Tuesday, October 29, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਖੇਡਾਂ ਦੌਰਾਨ ਫੁਟਬਾਲ,ਹਾਕੀ, ਸ਼ਤਰੰਜ ਅਤੇ ਬੈਡਮਿੰਟਨ ਦੇ ਹੋਏ ਮੁਕਾਬਲੇ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਖੇਡਾਂ ਦੌਰਾਨ ਫੁਟਬਾਲ,ਹਾਕੀ, ਸ਼ਤਰੰਜ ਅਤੇ ਬੈਡਮਿੰਟਨ ਦੇ ਹੋਏ ਮੁਕਾਬਲੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਵਿਭਾਗ ਪੰਜਾਬ,ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮਦਨ ਲਾਲ ਕਟਾਰੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਪੀਈਓ ਝੁਨੀਰ ਸਤਪਾਲ ਸਿੰਘ,ਬੀਪੀਈਓ ਬੁਢਲਾਡਾ ਅਮਨਦੀਪ ਸਿੰਘ ਅਤੇ ਬੀਪੀਈਓ ਸਰਦੂਲਗੜ੍ਹ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵੱਖ-ਵੱਖ ਥਾਵਾਂ 'ਤੇ ਗਈਆਂ ਕਰਵਾਈਆਂ ਗਈਆਂ ਜਿਹਨਾਂ ਵਿੱਚ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਹੋਏ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਬੈਡਮਿੰਟਨ (ਮੁੰਡੇ) ਬਲਾਕ ਸਰਦੂਲਗੜ੍ਹ ਨੇ ਪਹਿਲਾ ਤੇ ਬਲਾਕ ਬੁਢਲਾਡਾ ਨੇ ਦੂਜਾ ਸਥਾਨ।ਬੈਡਮਿੰਟਨ (ਕੁੜੀਆਂ) ਬਲਾਕ ਮਾਨਸਾ ਨੇ ਪਹਿਲਾ ਤੇ ਬਲਾਕ ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਬੀਪੀਈਓ ਦਫਤਰ ਝੁਨੀਰ ਵਿਖੇ ਹੋਏ ਮੁਕਾਬਲਿਆਂ ਵਿੱਚ ਸ਼ਤਰੰਜ (ਮੁੰਡੇ) ਝੁਨੀਰ ਬੁਲਾਕ ਨੇ ਪਹਿਲਾ ਅਤੇ ਬੁਢਲਾਡਾ ਬਲਾਕ ਨੇ ਦੂਜਾ ਸਥਾਨ ਜਦਕਿ ਸ਼ਤਰੰਜ (ਕੁੜੀਆਂ) ਵਿੱਚੋਂ ਬਲਾਕ ਬੁਢਲਾਡਾ ਨੇ ਪਹਿਲਾ ਅਤੇ ਬਲਾਕ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਰਕਾਰੀ ਪ੍ਰਾਇਮਰੀ ਸਕੂਲ ਸਾਹਨੇਵਾਲੀ ਵਿਖੇ ਹੋਏ ਮੁਕਾਬਲਿਆਂ ਵਿੱਚ ਹਾਕੀ (ਮੁੰਡੇ ਤੇ ਕੁੜੀਆਂ) ਬਲਾਕ ਬੁਢਲਾਡਾ ਨੇ ਪਹਿਲਾ ਤੇ ਬਲਾਕ ਬਰੇਟਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ (ਮੁੰਡੇ) ਬਲਾਕ ਮਾਨਸਾ ਨੇ ਪਹਿਲਾ ਅਤੇ ਬਲਾਕ ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਫੁੱਟਬਾਲ (ਕੁੜੀਆਂ) ਬਲਾਕ ਝੁਨੀਰ ਨੇ ਪਹਿਲਾ ਅਤੇ ਬਲਾਕ ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਕਤ ਖੇਡਾਂ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਤੇ ਟੀਮਾਂ ਦਾ ਖੇਡ ਪ੍ਰਬੰਧਕਾਂ ਵੱਲੋਂ ਤਗਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ।ਜੇਤੂ ਬੱਚਿਆਂ ਅਤੇ ਉਹਨਾਂ ਦੇ ਗਾਈਡ ਅਧਿਆਪਕ ਨੂੰ ਜ਼ਿਲ੍ਹਾ ਅਤੇ ਬਲਾਕ ਸਿੱਖਿਆ ਅਧਿਕਾਰੀਆਂ ਨੇ ਵਧਾਈ ਦਿੱਤੀ ਅਤੇ ਪੰਜਾਬ ਪੱਧਰੀ ਖੇਡਾਂ ਪੁਜੀਸ਼ਨਾਂ ਪ੍ਰਾਪਤ ਕਰਨ ਲਈ ਮਿਹਨਤ ਕਰਨ ਲਈ ਪ੍ਰੇਰਿਆ।

