Sunday, September 22, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿਤਾ ਨੇ ਨੌਜਵਾਨ ਪੁੱਤ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਿਆ

ਪਿਤਾ ਨੇ ਨੌਜਵਾਨ ਪੁੱਤ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਿਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਥਾਨਕ ਕਸਬੇ ਵਿਖੇ ਨੌਜਵਾਨ ਪੁੱਤ ਨੂੰ ਪਿਤਾ ਵੱਲੋਂ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਦੁਖਦਾਇਕ ਖਬਰ ਮਿਲੀ ਹੈ।ਪੁਲਿਸ ਥਾਣਾ ਚੀਮਾ ਮੰਡੀ ਦੇ ਮੁਖੀ  ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ (18 ਸਾਲ) ਦੇ ਪਿਤਾ ਗੋਪਾਲ ਸਿੰਘ ਦੇ ਕਿਸੇ ਔਰਤ ਨਾਲ ਨਜਾਇਜ ਸਬੰਧਾਂ ਨੂੰ ਲੈ ਕੇ ਪਰਿਵਾਰ ਨਾਲ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ।ਮ੍ਰਿਤਕ ਨੌਜਵਾਨ ਤੇ ਉਸ ਦੀ ਮਾਤਾ ਵੱਲੋਂ ਵੀ ਗੋਪਾਲ ਸਿੰਘ ਨੂੰ ਅਜਿਹਾ ਕੰਮ ਕਰਨ ਤੋਂ ਵਰਜਿਆ ਜਾਂਦਾ ਸੀ।ਲੰਘੀ ਰਾਤ ਕਰੀਬ 11 ਕੁ ਵਜੇ ਜਦੋਂ ਗੋਪਾਲ ਸਿੰਘ ਨਸ਼ੇ ਵਿੱਚ ਧੁੱਤ ਹੋ ਕੇ ਘਰ ਆਇਆ ਤਾਂ ਉਸ ਨੇ ਆਪਣੇ ਪੁੱਤਰ ਅਮਨਦੀਪ ਸਿੰਘ 'ਤੇ ਬੰਦੂਕ ਨਾਲ ਫਾਇਰ ਕਰ ਦਿੱਤਾ।ਗੰਭੀਰ ਜਖਮੀ ਹਾਲਤ ਵਿਚ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲ਼ਾ ਵਿਖੇ ਲਿਜਾਇਆ ਗਿਆ ਪਰ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ।ਥਾਣਾ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਬਾਰੀਕੀ ਨਾਲ਼ ਕੀਤੀ ਜਾ ਰਹੀ ਹੈ।

