Wednesday, September 25, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਲਗਾਇਆ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਲਗਾਇਆ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ, ਵਿਖੇ ਧਰਮ ਅਧਿਐਨ ਵਿਭਾਗ ਅਤੇ ਪੰਜਾਬੀ ਵਿਭਾਗ ਵੱਲੋਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ ਅਤੇ ਡਾ. ਰਜਿੰਦਰ ਕੌਰ ਦੁਆਰਾ ਕੈਂਪ ਦੀ ਰੂਪ-ਰੇਖਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸ੍ਰੀ ਸਹਿਜ ਪਾਠ ਸੇਵਾ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਗੁਰੂ ਨਾਨਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ ਤੇ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਲਈ ਸਮੇਂ-ਸਮੇਂ ‘ਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ।ਡਾ. ਰਾਜਨਦੀਪ ਕੌਰ ਮੁਖੀ ਪੰਜਾਬੀ ਵਿਭਾਗ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।  ਪਹਿਲੇ  ਦਿਨ ਲੁਧਿਆਣਾ ਤੋਂ ਪਹੁੰਚੇ ਸ ਸਤਨਾਮ ਸਿੰਘ ਸਲ੍ਹੋਪੁਰੀ ਵਲੋਂ ਪਹਿਲੇ ਸੈਸ਼ਨ ਵਿੱਚ "ਸਿੱਖ ਧਰਮ ਵਿੱਚ ਔਰਤ ਦਾ ਸਥਾਨ ਤੇ ਕਰਤੱਵ" ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ।ਦੂਜੇ ਸੈਸ਼ਨ ਵਿੱਚ ਸ. ਸਲ੍ਹੋਪੁਰੀ ਵੱਲੋਂ “ਅਰਦਾਸ ਦੀ ਲੋਅ ਚ ਸਿੱਖ ਇਤਿਹਾਸ, ਸਿਧਾਂਤ, ਪਰੰਪਰਾਵਾਂ ਤੇ ਸਭਿਆਚਾਰ" ਵਿਸ਼ੇ ਤੇ ਲੈਕਚਰ ਦਿੱਤਾ ਗਿਆ। ਬਾਅਦ ਵਿੱਚ  ਵਿਦਿਆਰਥੀਆਂ ਦਾ ਪ੍ਰਸ਼ਨੋਤਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ।ਦੂਸਰੇ ਦਿਨ ਦੀ ਸੁਰੂਆਤ ਮੂਲ ਮੰਤਰ ਦੇ ਪਾਠ ਦੁਆਰਾ ਕੀਤੀ।ਪਹਿਲੇ ਸੈਸ਼ਨ ਦੇ ਮੁੱਖ ਵਕਤਾ ਰਾਜਪਾਲ ਸਿੰਘ (ਅੰਮ੍ਰਿਤਸਰ) ਸਨ ਜਿਨ੍ਹਾਂ ਨੇ “ਸੁਖੀ ਪਰਿਵਾਰਕ ਜੀਵਨ ਦੇ ਨੁਕਤੇ” ਵਿਸੇ ‘ਤੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਜੀਵਨ ਨੂੰ ਸੁਖਮਈ ਬਣਾਉਣ ਬਾਰੇ ਦੱਸਿਆ।