Wednesday, October 2, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ 'ਚ ਅਗਰਸੈਨ ਜੈਅੰਤੀ ਸਮਾਗਮ ਤਿੰਨ ਨੂੰ

ਸੁਨਾਮ 'ਚ ਅਗਰਸੈਨ ਜੈਅੰਤੀ ਸਮਾਗਮ ਤਿੰਨ ਨੂੰ

ਦਰਸ਼ਨ ਸਿੰਘ ਚੌਹਾਨ,ਸੁਨਾਮ : ਯੁੱਗ ਪਰਵਰਤਿਕ ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਤਿੰਨ ਅਕਤੂਬਰ ਨੂੰ ਸੁਨਾਮ ਵਿਖੇ ਅਗਰਵਾਲ ਸਭਾ ਸੁਨਾਮ ਵੱਲੋਂ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਹਕੂਮਤ ਜਿੰਦਲ ਅਤੇ ਜੈਅੰਤੀ ਸਮਾਗਮ ਦੇ ਚੇਅਰਮੈਨ ਅਗਰ ਰਤਨ ਵੇਦ ਪ੍ਰਕਾਸ਼ ਹੋਡਲਾ ਨੇ ਦੱਸਿਆ ਕਿ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿੱਚ ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਸਮਾਗਮ ਆਯੋਜਿਤ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜੈਅੰਤੀ ਸਮਾਗਮ ਦੌਰਾਨ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਜੈਅੰਤੀ ਸਮਾਰੋਹ ਵਿੱਚ ਰਾਸ਼ਟਰੀ ਪ੍ਰਧਾਨ ਬਜਰੰਗ ਦਾਸ, ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਸਾਬਕਾ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ, ਅਸ਼ੋਕ ਸਿੰਗਲਾ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਅਤੇ ਹੋਰ ਪਤਵੰਤੇ ਸੱਜਣ ਪਹੁੰਚ ਰਹੇ ਹਨ । ਇਸ ਮੌਕੇ ਹੋਣਹਾਰ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਲਈ ਸਨਮਾਨ ਕੀਤਾ ਜਾਵੇਗਾ, ਇਸ ਤੋਂ ਇਲਾਵਾ ਸੰਸਕ੍ਰਿਤ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਜੈਅੰਤੀ ਸਮਾਰੋਹ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ , ਲੋਕਾਂ ਵਿੱਚ ਇਸ ਜੈਅੰਤੀ ਦੇ ਸੰਬੰਧ ਵਿੱਚ ਭਾਰੀ ਉਤਸਾਹ ਹੈ । ਇਸ ਮੌਕੇ ਕ੍ਰਿਸ਼ਨ ਸੰਦੋਹਾ, ਵੇਦ ਪ੍ਰਕਾਸ਼ ਹੋਡਲਾ, ਯਸ਼ਪਾਲ ਮੰਗਲਾ, ਰਾਜ ਕੁਮਾਰ, ਮਾਸਟਰ ਰਾਜੀਵ ਕੁਮਾਰ, ਯੋਗੇਸ਼ ਗਰਗ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।

Tuesday, October 1, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਬੀਰਬਲ ਸਿੰਘ ਬਣੇ ਦੀ ਚੀਮਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ

ਬੀਰਬਲ ਸਿੰਘ ਬਣੇ ਦੀ ਚੀਮਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ

ਜਗਤਾਰ ਸਿੰਘ ਬਾਬੇ ਕਾ ਮੀਤ ਪ੍ਰਧਾਨ ਤੇ ਬਹਾਦਰ ਸਿੰਘ ਚਹਿਲ ਬਣੇ ਜੂਨੀਅਰ ਮੀਤ ਪ੍ਰਧਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦੀ ਚੀਮਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚੀਮਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਕਮੇਟੀ ਦਾ ਪ੍ਰਧਾਨ ਬੀਰਬਲ ਸਿੰਘ ਨੂੰ ਚੁਣਿਆ ਗਿਆ ਜਦਕਿ ਮੀਤ ਪ੍ਰਧਾਨ ਜਗਤਾਰ ਸਿੰਘ ਬਾਬੇ ਕਾ ਤੇ ਜੂਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਚਹਿਲ ਚੁਣੇ ਗਏ।ਇਸ ਮੌਕੇ ਕਮੇਟੀ ਮੈਂਬਰ ਜਸਵੀਰ ਸਿੰਘ,ਮੇਜਰ ਸਿੰਘ,ਪਰਮਜੀਤ ਸਿੰਘ ਨਿੱਕਾ,ਦਰਸ਼ਨ ਸਿੰਘ, ਕੁਲਦੀਪ ਸਿੰਘ, ਗਿਆਨ ਸਿੰਘ,ਕਰਮਜੀਤ ਕੌਰ ਤੇ ਗੁਰਮੇਲ ਕੌਰ ਮੌਜੂਦ ਸਨ। ਇਸ ਮੌਕੇ ਸਭਾ ਦੇ ਸਕੱਤਰ ਸਤਿਗੁਰ ਸਿੰਘ, ਦਰਸ਼ਨ ਸਿੰਘ ਔਲਖ,ਹਰਦੇਵ ਸਿੰਘ ਸੋਹਲ,ਗੁਰਜੰਟ ਸਿੰਘ ਨੰਬਰਦਾਰ,ਜਗਰਾਜ ਸਿੰਘ ਨੰਬਰਦਾਰ,ਸਾਬਕਾ ਐਮਸੀ ਦਰਸ਼ਨ ਸਿੰਘ ਲਾਡੀ,ਚਮਕੌਰ ਸਿੰਘ ਜੋਗੇ ਕਾ ਤੇ ਗੱਗੀ ਸੰਧੂ ਵੀ ਮੌਜੂਦ ਸਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੱਛੋਆਣਾ ਦੇ ਵਿਦਿਆਰਥੀ ਹੀਰਾ ਦਾਸ ਨੇ ਜਵਾਹਰ ਨਵੋਦਿਆ ਪ੍ਰੀਖਿਆ ਕੀਤੀ ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਬੱਛੋਆਣਾ ਦੇ ਵਿਦਿਆਰਥੀ ਹੀਰਾ ਦਾਸ ਨੇ ਜਵਾਹਰ ਨਵੋਦਿਆ ਪ੍ਰੀਖਿਆ ਕੀਤੀ ਪਾਸ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੱਛੋਆਣਾ ਦੇ ਵਿਦਿਆਰਥੀ ਹੀਰਾ ਦਾਸ ਪੁੱਤਰ ਲਾਲ ਦਾਸ ਨੇ ਜਵਾਹਰ ਨਵੋਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਮੁਖੀ ਕੁਲਵਿੰਦਰ ਸਿੰਘ,ਜਮਾਤ ਦੇ ਇੰਚਾਰਜ ਅਧਿਆਪਕ ਗੁਰਮੇਲ ਸਿੰਘ ਮੱਖਣ ਤੇ ਸਮੁੱਚੇ ਸਟਾਫ ਦਾ ਮਾਣ ਵਧਾਇਆ ਹੈ।ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵਿਦਿਆਰਥੀ ਭਵਨਜੋਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਨਵੋਦਿਆ ਪ੍ਰੀਖਿਆ ਪਾਸ ਕਰਕੇ 6ਵੀਂ ਜਮਾਤ ਵਿੱਚ ਦਾਖਲਾ ਲਿਆ ਸੀ।ਇਸ ਤੋਂ ਬਾਅਦ ਹੁਣ ਉਹਨਾਂ ਦੇ ਸਕੂਲ ਦੇ ਇੱਕ ਹੋਰ ਵਿਦਿਆਰਥੀ ਹੀਰਾ ਦਾਸ ਨੇ ਇਹ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਉਹਨਾਂ ਇਸ ਪ੍ਰਾਪਤੀ 'ਤੇ ਜਮਾਤ ਦੇ ਇੰਚਾਰਜ ਅਧਿਆਪਕ ਗੁਰਮੇਲ ਸਿੰਘ ਮੱਖਣ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਪੰਚਾਇਤ ਚੋਣਾਂ : ਵਾਰਡਾਂ 'ਚੋਂ ਵੋਟਾਂ ਕੱਟਣ ਤੋਂ ਭੜਕੇ ਕਾਮਿਆਂ ਨੇ ਦਿੱਤਾ ਧਰਨਾ