Saturday, September 21, 2024

ਕਲੱਸਟਰ ਗੁਰਨੇ ਕਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ

ਕਲੱਸਟਰ ਗੁਰਨੇ ਕਲਾਂ ਦੀਆਂ  ਪ੍ਰਾਇਮਰੀ  ਸਕੂਲ ਖੇਡਾਂ ਸ਼ੁਰੂ

ਉਦਘਾਟਨ ਸਟੇਟ ਐਵਾਰਡੀ ਕਸ਼ਮੀਰ ਸਿੰਘ ਔਲਖ ਨੇ ਕੀਤਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਗੁਰਨੇ ਕਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ। ਅਧਿਆਪਕ ਸੰਤੋਖ ਸਿੰਘ ਗੁਰਨੇ ਨੇ ਦੱਸਿਆ ਕਿ 21 ਤੋਂ 23 ਸਤੰਬਰ ਤੱਕ ਹੋਣ ਵਾਲੀਆਂ ਇਹਨਾਂ ਖੇਡਾਂ ਵਿੱਚ ਸੈਂਟਰ ਦੇ 8 ਸਰਕਾਰੀ ਪ੍ਰਾਇਮਰੀ ਸਕੂਲ ਤੇ ਭਾਈ ਬਹਿਲੋ ਪਬਲਿਕ ਸਕੂਲ ਦੇ ਬੱਚਿਆਂ ਨੇ ਭਾਗ ਲਿਆ।ਉਹਨਾਂ ਦੱਸਿਆ ਕਿ ਪਹਿਲੇ ਦਿਨ ਦਾ ਉਦਘਾਟਨ ਸਟੇਟ ਐਵਾਰਡੀ ਕਸ਼ਮੀਰ ਸਿੰਘ ਔਲਖ ਨੇ ਕੀਤਾ। ਉਦਘਾਟਨ ਉਪਰੰਤ ਕਸ਼ਮੀਰ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਕਾਨੂੰਨ ਤੰਦਰੁਸਤ ਰੱਖਦੀਆਂ ਹਨ ਅਤੇ ਸਾਨੂੰ ਭਾਈਚਾਰਕ ਤੇ ਮਿਲਵਰਤਨ ਦੀ ਭਾਵਨਾ ਸਿਖਾਉਂਦੀਆਂ ਹਨ। ਉਹਨਾਂ ਬੱਚਿਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਹੱਲਾਸ਼ੇਰੀ ਦਿੱਤੀ।ਪਹਿਲੇ ਦਿਨ ਐਥਲੈਟਿਕਸ ਤੇ ਕੁਸ਼ਤੀ ਦੇ ਮੁਕਾਬਲੇ ਹੋਏ। ਇਸ ਮੌਕੇ ਸਮੁੱਚੇ ਕਲੱਸਟਰ ਦੇ ਮੁੱਖ ਅਧਿਆਪਕ ਵੀ ਹਾਜ਼ਰ ਸਨ। ਸੈਂਟਰ ਸਕੂਲ ਮੁਖੀ ਜੁਗਰਾਜ ਸਿੰਘ ਤੇ ਚੈਅਰਮੈਨ ਅਵਤਾਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਤਾਂ ਮੁੱਖ ਮਹਿਮਾਨ ਕਸ਼ਮੀਰ ਸਿੰਘ ਔਲਖ ਦਾ ਸਨਮਾਨ ਵੀ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜੀ.ਟੀ.ਯੂ. ਮਾਨਸਾ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਹੱਕ ਸਿੱਖਿਆ ਮੰਤਰੀ ਦੇ ਨਾਂ ਡੀ.ਈ.ਓ. ਮਾਨਸਾ ਨੂੰ ਦਿੱਤਾ ਮੰਗ ਪੱਤਰ

