸਦੀਪ ਸਿੰਘ 800 ਮੀਟਰ ਦੌੜ ਵਿਚ ਗੋਲਡ ਮੈਡਲ, ਸ਼ਿਵ ਨੇ 1500 ਮੀਟਰ ਦੌੜ ਵਿਚ ਗੋਲਡ ਮੈਡਲ, ਸਤੂਤੀ ਨੇ 400 ਮੀਟਰ ਦੌੜ ਵਿਚ ਗੋਲਡ ਮੈਡਲ, ਸੁਖਮਨ ਸਿੰਘ ਨੇ ਲੰਬੀ ਛਾਲ ਅਤੇ 100 ਮੀਟਰ ਦੌੜ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਤਿਆਰ ਕਰਨ ਵਿਚ ਪ੍ਰੋ. ਗੁਰਪ੍ਰੀਤ ਕੌਰ ਅਤੇ ਸ. ਗੁਰਮੁਖ ਸਿੰਘ ਦੇ ਵਿਸ਼ੇਸ਼ ਯੋਗਦਾਨ ਰਿਹਾ ਹੈ।

Tuesday, September 10, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਾਨੀ ਸੱਜਣ ਸਮਸ਼ੇਰ ਸਿੰਘ ਨੇ ਸਟੇਟ ਅਵਾਰਡ ਰਣਜੀਤ ਸਿੰਘ ਬਰ੍ਹੇ ਦਾ ਕੀਤਾ ਸਨਮਾਨ

ਦਾਨੀ ਸੱਜਣ ਸਮਸ਼ੇਰ ਸਿੰਘ ਨੇ ਸਟੇਟ ਅਵਾਰਡ ਰਣਜੀਤ ਸਿੰਘ ਬਰ੍ਹੇ ਦਾ ਕੀਤਾ ਸਨਮਾਨ

ਸੇਰੀ ਵੱਲੋਂ ਸਕੂਲ ਨੂੰ 5000 ਰੁਪਏ ਦਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਦੇ ਮਿਹਨਤੀ ਅਧਿਆਪਕ ਰਣਜੀਤ ਸਿੰਘ ਬਰ੍ਹੇ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦਿੱਤਾ ਗਿਆ ਸੀ,ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ 'ਚ ਦਾਨੀ ਪੁਰਸ਼ ਸ਼ਮਸ਼ੇਰ ਸਿੰਘ ਸੇਰੀ ਆਪਣੇ ਸਾਥੀਆਂ ਸਮੇਤ ਸਨਮਾਨਿਤ ਕੀਤਾ।ਉਹਨਾਂ ਕਿਹਾ ਕਿ ਇਹ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਹਨਾਂ ਵੱਲੋਂ ਸਕੂਲ ਨੂੰ 5 ਹਜ਼ਾਰ ਦੀ ਨਕਦ ਰਾਸ਼ੀ ਦਾਨ ਦੇ ਰੂਪ ਵਿੱਚ ਦਿੱਤੇ।ਇਸ ਮੌਕੇ ਬੋਲਦਿਆਂ ਚੇਅਰਪਰਸਨ ਜਸਵੀਰ ਕੌਰ ਅਤੇ ਸਕੂਲ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਸੇਰੀ ਵੱਲੋਂ ਪਹਿਲਾਂ ਵੀ ਬਹੁਤ ਵਾਰ ਸਕੂਲ ਨੂੰ ਦਾਨ ਦਿੱਤਾ ਹੈ। ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਸਕੂਲ ਸ਼ੈਡ ਦੀ ਮੁਫ਼ਤ ਸੇਵਾ ਕੀਤੀ ਸੀ।ਇਸ ਮੌਕੇ ਸਮੂਹ ਸਟਾਫ ਜੀਤਸਰ,ਸ਼ਮਸ਼ੇਰ ਸਿੰਘ,ਬੱਬੂ ਸਿੰਘ,ਪ੍ਰਗਟ ਸਿੰਘ, ਹਰਭਜਨ ਸਿੰਘ, ਦੀਪ ਸਿੰਘ ,ਬੂਟਾ ਸਿੰਘ ਅਤੇ ਜੱਗਾ ਸਿੰਘ ਹਾਜ਼ਰ ਸਨ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀ ਐਥਲੈਟਿਕਸ ਵਿੱਚ ਛਾਏ

ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀ ਐਥਲੈਟਿਕਸ ਵਿੱਚ ਛਾਏ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀ ਨੇ ਜ਼ੋਨਲ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ 'ਚ ਭਾਗ ਲਿਆ | ਅੱਠਵੀਂ ਜਮਾਤ ਦੀ ਸੁਖਪ੍ਰੀਤ ਕੌਰ ਨੇ ਸ਼ਾਟ ਪੁਟ ਅਤੇ ਡਿਸਕਸ ਥਰੋ ਵਿੱਚ ਪਹਿਲਾ ਸਥਾਨ ਅਤੇ ਅਰਮਾਨਦੀਪ ਸਿੰਘ ਨੇ 400 ਮੀਟਰ ਵਿੱਚ ਪਹਿਲਾ ਸਥਾਨ ਅਤੇ ਲੰਬੀ ਛਾਲ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਇਹ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ। ਇਹ ਮੁਕਾਬਲੇ 7 ਸਤੰਬਰ ਅਤੇ 9 ਸਤੰਬਰ ਨੂੰ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਜ਼ੋਨਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਦਿ ਰੌਇਲ ਗਲੋਬਲ ਸਕੂਲ ਦੇ 11 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਜੀ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਮਾਣ ਹੈ ਜੋ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਜੀ ਨੇ ਕਿਹਾ ਕਿ ਸਾਨੂੰ ਆਪਣੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ 'ਤੇ ਮਾਣ ਹੈ,ਅਸੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਾਂ | ਇਸ ਮੌਕੇ ਉਨ੍ਹਾਂ ਸਰੀਰਕ ਸਿੱਖਿਆ ਅਧਿਆਪਕ ਸ: ਹਰਜਿੰਦਰ ਸਿੰਘ ਅਤੇ ਪਰਬਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਦੀ ਅਗਵਾਈ ਅਤੇ ਸਖ਼ਤ ਮਿਹਨਤ ਸਦਕਾ ਵਿਦਿਆਰਥੀ ਅੱਜ ਤੱਕ ਪਹੁੰਚ ਸਕੇ |

ਗੁਰਵਿੰਦਰ ਸਿੰਘ ਚਹਿਲ ਹੀਰੋਂ ਸਰਕਾਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਜਨਕ ਨੇ ਖੇਡਾਂ ਵਤਨ ਪੰਜਾਬ ਦੀਆਂ 'ਚੋਂ ਜ਼ਿਲ੍ਹੇ ਲਈ ਕੀਤਾ ਕੁਆਲੀਫਾਈ

ਸਰਕਾਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਜਨਕ ਨੇ ਖੇਡਾਂ ਵਤਨ ਪੰਜਾਬ ਦੀਆਂ 'ਚੋਂ ਜ਼ਿਲ੍ਹੇ ਲਈ ਕੀਤਾ ਕੁਆਲੀਫਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਖੇਡ ਇੰਚਾਰਜ਼ ਜਸਵਿੰਦਰ ਸਿੰਘ ਜਨਕ ਇਕੱਲੇ ਬੱਚਿਆਂ ਨੂੰ ਨਹੀਂ ਖਿਡਾਉਂਦੇ ਸਗੋਂ ਉਹ ਆਪ ਵੀ ਵਧੀਆ ਖਿਡਾਰੀ ਹਨ ।ਉਹਨਾਂ ਦੱਸਿਆ ਕਿ ਜਦੋਂ ਤੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋਈ ਹੈ,ਉਹ ਹਰ ਸਾਲ ਇਹਨਾਂ ਖੇਡਾਂ ਵਿੱਚ ਹਿੱਸਾ ਲੈਂਦੇ ਆ ਰਹੇ ਹਨ।ਇਹਨਾਂ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਬਹੁਤ ਲਗਾਅ ਹੈ ਕਿਉਂਕਿ ਇਹ ਆਪਣੇ ਵੇਲੇ ਦੇ ਵਧੀਆ ਖਿਡਾਰੀ ਰਹੇ ਹਨ।ਇਸ ਵਾਰ ਹੋਈਆਂ ਖੇਡਾਂ ਵਤਨ ਪੰਜਾਬ  ਬਲਾਕ ਬੁਢਲਾਡਾ ਦੀਆਂ ਖੇਡਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਟੇਡੀਅਮ ਬੁਢਲਾਡਾ ਵਿਖੇ ਹੋਈਆਂ,ਜਿਸ ਵਿੱਚ 51 ਤੋਂ 60 ਸਾਲ ਦੇ ਉਮਰ ਵਰਗ ਵਿੱਚ ਸ਼ਾਟ ਪੁੱਟ ਵਿੱਚ ਪਹਿਲਾ ਅਤੇ ਲੌਗ ਜੰਪ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਲੈਵਲ 'ਤੇ ਖੇਡਣ ਲਈ ਕੁਆਲੀਫਾਈ ਕੀਤਾ।ਅਧਿਆਪਕ ਨਾਜ਼ਰ ਸਿੰਘ ਬੱਛੋਆਣਾ ਨੇ ਦੱਸਿਆ ਕਿ ਉਹਨਾਂ ਨੂੰ ਜਸਵਿੰਦਰ ਸਿੰਘ ਜਨਕ ਤੋਂ ਉਮੀਦ ਹੈ ਕਿ ਉਹ ਜ਼ਿਲ੍ਹੇ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨਗੇ।

Monday, September 9, 2024

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵੱਲੋਂ 12 ਸਤੰਬਰ ਨੂੰ ਡੀ.ਜੀ.ਐਸ,ਈ ਦਫਤਰ ਦਾ ਘਿਰਾਓ

ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵੱਲੋਂ 12 ਸਤੰਬਰ ਨੂੰ ਡੀ.ਜੀ.ਐਸ,ਈ ਦਫਤਰ ਦਾ ਘਿਰਾਓ 

