ਰੌਇਲ ਕਾਲਜ ਵਿਖੇ ਮਹਿਲਾ ਸ਼ੋਸ਼ਣ ਵਿਰੋਧੀ ਸੈਲ ਵੱਲੋਂ ਸਵੈ-ਸੁਰੱਖਿਆ ਵਰਕਸ਼ਾਪ ਕਰਵਾਈ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਮਹਿਲਾ ਸ਼ੋਸ਼ਣ ਵਿਰੋਧੀ ਸੈੱਲ,ਮਹਿਲਾ ਸਸ਼ਕਤੀਕਰਨ ਵਿੰਗ 'ਕਾਨੂੰਨੀ ਜਾਗਰੂਕਤਾ ਸੈੱਲ' ਦੇ ਸਹਿਯੋਗ ਨਾਲ ਧੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਹਨਾਂ ਦੇ ਆਤਮ-ਸੁਰੱਖਿਆ,ਸਵੈ-ਮਾਣ ਦੀ ਰਾਖੀ ਲਈ ਸਾਂਝੇ ਉੱਦਮ ਵਜੋਂ ਵਿਦਿਆਰਥਣਾਂ ਲਈ ਸਵੈ-ਸੁਰੱਖਿਆ ਵਰਕਸ਼ਾਪ ਕਰਵਾਈ। ਇਸ ਦੌਰਾਨ ਸੈਲਫ ਡਿਫੈਂਸ ਕੋਚ ਸੀਮਾ ਨੇ ਵਿਦਿਆਰਥਣਾਂ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਨੂੰ ਵੀ ਉਸਦੇ ਸਰੀਰਕ ਪਰਿਵਰਤਨ,ਮਨੋਵਿਗਿਆਨਿਕ ਪੱਧਰ ਅਤੇ ਸੰਤੁਲਿਤ ਖੁਰਾਕ ਵੱਲ ਧਿਆਨ ਦੇਣ ਦੀ ਲੋੜ ਹੈ,ਜਿਸ ਦੇ ਨਾਲ ਉਹ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣਗੀਆਂ ਅਤੇ ਨਾਲ ਹੀ ਬਿਨਾਂ ਕਿਸੇ ਡਰ ਤੋਂ ਆਤਮ-ਸੁਰੱਖਿਆ ਤੇ ਸਵੈਮਾਣ ਨਾਲ ਆਪਣੀ ਜ਼ਿੰਦਗੀ ਜਿਉ ਸਕਣ। ਮਿਸ ਸੀਮਾ ਨੇ ਵਿਦਿਆਰਥਣਾਂ ਨੂੰ ਸਵੈ- ਸੁਰੱਖਿਆ ਦੀਆਂ ਵੱਖ ਵੱਖ ਤਕਨੀਕਾਂ ਦੀ ਜਾਣਕਾਰੀ ਦਿੱਤੀ,ਉਨ੍ਹਾਂ ਸਵੈ ਸੁਰੱਖਿਆ ਦੀਆਂ ਵੱਖ-ਵੱਖ ਜੁਗਤਾਂ ਨੂੰ ਵਿਦਿਆਰਥਣਾਂ ਸਾਹਮਣੇ ਪ੍ਰਦਰਸ਼ਿਤ ਕੀਤਾ। ਉਹਨਾਂ ਨੇ ਜਨਤਕ ਮਾਹੌਲ ਵਿੱਚ ਸੁਚੇਤ ਹੋ ਕੇ ਰਹਿਣ, ਵਿਚਰਣ ਅਤੇ ਵੱਖੋ - ਵੱਖ ਭੂਮਿਕਾ ਨਿਭਾਉਂਦੇ ਸਮੇਂ ਖ਼ੁਦ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ, ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 'ਮਹਿਲਾ ਸ਼ੋਸ਼ਣ ਵਿਰੋਧੀ' ਸੈੱਲ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਨੇ ਅਜੋਕੇ ਸਮੇਂ ਵਿੱਚ ਵੱਧ ਰਹੀਆਂ ਵਾਰਦਾਤਾਂ ,ਨਸ਼ਿਆਂ ਦਾ ਵਗ ਰਿਹਾ ਦਰਿਆ, ਕੇਵਲ ਖਾਨਦਾਨ ਨੂੰ ਵਧਾਉਣ ਵਾਲੇ ਵਾਰਿਸ ਦੀ ਇੱਛਾ, ਵਿੱਚ ਧੀ ਆਪਣਾ ਬਣਦਾ ਹੱਕ ਪਾਉਣ ਵਿੱਚ ਕਿਤੇ ਨਾ ਕਿਤੇ ਪਛੜ ਰਹੀ ਹੈ। 'ਲੀਗਲ ਲਿਟਰੇਸੀ' ਕਲੱਬ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਸਿਮਰਨਜੀਤ ਕੌਰ ਨੇ ਕਿਹਾ ਕਿ ਭਾਵੇਂ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਪਹੁੰਚ ਗਏ ਹਾਂ ਪਰ ਧੀਆਂ ਦੀ ਹੋ ਰਹੀ ਦੁਰਦਸ਼ਾ ਵਿੱਚ ਉਹਨਾਂ ਨੂੰ ਆਪਣੀ ਆਤਮ - ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਅਜਿਹੇ ਪ੍ਰੋਗਰਾਮ ਲਾਹੇਵੰਦ ਸਾਬਿਤ ਹੋਣਗੇ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਅਤੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਆਤਮ-ਵਿਸ਼ਵਾਸ ਵਧਾਉਣ ਵਾਲੇ ਇਸ ਪ੍ਰੋਗਰਾਮ ਨੂੰ ਉਲੀਕਣ ਵਾਲੇ ਅਜਿਹੇ ਪ੍ਰੋਗਰਾਮ ਕਰਵਾਉਣ ਸਬੰਧੀ ਪ੍ਰੇਰਦਿਆਂ ਸੈਲਫ ਡਿਫੈਂਸ ਕੋਚ ਸੀਮਾ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਭੇਂਟ ਕੀਤਾ।ਇਸ ਮੌਕੇ ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੈਲਫ ਡਿਫੈਂਸ ਖਾਸ ਕਰਕੇ ਵਿਦਿਆਰਥਣਾਂ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ,ਜਿਸ ਨਾਲ ਵਿਦਿਆਰਥਣਾਂ ਆਪਣੇ ਅਤੇ ਆਪਣੀ ਪਰਿਵਾਰ ਦੀ ਸੁਰੱਖਿਆ ਕਰਨ ਦੇ ਯੋਗ ਬਣਨਗੀਆਂ।



.jpeg)