ਦੂਸਰੇ ਸੈਸ਼ਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ (ਮਸਤੂਆਣਾ ਸਾਹਿਬ) ਨੇ ਚੋਣਵੀਆਂ ਸਿੱਖ ਸ਼ਖ਼ਸੀਅਤਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ।ਸਮਾਪਤੀ ਸੈਸ਼ਨ ਵਿੱਚ ਵਿਦਿਆਰਥੀਆਂ ਦੁਆਰਾ ਕੈਂਪ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਕੈਂਪ ਵਿੱਚ ਬਹੁਤ ਸਾਰੇ ਨਵੇਂ ਵਿਦਿਆਰਥੀ ਸਹਿਜ ਪਾਠ ਕਰਨ ਲਈ ਤਿਆਰ ਹੋਏ।ਤਿੰਨ  ਵਿਦਿਆਰਥੀਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ। ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਵਿੱਚ ਸਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਨਿਤਨੇਮ ਸਟੀਕ, ਅਕਾਦਮਿਕ ਐਕਸੀਲੈੰਟ ਪੁਸਤਕਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਬਿਰਤਾਂਤ (ਕਾਮਿਕਸ) ਪੁਸਤਕਾ ਭੇਂਟ ਕਰਕੇ ਸਨਮਾਨਿਤ ਕੀਤਾ।ਜਗਜੀਤ ਸਿੰਘ ਸੁਪਰਵਾਈਜ਼ਰ ਮਾਲਵਾ ਜੋਨ ਨੇ ਅਜਿਹੇ ਕੈਂਪਾਂ ਦੀ ਲੋੜ ਤੇ ਵਿਊਂਤ ਬਾਰੇ ਦੱਸਿਆ।ਡਵਾਇਨ ਵਰਕਰ ਗੁਰਵਿੰਦਰ ਸਿੰਘ ਹੀਰੋ ਕਲਾਂ ਨੇ ਧੰਨਵਾਦ ਦੇ ਸ਼ਬਦ ਸਾਂਝੇ ਕੀਤੇ।ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਦੋਵੇਂ ਦਿਨ ਵਿਸੇਸ਼ ਤੌਰ ਕੈਂਪ ਵਿੱਚ ਪਹੁੰਚੇ ਅਤੇ ਵਿਦਿਆਰਥੀ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜਕੇ ਭਾਗ ਲੈਣ ਲਈ ਪ੍ਰੇਰਤ ਕੀਤਾ। ਡਾ. ਰਜਿੰਦਰ ਕੌਰ ਮੁਖੀ ਧਰਮ ਅਧਿਐਨ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਕਾਲਜ ਵਿੱਚ ਗੁਰਬਾਣੀ ਪਾਠ ਸੰਬੰਧੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ।ਇਸ ਮੌਕੇ ਡਾ. ਮਨਪ੍ਰੀਤ ਸਿੰਘ ਮੁਖੀ ਸੰਗੀਤ ਵਿਭਾਗ, ਪ੍ਰੋਫੈਸਰ ਗੁਰਦੀਪ ਸਿੰਘ, ਡਾ. ਬਲਜਿੰਦਰ ਕੌਰ, ਪ੍ਰੋਫੈਸਰ ਵੀਰਪਾਲ ਕੌਰ, ਡਾ. ਅਵਤਾਰ ਸਿੰਘ , ਡਾ. ਆਨੰਦ ਵਰਧਨ,ਪ੍ਰੋਫੈਸਰ ਮਨਜਿੰਦਰ ਕੌਰ,ਪ੍ਰੋਫੈਸਰ ਅਮਨਿੰਦਰ ਕੌਰ, ਡਾ. ਜਤਿੰਦਰ ਕੌਰ,ਪ੍ਰੋਫੈਸਰ ਗੁਰਪ੍ਰੀਤ ਕੌਰ,ਰਮਨਦੀਪ ਸ਼ਰਮਾ ਅਤੇ ਸਹਿਜ ਪਾਠ ਸੇਵਾ ਦੇ ਸੁਰਿੰਦਰ ਸਿੰਘ ਪਟਿਆਲਾ ਵੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰੌਇਲ ਕਾਲਜ ਬੋੜਾਵਾਲ ਨੇ ਕਬੱਡੀ 'ਚ ਜਿੱਤਿਆ ਸੋਨ ਤਗਮਾ