ਜੀ.ਟੀ.ਯੂ. ਮਾਨਸਾ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਹੱਕ ਸਿੱਖਿਆ ਮੰਤਰੀ ਦੇ ਨਾਂ ਡੀ.ਈ.ਓ.  ਮਾਨਸਾ ਨੂੰ ਦਿੱਤਾ ਮੰਗ ਪੱਤਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਗੌਰਮਿੰਟ ਟੀਚਰ ਯੂਨੀਅਨ ਮਾਨਸਾ ਦੇ ਪ੍ਰਧਾਨ ਨਰਿੰਦਰ ਮਾਖਾ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੇ ਪ੍ਰਧਾਨ ਸੱਤ ਪ੍ਰਤਾਪ ਸਿੰਘ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਪਿਛਲੇ 18 ਸਾਲਾਂ ਤੋ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾਅ ਰਹੇ ਕੰਪਿਊਟਰ ਅਧਿਆਪਕਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।ਸਾਲ 2011 ਵਿੱਚ ਉਸ ਸਮੇਂ ਦੀ ਸਰਕਾਰ ਦੁਆਰਾ ਰੈਗੂਲਰ ਕਰਨ ਦੇ ਬਾਵਜੂਦ ਵੀ ਹੁਣ ਤੱਕ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੇ ਲਾਭ ਨਹੀਂ ਮਿਲੇ।ਜਿਕਰਯੋਗ ਹੈ ਕਿ ਵਿਧਾਨ ਸਭਾ ਇਲੈਕਸ਼ਨ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਕੰਪਿਊਟਰ ਅਧਿਆਪਕਾ ਨੂੰ ਬਣਦੇ ਲਾਭ ਦੇਣ ਬਾਰੇ ਲਿਖਿਆ ਸੀ ਤੇ ਸਾਲ 2022 ਦੀ ਦਿਵਾਲੀ ਤੇ ਸਿੱਖਿਆ ਮੰਤਰੀ ਨੇਂ ਜਨਤਕ ਤੇ ਸ਼ੋਸਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾ ਨੂੰ ਛੇਵੇਂ ਪੇਅ ਕਮੀਸ਼ਨ ਅਤੇ ਸੀ.ਐਸ.ਆਰ. ਰੂਲਜ਼ ਦੇ ਰੂਪ ਵਿੱਚ ਦਿਵਾਲੀ ਗਿਫਟ ਦਿੱਤਾ ਜਾਵੇਗਾ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਅਦਾ ਵਫਾ ਨਹੀਂ ਹੋਇਆ। ਉਸੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ ਜਿਸ ਵਿੱਚ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਕੰਪਿਊਟਰ ਅਧਿਆਪਕਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ ਤੇ ਉਸੇ ਕੜੀ ਤਹਿਤ ਅੱਜ ਸਿੱਖਿਆ ਮੰਤਰੀ ਦੇ ਨਾਮ ਦਾ ਮੰਗ ਪੱਤਰ ਡੀ.ਈ.ਓ (ਸੈ.ਸਿ.) ਭੁਪਿੰਦਰ ਕੌਰ ਨੂੰ ਦਿੱਤਾ।ਇਸ ਸਮੇਂ ਗੌਰਮਿੰਟ ਟੀਚਰ ਯੂਨੀਅਨ ਦੇ ਗੁਰਦਾਸ ਸਿੰਘ ਰਾਏਪੁਰ,ਸਤੀਸ਼ ਕੁਮਾਰ,ਬਲਵਿੰਦਰ ਸਿੰਘ ਉੱਲਕ,ਲਖਵਿੰਦਰ ਸਿੰਘ ਮਾਨ,ਹਰਦੀਪ ਸਿੰਘ ਰੋੜੀ,ਜਗਜੀਵਨਜੋਤ ਸਿੰਘ ਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਸਟੇਟ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਤੇ ਗੁਰਸ਼ਰਨ ਕੌਰ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ,ਮੀਤ ਪ੍ਰਧਾਨ ਲਖਵੀਰ ਸਿੰਘ,ਪਰਮਿੰਦਰ ਸਿੰਘ ਤੇ ਰਣਜੀਤ ਕੁਮਾਰ, ਕੈਸ਼ੀਅਰ ਨਿਤੇਸ਼ ਕੁਮਾਰ,ਪ੍ਰੈਸ ਸਕੱਤਰ ਕਰਮਜੀਤ ਸਿੰਘ,ਮੰਜੂ ਬੱਤਰਾ,ਅੰਮ੍ਰਿਤਪਾਲ ਗਰਗ,ਰਾਜਦੀਪ ਮੌਦਗਿਲ,ਰਾਜ਼ੀਵ ਕੁਮਾਰ, ਰਾਜਦੀਪ ਸਿੰਘ,ਪਲਵਿੰਦਰ ਸਿੰਘ,ਕੁਲਵਿੰਦਰ ਸਿੰਘ,ਵਿਜੇ ਕੁਮਾਰ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ ਕਾਲਜਿਜ਼ ਨੇ ਸਿੱਖਿਆ ਦੇ ਖੇਤਰ 'ਚ ਮਾਰੀਆਂ ਮੱਲ੍ਹਾਂ

