Saturday, October 12, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਹੀਰੋਂ ਖੁਰਦ ਤੋਂ ਸਰਪੰਚੀ ਦੇ ਉਮੀਦਵਾਰ ਬੱਬੀ ਤੇ ਸਮਰਥਕਾਂ ਨੇ ਵੱਡੇ ਇਕੱਠ ਨਾਲ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਹੀਰੋਂ ਖੁਰਦ ਤੋਂ ਸਰਪੰਚੀ ਦੇ ਉਮੀਦਵਾਰ ਬੱਬੀ ਤੇ ਸਮਰਥਕਾਂ ਨੇ ਵੱਡੇ ਇਕੱਠ ਨਾਲ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜਿਉਂ-ਜਿਉਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ-ਤਿਉਂ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਭਖਾਇਆ ਜਾ ਰਿਹਾ ਹੈ।ਇਸੇ ਲੜੀ ਤਹਿਤ ਪਿੰਡ ਹੀਰੋਂ ਖੁਰਦ ਵਿਖੇ ਸਰਪੰਚੀ ਲਈ ਚੋਣ ਲੜ ਰਹੇ ਉਮੀਦਵਾਰ ਭੁਪਿੰਦਰ ਸਿੰਘ ਬੱਬੀ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਪੂਰੇ ਪਿੰਡ ਵਿੱਚ ਘਰ-ਘਰ ਜਾ ਕੇ ਬੱਬੀ ਲਈ ਸਰਪੰਚੀ ਦੀਆਂ ਵੋਟਾਂ ਮੰਗੀਆਂ।ਇਸ ਮੌਕੇ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਬੱਬੀ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਪੰਚਾਇਤ ਵਿੱਚ ਕਾਫੀ ਸਾਲਾਂ ਦਾ ਤਜ਼ਰਬਾ ਹੈ ਜਿਸ ਕਰਕੇ ਉਹ ਜਾਣਦੇ ਹਨ ਕਿ ਪਿੰਡ ਦੀਆਂ ਕੀ ਸਮੱਸਿਆਵਾਂ ਹਨ ਜਿਹਨਾਂ ਨੂੰ ਹੱਲ ਕਰਨ ਲਈ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਰਾਏ ਨਾਲ ਰਹਿੰਦੇ ਕਾਰਜਾਂ ਨੂੰ ਨੇਪਰੇ ਚੜਾਉਣਗੇ। ਉਹਨਾਂ ਕਿਹਾ ਕਿ ਸਿਹਤ ਸਹੂਲਤਾਂ ਅਤੇ ਸਿੱਖਿਆ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕਰਨ ਲਈ ਉਨਾਂ ਵੱਲੋਂ ਪਹਿਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਸਕੂਲ ਵਿੱਚ ਪੜ੍ਹਾਈ ਦਾ ਮਾਹੌਲ ਨਹੀਂ ਬਣ ਰਿਹਾ ਜਿਸ ਨੂੰ ਉਹ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।ਪਿੰਡ ਵਿੱਚ ਸਿਹਤ ਸਹੂਲਤਾਂ ਲਈ ਵਿਸ਼ੇਸ਼ ਡਿਸਪੈਂਸਰੀ ਦਾ ਪ੍ਰਬੰਧ ਕੀਤਾ ਜਾਵੇਗਾ। ਬੱਬੀ ਨੇ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਵਰਗ ਨੂੰ ਆਉਣ ਵਾਲੀ ਸਮੱਸਿਆ ਦੇ ਹੱਲ ਲਈ ਉਹ ਹਮੇਸ਼ਾ ਤਤਪਰ ਰਹਿਣਗੇ।ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਵੀ ਮੌਜੂਦ ਸਨ।

Thursday, October 10, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਰਸ ਤਹਿਤ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 22 ਅਕਤੂਬਰ ਤੋਂ

ਮਾਰਸ ਤਹਿਤ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 22 ਅਕਤੂਬਰ ਤੋਂ

ਜ਼ਿਲ੍ਹਾ ਵਾਸੀ ਸਾਇੰਸ ਪ੍ਰਦਰਸ਼ਨੀ ਵਿੱਚ ਆਪਣੀ ਸ਼ਮੂਲੀਅਤ ਜਰੂਰ ਕਰਨ : ਡਿਪਟੀ ਕਮਿਸ਼ਨਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸਪੇਚਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ ਦੀ ਅਗਵਾਈ ਅਧੀਨ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ:) ਮਾਨਸਾ ਕਮ ਜਿਲ੍ਹਾ ਨੋਡਲ ਅਫਸਰ (ਮਾਰਸ) ਡਾ. ਪਰਮਜੀਤ ਸਿੰਘ ਦੀ ਦੇਖਰੇਖ ਹੇਠ 22, 23 ਅਤੇ 24 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਸੈਂਟ ਜੇਵੀਅਰ ਸਕੂਲ ਮਾਨਸਾ ਵਿਖੇ ਕਾਰਵਾਈ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿੱ:) ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਾਇੰਸ ਪ੍ਰਦਰਸ਼ਨੀ ਵਿੱਚ ਦੋ ਵਰਗਾਂ ਜਮਾਤ ਅੱਠਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਵੱਲੋਂ ਸਪੇਸ ਐੰਡ ਐਸਟਰੋਨੋਮੀ,ਹੈਲਥ,ਫਨ-ਸਾਇੰਸ,ਫਿਊਚਰ ਇਨੋਵੇਸ਼ਨ ਅਤੇ ਸਸਟੇਇਨਬਲ ਐਨਰਜੀ ਵਿਸ਼ੇ ਅਧੀਨ ਸਾਇੰਸ ਨਾਲ ਸੰਬੰਧਤ ਵੱਖ-ਵੱਖ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਕੁਇਜ਼ ਮੁਕਾਬਲਾ ਤੇ ਵਾਦ-ਵਿਵਾਦ ਮੁਕਾਬਲਾ ਵੀ ਕਰਵਾਇਆ ਜਾਵੇਗਾ। ਡਿਪਟੀ ਡਾਇਰੈਕਟਰ ਅਤੇ ਪ੍ਰਿੰਸੀਪਲ ਡਾਇਟ ਅਹਿਮਦਪੁਰ ਡਾ. ਬੂਟਾ ਸਿੰਘ ਸੇਖੋ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਜਿਲ੍ਹਾ ਮਾਨਸਾ ਦੇ ਪੰਜ ਬਲਾਕਾਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ,ਝੁਨੀਰ ਅਤੇ ਬਰੇਟਾ ਵਿੱਚੋਂ ਚੁਣੀਆਂ ਗਈਆਂ 75 ਟੀਮਾਂ ਭਾਗ ਲੈਣਗੀਆਂ।ਇਸ ਪ੍ਰਦਰਸ਼ਨੀ ਦੌਰਾਨ ਅਧਿਆਪਕ ਫੈਸਟ ਅਤੇ ਮੈਜਿਕ ਸ਼ੋਅ ਵੀ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕੀਤਾ ਜਾ ਸਕੇ ਅਤੇ ਉਹ ਨਵੀਆਂ ਖੋਜਾਂ ਲਈ ਯਤਨਸ਼ੀਲ ਹੋਣ।