ਰੌਇਲ ਕਾਲਜ ਬੋੜਾਵਾਲ ਨੇ ਕਬੱਡੀ 'ਚ ਜਿੱਤਿਆ ਸੋਨ ਤਗਮਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਪ੍ਰੋ ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਪਟਿਆਲ਼ਾ ਵਿਖੇ ਅੰਤਰ-ਕਾਲਜ ਕਬੱਡੀ ਨੈਸ਼ਨਲ ਸਟਾਈਲ ਲੜਕੇ ਮੁਕਾਬਲੇ ਕਰਵਾਏ ਜਿਸ ਵਿੱਚ ਵੱਖ-ਵੱਖ ਫਿਜ਼ੀਕਲ ਐਜੁਕੇਸਨ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਨੂੰ ਜਿੱਤ ਕੇ ਦਿ ਰੌਇਲ ਕਾਲਜ ਆਫ ਫਿਜ਼ੀਕਲ ਐਜੁਕੇਸ਼ਨ ਦੇ ਖਿਡਾਰੀਆਂ ਨੇ ਸੋਨ ਤਗਮਾ ਹਾਸਿਲ ਕੀਤਾ।ਕਾਲਜ ਪਹੁੰਚਣ 'ਤੇ ਡਾਇਰੈਕਟਰ-ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਅਤੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਹਰਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਸਾਰੇ ਹੀ ਅੰਤਰ-ਕਾਲਜ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਪੱਧਰੀ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਕਲੱਸਟਰ ਪੱਧਰੀ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਕੁਲਾਣਾ ਨਾਲ ਸਬੰਧਿਤ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਲੀਪੁਰ ਵਿਖ਼ੇ ਕਰਵਾਈਆਂ ਗਈਆਂ, ਵਿੱਚ ਬਹੁਤ ਹੀ ਸਖ਼ਤ ਮੁਕਾਬਲੇ ਹੋਏ ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਨੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ।ਅਧਿਆਪਕ ਜਗਤਾਰ ਸਿੰਘ ਕੁਲਾਣਾ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਖਿਡਾਰੀਆਂ ਨੇ 28 ਸੋਨ ਅਤੇ 12 ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਤੇ ਸਟਾਫ਼ ਦਾ ਨਾਂ ਰੌਸ਼ਨ ਕੀਤਾ।ਉਹਨਾਂ ਦੱਸਿਆ ਕਿ ਦੌੜ 100 ਅਤੇ 400 ਮੀਟਰ, ਕੁਸ਼ਤੀ 30 ਕਿਲੋਗ੍ਰਾਮ ਅਤੇ ਲੰਮੀ ਛਾਲ 'ਚੋ ਪਹਿਲਾ ਸਥਾਨ ਕਰਨ ਵਾਲੇ ਨਵਜੋਤ ਸਿੰਘ ਨੂੰ ਬੈਸਟ ਖਿਡਾਰੀ ਐਲਾਨ ਗਿਆ।ਉਹਨਾਂ ਦੱਸਿਆ ਕਿ ਜਸਪ੍ਰੀਤ ਕੌਰ ਨੇ 100 ਅਤੇ 600 ਮੀਟਰ ਦੌੜ 'ਚੋਂ ਪਹਿਲਾ ਤੇ ਕਬੀਰ ਸਿੰਘ ਨੇ 25 ਕਿਲੋ ਕੁਸ਼ਤੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਰੱਸਾਕਸ਼ੀ 'ਚੋ ਪਹਿਲਾ ਅਤੇ ਖੋ-ਖੋ ਕੁੜੀਆਂ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਇਹਨਾਂ ਪ੍ਰਾਪਤੀਆਂ ਸਬੰਧੀ ਸਕੂਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਪਿੰਡ ਵਾਸੀਆ ਦੇ ਸਹਿਯੋਗ ਦਾ ਨਤੀਜਾ ਹੈ।

