Monday, September 30, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਕਿਯੂ ਏਕਤਾ (ਉਗਰਾਹਾਂ) ਸਰਕਾਰੀ ਕਾਲਜਾਂ 'ਚ ਗੈਸਟ ਫੈਕਲਟੀ ਅਧਿਆਪਕਾਂ ਦੇ ਹੱਕ ਚ ਆਈ

ਭਾਕਿਯੂ ਏਕਤਾ (ਉਗਰਾਹਾਂ)  ਸਰਕਾਰੀ ਕਾਲਜਾਂ 'ਚ ਗੈਸਟ ਫੈਕਲਟੀ ਅਧਿਆਪਕਾਂ ਦੇ ਹੱਕ ਚ ਆਈ

ਰੁਜ਼ਗਾਰ ਉਜਾੜੇ ਦੀ ਹਾਲਤ ਵਿੱਚ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਅਧਿਆਪਕਾਂ ਦੇ ਸੰਘਰਸ਼ ਵਿੱਚ ਡਟਵਾਂ ਸਾਥ ਦੇਣ ਦਾ ਐਲਾਨ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸਰਕਾਰੀ ਕਾਲਜਾਂ ਅੰਦਰ ਕਈ ਕਈ ਵਰ੍ਹਿਆਂ ਤੋਂ ਕੰਮ ਕਰਦੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਨੌਕਰੀਆਂ 'ਤੇ ਬਣੀ ਸੰਕਟਮਈ ਹਾਲਤ ਲਈ ਪੰਜਾਬ ਸਰਕਾਰ ਦੀ ਪੁਹੰਚ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਸੰਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ 1158 ਅਧਿਆਪਕਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਦਾ ਅਮਲ ਅੱਗੇ ਤੁਰਨ ਨਾਲ ਸਰਕਾਰੀ ਕਾਲਜਾਂ ਵਿੱਚ ਬਹੁਤ ਘੱਟ ਤਨਖਾਹਾਂ 'ਤੇ ਵਰ੍ਹਿਆਂ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਨੌਕਰੀਆਂ 'ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਜੋ ਇਹਨਾਂ ਅਧਿਆਪਕਾਂ ਨਾਲ ਘੋਰ ਬੇਇਨਸਾਫੀ ਬਣਦੀ ਹੈ, ਜਿਨ੍ਹਾਂ ਨੇ ਰੈਗੂਲਰ ਭਰਤੀ ਨਾ ਕਰਨ ਦੀ ਹਾਲਤ ਵਿੱਚ ਅਧਿਆਪਕਾਂ ਖੁਣੋਂ ਖਾਲੀ ਹੋ ਰਹੇ ਸਰਕਾਰੀ ਕਾਲਜਾਂ ਨੂੰ ਦਹਾਕਿਆਂ ਤੋਂ ਸੰਭਾਲਿਆ ਹੈ ਅਤੇ ਨਿਗੂਣੀਆਂ ਉਜਰਤਾਂ 'ਤੇ ਬਕਾਇਦਾ ਅਧਿਆਪਕਾਂ ਵਾਲਾ ਰੋਲ ਅਦਾ ਕੀਤਾ ਹੈ। ਇਨ੍ਹਾਂ ਅਧਿਆਪਕਾਂ ਨੇ ਆਪਣੇ ਜ਼ਿੰਦਗੀ ਦੇ ਕੀਮਤੀ ਸਾਲ ਇਹਨਾਂ ਸਰਕਾਰੀ ਸਿੱਖਿਆ ਸੰਸਥਾਵਾਂ ਦੀ ਹੋਂਦ ਬਚਾਈ ਰੱਖਣ ਵਿੱਚ ਗੁਜ਼ਾਰੇ ਹਨ, ਜਿਨ੍ਹਾਂ ਨੂੰ ਸਰਕਾਰਾਂ ਨਿੱਜੀਕਰਨ ਦੀ ਸਾਮਰਾਜੀ ਨੀਤੀ ਤਹਿਤ ਉਜਾੜਨ 'ਤੇ ਤੁਲੀਆਂ ਹੋਈਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਮਾਨ ਸਰਕਾਰ ਨੂੰ 1158 ਅਧਿਆਪਕਾਂ ਦੀ ਭਰਤੀ ਦਾ ਅਮਲ ਸਿਰੇ ਚਾੜ੍ਹਨ ਦੇ ਨਾਲ ਨਾਲ ਗੈਸਟ ਫੈਕਲਟੀ ਅਧਿਆਪਕਾਂ ਨੂੰ ਵੀ ਇਹਨਾਂ ਕਾਲਜਾਂ ਦੀਆਂ ਬਾਕੀ ਖਾਲੀ ਪਈਆਂ ਪੋਸਟਾਂ 'ਤੇ ਰੈਗੂਲਰ ਅਧਿਆਪਕਾਂ ਵਜੋਂ ਨਿਯੁਕਤ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਬਕਾਇਦਾ ਯੋਗਤਾ ਸ਼ਰਤਾਂ ਪੂਰੀਆਂ ਨਾ ਕਰਦੇ ਕੁੱਝ ਹਿੱਸਿਆਂ ਨੂੰ ਯੋਗਤਾ ਵਧਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਨਵੀਆਂ ਅਸਾਮੀਆਂ ਦੀ ਹੋਰ ਕਾਫ਼ੀ ਜ਼ਰੂਰਤ ਹੈ, ਜਿਹੜੀਆਂ ਤੁਰੰਤ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਅਸਾਮੀਆਂ 'ਤੇ ਵੀ ਉੱਚ ਵਿੱਦਿਆ ਪ੍ਰਾਪਤ ਨੌਜਵਾਨਾਂ ਨੂੰ ਰੈਗੂਲਰ ਤੈਨਾਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਦੀ ਲਾਗੂ ਕੀਤੀ ਜਾ ਰਹੀ ਨੀਤੀ ਦਾ ਤਿਆਗ ਕਰਕੇ ਸਿੱਖਿਆ ਖੇਤਰ ਅੰਦਰ ਸਰਕਾਰ ਦੀ ਬਣਦੀ ਜ਼ਿੰਮੇਵਾਰੀ ਅਦਾ ਕਰੇ। ਵਿਸ਼ੇਸ਼ ਕਰਕੇ ਸਰਕਾਰੀ ਬੇਰੁਖੀ ਦਾ ਸ਼ਿਕਾਰ ਤੁਰੇ ਆ ਰਹੇ ਉੱਚ ਸਿੱਖਿਆ ਖੇਤਰ ਦੀ ਸਾਰ ਲਵੇ। ਉਹਨਾਂ ਮੰਗ ਕੀਤੀ ਕਿ ਵਧੀਆਂ ਹੋਈਆਂ ਸਿੱਖਿਆ ਲੋੜਾਂ ਅਨੁਸਾਰ ਸਰਕਾਰੀ ਕਾਲਜਾਂ ਅੰਦਰ ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ ਤੇ ਇਸ ਮਕਸਦ ਲਈ ਕਾਲਜਾਂ/ਯੂਨੀਵਰਸਿਟੀਆਂ ਦੇ ਫੰਡਾਂ ਤੇ ਗਰਾਂਟਾਂ 'ਚ ਭਾਰੀ ਵਾਧਾ ਕੀਤਾ ਜਾਵੇ।ਉਹਨਾਂ ਕਿਹਾ ਕਿ ਗੈਸਟ ਫੈਕਲਟੀ ਅਧਿਆਪਕਾਂ ਦੇ ਰੁਜ਼ਗਾਰ ਉਜਾੜੇ ਦੀ ਹਾਲਤ ਵਿੱਚ ਜਥੇਬੰਦੀ ਉਹਨਾਂ ਦੇ ਸੰਘਰਸ਼ ਦਾ ਡਟ ਕੇ ਸਾਥ ਦੇਵੇਗੀ ਅਤੇ ਅਜਿਹੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।


ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਕਿਯੂ ਉਗਰਾਹਾਂ ਨੇ ਕਚਹਿਰੀ ਤੇ ਹਸਪਤਾਲ ਵਿਚ ਦਾਖਲੇ ਦੀ ਗੁੰਡਾ ਪਰਚੀ ਖ਼ਿਲਾਫ਼ ਦਿੱਤਾ ਧਰਨਾ

ਭਾਕਿਯੂ ਉਗਰਾਹਾਂ ਨੇ ਕਚਹਿਰੀ ਤੇ ਹਸਪਤਾਲ ਵਿਚ ਦਾਖਲੇ ਦੀ ਗੁੰਡਾ ਪਰਚੀ ਖ਼ਿਲਾਫ਼ ਦਿੱਤਾ ਧਰਨਾ 

ਕਿਹਾ ਪ੍ਰਸ਼ਾਸਨ ਦੇ ਨੱਕ ਹੇਠ ਲੋਕਾਂ ਨੂੰ ਕੀਤਾ ਜਾ ਰਿਹਾ ਜ਼ਲੀਲ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ ਦੀਆਂ ਕਚਹਿਰੀਆਂ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਅੰਦਰ ਦਾਖ਼ਲੇ ਸਮੇਂ ਵਸੂਲੇ ਜਾ ਰਹੇ ਕਥਿਤ ਗੁੰਡਾ ਟੈਕਸ ਦੇ ਖਿਲਾਫ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਸੁਨਾਮ ਦੀਆਂ ਕਚਹਿਰੀਆਂ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਨੱਕ ਹੇਠ ਚੱਲ ਰਹੇ ਵਰਤਾਰੇ ਤੋਂ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਇਲਾਵਾ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਰਾਮ ਸ਼ਰਨ ਸਿੰਘ ਉਗਰਾਹਾਂ ਨੇ ਕਿਹਾ ਕਿ ਸੁਨਾਮ ਦੀਆਂ ਕਚਹਿਰੀਆਂ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿੱਚ ਸ਼ਰੇਆਮ ਗੁੰਡਾ ਟੈਕਸ ਵਸੂਲੇ ਜਾ ਰਹੇ ਹਨ, ਇਸ ਦੌਰਾਨ ਦੋਵੇਂ ਜਨਤਕ ਥਾਵਾਂ ਤੇ ਵਹੀਕਲਾਂ ਤੇ ਆਉਣ ਵਾਲੇ ਆਮ ਲੋਕਾਂ ਨੂੰ ਟੈਕਸ ਵਸੂਲੀ ਕਰਨ ਵਾਲੇ ਵਿਅਕਤੀਆਂ ਪਾਸੋਂ ਜ਼ਲਾਲਤ ਵੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵਾਂ ਥਾਵਾਂ ਤੇ ਨਾ ਕੋਈ ਸਟੈਂਡ ਖੁੱਲੀ ਜਗ੍ਹਾ ਤੇ ਬਣਿਆ ਹੋਇਆ ਹੈ ਜਿੱਥੇ ਵਹੀਕਲ ਖੜ੍ਹੇ ਕੀਤੇ ਜਾ ਸਕਣ, ਬਾਵਜੂਦ ਇਸਦੇ ਵਹੀਕਲਾਂ ਦੀਆਂ ਪਰਚੀਆਂ ਕੱਟੀਆਂ ਜਾਂ ਰਹੀ ਹਨ। ਬੁਲਾਰਿਆਂ ਨੇ ਕਿਹਾ ਕਿ ਸਾਈਕਲ ਸਟੈਂਡ ਵਾਲੇ ਕਥਿਤ ਠੇਕੇਦਾਰ ਹਸਪਤਾਲ ਕਚਹਿਰੀ ਆਉਂਦੀਆਂ ਧੀਆਂ ਭੈਣਾਂ ਨਾਲ ਵੀ ਕਥਿਤ ਤੌਰ ਤੇ ਮਾੜਾ ਸਲੂਕ ਕਰਦੇ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਪੇਸ਼ ਆ ਰਹੀ ਉਕਤ ਮਾਮਲੇ ਵੱਲ ਧਿਆਨ ਦੇਣ ਨੂੰ ਯਕੀਨੀ ਬਣਾਉਣ , ਜੇਕਰ ਸਰਕਾਰ ਨੇ ਇਹਨਾਂ ਗੁੰਡਿਆਂ ਨੂੰ ਨੱਥ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਸਖ਼ਤ ਸੰਘਰਸ਼ ਕਰਾਂਗੇ। ਰੋਸ ਧਰਨੇ ਨੂੰ ਸੁਖਪਾਲ ਸਿੰਘ ਮਾਣਕ ਕਣਕਵਾਲ,ਪਾਲ ਸਿੰਘ ਦੌਲੇਵਾਲਾ,ਲਾਲੀ ਸਿੰਘ , ਅਜੈਬ ਸਿੰਘ ਜਖੇਪਲ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ, ਗਗਨਦੀਪ ਸਿੰਘ ਚੱਠਾ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ।