ਉਨ੍ਹਾਂ ਕਿਹਾ ਕਿ ਇਹਨਾਂ ਮੇਲਿਆਂ ਨਾਲ ਵਿਦਿਆਰਥੀਆਂ ਵਿਚਲੀ ਛੁਪੀ ਹੋਈ ਕਲਾ ਉਜਾਗਰ ਹੁੰਦੀ ਹੈ ਅਤੇ ਉਹਨਾਂ ਨੂੰ ਨਵਾਂ ਕੁੱਝ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਕਮ ਇਸ ਪ੍ਰਦਰਸ਼ਨੀ ਦੇ ਜਿਲ੍ਹਾ ਨੋਡਲ ਅਫਸਰ ਡਾ. ਪਰਮਜੀਤ ਸਿੰਘ ਭੋਗਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐ:ਸਿੱ:) ਮਾਨਸਾ ਮਦਨ ਲਾਲ ਕਟਾਰੀਆ ਨੇ ਕਿਹਾ ਕਿ ਅਜਿਹੇ ਵਿਗਿਆਨ ਮੇਲਿਆਂ ਨਾਲ ਵਿਦਿਆਰਥੀਆਂ 'ਚ ਸਰਵ ਪੱਖੀ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਬੱਚਿਆਂ ਦੀ ਪ੍ਤਿਭਾ ਦਾ ਨਿਖਾਰ ਹੁੰਦਾ ਹੈ।ਡਿਪਟੀ ਕਮਿਸ਼ਨਰ ਮਾਨਸਾ,ਏ.ਡੀ.ਸੀ. ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਮਾਨਸਾ ਵੱਲੋਂ ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਲੋਗੋ ' ਮਾਰਸ ' ਵੀ ਜਾਰੀ ਕੀਤਾ ਗਿਆ ਸੀ।ਇਹ ਸਾਇੰਸ ਪ੍ਰਦਰਸ਼ਨੀ ਰੈੱਡ ਕਰਾਸ ਸੁਸਾਇਟੀ ਮਾਨਸਾ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਪ੍ਰਿੰਸੀਪਲ ਸੈੰਟ ਜੇਵੀਅਰ ਸਕੂਲ ਮਾਨਸਾ ਵੱਲੋਂ ਸਾਇੰਸ ਪ੍ਰਦਰਸ਼ਨੀ ਦੀ ਸਫਲਤਾ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਦੇ ਕੋਆਰਡੀਨੇਟਰਜ਼ ਅਮਰਜੀਤ ਸਿੰਘ ਚਹਿਲ,ਜਸਕੀਰਤ ਸਿੰਘ,ਪਰਵਿੰਦਰ ਸਿੰਘ,ਨਵਨੀਤ ਬਾਂਸਲ,ਇੰਦਰਪਾਲ ਸਿੰਘ ਅਤੇ ਵਿਸ਼ਾਲ ਬਾਂਸਲ ਹਾਜ਼ਰ ਸਨ।ਸਾਇੰਸ ਪ੍ਦਰਸ਼ਨੀ ਦੇ ਬਿਹਤਰੀਨ ਪ੍ਰਬੰਧਨ ਲਈ ਵੱਖ-ਵੱਖ ਕੰਪੋਨੈਂਟ ਟੀਮਾਂ ਵੱਲੋਂ ਯੋਜਨਾਬੰਦੀ ਨਾਲ਼ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰੌਇਲ ਕਾਲਜ ਵਿਖੇ ਮਹਿਲਾ ਸ਼ੋਸ਼ਣ ਵਿਰੋਧੀ ਸੈਲ ਵੱਲੋਂ ਸਵੈ-ਸੁਰੱਖਿਆ ਵਰਕਸ਼ਾਪ ਕਰਵਾਈ

ਰੌਇਲ ਕਾਲਜ ਵਿਖੇ ਮਹਿਲਾ ਸ਼ੋਸ਼ਣ ਵਿਰੋਧੀ ਸੈਲ ਵੱਲੋਂ ਸਵੈ-ਸੁਰੱਖਿਆ ਵਰਕਸ਼ਾਪ ਕਰਵਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਮਹਿਲਾ ਸ਼ੋਸ਼ਣ ਵਿਰੋਧੀ ਸੈੱਲ,ਮਹਿਲਾ ਸਸ਼ਕਤੀਕਰਨ ਵਿੰਗ 'ਕਾਨੂੰਨੀ ਜਾਗਰੂਕਤਾ ਸੈੱਲਦੇ ਸਹਿਯੋਗ ਨਾਲ ਧੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਹਨਾਂ ਦੇ ਆਤਮ-ਸੁਰੱਖਿਆ,ਸਵੈ-ਮਾਣ ਦੀ ਰਾਖੀ ਲਈ ਸਾਂਝੇ ਉੱਦਮ ਵਜੋਂ ਵਿਦਿਆਰਥਣਾਂ ਲਈ ਸਵੈ-ਸੁਰੱਖਿਆ ਵਰਕਸ਼ਾਪ ਕਰਵਾਈ। ਇਸ ਦੌਰਾਨ ਸੈਲਫ ਡਿਫੈਂਸ ਕੋਚ ਸੀਮਾ ਨੇ ਵਿਦਿਆਰਥਣਾਂ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਨੂੰ ਵੀ ਉਸਦੇ ਸਰੀਰਕ  ਪਰਿਵਰਤਨ,ਮਨੋਵਿਗਿਆਨਿਕ ਪੱਧਰ ਅਤੇ ਸੰਤੁਲਿਤ ਖੁਰਾਕ ਵੱਲ ਧਿਆਨ ਦੇਣ ਦੀ ਲੋੜ ਹੈ,ਜਿਸ ਦੇ ਨਾਲ ਉਹ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣਗੀਆਂ ਅਤੇ ਨਾਲ ਹੀ ਬਿਨਾਂ ਕਿਸੇ ਡਰ ਤੋਂ ਆਤਮ-ਸੁਰੱਖਿਆ ਤੇ ਸਵੈਮਾਣ ਨਾਲ ਆਪਣੀ ਜ਼ਿੰਦਗੀ ਜਿਉ ਸਕਣ। ਮਿਸ ਸੀਮਾ ਨੇ ਵਿਦਿਆਰਥਣਾਂ ਨੂੰ ਸਵੈ- ਸੁਰੱਖਿਆ ਦੀਆਂ ਵੱਖ ਵੱਖ ਤਕਨੀਕਾਂ ਦੀ ਜਾਣਕਾਰੀ ਦਿੱਤੀ,ਉਨ੍ਹਾਂ ਸਵੈ ਸੁਰੱਖਿਆ ਦੀਆਂ ਵੱਖ-ਵੱਖ ਜੁਗਤਾਂ ਨੂੰ ਵਿਦਿਆਰਥਣਾਂ ਸਾਹਮਣੇ ਪ੍ਰਦਰਸ਼ਿਤ ਕੀਤਾ। ਉਹਨਾਂ ਨੇ ਜਨਤਕ ਮਾਹੌਲ ਵਿੱਚ ਸੁਚੇਤ ਹੋ ਕੇ ਰਹਿਣਵਿਚਰਣ ਅਤੇ ਵੱਖੋ - ਵੱਖ ਭੂਮਿਕਾ ਨਿਭਾਉਂਦੇ ਸਮੇਂ ਖ਼ੁਦ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 'ਮਹਿਲਾ ਸ਼ੋਸ਼ਣ ਵਿਰੋਧੀਸੈੱਲ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਨੇ ਅਜੋਕੇ ਸਮੇਂ ਵਿੱਚ ਵੱਧ ਰਹੀਆਂ ਵਾਰਦਾਤਾਂ ,ਨਸ਼ਿਆਂ ਦਾ ਵਗ ਰਿਹਾ ਦਰਿਆਕੇਵਲ ਖਾਨਦਾਨ ਨੂੰ ਵਧਾਉਣ ਵਾਲੇ ਵਾਰਿਸ  ਦੀ ਇੱਛਾਵਿੱਚ ਧੀ ਆਪਣਾ ਬਣਦਾ ਹੱਕ ਪਾਉਣ ਵਿੱਚ ਕਿਤੇ ਨਾ ਕਿਤੇ ਪਛੜ ਰਹੀ ਹੈ। 'ਲੀਗਲ ਲਿਟਰੇਸੀਕਲੱਬ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਸਿਮਰਨਜੀਤ ਕੌਰ ਨੇ ਕਿਹਾ ਕਿ ਭਾਵੇਂ  21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਪਹੁੰਚ ਗਏ ਹਾਂ ਪਰ ਧੀਆਂ ਦੀ ਹੋ ਰਹੀ ਦੁਰਦਸ਼ਾ ਵਿੱਚ ਉਹਨਾਂ ਨੂੰ ਆਪਣੀ ਆਤਮ - ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੈਜਿਸ ਵਿੱਚ ਅਜਿਹੇ ਪ੍ਰੋਗਰਾਮ ਲਾਹੇਵੰਦ ਸਾਬਿਤ ਹੋਣਗੇ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਅਤੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਆਤਮ-ਵਿਸ਼ਵਾਸ ਵਧਾਉਣ ਵਾਲੇ ਇਸ ਪ੍ਰੋਗਰਾਮ ਨੂੰ ਉਲੀਕਣ ਵਾਲੇ ਅਜਿਹੇ ਪ੍ਰੋਗਰਾਮ ਕਰਵਾਉਣ ਸਬੰਧੀ ਪ੍ਰੇਰਦਿਆਂ ਸੈਲਫ ਡਿਫੈਂਸ ਕੋਚ ਸੀਮਾ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਭੇਂਟ ਕੀਤਾ।ਇਸ ਮੌਕੇ ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੈਲਫ ਡਿਫੈਂਸ ਖਾਸ ਕਰਕੇ ਵਿਦਿਆਰਥਣਾਂ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ,ਜਿਸ ਨਾਲ ਵਿਦਿਆਰਥਣਾਂ ਆਪਣੇ ਅਤੇ ਆਪਣੀ ਪਰਿਵਾਰ ਦੀ ਸੁਰੱਖਿਆ ਕਰਨ ਦੇ ਯੋਗ ਬਣਨਗੀਆਂ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਤੀਰ ਅੰਦਾਜ਼ੀ ਨਕਦ ਇਨਾਮ ਟੂਰਨਾਮੈਂਟ ’ਚ ਪੀਪੀਐਸ ਚੀਮਾ ਦੇ ਬੱਚੇ ਨੇ ਜਿੱਤਿਆ ਤਗਮਾ

ਤੀਰ ਅੰਦਾਜ਼ੀ ਨਕਦ ਇਨਾਮ ਟੂਰਨਾਮੈਂਟ ’ਚ ਪੀਪੀਐਸ ਚੀਮਾ ਦੇ ਬੱਚੇ ਨੇ ਜਿੱਤਿਆ ਤਗਮਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ  : ਨਕਦ ਇਨਾਮ ਟੂਰਨਾਮੈਂਟ, ਖੇਡਾਂ ਲੜਕੇ/ਲੜਕੀਆਂ ਦੇ ਤੀਰ-ਅੰਦਾਜ਼ੀ ਮੁਕਾਬਲੇ ਜੋ ਕਿ ਅਬੋਹਰ ਵਿਖੇ ਕਰਵਾਏ ਗਏ ਸਨ ’ਚ ਪੰਜਾਬ,ਰਾਜਸਥਾਨ ਅਤੇ ਹਰਿਆਣਾ ਦੇ ਤੀਰ ਅੰਦਾਜ਼ੀ ਦੀਆਂ ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਬੱਚੇ ਕੰਪਾਊਂਡ ਈਵੇਂਟ ਵਿੱਚ ਅਵਨੀਤ ਸਿੰਘ (ਅੰਡਰ-17 ਸਾਲ) ਨੇ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਰਾਜ,ਜ਼ਿਲ੍ਹੇ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਇਸ ਮੌਕੇ ਖਿਡਾਰੀ ਨੂੰ ਸੰਸਥਾ ਦੇ ਐਮਡੀ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ,ਕੋਚ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਡੀਪੀਈ ਗੋਬਿੰਦ ਸ਼ਰਮਾ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਚੀਮਾ ਮੰਡੀ ਵਿਖੇ ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵੱਲੋਂ ਦੁਸਹਿਰਾ ਮੇਲਾ 12 ਨੂੰ

ਚੀਮਾ ਮੰਡੀ ਵਿਖੇ ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵੱਲੋਂ ਦੁਸਹਿਰਾ ਮੇਲਾ 12 ਨੂੰ

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਚੀਮਾ ਮੰਡੀ ਦੀ ਅਨਾਜ ਮੰਡੀ ਵਿਖੇ ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਵੱਲੋਂ ਦੁਸ਼ਹਿਰਾ ਮੇਲਾ 12 ਅਕਤੂਬਰ ਨੂੰ ਮਨਾਇਆ ਜਾਵੇਗਾ।ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਗੋਰਾ ਲਾਲ ਕਣਕਵਾਲੀਆ ਤੇ ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ ਸ਼ਾਮ 4 ਵਜੇ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ ਜਿਸ ਦੌਰਾਨ ਪ੍ਰਸਿੱਧ ਗਾਇਕਾ ਕਿਰਨ ਸ਼ਰਮਾ,ਗਾਇਕ ਤੇ ਮੰਚ ਸੰਚਾਲਨ ਕੁਲਵੰਤ ਉਪਲੀ ਲੋਕਾਂ ਦਾ ਮਨੋਰੰਜਨ ਕਰਨਗੇ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਟ ਮੰਤਰੀ ਅਮਨ ਅਰੋੜਾ,ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ,ਕਾਕਾ ਵੀਰ ਜੀ,ਜਗਤਜੀਤ ਐਗਰੋ ਇੰਡਸਟਰੀਜ਼ ਦੇ ਐਮਡੀ ਜਗਤਜੀਤ ਸਿੰਘ,ਸ਼੍ਰੀ ਬਲਰਾਮ ਕ੍ਰਿਸ਼ਨ ਗਊ ਸ਼ਾਲਾ ਕਮੇਟੀ ਦੇ ਪ੍ਰਧਾਨ ਠੇਕੇਦਾਰ ਅਸ਼ੋਕ ਮੋਦੀ,ਥਾਣਾ ਮੁਖੀ ਮਨਜੀਤ ਸਿੰਘ ਸ਼ਿਰਕਤ ਕਰਨਗੇ।ਇਸ ਮੌਕੇ ਕਲੱਬ ਵੱਲੋਂ ਤਿਆਰ ਕਰਵਾਏ ਮੇਘ ਰਾਜ,ਕੁੰਭਕਰਨ ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲਸਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਸਕੂਲ ਹੀਰੋ ਕਲਾਂ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਕਲਸਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਸਕੂਲ ਹੀਰੋ ਕਲਾਂ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲਸਟਰ ਭੀਖੀ ਨਾਲ ਸਬੰਧਤ ਵੱਖ ਵੱਖ ਸਕੂਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰੋਂ ਕਲਾਂ ਦੇ ਵਿਦਿਆਰਥੀਆਂ ਨੇ ਵੱਡੀਆਂ ਜਿੱਤਾਂ ਦਰਜ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਮੁਖੀ ਜਗਸੀਰ ਸਿੰਘ ਅਤੇ ਅਧਿਆਪਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ 600 ਮੀਟਰ ਦੌੜ ਵਿੱਚ ਕੁੜੀਆਂ ਅਤੇ ਮੁੰਡਿਆਂ ਨੇ ਪਹਿਲਾ ਸਥਾਨ, ਦੌੜ 100 ਮੀਟਰ ਵਿੱਚ ਮੁੰਡਿਆਂ ਅਤੇ ਕੁੜੀਆਂ ਨੇ ਦੂਜਾ ਸਥਾਨ, ਦੌੜ 200 ਮੀਟਰ ਤੇ ਦੌੜ 400 ਮੀਟਰ ਵਿੱਚ ਮੁੰਡਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਕੁਸ਼ਤੀ 25 ਕਿਲੋਗ੍ਰਾਮ,28 ਕਿਲੋਗ੍ਰਾਮ ਤੇ 32 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਤੇ ਸਰਕਲ ਸਟਾਈਲ ਕਬੱਡੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਸਕੂਲ ਪੁੱਜਣ 'ਤੇ ਜੇਤੂ ਵਿਦਿਆਰਥੀਆਂ ਦਾ ਸਕੂਲ ਦੇ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਜੇਤੂ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਐਲੀਮੈਂਟਰੀ ਸਿੱਖਿਆ ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਪ੍ਰਾਇਮਰੀ ਸਿੱਖਿਆ ਮਦਨ ਲਾਲ ਕਟਾਰੀਆ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਅਤੇ ਕਲਸਟਰ ਸਕੂਲ ਮੁਖੀ ਪਰਮਜੀਤ ਸਿੰਘ ਗਰਚਾ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ।ਇਸ ਮੌਕੇ ਕਲਸਟਰ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਦਾ ਸਟਾਫ ਮੌਜੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਬੱਚਿਆਂ ਨੇ ਕੀਤਾ ਓਵਰ ਆਲ ਟਰਾਫ਼ੀ 'ਤੇ ਲਗਾਤਾਰ ਤੀਜੀ ਵਾਰ ਕਬਜ਼ਾ

ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਬੱਚਿਆਂ ਨੇ ਕੀਤਾ ਓਵਰ ਆਲ ਟਰਾਫ਼ੀ 'ਤੇ ਲਗਾਤਾਰ ਤੀਜੀ ਵਾਰ ਕਬਜ਼ਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੈਂਟਰ ਖਿਆਲਾ ਕਲਾਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਅੰਡਰ  11  ਸਾਲ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਬੱਚਿਆਂ ਨੇ ਕੀਤਾ ਓਵਰ ਆਲ ਟਰਾਫ਼ੀ ਤੇ ਲਗਾਤਾਰ ਤੀਜੀ ਵਾਰ ਕਬਜ਼ਾ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਸਕੂਲ ਵਿੱਚ ਪੁੱਜਣ ਤੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ ।ਖੇਡ ਇਚਾਰਜ ਅਸ਼ਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਬੱਡੀ ਮੁੰਡੇ ਕਬੱਡੀ, ਕੁੜੀਆਂ, ਖੋ-ਖੋ ਮੁੰਡੇ, ਖੋ-ਖੋ ਕੁੜੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਬੰਟੀ ਸਿੰਘ ਨੇ ਕੁਸ਼ਤੀ 25 ਕਿਲੋਗ੍ਰਾਮ ਵਿੱਚ , ਹਰਮਨਦੀਪ ਕੌਰ ਨੇ ਗੋਲਾ (ਸ਼ਾਟ ਪੁੱਟ)ਵਿੱਚ ਪਹਿਲਾ ਅਤੇ ਅਰਸ਼ਦ ਖਾਨ ਨੇ ਕੁਸ਼ਤੀ 28 ਕਿਲੋਗ੍ਰਾਮ ਵਿੱਚ, ਗੁਰਵਿੰਦਰ ਸਿੰਘ ਨੇ ਕੁਸ਼ਤੀ 30 ਕਿਲੋਗ੍ਰਾਮ ਅਤੇ  400 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਬਲਾਕ ਪੱਧਰੀ ਖੇਡਾਂ ਵਾਸਤੇ ਕੁਆਲੀਫਾਈ ਕੀਤਾ ਹੈ। ਸਕੂਲ ਮੁਖੀ ਬਲਜਿੰਦਰ ਸਿੰਘ ਨੇ ਸਮੁੱਚੇ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੰਦੇ  ਕਿਹਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਨੇ ਸਮੁੱਚੇ ਸਟਾਫ ਅਤੇ ਮਾਪਿਆਂ ਦੇ ਸਹਿਯੋਗ ਨਾਲ ਹਰ ਖੇਤਰ ਵਿੱਚ ਪਿੰਡ ਦਾ ਨਾਮ ਚਮਕਾਇਆ ਹੈ। ਉਹਨਾਂ ਨੂੰ ਖੁਸ਼ੀ ਹੈ ਕਿ ਸਥਾਨਕ ਸਕੂਲ ਦਿਨ ਰਾਤ ਤਰੱਕੀ ਕਰ ਰਿਹਾ ਹੈ।ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਸੇਵਕ ਸਿੰਘ, ਕਮੇਟੀ ਮੈਂਬਰ ਮਾਸਟਰ  ਜਗਨਨਾਥ,ਫੌਜੀ ਗੁਰਮੇਲ ਸਿੰਘ,ਤਾਰੀ ਸਿੰਘ,ਜਗਮੇਲ ਖਾਂ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਸਮੁੱਚੇ ਸਟਾਫ ਦੀ ਮਿਹਨਤ ਅਤੇ ਪਿੰਡ ਦੇ ਸਕੂਲ ਉੱਪਰ ਬਹੁਤ ਮਾਣ ਹੈ। ਬੱਚਿਆਂ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਸਟਾਫ ਅਧਿਆਪਕ ਸੁਰਜੀਤ ਸਿੰਘ ,ਗੁਰਦੀਪ ਸਿੰਘ, ਅਵਤਾਰ ਸਿੰਘ, ਕਮੇਟੀ ਮੈਂਬਰ ਅੰਮ੍ਰਿਤਪਾਲ ਕੌਰ, ਵੀਰਪਾਲ ਕੌਰ,ਮਨਜੀਤ ਕੌਰ ਅਤੇ ਆਂਗਣਵਾੜੀ ਸਟਾਫ ਕਿਰਨਦੀਪ ਕੌਰ ਹਾਜ਼ਰ ਸਨ