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਸੂਬੇ ਭਰ 'ਚੋਂ ਲਗਾਤਾਰ ਤਿੰਨ ਦਿਨ ਮੁਲਾਜ਼ਮ ਸੰਗਰੂਰ ਮੋਰਚੇ 'ਚ ਸ਼ਮੂਲੀਅਤ ਕਰਨਗੇ : ਪੀਪੀਪੀਐਫ

ਸੂਬੇ ਭਰ 'ਚੋਂ ਲਗਾਤਾਰ ਤਿੰਨ ਦਿਨ ਮੁਲਾਜ਼ਮ ਸੰਗਰੂਰ ਮੋਰਚੇ 'ਚ ਸ਼ਮੂਲੀਅਤ ਕਰਨਗੇ : ਪੀਪੀਪੀਐਫ

ਸੰਗਰੂਰ ਮੋਰਚੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਜ਼ਿਲ੍ਹਾ ਮਾਨਸਾ ਦੀ ਹੋਈ ਇਕੱਤਰਤਾ

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਪਹਿਲੀ ਅਕਤੂਬਰ ਤੋਂ 3 ਅਕਤੂਬਰ ਤੱਕ ਸੰਗਰੂਰ ਵਿਖ਼ੇ ਉਲੀਕੇ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਤਿਆਰੀ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇਸੜੂ ਭਵਨ ਲੁਧਿਆਣਾ ਵਿਖੇ ਸੂਬਾ ਕਮੇਟੀ ਮੀਟਿੰਗ ਕੀਤੀ ਗਈ।ਫਰੰਟ ਦੀ ਸੂਬਾ ਕਮੇਟੀ ਨੇ ਦਾਅਵਾ ਕੀਤਾ ਕਿ ਦਿਨ ਰਾਤ ਚੱਲਣ ਵਾਲਾ ਸੰਗਰੂਰ ਮੋਰਚਾ ਜਿੱਥੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਦੇ ਸੰਘਰਸ਼ ਨੂੰ ਵੱਡੀ ਤਾਕਤ ਦੇਵੇਗਾ ਅਤੇ ਉੱਥੇ ਆਪ ਸਰਕਾਰ ਵੱਲੋੰ ਮੁਲਾਜ਼ਮਾਂ ਨਾਲ਼ ਕੀਤੀ ਵਾਅਦਾ-ਖਿਲਾਫੀ ਨੂੰ ਗੰਭੀਰ ਚੁਣੌਤੀ ਪੇਸ਼ ਕਰੇਗਾ। ਜਾਣਕਾਰੀ ਸਾਂਝੀ ਕਰਦਿਆਂ ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ,ਇੰਦਰਸੁਖਦੀਪ ਸਿੰਘ,ਦਲਜੀਤ ਸਫੀਪੁਰ ਅਤੇ ਜਸਵੀਰ ਭੰਮਾ ਨੇ ਕਿਹਾ ਕਿ ਤਿੰਨ ਦਿਨਾਂ ਪੈਨਸ਼ਨ ਮੋਰਚੇ ਦੀ ਸ਼ੁਰੂਆਤ,1 ਅਕਤੂਬਰ ਨੂੰ ਹਰੇਕ ਜ਼ਿਲੇ ਵਿੱਚੋਂ ਜੱਥੇਬੰਦਕ ਕਾਡਰ ਦੀ ਬੱਝਵੀਂ ਸ਼ਮੂਲੀਅਤ ਨਾਲ਼, ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਰਚੇ ਦਾ ਮੁੱਢ ਬੰਨਣ ਨਾਲ਼ ਹੋਵੇਗੀ।