Monday, October 28, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ ਦੀ ਅਨਾਜ਼ ਮੰਡੀ ਵਿੱਚ ਲੱਗੇ ਝੋਨੇ ਦੇ ਅੰਬਾਰ ਡੇਢ ਲੱਖ ਕੁਇੰਟਲ ਝੋਨਾ ਚੁਕਾਈ ਅਤੇ ਖ਼ਰੀਦ ਦੀ ਕਰ ਰਿਹੈ ਉਡੀਕ

ਸੁਨਾਮ ਦੀ ਅਨਾਜ਼ ਮੰਡੀ ਵਿੱਚ ਲੱਗੇ ਝੋਨੇ ਦੇ ਅੰਬਾਰ ਡੇਢ ਲੱਖ ਕੁਇੰਟਲ ਝੋਨਾ ਚੁਕਾਈ ਅਤੇ ਖ਼ਰੀਦ ਦੀ ਕਰ ਰਿਹੈ ਉਡੀਕ   

7 ਦਿਨਾਂ ਤੋਂ ਮੰਡੀ ਵਿੱਚ ਬੈਠੇ ਕਿਸਾਨ ਸਰਕਾਰ ਨੂੰ ਲੱਗੇ ਭੰਡਣ,ਕਿਹਾ ਜ਼ਿੰਦਗੀ ਦੇ 70 ਸਾਲ 'ਚ ਅਜਿਹਾ ਵਰਤਾਰਾ ਨਹੀਂ ਦੇਖਿਆ