ਦਰਸ਼ਨ ਸਿੰਘ ਚੌਹਾਨ, ਸੁਨਾਮ :ਸੀਪੀਆਈ (ਐਮ ਐਲ) ਨੇ ਮਾਲਵਿੰਦਰ ਮਾਲੀ ਦੀ ਰਿਹਾਈ ਮੰਗੀ

ਸੀਪੀਆਈ (ਐਮ ਐਲ) ਨੇ ਮਾਲਵਿੰਦਰ ਮਾਲੀ ਦੀ ਰਿਹਾਈ ਮੰਗੀ

ਰਾਜ ਬਦਲੋ,ਸਮਾਜ ਬਦਲੋ ਦੇ ਨਾਅਰੇ ਹੇਠ ਕੀਤੀ ਕਾਨਫਰੰਸ

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੀ.ਪੀ.ਆਈ. ਐਮ.ਐਲ ਲਿਬਰੇਸ਼ਨ ਦੇ ਸੂਬਾ ਪੱਧਰੀ ਸੱਦੇ ਤਹਿਤ ਸੋਮਵਾਰ ਨੂੰ ਸੁਨਾਮ ਵਿਖੇ ਜ਼ਿਲ੍ਹਾ ਕਮੇਟੀ ਵੱਲੋਂ ਸ਼ਾਂਤੀ ਨਿਕੇਤਨ ਧਰਮਸ਼ਾਲਾ ਦੇ ਹਾਲ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ " ਰਾਜ ਬਦਲੋ , ਸਮਾਜ ਬਦਲੋ " ਦੇ ਨਾਅਰੇ ਹੇਠ ਭਰਵੀਂ ਕਾਨਫਰੰਸ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਮਨਜੀਤ ਕੌਰ ਆਲੋਅਰਖ, ਰਾਣੋ ਹਥਨ ,ਗੁਰਤੇਜ ਕੌਰ ਭਾਈ ਕੀ ਪਿਸ਼ੌਰ, ਧਰਮਪਾਲ ਸਿੰਘ ਸੁਨਾਮ ਅਤੇ ਨਾਥ ਸਿੰਘ ਛਾਜਲੀ ਨੇ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਸਿੰਘ ਖੋਖਰ ਨੇ ਨਿਭਾਈ। ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਇਨਕਲਾਬ ਅਤੇ ਬਦਲਾਅ ਦੇ ਨਾਅਰੇ ਹੇਠ ਸਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਵੇਂ ਸ਼ਹੀਦ ਭਗਤ ਸਿੰਘ ਅਤੇ ਗਰੀਬਾਂ ਦੇ ਮਸੀਹਾ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਸਰਕਾਰੀ ਦਫ਼ਤਰਾਂ ਵਿੱਚ ਲਗਾਈ ਗਈ ਪਰੰਤੂ ਸੱਚ ਬੋਲਣ ਵਾਲਿਆਂ ਅਤੇ ਲਿਖਣ ਵਾਲਿਆਂ ਤੇ ਝੂਠੇ ਕੇਸ ਦਰਜ਼ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਉਦਹਾਰਣ ਸਾਬਕਾ ਵਿਦਿਆਰਥੀ ਆਗੂ ਅਤੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਦਰਜ ਕੀਤੇ ਝੂਠੇ ਕੇਸ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੱਚ ਸੁਣਨ ਤੋਂ ਭੱਜ ਰਹੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਮਾਲੀ ਦੇ ਖਿਲਾਫ ਦਰਜ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਜਨਤਕ ਤੌਰ ਤੇ ਲੋਕ ਇਕੱਠੇ ਹੋ ਰਹੇ ਹਨ ਲੇਕਿਨ ਸਰਕਾਰ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਸ਼ਰਤ ਜਲਦ ਰਿਹਾਅ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਪਾਰਟੀ ਅਤੇ ਜਥੇਬੰਦੀ ਵੱਲੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਲੋਕ ਲਹਿਰ ਉਸਾਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ‌ਇਸ ਮੌਕੇ ਰਾਜਵਿੰਦਰ ਕੌਰ ਮਾਡਲ ਟਾਊਨ ,ਰਘਬੀਰ ਸਿੰਘ ਜਵੰਧਾ , ਕੁਲਵੰਤ ਸਿੰਘ ਛਾਜਲੀ, ਘਮੰਡ ਸਿੰਘ ਉਗਰਾਹਾਂ, ਸੰਘਾ ਸਿੰਘ, ਇੰਦਰਜੀਤ ਕੌਰ ਦਿਆਲਗੜ੍ਹ ਨੇ ਵੀ ਵਿਚਾਰ ਸਾਂਝੇ ਕੀਤੇ।