ਤਿੰਨ ਦਿਨ ਚੱਲਣ ਵਾਲੇ ਇਸ ਮੋਰਚੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਉਭਾਰਨ ਲਈ ਮਸ਼ਾਲ ਮਾਰਚ,ਪੁਤਲਾ ਫੂਕ ਮੁਜ਼ਾਹਰੇ ਆਦਿ ਸਰਗਰਮੀਆਂ ਕਰਨ ਫੈਸਲਾ ਕੀਤਾ ਗਿਆ ਹੈ।ਮੋਰਚੇ ਵਿੱਚ ਰੋਜ਼ਾਨਾ ਸਟੇਜ ਵੀ ਚਲਾਈ ਜਾਵੇਗੀ ਜਿਸ ਵਿੱਚ ਮੁਲਾਜ਼ਮਾਂ ਦੀ ਲਗਾਤਾਰ ਸ਼ਮੂਲੀਅਤ ਕਰਵਾਉਣ ਲਈ ਜ਼ਿਲਾਵਾਰ ਵੰਡ ਕੀਤੀ ਗਈ ਹੈ। ਮੋਰਚੇ ਦੇ ਆਖਰੀ ਦਿਨ ਸੂਬੇ ਭਰ ਚੋਂ ਪਹੁੰਚਣ ਵਾਲੇ ਮੁਲਾਜ਼ਮਾਂ ਨਾਲ਼ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਵੱਲੋੰ ਹਰ ਵਾਰ ਮੁੱਖ ਮੰਤਰੀ ਨਾਲ਼ ਮੀਟਿੰਗ ਕਰਵਾਉਣ ਤੋੰ ਪੱਲਾ ਝਾੜ ਦਿੱਤਾ ਜਾਂਦਾ ਹੈ ਪਰ ਫਰੰਟ ਵੱਲੋੰ ਕਿਸੇ ਵੀ ਤਰਾਂ ਦੀ ਡੰਗ ਟਪਾਊ ਮੀਟਿੰਗ ਲੈਣ ਦੀ ਬਜਾਏ ਤਿੱਖੇ ਅਤੇ ਲੰਮੇ ਸੰਘਰਸ਼ ਨੂੰ ਚਲਾਉਣ ਦਾ ਫੈਸਲਾ ਲਿਆ ਗਿਆ ਹੈ।ਪੀਪੀਪੀਐੱਫ ਫਰੰਟ ਦੀ ਇਸ ਸੂਬਾ ਕਮੇਟੀ ਮੀਟਿੰਗ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਟੀਮ ਨੇ ਸੂਬਾ ਪ੍ਰਧਾਨ ਤੇ ਸਕੱਤਰ ਵਿਕਰਮ ਦੇਵ ਅਤੇ ਮਹਿੰਦਰ ਕੌੜਿਆਂਵਾਲੀ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਸੰਗਰੂਰ ਮੋਰਚੇ ਨੂੰ ਪੂਰਨ ਸਮਰਥਨ ਦੇਣ ਦਾ ਵੀ ਫੈਸਲਾ ਕੀਤਾ ਹੈ।ਫਰੰਟ ਦੇ ਆਗੂਆਂ ਰਮਨ ਸਿੰਗਲਾ, ਜਗਦੀਸ਼ ਸੱਪਾਂਵਾਲੀ,ਜਸਵਿੰਦਰ ਔਜਲਾ ਨੇ ਕਿਹਾ ਕਿ ਆਪ ਸਰਕਾਰ 18 ਨਵੰਬਰ 2022 ਦੇ ਆਪਣੇ ਹੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਵਿੱਚ ਅਸਫਲ ਸਾਬਿਤ ਹੋਈ ਹੈ। ਸਰਕਾਰ ਦਾ ਅੱਧਾ ਕਾਰਜਕਾਲ ਬੀਤਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ।ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਤਜਵੀਜ਼ ਕੀਤੀ ਭੁਲੇਖਾਪਾਊ ਯੂਪੀਐੱਸ ਸਕੀਮ ਉੱਤੇ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਾ ਦੇਣ ਨਾਲ਼ ਪੁਰਾਣੀ ਪੈਨਸ਼ਨ ਦੀ ਇੰਨ ਬਿੰਨ ਬਹਾਲੀ ਉੱਤੇ ਹੋਰ ਸ਼ੰਕੇ ਖੜੇ ਹੋ ਗਏ ਹਨ।ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਹੀ ਪੈਨਸ਼ਨ ਦੇ ਮੁੱਦੇ ਦਾ ਅਸਲ ਹੱਲ ਹੈ ਜਿਸ ਦੇ ਲਈ ਐੱਨ.ਪੀ.ਐੱਸ ਮੁਲਾਜ਼ਮ ਸੰਗਰੂਰ ਮੋਰਚੇ ਵਿੱਚ ਪੂਰੇ ਉਤਸ਼ਾਹ ਨਾਲ਼ ਸ਼ਾਮਲ ਹੋਣਗੇ।ਮੀਟਿੰਗ ਵਿੱਚ ਡੀ.ਐੱਮ.ਐੱਫ ਦੇ ਸੂਬਾਈ ਆਗੂਆਂ ਜਰਮਨਜੀਤ ਸਿੰਘ,ਹਰਦੀਪ ਟੋਡਰਪੁਰ ਤੋਂ ਇਲਾਵਾ ਸਤਪਾਲ ਸਮਾਣਵੀ,ਗੁਰਜਿੰਦਰ ਮੰਝਪੁਰ,ਜਸਵਿੰਦਰ ਸਿੰਘ,ਮਨਦੀਪ ਸਿੰਘ, ਲਖਵਿੰਦਰ ਸਿੰਘ,ਅਮਰਦੀਪ ਸਿੰਘ,ਮਨਜੀਤ ਸਿੰਘ,ਗੁਰਵਿੰਦਰ ਸਿੰਘ,ਹਰਵਿੰਦਰ ਰੱਖੜਾ,ਸੁਖਵਿੰਦਰ ਗਿਰ ਆਦਿ ਹਾਜ਼ਰ ਰਹੇ। ਇਸ ਮੋਰਚੇ ਨੂੰ ਕਾਮਯਾਬ ਕਰਨ ਅਤੇ ਪ੍ਰੋਗਰਾਮ ਨੂੰ ਇੰਨ ਬਿੰਨ ਲਾਗੂ ਕਰਨ ਲਈ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਮਾਨਸਾ ਵਿਖੇ ਹੋਈ ਜਿਸ ਵਿੱਚ ਡੀ ਟੀ ਐੱਫ ਦੇ ਜਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ , ਪੀ ਪੀ ਪੀ ਐੱਫ ਦੇ ਮਾਲਵਾ ਜੋਨ ਕਨਵੀਨਰ ਜਸਵੀਰ ਭੰਮਾ ,ਬਲਾਕ ਬੁੱਢਲਾਡਾ ਪ੍ਰਧਾਨ ਗੁਰਦਾਸ ਸਿੰਘ, ਬਲਾਕ ਸਰਦੂਲਗੜ੍ਹ ਪ੍ਰਧਾਨ ਕੌਰ ਸਿੰਘ ਫੱਗੂ, ਬਲਾਕ ਬਰੇਟਾ ਪ੍ਰਧਾਨ ਇਕਬਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ।। ਉਪਰੋਕਤ ਤੋਂ ਇਲਾਵਾ ਜ਼ਿਲਾ ਮੀਟਿੰਗ ਵਿਚ ਚਮਕੌਰ ਸਿੰਘ ਗੁਰਨੇ,ਗੁਰਪ੍ਰੀਤ ਬੀਰੋਕੇ, ਗੁਰਵਿੰਦਰ ਸਿੰਘ ਅੱਕਾਵਾਲੀ,ਗੁਰਲਾਲ ਸਿੰਘ,ਸੰਤੋਖ ਸਿੰਘ,ਹਰਪ੍ਰੀਤ ਸਿੰਘ,ਅਮਰੀਕ ਸਿੰਘ,ਕਾਲਾ ਸਿੰਘ ਰਿਸ਼ੀਪਾਲ,ਸੁਖਵੀਰ ਸਿੰਘ ਜਿਲ੍ਹਾ ਖ਼ਜਾਨਚੀ ਆਦਿ ਹਾਜਰ ਸਨ।