ਦਰਸ਼ਨ ਸਿੰਘ ਚੌਹਾਨ, ਸੁਨਾਮ : ਝੋਨੇ ਦੀ ਖਰੀਦ ਨੂੰ ਲੈਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੇ ਐਨ ਉਲਟ ਸੋਮਵਾਰ ਤੱਕ ਸੁਨਾਮ ਦੀ ਅਨਾਜ਼ ਮੰਡੀ ਵਿੱਚ ਕਰੀਬ ਡੇਢ ਲੱਖ ਕੁਇੰਟਲ ਝੋਨਾ ਖਰੀਦ ਅਤੇ ਲਿਫਟਿੰਗ ਲਈ ਉਡੀਕ ਕਰ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਮੰਡੀਆਂ ਅੰਦਰ ਹਾਲਾਤ ਲਗਾਤਾਰ ਵਿਗੜਦੀ ਜਾ ਰਹੀ ਹੈ ਉਂਜ ਭਾਵੇਂ ਸਰਕਾਰ ਅੰਕੜੇ ਪੇਸ਼ ਕਰਕੇ ਦਾਅਵਾ ਕਰ ਰਹੀ ਹੈ ਕਿ ਖਰੀਦ ਪ੍ਰਣਾਲੀ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਹੀ ਹੈ । ਸਰਕਾਰੀ ਦਾਅਵਿਆਂ ਦੇ ਉਲਟ ਸੁਨਾਮ ਮੰਡੀ ਦੀ ਮੌਜੂਦਾ ਸਥਿਤੀ ਸਾਫ਼ ਦਰਸਾਉਂਦੀ ਹੈ ਕਿ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਹਰ ਸੰਭਵ ਅੜਚਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੀ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਸੁਨਾਮ ਅਨਾਜ ਮੰਡੀ ਵਿੱਚ ਚਾਰੇ ਪਾਸੇ ਵਿਕਣ ਲਈ ਝੋਨੇ ਦੇ ਢੇਰ ਲੱਗੇ ਹੋਏ ਹਨ। ਕਿਸਾਨ ਲਗਾਤਾਰ ਆਪਣੀਆਂ ਫਸਲਾਂ ਸੁਕਾ ਰਹੇ ਹਨ ਪਰ ਝੋਨੇ ਦੀ ਵਿਕਰੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਦੀਵਾਲੀ ਮੰਡੀ ਵਿੱਚ ਹੀ ਮਨਾਈ ਜਾਵੇਗੀ । ਪਿਛਲੇ ਇੱਕ ਹਫ਼ਤੇ ਤੋਂ ਮੰਡੀ ਵਿੱਚ ਝੋਨਾ ਲੈਕੇ ਬੈਠੇ ਕਿਸਾਨ ਕਾਲਾ ਸਿੰਘ (ਸ਼ੇਰੋਂ ਮਾਡਲ ਟਾਊਨ) ਨੇ ਦੱਸਿਆ ਕਿ ਉਹ ਮੰਡੀ ਵਿੱਚ ਦਿਨ-ਰਾਤ ਗੁਜ਼ਾਰ ਰਿਹਾ ਹੈ। ਝੋਨਾ ਵਧੀਆ ਕੁਆਲਿਟੀ ਦਾ ਹੋਣ ਦੇ ਬਾਵਜੂਦ ਵਿਕ ਨਹੀਂ ਰਿਹਾ। ਸੁਨਾਮ ਦੇ ਬਜ਼ੁਰਗ ਕਿਸਾਨ ਕਰਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਸੱਤਰ ਸਾਲਾਂ ਵਿੱਚ ਅਜਿਹਾ ਵਰਤਾਰਾ ਨਹੀਂ ਦੇਖਿਆ ਕਿ ਅੰਨਦਾਤੇ ਨੂੰ ਆਪਣੀ ਪੁੱਤਾਂ ਵਾਂਗ ਪਾਲੀਆਂ ਜਿਣਸਾਂ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਪਿਆ ਹੋਵੇ। ਸਰਕਾਰਾਂ ਦੀਆਂ ਨੀਤੀਆਂ'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਮਿਹਨਤ ਦੇ ਅਜਿਹੇ ਨਤੀਜੇ ਨਿਕਲਣਗੇ। ਪਿਛਲੇ ਸੱਤ ਦਿਨਾਂ ਤੋਂ ਮੰਡੀ ਵਿੱਚ ਬਰਸਾਤ ਪੈਣ ਦਾ ਅਸਾਰ ਬਣਿਆ ਹੋਇਆ ਹੈ। ਕਿਸਾਨ ਝੋਨੇ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਲਈ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਮੂਹਰੇ ਧਰਨੇ ਲਾ ਕੇ ਬੈਠੇ ਹਨ ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰੀ ਅੰਕੜਿਆਂ ਅਨੁਸਾਰ ਸੁਨਾਮ ਦੀ ਅਨਾਜ ਮੰਡੀ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 14480 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿੱਚੋਂ 7980 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਕਰੀਬ 7 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋਣੀ ਬਾਕੀ ਹੈ।

Sunday, October 27, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਰਾਜਾ ਬੀਰ ਕਲਾਂ ਵੱਲੋਂ ਸਰਪੰਚ-ਪੰਚ ਸਨਮਾਨਿਤ