ਮੁੱਖ ਮੰਤਰੀ ਦੇ ਲਾਰਿਆਂ ਤੋਂ ਅੱਕੇ ਐਸਐਸਏ ਮਿਡ ਡੇ ਮੀਲ ਕਰਮਚਾਰੀ ਯੂਨੀਅਨ ਦੇ ਆਗੂ

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆ ਮੰਗਾਂ ਮੰਨਣ ਦੇ ਬਾਵਜੂਦ ਲਾਗੂ ਨਾ ਹੋਣ ਤੇ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਰੋਸ ਵਧਦਾ ਜਾ ਰਿਹਾ ਹੈ।ਮੁੱਖ ਮੰਤਰੀ ਵੱਲੋਂ 21 ਅਪ੍ਰੈਲ 2022 ਅਤੇ ਕੈਬਿਨਟ ਸਬ ਕਮੇਟੀ ਵੱਲੋਂ 14 ਮਾਰਚ 2024 ਨੂੰ ਮੰਗਾਂ ਮੰਨਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਮੰਗਾਂ ਨੂੰ ਅਮਲੀ ਜਾਮਾ ਨਹੀ ਪਹਿਨਾਇਆ ਗਿਆ।  14 ਮਾਰਚ ਦੀ ਮੀਟਿੰਗ ਵਿਚ ਖਜ਼ਾਨਾ ਮੰਤਰੀ ਦੇ ਆਦੇਸ਼ਾ ਅਨੁਸਾਰ ਜਥੇਬੰਦੀ ਵੱਲੋਂ ਡੀ.ਜੀ.ਐਸ.ਈ ਨੂੰ ਐਫੀਡੈਵਿਟ ਵੀ ਦਿੱਤਾ ਸੀ।ਪ੍ਰੈਸ ਬਿਆਨ ਜਾਰੀ ਕਰਦਿਆਂ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਆਗੂ ਨਵਨੀਤ ਕੁਮਾਰ, ਕੰਚਨ ਰਾਣੀ, ਵਰਿੰਦਰ ਕੁਮਾਰ, ਮਨੋਜ ਕੁਮਾਰ, ਨਰੇਸ਼ ਕੁਮਾਰ, ਜਸਪਾਲ ਕੁਮਾਰ, ਹਰੀਸ਼ ਕੁਮਾਰ, ਅਨੁਰਾਧਾ ਰਾਣੀ, ਸਰਬਜੀਤ ਕੌਰ, ਸ਼ਾਰਧਾ ਰਾਣੀ, ਨੈਯਨੀ ਕੁਦਲ,ਅਨੀਤਾ ਰਾਣੀ,ਸਤੀਸ਼ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਕੈਬਿਨਟ ਸਬ ਕਮੇਟੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਤਨਖਾਹ ਕਟੋਤੀ ਦੂਰ ਕਰਨ ਦੇ ਫੈਸਲੇ ਲੈ  ਕੇ 3 ਵਾਰ ਅਧਿਕਾਰੀਆ ਨੂੰ ਆਦੇਸ਼ ਦਿੱਤੇ ਪਰ ਸੂਬੇ ਦੀ ਅਫਸਰਸ਼ਾਹੀ ਨੇ ਮੁਲਾਜ਼ਮਾਂ ਦੇ ਮਸਲਿਆ ਤੇ ਕੋਈ ਕਾਰਵਾਈ ਨਹੀ ਕੀਤੀ।ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਉਲਟਾਂ  ਬਿਨ੍ਹਾ ਕਿਸੇ ਪੱਤਰ ਦੇ ਮੁਲਾਜ਼ਮਾਂ ਦੀ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਅਤੇ ਅੱਜ ਤੱਕ ਤਨਖਾਹ ਕਟੌਤੀ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਆਗੂਆ ਨੇ ਕਿਹਾ ਕਿ ਵਿੱਤ ਮੰਤਰੀ ਹਰ ਵਾਰ ਮੀਟਿੰਗਾਂ ਵਿਚ ਮੰਗਾਂ ਨੂੰ ਜ਼ਾਇਜ਼ ਮੰਨਦੇ ਹਨ ਪ੍ਰੰਤੂ ਸਹਿਮਤੀ ਦੇਣ ਦੇ ਬਾਵਜੂਦ ਵੀ ਕਾਰਵਾਈ ਨਹੀ ਹੁੰਦੀ।ਸਰਕਾਰ ਅਤੇ ਅਫਸਰਸ਼ਾਹੀ ਵੱਲੋਂ ਮੁਲਾਜ਼ਮਾਂ ਦੀਆ ਮੰਗਾਂ ਤੇ ਕੋਈ ਕਾਰਵਾਈ ਨਾ ਹੋਣ ਕਰਕੇ ਮੁਲਾਜ਼ਮਾਂ ਵਿਚ ਰੋਸ ਹੈ। ਆਗੂਆਂ ਨੇ ਕਿਹਾ ਕਿ ਦਫਤਰੀ ਮੁਲਾਜ਼ਮ ਮੰਗਾਂ ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ 12 ਸਤੰਬਰ ਨੂੰ ਸਿੱਖਿਆ ਵਭਾਗ ਦੇ ਮੁੱਖ ਦਫਤਰ ਮੁਹਾਲੀ ਦਾ ਘਿਰਾਓ ਕਰਨਗੇ ਅਤੇ ਜੇਕਰ ਸਰਕਾਰ ਅਤੇ ਵਿਭਾਗ ਨੇ ਮੰਗਾਂ ਪ੍ਰਤੀ ਕੋਈ ਸੰਜੀਦਾ ਹੱਲ ਨਾ ਕੀਤਾ ਤਾਂ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਚੀਮਾ ਪਹੁੰਚਣ 'ਤੇ ਕੀਤਾ ਸਵਾਗਤ