Tuesday, September 24, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ 'ਚ ਪੱਕੇ ਧਰਨੇ ਦਾ ਐਲਾਨ

 

ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ 'ਚ ਪੱਕੇ ਧਰਨੇ ਦਾ ਐਲਾਨ

29 ਸਤੰਬਰ ਨੂੰ ਗੰਭੀਰਪੁਰ ਵਿਖ਼ੇ ਕੱਢੀ ਜਾਵੇਗੀ ਰੋਸ ਰੈਲੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬਦਲੀਆਂ ਦਾ ਪੋਰਟਲ ਦੁਬਾਰਾ ਖਲ੍ਹਵਾਉਣ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖ਼ੇ 29 ਸਤੰਬਰ ਨੂੰ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਦਾ ਕਹਿਣਾ ਹੈ ਕਿ  ਨਵੀਂ ਭਰਤੀ ਤੋਂ ਪਹਿਲਾਂ ਈਟੀਟੀ ਤੋਂ ਮਾਸਟਰ ਕੇਡਰ ਪ੍ਰੋਮੋਸ਼ਨ ਜਲਦੀ ਤੋਂ ਜਲਦੀ ਪੂਰੀ ਕਰਵਾਈ ਜਾਵੇ ਤਾਂ ਕਿ ਉਹਨਾਂ ਖ਼ਾਲੀ ਸੀਟਾਂ ਤੇ ਵੱਧ ਤੋਂ ਵੱਧ ਈਟੀਟੀ 6635 ਅਧਿਆਪਕਾਂ ਦੀਆਂ ਬਦਲੀਆਂ ਹੋ ਸਕਣ। ਉਹਨਾਂ ਕਿਹਾ ਕਿ ਬਦਲੀਆਂ ਦਾ ਪੋਰਟਲ ਖੁਲਵਾਉਣ, 2364 ਭਰਤੀ ਵਿੱਚ ਐਸ.ਸੀ. ਅਤੇ ਬੀ.ਸੀ. ਕੈਟਾਗਰੀ ਦੀਆਂ ਸੀਟਾਂ ਦੀ ਸਟੇਸ਼ਨ ਚੁਆਇਸ ਨਾ ਖੋਲ੍ਹਣ ਦੇ ਵਿਰੋਧ ਵਜੋਂ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ 29 ਸਤੰਬਰ ਨੂੰ 6635 ਅਧਿਆਪਕ ਯੂਨੀਅਨ ਵੱਲੋਂ ਰੋਸ ਰੈਲੀ ਕੱਢੀ ਜਾਵੇਗੀ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜੋ ਦਿੱਕਤਾਂ ਦਾ ਸਾਹਮਣਾ ਈਟੀਟੀ 6635 ਨੂੰ ਜੋ ਇਸ ਤੋਂ ਪਹਿਲਾਂ ਬਦਲੀ ਦਾ ਚਾਂਸ ਮਿਲਿਆ, ਵਿੱਚ ਕਾਫੀ ਜ਼ਿਆਦਾ ਮੁਸ਼ਕਿਲਾਂ ਆਈਆਂ।ਉਹਨਾਂ ਸਭ ਬਾਰੇ ਵੀ ਵਿਭਾਗ ਨਾਲ ਗੱਲ ਕੀਤੀ ਜਾਵੇਗੀ। ਉਹਨਾਂ ਸਮੂਹ ਈਟੀਟੀ 6635 ਜਿਲ੍ਹਾ ਕਮੇਟੀ ਮੈਂਬਰ,ਬਲਾਕਾਂ ਦੇ ਕਮੇਟੀ ਮੈਂਬਰ ਕੇਡਰ ਨੂੰ 29 ਦੀ ਰੋਸ ਰੈਲੀ ਲਈ ਵੱਧ ਤੋਂ ਵੱਧ ਹਾਜ਼ਰੀ ਦੇਣ ਤਾਂ ਜੋ ਵੱਡੇ ਇਕੱਠ ਦੇ ਨਾਲ ਪ੍ਰਾਇਮਰੀ ਵਿਭਾਗ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾ ਸਕੇ।