ਦਿ ਰੌਇਲ ਗਰੁੱਪ ਆਫ ਕਾਲਜਿਜ਼ ਨੇ ਸਿੱਖਿਆ ਦੇ ਖੇਤਰ 'ਚ ਮਾਰੀਆਂ ਮੱਲ੍ਹਾਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : 'ਪੰਜਾਬੀ ਜਾਗਰਣ' ਅਖ਼ਬਾਰ ਦੇ ਦੂਸਰੇ ਅਵਾਰਡ ਸਮਾਰੋਹ 'ਰਤਨ ਪੰਜਾਬ ਦੇ ਐਵਾਰਡ–2024’,ਜੋ ਕਿ  ਜ਼ੀਰਕਪੁਰ 'ਚ ਕਰਵਾਇਆ ਗਿਆ,ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਦੈਨਿਕ ਜਾਗਰਣ ਦੇ ਗ੍ਰੇਟਰ ਪੰਜਾਬ ਦੇ ਸੀਜੀਐੱਮ ਮੋਹਿੰਦਰ ਕੁਮਾਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ,ਦੈਨਿਕ ਜਾਗਰਣ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਨੇ ਨਾਮਵਰ ਸੰਸਥਾ ‘ਦਿ ਰੋਇਲ ਗਰੁੱਪ ਆਫ ਕਾਲਜਿਜ਼’ ਤੇ ਸਕੂਲ ਮਾਨਸਾ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੂੰ ‘ਰਤਨ ਪੰਜਾਬ ਦੇ' ਐਵਾਰਡ ਦੇ ਕੇ ਸਨਮਾਨਿਤ ਕੀਤਾ।ਇਹ ਸੰਸਥਾ ਵਿੱਦਿਅਕ ਤੇ ਹੋਰਨਾਂ ਗਤੀਵਿਧੀਆਂ ਪੱਖੋਂ ਲਗਾਤਾਰ ਵੱਡੀਆਂ ਮੱਲਾਂ ਮਾਰਦੀ,ਕਦਮ-ਦਰ-ਕਦਮ ਅੱਗੇ ਵੱਧ ਰਹੀ ਹੈ। ਇਸ ਨਾਮਵਰ ਸੰਸਥਾ ਵਿੱਚ,ਡਿਗਰੀ ਕਾਲਜ, ਨਰਸਿੰਗ ਕਾਲਜ,ਫਿਜੀਕਲ ਐਜੂਕੇਸ਼ਨ ਕਾਲਜ ਤੇ ਫ਼ਾਰਮੇਸੀ ਕਾਲਜ ਚੱਲ ਰਹੇ ਹਨ।ਇਸ ਸਮਾਗਮ 'ਚ ਪੰਜਾਬ ਦੇ ਅਲੱਗ-ਅਲੱਗ ਖੇਤਰਾਂ 'ਚ ਵੱਡਾ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ‘ਦਿ ਰੌਇਲ ਗਰੁੱਪ ਆਫ ਕਾਲਜਿਜ਼’ ਤੇ ਸਕੂਲ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਪ੍ਰੋਗਰਾਮ ਬਾਰੇ ਕਿਹਾ ਕਿ 'ਪੰਜਾਬੀ ਜਾਗਰਣ' ਅਖ਼ਬਾਰ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੈ।ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਐੱਮ.ਡੀ. ਡਾ. ਰਜਿੰਦਰ ਸਿੰਘ ਸੋਹਲ, ਚੇਅਰਮੈਨ ਡਾ. ਏਕਮਜੀਤ ਸਿੰਘ ਸੋਹਲ ਵੱਲੋਂ ਸੁਚਾਰੂ ਢੰਗ ਨਾਲ ਵਿੱਦਿਅਕ ਸੇਵਾਵਾਂ ਦਿੰਦੇ ਹੋਏ,ਇਸ ਸੰਸਥਾ ਨੂੰ ਸੁਚਾਰੂ-ਰੂਪ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਸਪੀਕਰ ਸ.ਕੁਲਤਾਰ ਸਿੰਘ ਸੰਧਵਾ ਨੇ ਵੀ,ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਵੀ ਖੇਤਰ 'ਚ ਕੁੱਝ ਚੰਗਾ ਕਰ ਰਿਹਾ ਹੈ ਤਾਂ ਉਸ ਦੀ ਪ੍ਰਤਿਭਾ ਨੂੰ ਪਛਾਣ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਅਤੇ 'ਪੰਜਾਬੀ ਜਾਗਰਣ' ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

Friday, September 20, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਰਸ ਤਹਿਤ ਬਲਾਕ ਪੱਧਰੀ ਸਾਇੰਸ ਮੇਲੇ ਕਰਵਾਏ