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਚੀਮਾ ਪਹੁੰਚਣ 'ਤੇ ਕੀਤਾ ਸਵਾਗਤ

ਸ੍ਰ. ਭੂੰਦੜ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਹੋਏ ਨਤਮਸਤਕ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਚੀਮਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ।ਸ੍ਰ. ਭੂੰਦੜ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਨਤਮਸਤਕ ਹੋਏ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ।ਜਿੱਥੇ ਕਿ ਵੱਡੀ ਗਿਣਤੀ ਵਿੱਚ ਚੀਮਾ ਅਤੇ ਭੀਖੀ ਸਰਕਲ ਦੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈ ਕੇ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਚਹਿਲ,ਹਲਕਾ ਮਾਨਸਾ ਦੇ ਸੇਵਾਦਾਰ ਪ੍ਰੇਮ ਕੁਮਾਰ,ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸੇਵਾਦਾਰ ਰਾਜਿੰਦਰ ਦੀਪਾ,ਸਰਕਲ ਚੀਮਾ ਦੇ ਪ੍ਰਧਾਨ ਦਰਸ਼ਨ ਸਿੰਘ ਔਲਖ,ਜਥੇਦਾਰ ਦਰਬਾਰਾ ਸਿੰਘ ,ਪਰਮਜੀਤ ਸਿੰਘ ਨਿੱਕਾ,ਦਰਸ਼ਨ ਸਿੰਘ ਲਾਡੀ,ਗੁਰਮੀਤ ਸਿੰਘ ਮੀਤਾ,ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਹੋਡਲਾ ਕਲਾਂ,ਕੁਲਦੀਪ ਸਿੰਘ ਭੰਗੂ,ਬਲਜੀਤ ਸਿੰਘ ਅਤਲਾ,ਨਿਰਮਲ ਸਿੰਘ ਹੋਡਲਾ,ਮਿੱਠਾ ਸਿੰਘ ਮਾਨ, ਜਥੇਦਾਰ ਕੁਲਵੰਤ ਸਿੰਘ ਹੀਰੋਂ ਕਲਾਂ,ਜਰਨੈਲ ਸਿੰਘ ਹੀਰੋਂ ਕਲਾਂ, ਹਰਦੇਵ ਸਿੰਘ ਹੋਡਲਾ,ਰਵਿੰਦਰ ਸਿੰਘ ਹੋਡਲਾ ਕਲਾਂ,ਹਰਦੇਵ ਸਿੰਘ ਨਿੱਕਾ ਸੋਹਲ ਆਦਿ ਮੌਜੂਦ ਸਨ।ਇਸ ਮੌਕੇ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਸਭ ਤੋਂ ਪਹਿਲਾਂ ਸੰਤ ਬਾਬਾ ਅਤਰ ਸਿੰਘ ਜੀ ਦੀ ਜਨਮ ਨਗਰੀ ਵਿਖੇ ਨਤਮਸਤਕ ਹੋਏ ਹਨ ਕਿਉਂਕਿ ਸੰਤ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਅਨੇਕਾਂ ਪਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਉੱਥੇ ਉਹਨਾਂ ਨੂੰ ਵਿਦਿਆ ਦੇ ਦਾਨੀ ਵਜੋਂ ਵੀ ਜਾਣਿਆ ਜਾਂਦਾ ਹੈ।ਉਹਨਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਬਾਖੂਬੀ ਨਾਲ ਨਿਭਾਉਣਗੇ।ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਨਮਾਨ ਵੀ ਕੀਤਾ ਗਿਆ।