Sunday, September 29, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਰੋਇਲ ਗਲੋਬਲ ਸਕੂਲ ਖਿਆਲਾ ਕਲਾਂ ਨੂੰ 12ਵੀਂ ਤੱਕ ਦੀ ਮਿਲੀ ਮਾਨਤਾ,ਖੁਸ਼ੀ ਵਿੱਚ ਕਰਵਾਇਆ ਧਾਰਮਿਕ ਸਮਾਗਮ

ਰੋਇਲ ਗਲੋਬਲ ਸਕੂਲ ਖਿਆਲਾ ਕਲਾਂ ਨੂੰ 12ਵੀਂ ਤੱਕ ਦੀ ਮਿਲੀ ਮਾਨਤਾ,ਖੁਸ਼ੀ ਵਿੱਚ ਕਰਵਾਇਆ ਧਾਰਮਿਕ ਸਮਾਗਮ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਨੂੰ ਬਾਰ੍ਹਵੀਂ ਜਮਾਤ ਤੱਕ ਦੀ ਸੀ.ਬੀ.ਐੱਸ.ਈ. ਦੀ ਮਾਨਤਾ ਮਿਲਣ ਦੀ ਖ਼ੁਸ਼ੀ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ ਸਕੂਲ ਦੇ ਪਹਿਲੀ ਟਰਮ ਦੇ ਨਤੀਜੇ ਦੇਣ ਲਈ ਇੱਕ ਪੀ.ਟੀ.ਐੱਮ. ਕਰਵਾਈ। ਸਕੂਲ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਆਏ ਹੋਏ ਮਹਿਮਾਨਾਂ,ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਸਦਕਾ ਸਕੂਲ ਨੂੰ ਸੀ.ਬੀ.ਐੱਸ. ਈ. ਬੋਰਡ ਦੀ ਮਾਨਤਾ ਪ੍ਰਾਪਤ ਹੋਈ ਹੈ। ਉਹਨਾਂ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲ ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਇਸ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਸੀ.ਬੀ.ਐੱਸ. ਈ. ਬੋਰਡ ਦੀ ਮਾਨਤਾ ਬਾਰਵੀਂ ਜਮਾਤ ਤੱਕ ਪ੍ਰਾਪਤ ਕਰ ਲਈ ਹੈ। ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਅਤੇ ਸਾਡੇ ਰੀਤੀ ਰਿਵਾਜਾਂ ਤੋਂ ਜਾਣੂ ਕਰਵਾਉਣਾ ਵੀ ਸਕੂਲ ਦਾ ਕਰਤੱਵ ਹੈ ਇਸ ਨਾਲ ਵਿਦਿਆਰਥੀਆਂ ਵਿੱਚ ਸਕਾਰਾਤਮਿਕ ਸੋਚ ਦਾ ਵਿਕਾਸ ਹੁੰਦਾ ਹੈ। ਅਧਿਆਪਕਾਂ ਨੇ ਬਹੁਤ ਉਤਸਾਹ ਨਾਲ ਮਾਪਿਆਂ ਦਾ ਸਵਾਗਤ ਕੀਤਾ। ਇਸ ਸਮੇਂ ਸਮੂਹ ਸਟਾਫ਼, ਵਿਦਿਆਰਥੀ ਤੇ ਉਹਨਾਂ ਦੇ ਮਾਪੇ ਹਾਜ਼ਿਰ ਸਨ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਸਹਾਇਕ ਪ੍ਰੋਫ਼ੈਸਰਾਂ ਨੇ ਅਮਨ ਅਰੋੜਾ ਨੂੰ ਦਿੱਤਾ ਮੰਗ ਪੱਤਰ

ਸਹਾਇਕ ਪ੍ਰੋਫ਼ੈਸਰਾਂ ਨੇ ਅਮਨ ਅਰੋੜਾ ਨੂੰ ਦਿੱਤਾ ਮੰਗ ਪੱਤਰ 

ਕਿਹਾ ਰੁਜ਼ਗਾਰ ਸੁਰੱਖਿਅਤ ਕਰੇ ਸਰਕਾਰ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਰੁਜ਼ਗਾਰ ਸੁਰੱਖਿਅਤ ਕਰਨ ਦਾ ਵਾਅਦਾ ਚੇਤੇ ਕਰਾਉਂਦਿਆਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਦੇ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਠੇਕਾ ਅਧਾਰਿਤ ਸਹਾਇਕ ਪ੍ਰੋਫੈਸਰਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਸ਼ਾਮਿਲ ਮੈਂਬਰਾਂ ਨੇ ਕਿਹਾ ਕਿ ਮਗਰਲੀ ਸਰਕਾਰ ਦੇ ਰਾਜ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੌਜੂਦਾ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਸਾਡੇ ਧਰਨਿਆਂ ਵਿੱਚ ਸ਼ਿਰਕਤ ਕਰਕੇ ਸਰਕਾਰ ਬਣਨ ਉਪਰੰਤ ਮਸਲੇ ਹੱਲ ਕਰਨ ਦਾ ਭਰੋਸਾ ਦਿੰਦੇ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਦੇਣ ਪੁੱਜੇ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਠੇਕਾ ਅਧਾਰਿਤ ਸਹਾਇਕ ਪ੍ਰੋਫੈਸਰਾਂ ਡਾ. ਕੁਲਦੀਪ ਸਿੰਘ ਬਾਹੀਆ, ਡਾ.ਮੀਨਾਕਸ਼ੀ , ਡਾ. ਮਨਪ੍ਰੀਤ ਕੌਰ ਹਾਂਡਾ. ਡਾ. ਰਮਨਦੀਪ ਕੌਰ, ਪ੍ਰੋ. ਮੁਖਤਿਆਰ ਸਿੰਘ , ਪ੍ਰੋ ਅਸ਼ਵਨੀ ਗੋਇਲ , ਪ੍ਰੋ. ਸਿਮਰਨ ਕੌਰ ਅਤੇ ਪ੍ਰੋ. ਸੰਦੀਪ ਸਿੰਘ ਨੇ ਕਿਹਾ ਕਿ 1158 ਅਸਿਸਟੈਂਟ ਪ੍ਰੋਫ਼ੈਸਰਾਂ ਦੀ ਭਰਤੀ ਮਗਰਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਜਲਦਬਾਜ਼ੀ ਵਿੱਚ ਕੀਤੀ ਗਈ ਸੀ ਜਿਸ ਵਿੱਚ ਬਹੁਤ ਸਾਰੀਆਂ ਊਣਤਾਈਆਂ ਸਨ। ਉਨ੍ਹਾਂ ਕਿਹਾ ਕਿ ਉਸ ਵਕਤ ਯੂਨੀਅਨ ਦੇ ਮੈਂਬਰ ਅਮਨ ਅਰੋੜਾ , ਮੀਤ ਹੇਅਰ, ਹਰਪਾਲ ਸਿੰਘ ਚੀਮਾਂ , ਵਿਧਾਇਕ ਨਰਿੰਦਰ ਕੌਰ ਭਰਾਜ, ਹਰਜੋਤ ਸਿੰਘ ਬੈਂਸ , ਕੁਲਤਾਰ ਸਿੰਘ ਸੰਧਵਾਂ 1158 ਸਹਾਇਕ ਪ੍ਰੋਫੈਸਰਾਂ ਦੀ ਗੈਰ ਕਾਨੂੰਨੀ ਕੀਤੀ ਜਾ ਰਹੀ ਭਰਤੀ ਖ਼ਿਲਾਫ਼ ਵਿੱਢੇ ਸੰਘਰਸ਼ ਵਿੱਚ ਆਕੇ ਭਰੋਸਾ ਦਿਵਾਉਂਦੇ ਰਹੇ ਕਿ ਸਾਡੀ ਸਰਕਾਰ ਆਉਣ ਤੇ ਇਸ ਭਰਤੀ ਨੂੰ ਰੱਦ ਕਰਕੇ ਸਰਕਾਰੀ ਕਾਲਜ਼ਾਂ ਵਿੱਚ ਪਹਿਲਾਂ ਤੋਂ ਸੇਵਾਵਾਂ ਨਿਭਾਅ ਰਹੇ ਸਾਰੇ ਕੱਚੇ ਸਹਾਇਕ ਪ੍ਰੋਫੈਸਰਾਂ ਨੂੰ ਪੱਕੇ ਕਰਾਂਗੇ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਸੀ ਕੀ ਕੱਚਾ ਸ਼ਬਦ ਮੈਂ ਖਤਮ ਕਰ ਦੇਣਾ ਹੈ ਕੋਈ ਵੀ ਮੁਲਾਜ਼ਮ ਪੰਜਾਬ ਵਿੱਚ ਕੱਚਾ ਨਹੀਂ ਹੋਵੇਗਾ, ਪਰ ਹੁਣ ਸਰਕਾਰ ਨੇ ਉਸ ਕਥਿਤ ਜਾਅਲੀ ਭਾਰਤੀ ਦੀ ਹਮਾਇਤ ਕਰਕੇ ਮਾਣਯੋਗ ਅਦਾਲਤ ਦੇ ਆਏ ਫੈਸਲੇ ਨੂੰ ਉਨ੍ਹਾਂ ਨੂੰ ਰਾਤ ਸਮੇਂ ਸਟੇਸ਼ਨ ਅਲਾਟ ਕਰਕੇ ਪਹਿਲਾਂ ਤੋਂ ਸੇਵਾਵਾਂ ਨਿਭਾਅ ਰਹੇ ਪ੍ਰੋਫ਼ੇਸਰਾਂ ਦੇ ਭਵਿੱਖ ਉੱਤੇ ਤਲਵਾਰ ਲਟਕਾ ਦਿੱਤੀ ਹੈ। ਉਨ੍ਹਾਂ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਇਹ ਉਹ ਪ੍ਰੋਫ਼ੈਸਰ ਹਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਕੀਮਤੀ ਸਮਾਂ, ਅਤੇ ਘੱਟ ਤਨਖਾਹਾਂ ਲੈਕੇ ਸਰਕਾਰੀ ਕਾਲਜ਼ਾਂ ਦੀ ਹੋਂਦ ਨੂੰ ਬਚਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਸਹਾਇਕ ਪ੍ਰੋਫੈਸਰਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਰੱਖਣ ਲਈ ਧਿਆਨ ਕੇਂਦਰਿਤ ਕਰਨ ਨੂੰ ਯਕੀਨੀ ਬਣਾਵੇ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਤੇਗ ਬਹਾਦਰ ਨਗਰ ਹਰਿਆਉ ਵਿਖੇ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ

 ਤੇਗ ਬਹਾਦਰ ਨਗਰ ਹਰਿਆਉ ਵਿਖੇ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਤੇਗ ਬਹਾਦਰ ਨਗਰ ਹਰਿਆਉ ਵਾਸੀਆਂ ਦੀ ਸਰਪੰਚੀ ਅਤੇ ਪੰਚਾ ਲਈ ਸਰਬਸੰਮਤੀ ਬਣ ਗਈ ਹੈ, ਜਿਨਾ ਨੇ ਸਰਪੰਚ ਸਵਰਾਜ ਸਿੰਘ ਦੇ ਧਰਮ ਪਤਨੀ ਕੁਲਵਿੰਦਰ ਕੌਰ ਦੀ ਸਰਪੰਚੀ ਲਈ ਚੋਣ ਕਰ ਲਈ ਹੈ,ਓਥੇ ਨਾਲ ਹੀ ਹੋਰਨਾਂ ਪੰਚਾ ਦੀ ਚੋਣ ਵੀ ਸਰਬਸੰਮਤੀ ਨਾਲ ਕਰਕੇ ਰਿਕਾਰਡ ਕਾਇਮ ਕੀਤਾ ਹੈ।ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਲਖਵਿੰਦਰ ਸਿੰਘ ਜਵੰਧਾ,ਚੇਅਰਮੈਨ ਰਣਵੀਰ ਸਿੰਘ ਜਵੰਧਾ ਅਤੇ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਗਾਹਵਧੂ ਨੌਜਵਾਨ ਸਵਰਾਜ ਸਿੰਘ ਲਗਾਤਾਰ ਪਿਛਲੇ ਇਕ ਦਹਾਕੇ ਤੋਂ ਪਿੰਡ ਦੇ ਸਰਪੰਚ ਹਨ,ਜਿਨਾ ਨੂੰ ਪਿੰਡ ਵਾਸੀਆਂ ਨੇ ਤੀਜੀ ਵਾਰ ਸਰਪੰਚੀ ਲਈ ਮਾਣ ਬਖਸ਼ਿਆ ਹੈ,ਜਿੰਨਾ ਦੇ ਧਰਮ ਪਤਨੀ ਕੁਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ ਯਾਦਵਿੰਦਰ ਸਿੰਘ ਸਪੁੱਤਰ ਕੁਲਦੀਪ ਸਿੰਘ, ਨਾਜਰ ਸਿੰਘ ਸਪੁੱਤਰ ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸਪੁੱਤਰ ਗੁਰਬਚਨ ਸਿੰਘ,ਜਰਨੈਲ ਸਿੰਘ ਸਪੁੱਤਰ ਗੁਰਬਖਸ਼ ਸਿੰਘ,ਬੂਟਾ ਸਿੰਘ ਸਪੁੱਤਰ ਸੁੱਖਾ ਸਿੰਘ ਸਰਬਸੰਮਤੀ ਨਾਲ ਪੰਚ ਚੁਣੇ ਗਏ ਹਨ,ਜਿਸ ਨਾਲ ਇਲਾਕੇ ਭਰ ਦੇ ਪਿੰਡਾਂ 'ਚ ਇਕ ਚੰਗਾ ਸੁਨੇਹਾ ਗਿਆ ਹੈ ।ਇਸ ਮੌਕੇ ਸਵਰਾਜ ਸਿੰਘ ਦੇ ਧਰਮ ਪਤਨੀ ਸਰਪੰਚ ਕੁਲਵਿੰਦਰ ਕੌਰ ਅਤੇ ਹੋਰਨਾਂ ਸਰਬਸੰਮਤੀ ਨਾਲ ਚੁਣੇ ਪੰਚਾ ਨੇ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਓ ਵਿਖ਼ੇ ਜਤਿੰਦਰ ਚਹਿਲ ਨੇ ਸਰਪੰਚੀ ਲਈ ਤੇ ਚਮਕੌਰ ਸਿੰਘ ਨੇ ਪੰਚੀ ਖ਼ਾਤਰ ਮੰਗੀਆਂ ਘਰ-ਘਰ ਜਾ ਕੇ ਵੋਟਾਂ

ਸਮਾਓ ਵਿਖ਼ੇ ਜਤਿੰਦਰ ਚਹਿਲ ਨੇ ਸਰਪੰਚੀ ਲਈ ਤੇ ਚਮਕੌਰ ਸਿੰਘ ਨੇ ਪੰਚੀ ਖ਼ਾਤਰ ਮੰਗੀਆਂ ਘਰ-ਘਰ ਜਾ ਕੇ ਵੋਟਾਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪਿੰਡ ਸਮਾਓ ਵਿਖ਼ੇ ਵਾਰਡ ਨੰਬਰ ਦੇ 7 ਦੇ ਸਮੂਹ ਵਾਰਡ ਵਾਸੀਆ ਨੇ ਡਾ. ਜਤਿੰਦਰ ਚਹਿਲ ਦੇ ਹੱਕ ਵਿਚ ਨਿਤਰਦਿਆਂ ਡਾਕਟਰ ਨੂੰ ਸਰਪੰਚ ਬਣਾਉਣ ਲਈ ਮੁਹਿੰਮ ਨੂੰ ਤੇਜ਼ ਕਰਦਿਆਂ ਅਤੇ ਵਾਰਡ ਨੰਬਰ 7 ਲਈ ਚਮਕੌਰ ਸਿੰਘ ਸਾਬਕਾ ਪੰਚ 'ਤੇ ਭਰੋਸਾ ਜਤਾਇਆ ਹੈ। ਉਹਨਾਂ ਵੱਲੋਂ ਵਾਰਡ ਵਾਸੀਆ ਤੋਂ ਘਰ-ਘਰ ਪਹੁੰਚ ਕੇ ਵੋਟਾ ਮੰਗੀਆਂ ਜਾ ਰਹੀਆਂ ਹਨ।ਇਸ ਮੌਕੇ ਸੁਖਦੇਵ ਸਿੰਘ, ਮੀਹਾਂ ਚਹਿਲ,ਜਗਸੀਰ ਸਿੰਘ,ਸੰਦੀਪ ਸਿੰਘ,ਪਰਮਜੀਤ ਸਿੰਘ,ਕੇਵਲ ਸਿੰਘ,ਸੁਖਦੇਵ ,ਪਰਮਜੀਤ ਪੰਮਾ,ਜਗਸੀਰ ਗੰਢੂ, ਸੁਖਦੇਵ ਗੰਢੂ,ਗੁਰਪ੍ਰੀਤ ਸਿੰਘ,ਮੇਜਰ ਸਿੰਘ,ਗਮਦੂਰ ਸਿੰਘ, ਨਿਰਮਲ, ਬਲਦੇਵ ਸਿੰਘ, ਰਣ ਸਿੰਘ ਸਾਬਕਾ ਚੇਅਰਮੈਨ,ਪ੍ਰਗਟ ਸਾਬਕਾ ਪ੍ਰਧਾਨ ਦਰਸ਼ਨ ,ਮੱਖਣ ,ਕਮਲ ਚਹਿਲ ਸਾਬਕਾ ਪੰਚ ਸਮੂਹ ਵਾਰਡ ਵਾਸੀ ਹਾਜ਼ਰ ਸਨ।