ਮਾਰਸ ਤਹਿਤ ਬਲਾਕ ਪੱਧਰੀ ਸਾਇੰਸ ਮੇਲੇ ਕਰਵਾਏ

ਇਹ ਮੇਲੇ ਵਿਦਿਆਰਥੀਆਂ 'ਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਦੇ ਹਨ : ਡੀਈਓ ਭੁਪਿੰਦਰ ਕੌਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਏਡੀਸੀ ਡਾਕਟਰ ਨਿਰਮਲ ਓਸਪੇਚਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਪੰਜ ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ 'ਮਾਰਸ' ਤਹਿਤ ਬਲਾਕ ਪੱਧਰੀ ਸਾਇੰਸ ਮੇਲੇ ਬਲਾਕ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਝੁਨੀਰ ਅਤੇ ਬਰੇਟਾ ਨਾਲ਼ ਸਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਅਫਸਰ ਜਸਕੀਰਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਮੁਕਾਬਲੇ ਬਲਾਕ ਨੋਡਲ ਅਫਸਰ ਨਵਨੀਤ ਬਾਂਸਲ, ਵਿਜੇ ਕੁਮਾਰ ਦਿਲਬਾਗ ਸਿੰਘ,ਸਤੀਸ਼ ਗੋਇਲ,ਲਖਵਿੰਦਰ ਸਿੰਘ ਤੇ ਅਮਰਜੀਤ ਸਿੰਘ ਚਹਿਲ ਦੀ ਅਗਵਾਈ ਹੇਠ ਕਰਵਾਏ ਗਏ।ਇਸ ਵਿੱਚ ਪੰਜ ਥੀਮ ਸਪੇਸ ਐਂਡ ਐਸਟਰੋਨੋਮੀ,ਹੈਲਥ,ਫ਼ਨ ਸਾਇੰਸ,ਫਿਊਚਰ ਇਨੋਵੇਸ਼ਨ, ਸਸਟੇਇਨੇਬਲ ਐਨਰਜੀ ਤਹਿਤ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਬਲਾਕਾਂ ਵਿੱਚੋਂ 150 ਟੀਮਾਂ ਨੇ ਕੁਇਜ਼, 80 ਟੀਮਾਂ ਨੇ ਡਿਬੇਟ ਅਤੇ 270 ਟੀਮਾਂ ਨੇ ਮਾਡਲਜ ਇਨ ਬਲਾਕ ਲੈਵਲ ਸਾਇੰਸ ਮੇਲੇ ਵਿੱਚ ਹਿੱਸਾ ਲਿਆ।ਇਸ ਸਾਇੰਸ ਮੇਲੇ ਦਾ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਸਿੰਘ ਭੋਗਲ ਨੇ ਵਿਜਿਟ ਵੀ ਕੀਤਾ ਅਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਸਮਗਰੀ ਦੀ ਪ੍ਰਸ਼ੰਸਾ ਕੀਤੀ।ਉਕਤ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਨਾਲ ਵਿਦਿਆਰਥੀਆਂ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਹੁੰਦਾ ਹੈ ਅਤੇ ਉਹ ਨਵੀਆਂ ਖੋਜਾਂ ਲਈ ਉਤਾਵਲੇ ਰਹਿੰਦੇ ਹਨ। ਇਹਨਾਂ ਮੇਲਿਆਂ ਨਾਲ ਉਹਨਾਂ ਵਿਚਲੀ ਛੁਪੀ ਹੋਈ ਕਲਾ ਉਜਾਗਰ ਹੁੰਦੀ ਹੈ ਅਤੇ ਉਹਨਾਂ ਨੂੰ ਨਵਾਂ ਕੁੱਝ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਹਨਾਂ ਕਿਹਾ ਕਿ ਅਜਿਹੇ ਮੇਲਿਆਂ ਨਾਲ ਵਿਦਿਆਰਥੀਆਂ 'ਚ ਹੁਨਰ ਦੀ ਭਾਵਨਾ ਉਤਪੰਨ ਹੁੰਦੀ ਹੈ।ਜ਼ਿਲ੍ਹਾ ਨੋਡਲ ਅਫਸਰ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਤਹਿਤ ਸਭ ਤੋਂ ਵਧੀਆ 75 ਬੱਚਿਆਂ ਦੇ ਮਾਡਲ ਸਲੈਕਟ ਕੀਤੇ ਗਏ ਹਨ ਜਦਕਿ 30-30 ਕੁਇੱਜ਼ ਤੇ ਡਿਬੇਟ ਟੀਮਾਂ ਨੂੰ ਸਿਲੈਕਟ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲਾ ਪੱਧਰੀ ਮੁਕਾਬਲੇ 9,10 ਤੇ 11 ਅਕਤੂਬਰ ਨੂੰ ਸੈਂਟ ਜੇਵੀਅਰ ਸਕੂਲ ਮਾਨਸਾ ਵਿਖੇ ਕਰਵਾਏ ਜਾਣੇ ਹਨ। ਉਕਤ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਪ੍ਰਿੰਸੀਪਲ ਵਿਜੇ ਕੁਮਾਰ ਮਿੱਢਾ,ਪ੍ਰਿੰਸੀਪਲ ਪ੍ਰਵੀਨ ਕੁਮਾਰ, ਪ੍ਰਿੰਸੀਪਲ ਪ੍ਰਭਜੋਤ ਕੌਰ, ਇੰਦਰਪਾਲ ਸਿੰਘ,ਮੋਨਿਕਾ ਰਾਣੀ ਦਾ ਵਿਸ਼ੇਸ਼ ਯੋਗਦਾਨ ਰਿਹਾ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਚਾਰ ਮਨਰੇਗਾ ਮਜ਼ਦੂਰਾਂ ਦੀ ਮੌਤ ਦਾ ਮਾਮਲਾ,ਸੁਨਾਮ ਵਿਖੇ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੂਜੇ ਦਿਨ ਵੀ ਜਾਰੀ