ਪੰਚਾਇਤ ਚੋਣਾਂ : ਵਾਰਡਾਂ 'ਚੋਂ ਵੋਟਾਂ ਕੱਟਣ ਤੋਂ ਭੜਕੇ ਕਾਮਿਆਂ ਨੇ ਦਿੱਤਾ ਧਰਨਾ

ਦਰਸ਼ਨ ਸਿੰਘ ਚੌਹਾਨ,ਸੁਨਾਮ : ਪੰਚਾਇਤ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਸੁਨਾਮ ਬਲਾਕ ਦੇ ਪਿੰਡ ਨਮੋਲ, ਟਿੱਬੀ ਰਵਿਦਾਸ ਪੁਰਾ ਸਮੇਤ ਹੋਰਨਾਂ ਪੰਚਾਇਤਾਂ ਦੇ ਬਣਾਏ ਵਾਰਡਾਂ ਵਿਚੋਂ ਵੋਟਾਂ ਬਦਲ ਕੇ ਇਕ ਦੂਜੇ ਵਾਰਡ ਵਿਚ ਪਾ ਦੇਣ ਤੋਂ ਭੜਕੇ ਕਾਮਿਆਂ ਨੇ ਮੰਗਲਵਾਰ ਨੂੰ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਦੇਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਲਿਤ ਭਾਈਚਾਰੇ ਨਾਲ ਸਬੰਧਿਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕੇਵਲ ਸਿੰਘ , ਡੈਮੋਕਰੇਟਿਕ ਮਨਰੇਗਾ ਫਰੰਟ ਦੀ ਹਰਪਾਲ ਕੌਰ ਅਤੇ ਸੋਮਾ ਰਾਣੀ ਨੇ ਕਿਹਾ ਕਿ ਇੱਕ ਪਾਸੇ ਤਾਂ ਇੱਥੋਂ ਦਾ ਲੋਕਤੰਤਰ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਦੂਜੇ ਪਾਸੇ ਐਸ ਸੀ ਪਰਿਵਾਰਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਸਿਆਸੀ ਪਾਰਟੀਆਂ ਵੱਲੋਂ ਦਬਾਅ ਪਾਕੇ ਖੋਹਿਆ ਜਾ ਰਿਹਾ ਹੈ। ਭਾਰਤੀ ਸੰਵਿਧਾਨ ਮੁਤਾਬਿਕ ਹਰ ਇੱਕ ਵਿਅਕਤੀ ਨੂੰ ਆਪਣਾ ਵੋਟ ਪਾਉਣ ਅਤੇ ਉਮੀਦਵਾਰ ਚੁਣਨ ਦਾ ਪੂਰਾ ਅਧਿਕਾਰ ਹੈ ਪਰ ਪ੍ਰਸ਼ਾਸਨ ਅਤੇ ਇੱਥੋਂ ਦੀ ਆਮ ਆਦਮੀ ਪਾਰਟੀ ਦੀ ਕਥਿਤ ਮਿਲੀ ਭੁਗਤ ਹੋਣ ਕਰਕੇ ਪਿੰਡ ਨਮੋਲ ਅਤੇ ਰਵਿਦਾਸ ਪੁਰਾ ਟਿੱਬੀ ਵਿੱਚ ਮਜ਼ਦੂਰਾਂ ਦੀਆਂ ਵੋਟਾਂ ਉਨ੍ਹਾਂ ਦੇ ਵਾਰਡਾਂ ਵਿੱਚੋਂ ਕੱਟ ਕੇ ਵੱਖਰੇ ਵਾਰਡਾਂ ਵਿੱਚ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਸ਼ਹਿ ਤੇ ਅਜਿਹਾ ਵਰਤਾਰਾ ਮਜ਼ਦੂਰਾਂ ਨਾਲ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਅਧਿਕਾਰੀਆਂ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਡੈਮੋਕਰੇਟਿਕ ਮਨਰੇਗਾ ਫਰੰਟ ਦੇ ਗੁਰਸੇਵਕ ਧਰਮਗੜ੍ਹ ਸਿੰਘ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਵਿਚ ਹਰ ਇੱਕ ਵਿਅਕਤੀ ਨੂੰ ਵੋਟ ਪਾਉਣ ਅਤੇ ਆਪਣਾ ਨੁਮਾਇੰਦਾ ਚੁਣਨ ਦਾ ਜਮਹੂਰੀ ਹੱਕ ਮਿਲਣਾ ਚਾਹੀਦਾ ਹੈ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਬੀਡੀਪੀਓ ਸੁਨਾਮ ਸੰਜੀਵ ਕੁਮਾਰ ਵੱਲੋਂ ਦੋ ਦਿਨਾਂ ਦੇ ਅੰਦਰ ਮਸਲਾ ਹੱਲ ਦਾ ਭਰੋਸਾ ਦਿੱਤਾ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਜੋਗਿੰਦਰ ਉਗਰਾਹਾਂ ਨੇ ਸਹਾਇਕ ਪ੍ਰੋਫੈਸਰਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ

ਜੋਗਿੰਦਰ ਉਗਰਾਹਾਂ ਨੇ ਸਹਾਇਕ ਪ੍ਰੋਫੈਸਰਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ 

ਕਿਹਾ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਨਾਲ ਧੱਕਾ ਬਰਦਾਸ਼ਤ ਨਹੀਂ : ਉਗਰਾਹਾਂ  

ਦਰਸ਼ਨ ਸਿੰਘ ਚੌਹਾਨ,ਸੁਨਾਮ : ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ 1158 ਨਵੇਂ ਸਹਾਇਕ ਪ੍ਰੋਫੈਸਰਾਂ ਦੀ ਕੀਤੀ ਜਾ ਰਹੀ ਤੈਨਾਤੀ ਕਾਰਨ ਰੁਜ਼ਗਾਰ ਖੁੱਸਣ ਦੇ ਡਰੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੇ ਸੱਦੇ ' ਤਹਿਤ ਮੰਗਲਵਾਰ ਨੂੰ ਸਮੂਹਿਕ ਛੁੱਟੀ ਲੈਕੇ ਮੁੱਖ ਗੇਟ ਤੇ ਧਰਨਾ ਦੇਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਉਨ੍ਹਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਰੱਖਣ ਦੀ ਗਾਰੰਟੀ ਦਾ ਐਲਾਨ ਕਰੇ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਨੇ ਕਦੇ ਵੀ ਲੋਕ ਪੱਖੀ ਫ਼ੈਸਲੇ ਨਹੀਂ ਕੀਤੇ , ਇੱਕ ਦੇ ਹੱਕ ਵਿੱਚ ਕਰਕੇ ਦੂਜੇ ਨੂੰ ਪ੍ਰੇਸ਼ਾਨੀ ਵਿੱਚ ਪਾਇਆ ਜਾ ਰਿਹਾ ਹੈ। ਅਜਿਹਾ ਵਰਤਾਰਾ ਮੌਜੂਦਾ ਸਮੇਂ ਸਾਹਮਣੇ ਆ ਰਿਹਾ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਹੱਕ ਲੈਣ ਲਈ ਵਿਉਂਤਬੰਦੀ ਨਾਲ ਸੰਘਰਸ਼ ਲੜਣੇ ਪੈਂਦੇ ਹਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਹਾਇਕ ਪ੍ਰੋਫੈਸਰਾਂ ਦੇ ਹੱਕ ਵਿੱਚ ਵੱਡੀ ਲੜਾਈ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ। ਕਿਸੇ  ਇੱਕ ਵੀ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ  ਦੀ ਨੌਕਰੀ ਨਹੀਂ ਜਾਣ ਦੇਵਾਂਗੇ। ਗੈਸਟ ਫੈਕਲਟੀ ਯੂਨੀਅਨ ਦੇ ਆਗੂਆਂ ਕੁਲਦੀਪ ਸਿੰਘ ਬਾਹੀਆ,  ਰਮਨਦੀਪ ਸਿੰਘ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ,  ਮੌਜੂਦਾ ਸਰਕਾਰ ਵਿੱਚ ਮੰਤਰੀ ਅਤੇ ਵਿਧਾਇਕ  ਕੁੱਝ ਸਾਲ ਪਹਿਲਾਂ ਤੱਕ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਪੱਕੀ ਨੌਕਰੀ ਲਈ ਹਮਾਇਤ ਕਰਦੇ ਆਏ ਹਨ ਅਤੇ ਅੱਜ ਜਦੋਂ ਇਹ ਖੁਦ ਸਰਕਾਰ ਵਿੱਚ ਆਏ ਹਨ ਤਾਂ ਦਹਾਕਿਆਂ ਤੋਂ ਨਿਗੂਣੀਆਂ ਤਨਖਾਹਾਂ ਤੇ ਕਾਰਜਸ਼ੀਲ ਮੁਲਾਜ਼ਮਾਂ ਦੇ ਪਰਿਵਾਰਾਂ ਤੇ ਖਤਰੇ ਦੀ ਤਲਵਾਰ ਲਟਕਾ ਦਿੱਤੀ ਹੈ। ਇਸ ਮੌਕੇ ਕਿਸਾਨ ਆਗੂ ਜਨਕ ਸਿੰਘ ਭੁਟਾਲ , ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸਹਾਇਕ ਪ੍ਰੋਫੈਸਰ ਚਮਕੌਰ ਸਿੰਘ, ਧਰਮਿੰਦਰ ਸਿੰਘ, ਰਾਜਬੀਰ ਕੌਰ, ਪ੍ਰਭਜੀਤ ਕੌਰ ਭਰੂਰ, ਪਰਮਿੰਦਰ ਕੌਰ ਧਾਲੀਵਾਲ, ਮਨਪ੍ਰੀਤ ਕੌਰ ਹਾਂਡਾ, ਮੁਨੀਤਾ ਜੋਸ਼ੀ ਸਮੇਤ ਹੋਰ ਮੈਂਬਰ ਹਾਜ਼ਰ ਸਨ।

Monday, September 30, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਕਿਯੂ ਏਕਤਾ (ਉਗਰਾਹਾਂ) ਸਰਕਾਰੀ ਕਾਲਜਾਂ 'ਚ ਗੈਸਟ ਫੈਕਲਟੀ ਅਧਿਆਪਕਾਂ ਦੇ ਹੱਕ ਚ ਆਈ