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪੰਜਾਬ ਦੇ 72 ਸਰਕਾਰੀ ਪ੍ਰਾਇਮਰੀ ਅਧਿਆਪਕ ਟਰੇਨਿੰਗ ਲਈ ਜਾਣਗੇ ਫਿਨਲੈਂਡ

ਪੰਜਾਬ ਦੇ 72 ਸਰਕਾਰੀ ਪ੍ਰਾਇਮਰੀ ਅਧਿਆਪਕ ਟਰੇਨਿੰਗ ਲਈ ਜਾਣਗੇ ਫਿਨਲੈਂਡ

ਇਛੁੱਕ ਅਧਿਆਪਕ ਅੱਜ ਤੋਂ ਕਰ ਸਕਣਗੇ ਆਨਲਾਈਨ ਅਪਲਾਈ

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁੱਹਈਆ ਕਰਵਾਉਣ ਦੇ ਮਕਸਦ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਖੇ ਭੇਜਣ ਦਾ ਫ਼ੈਸਲਾ ਕੀਤਾ ਹੈ।ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁੱਹਈਆ ਕਰਵਾਉਣ ਦਾ ਫ਼ੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਪ੍ਰਾਇਮਰੀ ਅਧਿਆਪਕ ਦੀ ਇਹ ਟ੍ਰੇਨਿੰਗ ਤਿੰਨ ਹਫ਼ਤਿਆਂ ਦੀ ਹੋਵੇਗੀ।ਬੈਂਸ ਨੇ ਦੱਸਿਆ ਕਿ ਫਰਵਰੀ 2023 ਤੋਂ ਕੁੱਲ 198 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਦੀਆਂ ਦੋ ਸੰਸਥਾਵਾਂ- ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸਿੰਗਾਪੁਰ ਇੰਟਰਨੈਸ਼ਨਲ ਵਿੱਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿੱਚ ਆਪਣੀ ਸਿਖਲਾਈ ਦਿਵਾਈ ਜਾ ਚੁੱਕੀ ਹੈ।ਇਸ ਤੋਂ ਇਲਾਵਾ 100 ਹੈੱਡ ਮਾਸਟਰਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਵਿਖੇ ਲੀਡਰਸ਼ਿਪ, ਸਕੂਲ ਪ੍ਰਬੰਧਨ, ਸਿੱਖਿਆ ਵਿਭਾਗ ਵਿੱਚ ਏ.ਆਈ. ਅਤੇ ਭਾਈਵਾਲ ਸਬੰਧੀ ਟ੍ਰੇਨਿੰਗ ਦੁਆਈ ਜਾ ਰਹੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਟ੍ਰੇਨਿੰਗ ਤੇ ਜਾਣ ਦੇ ਇਛੁੱਕ ਅਧਿਆਪਕਾਂ ਅੱਜ ਮਿਤੀ 24 ਸਤੰਬਰ 2024 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਟ੍ਰੇਨਿੰਗ ਸਬੰਧੀ ਸਮੁਚੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਈ.ਪੰਜਾਬ ਪੋਰਟਲ ਤੋਂ ਲਈ ਜਾ ਸਕਦੀ ਹੈ।ਸਿੱਖਿਆ ਮੰਤਰੀ ਨੇ ਦੱਸਿਆ ਕਿ ਜਿਹੜੇ ਅਧਿਆਪਕ ਇਸ ਟ੍ਰੇਨਿੰਗ 'ਤੇ ਜਾਣ ਲਈ ਅਪਲਾਈ ਕਰਨਗੇ ਉਨ੍ਹਾਂ ਦੇ ਪੜ੍ਹਾਈ ਕਰਵਾਉਣ ਦੀ ਵਿਧੀ ਸਬੰਧੀ ਉਨ੍ਹਾਂ ਕੋਲੋਂ ਸਿੱਖਿਆ ਹਾਸਲ ਕਰ ਚੁੱਕੇ ਵਿਦਿਆਰਥੀਆਂ ਅਤੇ ਮੌਜੂਦਾ ਸਮੇਂ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੀ ਤਸਦੀਕ ਕੀਤਾ ਜਾਵੇਗਾ।



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਗਰੁੱਪ ਆਫ ਇੰਸਟੀਚਿਊਸ਼ਨ ਬੀਰ ਕਲਾਂ ਵਿਖੇ ਐਨ.ਐਸ.ਐਸ. ਦਿਵਸ ਮਨਾਇਆ

ਮਾਡਰਨ ਗਰੁੱਪ ਆਫ ਇੰਸਟੀਚਿਊਸ਼ਨ ਬੀਰ ਕਲਾਂ ਵਿਖੇ ਐਨ.ਐਸ.ਐਸ. ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :  ਮਾਡਰਨ ਗਰੁੱਪ ਆਫ ਇੰਸਟੀਚਿਊਸ਼ਨਜ ਬੀਰ ਕਲਾਂ ਵਿਖੇ ਐਨਐਸਐਸ ਦਿਵਸ ਚੇਅਰਮੈਨ ਡਾ. ਰਵਿੰਦਰ ਬਾਂਸਲ ਅਤੇ ਪ੍ਰਿੰਸੀਪਲ ਡਾ. ਵੀ ਕੇ ਰਾਏ ਦੀ ਅਗਵਾਈ ਵਿੱਚ ਮਨਾਇਆ ਗਿਆ।ਜਾਣਕਾਰੀ ਦਿੰਦਿਆਂ ਡਾ. ਰਵਿੰਦਰ ਬਾਂਸਲ ਨੇ ਕਿਹਾ ਇਹ ਐਨ.ਐਸ.ਐਸ. ਇੱਕ ਅਜਿਹੀ ਸਕੀਮ ਹੈ ਜੋ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਅਤੇ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਉਤਪੰਨ ਕਰਦੀ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਵੀ.ਕੇ. ਰਾਏ ਨੇ ਐਨਐਸਐਸ ਦਿਵਸ ਦੀ ਮਹੱਤਤਾ ਤੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਐਨਐਸਐਸ ਦਿਵਸ ਦੇ ਸਬੰਧ 'ਚ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਹਰਮਨ ਕੌਰ, ਮਨਦੀਪ ਕੌਰ ਅਤੇ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਮਨਜੋਤ ਕੌਰ,ਮਨਪ੍ਰੀਤ ਕੌਰ ਅਤੇ ਅੱਕੀ ਕੌਰ ਨੇ ਦੂਜਾ,ਹਰਮਨਦੀਪ ਕੌਰ,ਗਗਨਦੀਪ ਕੌਰ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ ਹਾਜ਼ਰ ਸੀ।