ਚਾਰ ਮਨਰੇਗਾ ਮਜ਼ਦੂਰਾਂ ਦੀ ਮੌਤ ਦਾ ਮਾਮਲਾ,ਸੁਨਾਮ ਵਿਖੇ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੂਜੇ ਦਿਨ ਵੀ ਜਾਰੀ 

ਸਰਕਾਰ ਦੇ ਨੁਮਾਇੰਦੇ ਲੋਕਾਂ ਦੀਆਂ ਭਾਵਨਾਵਾਂ ਸਮਝਣ : ਉਗਰਾਹਾਂ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਪਿੰਡ ਬਿਸ਼ਨਪੁਰਾ ਨੇੜੇ ਸੁਨਾਮ ਪਟਿਆਲਾ ਮੁੱਖ ਸੜਕ 'ਤੇ ਹਾਦਸੇ 'ਚ ਮਾਰੇ ਗਏ ਚਾਰ ਮਨਰੇਗਾ ਮਜ਼ਦੂਰਾਂ ਲਈ ਇਨਸਾਫ਼ ਮੰਗ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਵੀਰਵਾਰ ਨੂੰ ਧਰਨੇ ਵਿੱਚ ਸ਼ਾਮਿਲ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਣੇ ਹਲਕੇ ਦੀ ਨੁੰਮਾਇੰਦਗੀ ਕਰਨ ਵਾਲਾ ਕੈਬਨਿਟ ਮੰਤਰੀ ਅਮਨ ਅਰੋੜਾ ਹਾਦਸੇ 'ਚ ਮਾਰੇ ਗਏ ਚਾਰ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੀ ਬਜਾਏ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਮਸ਼ਰੂਫ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਸੂਬੇ ਦੀ ਸਰਕਾਰ ਸਮੇਂ ਸਿਰ ਕੁੰਭਕਰਨੀ ਨੀਂਦ ਤੋਂ ਜਾਗੇ ਨਹੀਂ ਤਾਂ ਸਿਆਸੀ ਨੁਕਸਾਨ ਜ਼ਿਆਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਭੁਲੇਖਾ ਦੂਰ ਕਰੇ, ਮਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਮਨਰੇਗਾ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ। ਉਗਰਾਹਾਂ ਨੇ ਕਿਹਾ ਕਿ ਚਾਰ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਸਰਕਾਰ ਦੀ ਸੰਵੇਦਨਸ਼ੀਲਤਾ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਮੁੱਖ ਮੰਤਰੀ ਨਾਲ ਗੱਲ ਕਰਕੇ ਮਾਮਲੇ ਦਾ ਹੱਲ ਕਰਵਾਉਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਵੇਲੇ ਮਜ਼ਦੂਰ ਅਤੇ ਕਿਸਾਨ ਬਲਾਕ ਪੱਧਰ ’ਤੇ ਇਕੱਠੇ ਹੋ ਰਹੇ ਹਨ ਜੇਕਰ ਸੂਬਾ ਪੱਧਰ 'ਤੇ ਇਕੱਠ ਹੁੰਦਾ ਹੈ ਤਾਂ ਸੜਕਾਂ ਛੋਟੀਆਂ ਹੋ ਜਾਣਗੀਆਂ। ਇਸ ਮੌਕੇ ਕਾਮਰੇਡ ਵਰਿੰਦਰ ਕੌਸ਼ਿਕ, ਕਿਸਾਨ ਆਗੂ ਸੁਖਪਾਲ ਸਿੰਘ ਮਾਣਕ, ਮਜ਼ਦੂਰ ਜਥੇਬੰਦੀ ਦੇ ਆਗੂਆਂ ਧਰਮਪਾਲ ਨਮੋਲ, ਪ੍ਰਗਟ ਕਾਲਾਝਾੜ, ਗੋਬਿੰਦ ਸਿੰਘ ਛਾਜਲੀ, ਹਰਪ੍ਰੀਤ ਕੌਰ ਧੂਰੀ, ਭੋਲਾ ਸਿੰਘ ਸੰਗਰਾਮੀ  ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮਐਲਜੀ ਕਾਨਵੈਂਟ ਸਕੂਲ ਚੀਮਾ ਵਿਖੇ ਸਵ. ਮੋਹਨ ਲਾਲ ਗੋਇਲ ਦੀ ਬਰਸੀ ਮੌਕੇ ਕਰਵਾਇਆ ਧਾਰਮਿਕ ਸਮਾਗਮ