ਭਾਕਿਯੂ ਏਕਤਾ (ਉਗਰਾਹਾਂ)  ਸਰਕਾਰੀ ਕਾਲਜਾਂ 'ਚ ਗੈਸਟ ਫੈਕਲਟੀ ਅਧਿਆਪਕਾਂ ਦੇ ਹੱਕ ਚ ਆਈ

ਰੁਜ਼ਗਾਰ ਉਜਾੜੇ ਦੀ ਹਾਲਤ ਵਿੱਚ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਅਧਿਆਪਕਾਂ ਦੇ ਸੰਘਰਸ਼ ਵਿੱਚ ਡਟਵਾਂ ਸਾਥ ਦੇਣ ਦਾ ਐਲਾਨ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸਰਕਾਰੀ ਕਾਲਜਾਂ ਅੰਦਰ ਕਈ ਕਈ ਵਰ੍ਹਿਆਂ ਤੋਂ ਕੰਮ ਕਰਦੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਨੌਕਰੀਆਂ 'ਤੇ ਬਣੀ ਸੰਕਟਮਈ ਹਾਲਤ ਲਈ ਪੰਜਾਬ ਸਰਕਾਰ ਦੀ ਪੁਹੰਚ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਸੰਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ 1158 ਅਧਿਆਪਕਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਦਾ ਅਮਲ ਅੱਗੇ ਤੁਰਨ ਨਾਲ ਸਰਕਾਰੀ ਕਾਲਜਾਂ ਵਿੱਚ ਬਹੁਤ ਘੱਟ ਤਨਖਾਹਾਂ 'ਤੇ ਵਰ੍ਹਿਆਂ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਨੌਕਰੀਆਂ 'ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਜੋ ਇਹਨਾਂ ਅਧਿਆਪਕਾਂ ਨਾਲ ਘੋਰ ਬੇਇਨਸਾਫੀ ਬਣਦੀ ਹੈ, ਜਿਨ੍ਹਾਂ ਨੇ ਰੈਗੂਲਰ ਭਰਤੀ ਨਾ ਕਰਨ ਦੀ ਹਾਲਤ ਵਿੱਚ ਅਧਿਆਪਕਾਂ ਖੁਣੋਂ ਖਾਲੀ ਹੋ ਰਹੇ ਸਰਕਾਰੀ ਕਾਲਜਾਂ ਨੂੰ ਦਹਾਕਿਆਂ ਤੋਂ ਸੰਭਾਲਿਆ ਹੈ ਅਤੇ ਨਿਗੂਣੀਆਂ ਉਜਰਤਾਂ 'ਤੇ ਬਕਾਇਦਾ ਅਧਿਆਪਕਾਂ ਵਾਲਾ ਰੋਲ ਅਦਾ ਕੀਤਾ ਹੈ। ਇਨ੍ਹਾਂ ਅਧਿਆਪਕਾਂ ਨੇ ਆਪਣੇ ਜ਼ਿੰਦਗੀ ਦੇ ਕੀਮਤੀ ਸਾਲ ਇਹਨਾਂ ਸਰਕਾਰੀ ਸਿੱਖਿਆ ਸੰਸਥਾਵਾਂ ਦੀ ਹੋਂਦ ਬਚਾਈ ਰੱਖਣ ਵਿੱਚ ਗੁਜ਼ਾਰੇ ਹਨ, ਜਿਨ੍ਹਾਂ ਨੂੰ ਸਰਕਾਰਾਂ ਨਿੱਜੀਕਰਨ ਦੀ ਸਾਮਰਾਜੀ ਨੀਤੀ ਤਹਿਤ ਉਜਾੜਨ 'ਤੇ ਤੁਲੀਆਂ ਹੋਈਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਮਾਨ ਸਰਕਾਰ ਨੂੰ 1158 ਅਧਿਆਪਕਾਂ ਦੀ ਭਰਤੀ ਦਾ ਅਮਲ ਸਿਰੇ ਚਾੜ੍ਹਨ ਦੇ ਨਾਲ ਨਾਲ ਗੈਸਟ ਫੈਕਲਟੀ ਅਧਿਆਪਕਾਂ ਨੂੰ ਵੀ ਇਹਨਾਂ ਕਾਲਜਾਂ ਦੀਆਂ ਬਾਕੀ ਖਾਲੀ ਪਈਆਂ ਪੋਸਟਾਂ 'ਤੇ ਰੈਗੂਲਰ ਅਧਿਆਪਕਾਂ ਵਜੋਂ ਨਿਯੁਕਤ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਬਕਾਇਦਾ ਯੋਗਤਾ ਸ਼ਰਤਾਂ ਪੂਰੀਆਂ ਨਾ ਕਰਦੇ ਕੁੱਝ ਹਿੱਸਿਆਂ ਨੂੰ ਯੋਗਤਾ ਵਧਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਨਵੀਆਂ ਅਸਾਮੀਆਂ ਦੀ ਹੋਰ ਕਾਫ਼ੀ ਜ਼ਰੂਰਤ ਹੈ, ਜਿਹੜੀਆਂ ਤੁਰੰਤ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਅਸਾਮੀਆਂ 'ਤੇ ਵੀ ਉੱਚ ਵਿੱਦਿਆ ਪ੍ਰਾਪਤ ਨੌਜਵਾਨਾਂ ਨੂੰ ਰੈਗੂਲਰ ਤੈਨਾਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਦੀ ਲਾਗੂ ਕੀਤੀ ਜਾ ਰਹੀ ਨੀਤੀ ਦਾ ਤਿਆਗ ਕਰਕੇ ਸਿੱਖਿਆ ਖੇਤਰ ਅੰਦਰ ਸਰਕਾਰ ਦੀ ਬਣਦੀ ਜ਼ਿੰਮੇਵਾਰੀ ਅਦਾ ਕਰੇ। ਵਿਸ਼ੇਸ਼ ਕਰਕੇ ਸਰਕਾਰੀ ਬੇਰੁਖੀ ਦਾ ਸ਼ਿਕਾਰ ਤੁਰੇ ਆ ਰਹੇ ਉੱਚ ਸਿੱਖਿਆ ਖੇਤਰ ਦੀ ਸਾਰ ਲਵੇ। ਉਹਨਾਂ ਮੰਗ ਕੀਤੀ ਕਿ ਵਧੀਆਂ ਹੋਈਆਂ ਸਿੱਖਿਆ ਲੋੜਾਂ ਅਨੁਸਾਰ ਸਰਕਾਰੀ ਕਾਲਜਾਂ ਅੰਦਰ ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ ਤੇ ਇਸ ਮਕਸਦ ਲਈ ਕਾਲਜਾਂ/ਯੂਨੀਵਰਸਿਟੀਆਂ ਦੇ ਫੰਡਾਂ ਤੇ ਗਰਾਂਟਾਂ 'ਚ ਭਾਰੀ ਵਾਧਾ ਕੀਤਾ ਜਾਵੇ।ਉਹਨਾਂ ਕਿਹਾ ਕਿ ਗੈਸਟ ਫੈਕਲਟੀ ਅਧਿਆਪਕਾਂ ਦੇ ਰੁਜ਼ਗਾਰ ਉਜਾੜੇ ਦੀ ਹਾਲਤ ਵਿੱਚ ਜਥੇਬੰਦੀ ਉਹਨਾਂ ਦੇ ਸੰਘਰਸ਼ ਦਾ ਡਟ ਕੇ ਸਾਥ ਦੇਵੇਗੀ ਅਤੇ ਅਜਿਹੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।


ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਕਿਯੂ ਉਗਰਾਹਾਂ ਨੇ ਕਚਹਿਰੀ ਤੇ ਹਸਪਤਾਲ ਵਿਚ ਦਾਖਲੇ ਦੀ ਗੁੰਡਾ ਪਰਚੀ ਖ਼ਿਲਾਫ਼ ਦਿੱਤਾ ਧਰਨਾ

ਭਾਕਿਯੂ ਉਗਰਾਹਾਂ ਨੇ ਕਚਹਿਰੀ ਤੇ ਹਸਪਤਾਲ ਵਿਚ ਦਾਖਲੇ ਦੀ ਗੁੰਡਾ ਪਰਚੀ ਖ਼ਿਲਾਫ਼ ਦਿੱਤਾ ਧਰਨਾ 

ਕਿਹਾ ਪ੍ਰਸ਼ਾਸਨ ਦੇ ਨੱਕ ਹੇਠ ਲੋਕਾਂ ਨੂੰ ਕੀਤਾ ਜਾ ਰਿਹਾ ਜ਼ਲੀਲ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ ਦੀਆਂ ਕਚਹਿਰੀਆਂ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਅੰਦਰ ਦਾਖ਼ਲੇ ਸਮੇਂ ਵਸੂਲੇ ਜਾ ਰਹੇ ਕਥਿਤ ਗੁੰਡਾ ਟੈਕਸ ਦੇ ਖਿਲਾਫ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਸੁਨਾਮ ਦੀਆਂ ਕਚਹਿਰੀਆਂ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਨੱਕ ਹੇਠ ਚੱਲ ਰਹੇ ਵਰਤਾਰੇ ਤੋਂ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਇਲਾਵਾ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਰਾਮ ਸ਼ਰਨ ਸਿੰਘ ਉਗਰਾਹਾਂ ਨੇ ਕਿਹਾ ਕਿ ਸੁਨਾਮ ਦੀਆਂ ਕਚਹਿਰੀਆਂ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿੱਚ ਸ਼ਰੇਆਮ ਗੁੰਡਾ ਟੈਕਸ ਵਸੂਲੇ ਜਾ ਰਹੇ ਹਨ, ਇਸ ਦੌਰਾਨ ਦੋਵੇਂ ਜਨਤਕ ਥਾਵਾਂ ਤੇ ਵਹੀਕਲਾਂ ਤੇ ਆਉਣ ਵਾਲੇ ਆਮ ਲੋਕਾਂ ਨੂੰ ਟੈਕਸ ਵਸੂਲੀ ਕਰਨ ਵਾਲੇ ਵਿਅਕਤੀਆਂ ਪਾਸੋਂ ਜ਼ਲਾਲਤ ਵੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵਾਂ ਥਾਵਾਂ ਤੇ ਨਾ ਕੋਈ ਸਟੈਂਡ ਖੁੱਲੀ ਜਗ੍ਹਾ ਤੇ ਬਣਿਆ ਹੋਇਆ ਹੈ ਜਿੱਥੇ ਵਹੀਕਲ ਖੜ੍ਹੇ ਕੀਤੇ ਜਾ ਸਕਣ, ਬਾਵਜੂਦ ਇਸਦੇ ਵਹੀਕਲਾਂ ਦੀਆਂ ਪਰਚੀਆਂ ਕੱਟੀਆਂ ਜਾਂ ਰਹੀ ਹਨ। ਬੁਲਾਰਿਆਂ ਨੇ ਕਿਹਾ ਕਿ ਸਾਈਕਲ ਸਟੈਂਡ ਵਾਲੇ ਕਥਿਤ ਠੇਕੇਦਾਰ ਹਸਪਤਾਲ ਕਚਹਿਰੀ ਆਉਂਦੀਆਂ ਧੀਆਂ ਭੈਣਾਂ ਨਾਲ ਵੀ ਕਥਿਤ ਤੌਰ ਤੇ ਮਾੜਾ ਸਲੂਕ ਕਰਦੇ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਪੇਸ਼ ਆ ਰਹੀ ਉਕਤ ਮਾਮਲੇ ਵੱਲ ਧਿਆਨ ਦੇਣ ਨੂੰ ਯਕੀਨੀ ਬਣਾਉਣ , ਜੇਕਰ ਸਰਕਾਰ ਨੇ ਇਹਨਾਂ ਗੁੰਡਿਆਂ ਨੂੰ ਨੱਥ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਸਖ਼ਤ ਸੰਘਰਸ਼ ਕਰਾਂਗੇ। ਰੋਸ ਧਰਨੇ ਨੂੰ ਸੁਖਪਾਲ ਸਿੰਘ ਮਾਣਕ ਕਣਕਵਾਲ,ਪਾਲ ਸਿੰਘ ਦੌਲੇਵਾਲਾ,ਲਾਲੀ ਸਿੰਘ , ਅਜੈਬ ਸਿੰਘ ਜਖੇਪਲ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ, ਗਗਨਦੀਪ ਸਿੰਘ ਚੱਠਾ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ।