Tuesday, September 24, 2024

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸੈਂਟਰਲ ਪਾਰਕ ਦਾ ਦੌਰਾ

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸੈਂਟਰਲ ਪਾਰਕ ਦਾ ਦੌਰਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੋਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਸੈਂਟਰਲ ਪਾਰਕ ਮਾਨਸਾ ਦਾ ਦੌਰਾ ਕਰਵਾਇਆ। ਛਿਮਾਹੀ ਪੇਪਰਾਂ ਦੇ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਦਿਮਾਗ ਨੂੰ ਤਰੋ-ਤਾਜ਼ਾ ਕਰਨ ਲਈ ਸੈਂਟਰ ਪਾਰਕ ਦਾ ਦੌਰਾ ਕਰਵਾਇਆ।ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਬਹੁਤ ਸਾਰੀਆਂ ਗੇਮਾਂ ਖੇਡੀਆਂ ਤੇ ਡਾਂਸ ਕੀਤਾ।ਇਸ ਦੌਰਾਨ ਵਿਦਿਆਰਥੀ ਬਹੁਤ ਖੁਸ਼ ਨਜ਼ਰ ਆ ਰਹੇ ਸਨ, ਵਿਦਿਆਰਥੀਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ।ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਪੇਪਰਾਂ ਤੋਂ ਬਾਅਦ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਇਹੋ ਜਿਹੇ ਛੋਟੇ ਛੋਟੇ ਟ੍ਰਿਪ ਜਰੂਰੀ ਹੁੰਦੇ ਹਨ ਜਿਸ ਨਾਲ ਵਿਦਿਆਰਥੀ ਤਾਜ਼ਗੀ ਮਹਿਸੂਸ ਕਰਦੇ ਹਨ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਸਕੂਲ ਦੀ ਚਾਰ ਦੀਵਾਰੀ ਤੋਂ ਬਾਹਰ ਦੇ ਕੁਦਰਤੀ ਵਾਤਾਵਰਨ ਵਿੱਚ ਵੀ ਕੁਝ ਨਾ ਕੁਝ ਸਿੱਖਣ।ਇਸ ਨਾਲ ਵਿਦਿਆਰਥੀ ਦੇ ਅੰਦਰ ਕੁਦਰਤੀ ਕਦਰਾਂ ਕੀਮਤਾਂ ਦਾ ਵਿਕਾਸ ਹੁੰਦਾ ਹੈ।ਇਸ ਸਮੇਂ ਵਿਦਿਆਰਥੀਆਂ ਦੇ ਨਾਲ ਰਿੰਕੀ,ਮਨਪ੍ਰੀਤ,ਮਿਸ ਟਿਸ਼ਾ ਅਤੇ ਸੁਮਨਦੀਪ ਕੌਰ ਹਾਜ਼ਰ ਸਨ।ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ।

Monday, September 23, 2024

ਦਲਜੀਤ ਕੌਰ, ਐਸ ਏ ਐੱਸ ਨਗਰ ਮੋਹਾਲੀ : 2364 ਈਟੀਟੀ ਭਰਤੀ ਵਿੱਚ ਕਈ ਕੈਟੇਗਰੀਆਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣ ਦੀ ਸਖ਼ਤ ਨਿਖੇਧੀ

2364 ਈਟੀਟੀ ਭਰਤੀ ਵਿੱਚ ਕਈ ਕੈਟੇਗਰੀਆਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣ ਦੀ ਸਖ਼ਤ ਨਿਖੇਧੀ

2364 ਈਟੀਟੀ ਭਰਤੀ ਨੂੰ ਮੁਕੰਮਲ ਕਰਨ ਵਿੱਚ ਸਿੱਖਿਆ ਵਿਭਾਗ ਨਹੀਂ ਸੁਹਿਰਦ: ਡੀਟੀਐੱਫ

ਦਲਜੀਤ ਕੌਰ, ਐਸ ਏ ਐੱਸ ਨਗਰ ਮੋਹਾਲੀ : ਇੱਕ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਸਿੱਖਿਆ ਵਿਭਾਗ ਪੰਜਾਬ ਦੇ ਦਫਤਰ ਮੋਹਾਲੀ ਅੱਗੇ ਧਰਨੇ 'ਤੇ ਡਟੇ 2364 ਈਟੀਟੀ ਸਿਲੈਕਟਡ ਅਧਿਆਪਕਾਂ ਦੀ ਰੁਜ਼ਗਾਰ ਪ੍ਰਾਪਤੀ ਦਾ ਮਾਮਲਾ ਸਕੂਲ ਸਿੱਖਿਆ ਵਿਭਾਗ ਵੱਲੋਂ ਖੜੇ ਕੀਤੇ ਜਾਂਦੇ ਗੈਰ ਵਾਜਿਬ ਅੜਿੱਕਿਆਂ ਕਾਰਨ ਲਗਾਤਾਰ ਲਟਕਦਾ ਆ ਰਿਹਾ ਹੈ। ਦਰਅਸਲ ਬੀਤੀ 20 ਸਤੰਬਰ ਨੂੰ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਵੱਲੋਂ 21 ਤੋਂ 24 ਸਤੰਬਰ ਦਰਮਿਆਨ ਆਨ ਲਾਇਨ ਸਟੇਸ਼ਨ ਚੋਣ ਕਰਵਾਉਣ ਦਾ ਪੱਤਰ ਜਾਰੀ ਕੀਤਾ ਗਿਆ ਸੀ, ਪ੍ਰੰਤੂ ਇਸ ਪ੍ਰਕਿਰਿਆ ਵਿੱਚ ਕੇਵਲ ਓਪਨ ਅਤੇ ਐੱਸ.ਸੀ. (ਐੱਮ ਐਂਡ ਓ) ਵਰਗਾਂ ਦੇ ਉਮੀਦਵਾਰਾਂ ਨੂੰ ਹੀ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਦ ਕਿ ਐੱਸ.ਸੀ. (ਆਰ ਐਂਡ ਓ), ਬੀ.ਸੀ., ਈ.ਡਬਲਯੂ.ਐੱਸ., ਹੈਂਡੀਕੈਪਟ ਅਤੇ ਹੋਰ ਵਰਗਾਂ ਦੇ ਸਿਲੈਕਟਡ ਅਧਿਆਪਕਾਂ ਨੂੰ ਛੱਡ ਦਿੱਤਾ ਗਿਆ ਹੈ। ਅਧਿਆਪਕ ਜਥੇਬੰਦੀ ਡੀ.ਟੀ.ਐੱਫ. ਨੇ ਇਸ ਸਭ ਨੂੰ ਲੈ ਕੇ ਸਕੂਲ ਸਿੱਖਿਆ ਵਿਭਾਗ ਦੀ ਸਖ਼ਤ ਨਿਖੇਧੀ ਕੀਤੀ ਹੈ।ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਸਿੱਖਿਆ ਵਿਭਾਗ ਦੀ ਮਾੜੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਕਰਦਿਆਂ 2364 ਈ.ਟੀ.ਟੀ. ਭਰਤੀ ਵਿੱਚੋਂ ਰਹਿੰਦੇ ਅਧਿਆਪਕਾਂ ਨੂੰ ਵੀ ਫੌਰੀ ਸਟੇਸ਼ਨ ਚੋਣ ਲਈ ਜਾਰੀ ਕੀਤੀ ਸਮਾਂ ਸਾਰਨੀ ਅਨੁਸਾਰ ਹੀ ਵਿਚਾਰਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੀ ਸਟੇਸ਼ਨ ਚੋਣ ਲਈ ਖੋਲ੍ਹਣ ਦੀ ਮੰਗ ਵੀ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਸਾਲ 2020 ਦੇ ਵਿੱਚ ਨਿਕਲੀ ਇਸ ਭਰਤੀ ਨੂੰ ਪਿਛਲੀ ਸਰਕਾਰ ਦੇ ਨਾਲ ਨਾਲ ਹੁਣ 'ਬਦਲਾਅ' ਦਾ ਨਾਅਰਾ ਦੇ ਕੇ ਆਈ ਸਰਕਾਰ ਵੱਲੋਂ ਵੀ ਲਗਾਤਾਰ ਲਟਕਾਇਆ ਗਿਆ ਹੈ। ਹੁਣ ਵੀ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀ ਇਸ ਭਰਤੀ ਦੇ ਚੁਣੇ ਹੋਏ ਅਧਿਆਪਕਾਂ ਲਈ ਪਹਿਲਾਂ 17 ਸਤੰਬਰ ਤੋਂ ਸਟੇਸ਼ਨ ਚੋਣ ਕਰਵਾਉਣ ਦੀ ਸਮਾਂ ਸਾਰਨੀ ਜਾਰੀ ਕੀਤੀ ਗਈ ਸੀ, ਜੋ ਕਿ ਬਾਅਦ ਵਿੱਚ ਰੱਦ ਕਰ ਦਿੱਤੀ ਗਈ ਸੀ। ਹੁਣ ਸ਼ੁਰੂ ਕੀਤੀ ਸਟੇਸ਼ਨ ਚੋਣ ਦੀ ਪ੍ਰਕਿਰਿਆ ਵਿੱਚੋਂ ਵੀ ਬਹੁਤ ਸਾਰੇ ਵਰਗਾਂ ਨਾਲ ਸਬੰਧਿਤ ਸਿਲੈਕਟਡ ਅਧਿਆਪਕਾਂ ਨੂੰ ਭਰਤੀ ਲਟਕਾਉਣ ਦੀ ਗੰਭੀਰ ਸਾਜ਼ਿਸ਼ ਤਹਿਤ ਛੱਡ ਦਿੱਤਾ ਗਿਆ ਹੈ। ਡੀ ਟੀ ਐੱਫ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰਤੀ ਨੂੰ ਲਟਕਾਉਣਾ ਵਿਦਿਆਰਥੀਆਂ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ। ਭਰਤੀ ਵੇਲੇ ਕੁਝ ਕੁ ਜ਼ਿਲ੍ਹਿਆਂ ਦੇ ਸਟੇਸ਼ਨ ਦਿਖਾਉਣਾ ਅਤੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣਾ ਵੀ ਵਿਤਕਰੇ ਵਾਲੀ ਸਥਿਤੀ ਪੈਦਾ ਕਰਨ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੀ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਹੀ ਅਧਿਆਪਕ ਮਿਲਣ ਸਕਣ ਅਤੇ ਇਹਨਾਂ ਅਧਿਆਪਕਾਂ ਦੀ ਵੀ ਰੁਜ਼ਗਾਰ ਪ੍ਰਾਪਤੀ ਦੀ ਆਸ ਪੂਰੀ ਹੋ ਸਕੇ।ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਸਿੰਘ ਫੁੱਲੇਵਾਲਾ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੂਬਾਈ ਆਗੂ ਮੁਕੇਸ਼ ਕੁਮਾਰ, ਪਵਨ ਕੁਮਾਰ, ਸੁਖਵਿੰਦਰ ਗਿਰ, ਰੁਪਿੰਦਰ ਪਾਲ ਗਿੱਲ, ਰਜਿੰਦਰ ਗੁਰੂ, ਕੁਲਜੀਤ ਡੰਗਰ ਖੇੜਾ, ਜਸਵੀਰ ਸਿੰਘ ਸੰਧੂ, ਉਪਕਾਰ ਸਿੰਘ, ਲਖਵਿੰਦਰ ਸਿੰਘ, ਜਸਵੀਰ ਭੰਮਾ ਅਤੇ ਅਮਰਦੀਪ ਸਿੰਘ ਤਰਨਤਾਰਨ, ਦਲਜੀਤ ਸਫੀਪੁਰ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਮੋਹਾਲੀ ਵਿਖੇ ਚੱਲ ਰਹੇ ਇਸ ਮੋਰਚੇ ਦੌਰਾਨ ਅਧਿਆਪਕਾਂ ਵੱਲੋਂ ਆਪਣੀ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਭਰਤੀ ਮੁਕੰਮਲ ਕਰਨ ਦੀ ਥਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਗੈਰ ਸੰਵੇਦਨਸ਼ੀਲ ਰਵੱਈਆ ਅਪਣਾਉਂਦੇ ਹੋਏ ਭਰਤੀ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਅਜਿਹਾ ਵਤੀਰਾ ਛੱਡਦੇ ਹੋਏ ਭਰਤੀ ਨੂੰ ਮੁਕੰਮਲ ਕਰੇ ਅਤੇ ਵਿਦਿਆਰਥੀਆਂ ਲਈ ਗੁਣਵੱਤਾ ਭਰਪੂਰ ਸਿੱਖਿਆ ਦਾ ਪ੍ਰਬੰਧ ਕਰੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਦੀ ਹੋਈ ਜ਼ਿਲ੍ਹਾ ਪੱਧਰ ਲਈ ਚੋਣ

ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਦੀ ਹੋਈ ਜ਼ਿਲ੍ਹਾ ਪੱਧਰ ਲਈ ਚੋਣ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਦੀਆਂ 68ਵੀਆਂ ਐਥਲੈਟਿਕਸ ਜੋਨ-ਪੱਧਰੀ ਸਕੂਲ ਖੇਡਾਂ ਵਿੱਚ ਭਾਗ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਜੋਨ-ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਚੀਮਾ ਦੇ ਹੋਰ ਵੱਖ-ਵੱਖ ਸਕੂਲਾਂ ਨੇ ਵੀ  ਭਾਗ ਲਿਆ। ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿੱਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਉਮਰ ਵਰਗ-14 ਅਨਮੋਲਪ੍ਰੀਤ ਸਿੰਘ ਨੇ ਲੰਮੀ ਛਾਲ ਤੇ 100 ਮੀਟਰ ਰੇਸ ਵਿੱਚ ਪਹਿਲਾ ਸਥਾਨ,ਉਮਰ ਵਰਗ-19 ਜਸ਼ਨ ਸਿੰਘ ਨੇ ਉੱਚੀ ਛਾਲ ਵਿੱਚ ਪਹਿਲਾਂ ਸਥਾਨ ਤੇ 100 ਮੀਟਰ ਰੇਸ ਵਿੱਚ ਤੀਸਰਾ ਸਥਾਨ ਅਤੇ ਉਮਰ ਵਰਗ-19 ਪ੍ਰਭਜੋਤ ਸਿੰਘ ਨੇ ਉੱਚੀ ਛਾਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਵਿਦਿਆਰਥੀਆਂ ਵਿੱਚੋਂ ਅਨਮੋਲਪ੍ਰੀਤ ਸਿੰਘ ਉਮਰ ਵਰਗ-14,ਜਸ਼ਨ ਸਿੰਘ ਦੀ ਉਮਰ ਵਰਗ-19 ਐਥਲੈਟਿਕਸ ਵਿੱਚ ਜ਼ਿਲ੍ਹਾ-ਪੱਧਰੀ ਖੇਡਾਂ ਲਈ ਚੋਣ ਕੀਤੀ ਗਈ।ਵਿਦਿਆਰਥੀਆਂ ਦੀ ਜ਼ੋਨ 'ਚੋਂ ਸ਼ਾਨਦਾਰ ਪ੍ਰਾਪਤੀ 'ਤੇ ਬੱਚਿਆ ਦੇ ਮਾਤਾ-ਪਿਤਾ ਨੂੰ ਮੁਬਾਰਕਵਾਦ ਦਿੰਦਿਆਂ ਅਕੈਡਮੀ ਦੇੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਪ੍ਰਗਟ ਸਿੰਘ ਡੀਪੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀ ਨੇ ਅੰਤਰ ਜ਼ਿਲ੍ਹਾ ਮੁਕਾਬਲਿਆਂ ਵਿੱਚ ਗੱਡੇ ਜਿੱਤ ਦੇ ਝੰਡੇ

ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀ ਨੇ ਅੰਤਰ ਜ਼ਿਲ੍ਹਾ ਮੁਕਾਬਲਿਆਂ ਵਿੱਚ ਗੱਡੇ ਜਿੱਤ ਦੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋ ਦੇ ਵਿਦਿਆਰਥੀ ਅਰਪਨਦੀਪ ਸਿੰਘ ਜੋ ਕਿ 11ਵੀਂ ਕਲਾਸ ਦਾ ਵਿਦਿਆਰਥੀ ਹੈ,ਨੇ ਅੰਤਰ ਜ਼ਿਲ੍ਹਾ ਹੋਏ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਅੰਡਰ 19 ਸਾਲ ਗਰੁੱਪ ਵਿੱਚ ਭਾਗ ਲਿਆ ਅਤੇ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਮਾਤਾ ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਮੁਕਾਬਲੇ ਸੰਗਰੂਰ ਜ਼ਿਲ੍ਹੇ ਵਿੱਚ ਸਰਕਾਰੀ ਹਾਈ ਸਕੂਲ ਸਾਹੋਕੇ ਵਿਖੇ ਕਰਵਾਏ ਗਏ।ਜਿਸ ਵਿੱਚ ਅਰਪਨਦੀਪ ਸਿੰਘ ਨੇ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਵਾਲੀਵਾਲ ਦੇ ਵਿੰਗ ਵੱਲੋਂ ਭਾਗ ਲਿਆ ਜਿਸ ਦੌਰਾਨ ਵਿੰਗ ਦੀ ਟੀਮ ਨੇ ਸਟੇਟ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ । ਅਰਪਨਦੀਪ ਸਿੰਘ ਨੇ ਸਕੂਲ ਪੱਧਰ 'ਤੇ ਆਪਣੀ ਵਾਲੀਬਾਲ ਦੀ ਤਿਆਰੀ ਸ਼ੁਰੂ ਕਰਕੇ ਪਹਿਲਾਂ ਵਿੰਗ ਵਿੱਚ ਆਪਣੀ ਚੋਣ ਕਰਵਾਈ ਅਤੇ ਹੁਣ ਲਗਾਤਾਰ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਵਿੰਗ ਵਿੱਚ ਲਗਾਤਾਰ ਤਿਆਰੀ ਕਰਕੇ ਆਪਣੀ ਜਗ੍ਹਾ ਵਿੰਗ ਦੀ ਟੀਮ ਵਿੱਚ ਬਣਾਈ।ਅਰਪਨਦੀਪ ਸਿੰਘ ਦੇ ਪਿਤਾ ਜਗਸੀਰ ਸਿੰਘ ਹੀਰੋ ਕਲਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਤੋਗਾਵਾਲ ਵਿਖੇ ਬਤੌਰ ਹੈੱਡ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ,ਨੇ ਆਪਣੀਆਂ ਸੇਵਾਵਾਂ ਦੇ ਨਾਲ ਨਾਲ ਆਪਣੇ ਬੱਚੇ ਨੂੰ ਸਹੀ ਸੇਧ ਦੇ ਕੇ ਖੇਡਾਂ ਨਾਲ ਜੋੜਦੇ ਹੋਏ ਅਰਪਨਦੀਪ ਸਿੰਘ ਨੂੰ ਵਾਲੀਬਾਲ ਦੀ ਤਿਆਰੀ ਲਈ ਆਪਣਾ ਯੋਗਦਾਨ ਦਿੱਤਾ । ਜਿਸ ਦੇ ਨਤੀਜੇ ਵਜੋਂ ਅੱਜ ਉਹਨਾਂ ਦਾ ਬੇਟਾ ਇਸ ਮੁਕਾਮ ਨੂੰ ਹਾਸਲ ਕਰ ਸਕਿਆ ਹੈ।ਸਕੂਲ ਵਿੱਚ ਪਹੁੰਚਣ 'ਤੇ ਸਕੂਲ ਦੇ ਪ੍ਰਿੰਸੀਪਲ ਜਗਸੀਰ ਸਿੰਘ,ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਅਤੇ ਬੱਚਿਆਂ ਵੱਲੋਂ ਅਰਪਨਦੀਪ ਸਿੰਘ ਦਾ ਭਰਵਾਂ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ।ਇਸ ਸਮੇਂ 11ਵੀਂ ਕਲਾਸ ਦੇ ਇੰਚਾਰਜ ਰਵਨੀਤ ਕੌਰ, ਡੀਪੀਈ ਹਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਰਗਰ ਸਾਬਤ ਹੋਏ ਆਮ ਆਦਮੀ ਕਲੀਨਿਕ-ਵਿਧਾਇਕ ਬੁੱਧ ਰਾਮ

ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਰਗਰ ਸਾਬਤ ਹੋਏ ਆਮ ਆਦਮੀ ਕਲੀਨਿਕ-ਵਿਧਾਇਕ ਬੁੱਧ ਰਾਮ

ਵਿਧਾਇਕ ਬੁੱਧ ਰਾਮ ਵੱਲੋਂ ਪਿੰਡ ਬੀਰੇਵਾਲਾ ਡੋਗਰਾ, ਮਲਕਪੁਰ ਭੀਮੜਾ ਅਤੇ ਲੱਖੀਵਾਲਾ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਰਾਹੀਂ ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਦਾ ਸ਼ਹਿਰਾਂ ਤੋਂ ਦੂਰ ਦੁਰਾਡੇ ਪਿੰਡਾਂ ਵਿਚ ਬੈਠੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਪਿੰਡ ਬੀਰੇਵਾਲਾ ਡੋਗਰਾ, ਮਲਕਪੁਰ ਭੀਮੜਾ ਤੇ ਲੱਖੀਵਾਲਾ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ ਕਰਨ ਮੌਕੇ ਕੀਤਾ।ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪਿੰਡ ਪੱਧਰ ’ਤੇ ਲੋਕਾਂ ਦੇ ਘਰਾਂ ਦੇ ਨਜ਼ਦੀਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਆਮ ਆਦਮੀ ਕਲੀਨਿਕ ਕਾਰਗਰ ਸਾਬਤ ਹੋਏ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਹੁਣ ਆਮ ਆਦਮੀ ਕਲੀਨਿਕਾਂ ਦੀ ਗਿਣਤੀ 28 ਹੋ ਗਈ ਹੈ ਜਿੱਥੇ ਤਾਇਨਾਤ ਸਿਹਤ ਅਮਲੇ ਵੱਲੋਂ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਆਮ ਆਦਮੀ ਕਲੀਨਿਕਾਂ ਵਿਚ ਲੋਕਾਂ ਨੂੰ 100 ਕਿਸਮ ਦੀਆਂ ਮੁਫ਼ਤ ਦਵਾਈਆਂ ਅਤੇ 41 ਪ੍ਰਕਾਰ ਦੇ ਟੈਸਟਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ।ਆਮ ਆਦਮੀ ਕਲੀਨਿਕਾਂ ਵਿਚ ਮੈਡੀਕਲ ਅਫ਼ਸਰ ਸਮੇਤ ਹੋਰ ਲੋੜੀਂਦਾ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ ਜੋ ਕਿ ਇਥੇ ਹੀ ਸੇਵਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 4,93,912 ਮਰੀਜ਼ ਲਾਹਾ ਲੈ ਚੁੱਕੇ ਹਨ ਅਤੇ 55,670 ਟੈਸਟ ਕੀਤੇ ਗਏ ਹਨ।ਇਸ ਮੌਕੇ ਡਾ. ਦੀਪਕ ਗਰਗ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮਨੇਜਰ,ਗੁਰਦਰਸ਼ਨ ਸਿੰਘ ਪਟਵਾਰੀ,ਚੇਅਰਮੈਨ ਰਣਜੀਤ ਸਿੰਘ ਫਰੀਦਕੇ,ਦਰਸਨ ਸਿੰਘ ਘਾਰੂ ਜ਼ਿਲ੍ਹਾ ਜਰਨਲ ਸਕੱਤਰ,ਦਰਸ਼ਨ ਸਿੰਘ ਬਲਾਕ ਪ੍ਰਧਾਨ ਬੋਹਾ,ਸੰਤੋਖ ਸਾਗਰ ਸੋਸ਼ਲ ਮੀਡੀਆ ਇੰਚਾਰਜ ਬੋਹਾ,ਹਰਵਿੰਦਰ ਸਿੰਘ ਸੇਖੋ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ,ਰਮਨ ਗੁੜਦੀ ਜ਼ਿਲ੍ਹਾ ਯੂਥ ਪ੍ਰਧਾਨ ਮਾਨਸਾ,ਕੁਲਵੰਤ ਸਿੰਘ ਬਲਾਕ ਪ੍ਰਧਾਨ,ਜਗਰੂਪ ਸਿੰਘ ਸਾਬਕਾ ਸਰਪੰਚ,ਜਿੰਦਾ ਸਿੰਘ ਆਗੂ ਆਮ ਆਦਮੀ ਪਾਰਟੀ ਲੱਖੀਵਾਲ,ਜਸਵੰਤ ਕੌਰ ਸਰਕਲ ਪ੍ਰਧਾਨ, ਰਣਜੀਤ ਸਿੰਘ ਕੁਲਦੀਪ ਸਿੰਘ ਮੈਂਬਰ ਦਰਸ਼ਨ ਸਿੰਘ ਨੰਬਰਦਾਰ,ਹਾਕਮ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ,ਕਮਲਦੀਪ ਸਿੰਘ ਬਾਵਾ ਸੀਨੀਅਰ ਆਗੂ ਆਮ ਆਦਮੀ ਪਾਰਟੀ,ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ, ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿਖਿਆ ਅਤੇ ਸੂਚਨਾ ਅਫ਼ਸਰ,ਡਾਕਟਰ ਮਨਸੂ ਜੈਨ,ਸਮੀਰ ਸਿੰਗਲਾ,ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜ਼ਰ,ਹਰਬੰਸ ਲਾਲ ਬਲਾਕ ਹੈਲਥ ਐਜੁਕੇਟਰ,ਮਨਦੀਪ ਕੌਰ, ਤਰੁਣ ਕੋਸ਼ਿਕ,ਪਰਮਜੀਤ ਕੌਰ ਐਲ.ਐਚ.ਵੀ.,ਨਿਰਪਾਲ ਸਿੰਘ ਐਮ.ਪੀ.ਡਬਲਿਓ ਮੇਲ ,ਮਨਪ੍ਰੀਤ ਕੌਰ ਏਐਨਐਮ ,ਗੁਰਪ੍ਰੀਤ ਸਿੰਘ ਸੀ.ਐਚ.ਓ. ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ,ਵੀਰੇਵਾਲਾ ਡੋਗਰ ਪੰਚ-ਸਰਪੰਚ,ਕਲੱਬਾਂ ਦੇ ਨੁਮਾਇੰਦੇ,ਆਸ਼ਾ ਵਰਕਰਜ਼ ਤੇ ਸਿਹਤ ਵਿਭਾਗ ਦੇ ਵੱਖ-ਵੱਖ ਕਰਮਚਾਰੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੀ.ਪੀ.ਐਸ ਚੀਮਾ ਦੇ ਖਿਡਾਰੀਆਂ ਨੇ 68ਵੀਆਂ ਪੰਜਾਬ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗਮੇ

ਪੀ.ਪੀ.ਐਸ ਚੀਮਾ ਦੇ ਖਿਡਾਰੀਆਂ ਨੇ 68ਵੀਆਂ ਪੰਜਾਬ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗਮੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਲੁਧਿਆਣਾ ਵਿਖੇ ਹੋਈਆਂ 68ਵੀਆਂ ਪੰਜਾਬ ਸਕੂਲ ਖੇਡਾਂ ਸੈਪਕਟਾਕਰਾ ਅੰਡਰ 17 ਸਾਲ ਕੁੜੀਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਸੰਗਰੂਰ ਵੱਲੋਂ ਖੇਡਦਿਆਂ ਹਰਮਨਜੋਤ ਕੌਰ ਅਤੇ ਹਰਮਨਦੀਪ ਕੌਰ ਨੇ ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਮੇਜ਼ਬਾਨ ਲੁਧਿਆਣਾ ਨੂੰ 15-11,9-15, 11-9 ਨਾਲ ਹਰਾ ਕੇ ਫਾਈਨਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਚੋਣ ਨੈਸ਼ਨਲ ਪੱਧਰੀ ਖੇਡਾਂ ਲਈ ਕਰਵਾਈ।ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਵਿਸ਼ੇਸ ਤੌਰ ’ਤੇ ਬੱਚਿਆਂ ਦਾ ਸਨਮਾਨ ਕੀਤਾ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ,ਕੋਚ ਮੰਗਤ ਰਾਏ,ਡੀ.ਪੀ.ਈ. ਅਮਨਦੀਪ ਕੌਰ,ਯਾਦਵਿੰਦਰ ਸਿੰਘ, ਸੰਦੀਪ ਕੁਮਾਰ,ਗੁਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਮਾਨ ਹਾਜ਼ਰ ਸਨ।


ਦਰਸ਼ਨ ਸਿੰਘ ਚੌਹਾਨ,ਸੁਨਾਮ : ਕੰਬੋਜ਼ ਭਾਈਚਾਰੇ ਨੇ ਭਗਵੰਤ ਮਾਨ ਨਾਲ਼ ਜਤਾਈ ਨਰਾਜ਼ਗੀ

ਕੰਬੋਜ਼ ਭਾਈਚਾਰੇ ਨੇ ਭਗਵੰਤ ਮਾਨ ਨਾਲ਼ ਜਤਾਈ ਨਰਾਜ਼ਗੀ 

ਕਿਹਾ ਮੰਤਰੀ ਮੰਡਲ 'ਚ,ਨਹੀਂ ਦਿੱਤੀ ਪ੍ਰਤੀਨਿਧਤਾ

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵਿੱਚ ਕੀਤੇ ਫੇਰਬਦਲ ਦੌਰਾਨ ਕੰਬੋਜ਼ ਭਾਈਚਾਰੇ ਨੂੰ ਅਣਡਿੱਠ ਕਰਨ ਤੇ ਕੰਬੋਜ਼ ਭਾਈਚਾਰੇ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਵਿੱਚ ਕੀਤੇ ਗਏ ਫੇਰਬਦਲ ਮੌਕੇ ਪਛੜੀਆਂ ਸ਼੍ਰੇਣੀਆਂ ਦੇ ਵਰਗ ਨਾਲ ਸਬੰਧਿਤ ਵਿਧਾਇਕ ਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ। ਸੋਮਵਾਰ ਨੂੰ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਸੁਨਾਮ ਦੀ ਹੋਈ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਕਿਹਾ ਕਿ ਕੰਬੋਜ ਭਾਈਚਾਰੇ ਦੇ ਵਿਧਾਇਕ ਗੋਲਡੀ ਕੰਬੋਜ਼ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਨਾ ਕੰਬੋਜ਼ ਭਾਈਚਾਰੇ ਅਤੇ ਬੀ ਸੀ ਵਰਗ ਨਾਲ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਹਰ ਭਾਈਚਾਰੇ ਦਾ ਖਿਆਲ ਰੱਖਣਾ ਚਾਹੀਦਾ ਸੀ ਜੋ ਕਿ ਮੁੱਖ ਮੰਤਰੀ ਨੇ ਨਹੀਂ ਰੱਖਿਆ । ਕੰਬੋਜ਼ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਗੋਲਡੀ ਕੰਬੋਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਾਕੇ ਜਲਾਲਾਬਾਦ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਸੀ ਪਰ ਪਾਰਟੀ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਜਿਸ ਕਾਰਨ ਉਹ ਸਰਕਾਰ ਦੇ ਇਸ ਫੈਸਲੇ ਤੋਂ ਸਖਤ ਨਾਰਾਜ਼ ਹਨ। ਉਹਨਾਂ ਕਿਹਾ ਕਿ ਕੰਬੋਜ਼ ਭਾਈਚਾਰੇ ਅੰਦਰ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮਗਰਲੀਆਂ ਸਰਕਾਰਾਂ ਸਰਕਾਰ ਦੇ ਗਠਿਨ ਸਮੇਂ ਹਰ ਵਰਗ ਨੂੰ ਪ੍ਰਤੀਨਿਧਤਾ ਦਿੰਦੀਆਂ ਆਈਆਂ ਹਨ। ਇਸ ਮੌਕੇ ਸਰਪ੍ਰਸਤ ਮਾਸਟਰ ਕੇਹਰ ਸਿੰਘ ਜੋਸ਼ਨ , ਸਕੱਤਰ ਜਤਿੰਦਰ ਪਾਲ ਸਿੰਘ ਬੌਬੀ, ਬਾਵਾ ਹਾਂਡਾ, ਗੁਰਦੀਪ ਸਿੰਘ ਅਬਦਾਲ , ਸ਼ੈਰੀ ਥਿੰਦ , ਵਿਕਰਾਂਤ ਵਰਮਾ, ਪ੍ਰਿਤਪਾਲ ਸਿੰਘ, ਬਲਦੇਵ ਸਿੰਘ , ਅਤੇ ਗੁਰਮੇਲ ਸਿੰਘ ਆਦਿ ਮੈਂਬਰ ਹਾਜ਼ਰ ਸਨ।