ਐਮਐਲਜੀ ਕਾਨਵੈਂਟ ਸਕੂਲ ਚੀਮਾ ਵਿਖੇ ਸਵ. ਮੋਹਨ ਲਾਲ ਗੋਇਲ ਦੀ ਬਰਸੀ ਮੌਕੇ ਕਰਵਾਇਆ ਧਾਰਮਿਕ ਸਮਾਗਮ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀਬੀਐਸਈ ਨਵੀ ਦਿੱਲੀ ਤੋਂ ਮਾਨਤਾ ਪ੍ਹਾਪਤ ਇਲਾਕੇ ਦੀ ਨਾਮਵਰ ਸੰਸਥਾ ਐਮਐਲਜੀ ਕਾਨਵੈਂਟ ਸਕੂਲ ਚੀਮਾ ਵਿਖੇ ਮੋਹਨ ਲਾਲ ਗੋਇਲ ਦੀ 9ਵੀ ਬਰਸੀ ਮੌਕੇ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਰਸ ਭਿੰਨਾ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ।ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਰਾਗੀ ਦਾ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਬੱਚੇ, ਸਮੂਹ ਸਟਾਫ਼ ਮੈਂਬਰ ਅਤੇ ਆਈ ਸੰਗਤ ਨੇ ਗੁਰੂ ਕਾ ਅਟੁੱਟ ਲੰਗਰ  ਵਰਤਾਇਆ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸੇਵਾ ਨਿਭਾਅ ਕੇ ਇਸ ਕਾਰਜ ਨੂੰ ਸਫਲ ਕੀਤਾ।ਪ੍ਰਿੰਸੀਪਲ ਡਾ. ਵਿਕਾਸ ਸੂਦ  ਨੇ ਮੋਹਨ ਲਾਲ ਗੋਇਲ ਦੇ ਜੀਵਨ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਉਹ ਇੱਕ ਉੱਘੇ ਸਮਾਜ ਸੇਵੀ ਸਨ ਅਤੇ ਹਰ ਇੱਕ ਦੀ ਮਦਦ ਲਈ ਅੱਗੇ ਰਹਿੰਦੇ ਸਨ।ਓਹਨਾ ਦਾ ਸੁਫਨਾ ਸਕੂਲ ਬਣਾਉਣਾ ਸੀ ਜੋ ਕਿ ਗੋਇਲ ਫੈਮਲੀ ਵੱਲੋਂ ਮੋਹਨ ਲਾਲ ਗੋਇਲ ਦੀ ਯਾਦ ਵਿੱਚ ਐਮਐਲਜੀ ਕਾਨਵੈਂਟ ਸਕੂਲ ਬਣਾ ਕੇ ਪੂਰਾ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਹਰ ਸਾਲ ਓਹਨਾ ਦੀ ਯਾਦ ਵਿੱਚ ਪਾਠ ਕਰਵਾਇਆ ਜਾਂਦਾ ਹੈ ਅਤੇ ਲੰਗਰ ਲਗਾਇਆ ਜਾਂਦਾ ਹੈ।ਇਸ ਮੌਕੇ ਸਕੂਲ ਮੈਨੇਜਮੈਂਟ ਮੈਬਰ ਰਜਿੰਦਰ ਕੁਮਾਰ,ਹੈਪੀ ਕੁਮਾਰ,ਨਵੀਨ ਗੋਇਲ,ਸੋਨੀਆ ਰਾਣੀ,ਮਧੂ ਰਾਣੀ,ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੌਜੂਦ ਸਨ।