 ਰਾਜਾ ਬੀਰ ਕਲਾਂ ਵੱਲੋਂ ਸਰਪੰਚ-ਪੰਚ ਸਨਮਾਨਿਤ 

ਦਰਸ਼ਨ ਸਿੰਘ ਚੌਹਾਨ , ਸੁਨਾਮ : ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੂੰ ਉਨ੍ਹਾਂ ਦੀ ਸੁਨਾਮ ਸਥਿਤ ਰਿਹਾਇਸ਼ ਤੇ ਮਿਲਣ ਆਏ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਚੋਂ ਦਰਜਨਾਂ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨੂੰ ਸਨਮਾਨਿਤ ਕੀਤਾ। ਨਵੇਂ ਬਣੇ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਵਿੱਚ ਮੋਹਰੀ ਰੋਲ ਅਦਾ ਕਰਨ ਦੀ ਤਾਕੀਦ ਵੀ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਸੂਬੇ ਅੰਦਰ ਝੋਨੇ ਦੀ ਹੋ ਰਹੀ ਬੇਕਦਰੀ ਲਈ ਕੇਂਦਰ ਤੇ ਸੂਬਾ ਸਰਕਾਰ ਬਰਾਬਰ ਦੀਆਂ ਜ਼ਿੰਮੇਵਾਰ ਹਨ। ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਝੋਨੇ ਦੀ ਖਰੀਦ ਮਾਮਲੇ ਵਿੱਚ ਕਿਸਾਨਾਂ ਨੂੰ ਜਾਣ ਬੁੱਝਕੇ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਜਿਣਸਾਂ ਦੇ ਖ਼ਰੀਦ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਬੰਧ ਕਰਨ ਲਈ ਕਹਿੰਦੇ ਹਨ ਲੇਕਿਨ ਮੌਜੂਦਾ  ਸਰਕਾਰ ਨੇ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਆਗੂ ਰਾਜਾ ਬੀਰਕਲਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਝੋਨੇ ਦੀ ਖਰੀਦ ਮਾਮਲੇ ਵਿੱਚ ਗੰਭੀਰਤਾ ਦਿਖਾਕੇ ਖ਼ਰੀਦ ਅਤੇ ਚੁਕਾਈ ਨੂੰ ਪੁਖਤਾ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਰਾਜ ਦੌਰਾਨ ਕਿਸਾਨਾਂ ਨੂੰ ਜਿਣਸਾਂ ਮੰਡੀਆਂ ਵਿੱਚ ਵੇਚਣ ਲਈ ਰੁਲਣਾ ਨਹੀਂ ਪਿਆ। ਉਨ੍ਹਾਂ ਸੂਬੇ ਅੰਦਰ ਕਣਕ ਦੀ ਬਿਜਾਈ ਲਈ ਡੀਏਪੀ ਖ਼ਾਦ ਦਾ ਲੋੜੀਂਦਾ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਐਡਵੋਕੇਟ ਅਜੇਵੀਰ ਸਿੰਘ ਚਹਿਲ, ਬਲਵਿੰਦਰ ਸਿੰਘ ਬੀਰਕਲਾਂ,  ਬਲਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।

Saturday, October 26, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ. ਸਕੂਲ ਚੀਮਾ ਦਾ ਵਿਦਿਆਰਥੀ ਹੁਸਨਪ੍ਰੀਤ ਸਿੰਘ ਪੰਜਾਬ ਪੱਧਰੀ ਖੇਡਾਂ ਲਈ ਚੁਣਿਆ

ਐਮ.ਐਲ.ਜੀ. ਸਕੂਲ ਚੀਮਾ ਦਾ ਵਿਦਿਆਰਥੀ ਹੁਸਨਪ੍ਰੀਤ ਸਿੰਘ ਪੰਜਾਬ ਪੱਧਰੀ ਖੇਡਾਂ ਲਈ ਚੁਣਿਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 68ਵੀਂ ਜ਼ਿਲ੍ਹਾ ਪੱਧਰ ਸਕੂਲ ਐਥਲੈਟਿਕਸ ਮੀਟ ਵਿੱਚ ਸੀਬੀਐਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ ਬਾਰਵੀਂ ਕਲਾਸ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ ਨੇ ਹੈਮਰ ਥਰੋ 'ਚੋਂ ਚਾਂਦੀ ਦਾ ਤਗ਼ਮ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਮੈਨੇਜਮੈਂਟ ਮੈਂਬਰਾਂ ਨੇ ਦੱਸਿਆ ਕਿ ਹੁਸਨਪ੍ਰੀਤ ਸਿੰਘ ਨੂੰ ਸਟੇਟ ਪੱਧਰੀ ਖੇਡਾਂ ਲਈ ਚੁਣਿਆ ਗਿਆ ਹੈ।ਬੱਚੇ ਨੂੰ ਸਵੇਰ ਦੀ ਸਭਾ ਵਿੱਚ ਤਗਮਾ ਤੇ ਸਰਟੀਫੀਕੇਟ ਦੇ ਕੇ ਹੌਸਲਾ ਅਫ਼ਜਾਈ ਕੀਤੀ। ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ। ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਕੇ ਆਪਣੀ ਮਨ ਅਤੇ ਤਨ ਦੋਨਾਂ ਨੂੰ ਤੰਦਰੁਸਤ ਰੱਖਣਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦਾ ਖੇਡਾਂ ਵੱਲ ਰੁਝਾਨ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆ ਨਾਲ ਬੱਚਿਆਂ ਦਾ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਤੇਜ਼ੀ ਗਤੀ ਨਾਲ ਹੋਵੇਗਾ।ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪੇ੍ਰਿਤ ਵੀ ਕੀਤਾ ਗਿਆ।ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ,ਮਧੂ ਰਾਣੀ,ਰਜਿੰਦਰ ਕੁਮਾਰ,ਹੈਪੀ ਕੁਮਾਰ, ਡੀ.ਪੀ.ਈ ਅਤੇ ਸਮੂਹ ਸਟਾਫ ਮੌਜੂਦ ਸੀ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਰੌਇਲ ਕਾਲਜ ਬੋੜਾਵਾਲ ਦੇ ਵਲੰਟੀਅਰਾਂ ਨੇ ਗੁਜਰਾਤ ਵਿਖੇ ਸਭਿਆਚਾਰ ਐਕਸਚੇਂਜ ਪ੍ਰੋਗਰਾਮ ਕੈਂਪ ਲਗਾਇਆ

ਰੌਇਲ ਕਾਲਜ ਬੋੜਾਵਾਲ ਦੇ ਵਲੰਟੀਅਰਾਂ ਨੇ ਗੁਜਰਾਤ ਵਿਖੇ ਸਭਿਆਚਾਰ ਐਕਸਚੇਂਜ ਪ੍ਰੋਗਰਾਮ ਕੈਂਪ ਲਗਾਇਆ 

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਇਲਾਕੇ ਦੀ ਨਾਮਵਰ ਸੰਸਥਾ ਦਿ ਰੌਇਲ ਗਰੁੱਪ ਆਫ਼ ਕਾਲਜਿਜ਼  ਬੋੜਾਵਾਲ ਦੇ ਐਨ.ਐੱਸ.ਐਸ ਵਿਭਾਗ ਦੇ ਵਲੰਟੀਅਰ ਗੁਜਰਾਤ ਵਿਖੇ ਸਭਿਆਚਾਰ ਐਕਸਚੇਂਜ ਪ੍ਰੋਗਰਾਮ ਤਹਿਤ 7 ਰੋਜ਼ਾ ਕੈਂਪ ਲਗਾ ਕੇ ਕਾਲਜ ਪਹੁੰਚੇ।ਦੱਸਣਯੋਗ ਹੈ ਕਿ ਇਹ ਪ੍ਰੋਗਰਾਮ ਯੁਵਕ ਸੇਵਾਵਾਂ ਪੰਜਾਬ ਦੀ ਰਹਿਨੁਮਾਈ ਅਤੇ ਸਹਿਯੋਗ ਨਾਲ ਲਗਾਇਆ ਗਿਆ।ਵਲੰਟੀਅਰਾਂ ਦਾ ਕਾਲਜ ਪਹੁੰਚਣ ਮੌਕੇ ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ,ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ,ਰੈਡ ਰਿਬਨ ਦੇ ਇੰਚਾਰਜ ਸਹਾਇਕ ਪ੍ਰੋਫ਼ੈਸਰ ਜਸਵਿੰਦਰ ਕੌਰ,ਪ੍ਰੋਗਰਾਮ ਅਫ਼ਸਰ ਡਾ.ਭੁਪਿੰਦਰ ਸਿੰਘ,ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ  ਸ਼ਿਰਕਤ ਕਰਨ ਵਾਲੇ ਵਲੰਟੀਅਰ ਸਤਨਾਮ ਸਿੰਘਰਣਜੋਧ ਸਿੰਘ ਅਤੇ ਅਵਤਾਰ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਪਾਰੁਲ ਯੂਨੀਵਰਸਿਟੀ ਵਡੋਦਰਾ ਗੁਜਰਾਤ ਵਿਖੇ ਰੋਜਾ ਕੈਂਪ ਲਗਾਇਆ ਗਿਆ ।ਜਿਸ ਵਿਚ ਪੂਰੇ ਪੰਜਾਬ ਭਰ ਤੋਂ ਵੱਖ ਵੱਖ ਸੰਸਥਾਵਾਂ,ਯੂਥ ਕਲੱਬਾਂ ਅਤੇ ਵਿੱਦਿਅਕ ਅਦਾਰਿਆਂ ਦੇ ਨੌਜਵਾਨਾਂ ਨੇ ਭਾਗ ਲਿਆ।ਇਸ ਕੈਂਪ ਵਿਚ ਪੰਜਾਬ ਦੇ ਸਭਿਆਚਾਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਭਾਗੀਦਾਰਾਂ ਨੇ ਗਿੱਧਾਭੰਗੜਾ,ਮਲਵਈ ਗਿੱਧਾ,ਲੋਕ ਨਾਚ,ਲੋਕ ਗੀਤ ਆਦਿ ਪੇਸ਼ ਕੀਤੇ । ਇਸ ਦੇ ਨਾਲ ਹੀ  ਸੰਗੀਤ ਅਤੇ ਗਰਬਾ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ ।ਜਿਸ ਵਿੱਚ ਭਾਗੀਦਾਰਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ । ਇਸ ਕੈਂਪ ਦੌਰਾਨ ਵਿਦਿਆਰਥੀਆ ਨੂੰ ਗੁਜਰਾਤ ਦੇ ਵੱਖ-ਵੱਖ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਜਿਸ ਨਾਲ ਗੁਜਰਾਤ ਦੇ ਸਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਿਆ। ਇਸ ਮੌਕੇ ਗੁਰਪ੍ਰੀਤ ਸਿੰਘ ਜੀ. ਪੀ. ਸੰਗੀਤ ਵਿਭਾਗ ਡਾਇਟ ਫਤਿਹਗੜ੍ਹ ਸਾਹਿਬ ਅਤੇ ਅਭਿਸ਼ੇਕ ਸੰਗੀਤ ਵਿਭਾਗ ਪਾਰੁਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੰਗੀਤ ਵਰਕਸ਼ਾਪ ਵੀ ਲਗਾਈ ਗਈ ਅਤੇ ਜਿਸ ਵਿਚ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਸਿੱਖਿਆ ਦਿੱਤੀ ਗਈ ਅਤੇ  ਵਿਦਿਆਰਥੀਆਂ ਵੱਲੋਂ  ਆਪਣੇ ਆਪਣੇ ਖਿੱਤੇ ਦੇ ਲੋਕ ਗੀਤਾਂ ਰਾਹੀਂ ਸਭਿਆਚਾਰ ਦਾ ਆਦਾਨ ਪ੍ਰਦਾਨ  ਵੀ ਕੀਤਾ ਗਿਆ। ਯੂਨੀਵਰਸਿਟੀ ਦੇ ਡਾਂਸ ਵਿਭਾਗ ਵੱਲੋਂ ਆਯੋਜਿਤ ਗਰਬਾ ਵਰਕਸ਼ਾਪ ਵਿੱਚ ਗੁਜਰਾਤ ਦੇ ਲੋਕ ਨਾਚ ਗਰਬਾ ਸਿੱਖਣ ਦਾ ਮੌਕਾ ਮਿਲਿਆ।ਇਸ ਮੌਕੇ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ (ਯੁਵਕ ਸੇਵਾਵਾਂ ਵਿਭਾਗ ਪੰਜਾਬ),ਦਵਿੰਦਰ ਸਿੰਘ ਲੋਟੇ,ਕਰਨਵੀਰ ਸਿੰਘ ਅਤੇ ਇਸ ਪ੍ਰੋਗਰਾਮ ਨੂੰ ਸੁੱਚਜੇ ਢੰਗ ਨਾਲ ਸੰਚਾਲਨ ਕਰਨ ਅਤੇ ਸਫ਼ਲ ਬਣਾਉਣ ਲਈ ਸਮੂਹ ਪਾਰੁਲ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ,ਡਾਇਰੈਕਟਰ ਸ੍ਰੀ ਪਾਰੁਲ,ਨਿਤਿਨ ਮੈਂਗੀ,ਹੈੱਡ ਪ੍ਰਫੋਰਮਿੰਗ ਆਰਟਸ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ  ਸਰਟੀਫ਼ਿਕੇਟ ਪ੍ਰਦਾਨ ਕਰਕੇ ਕੀਤਾ ਗਿਆ। ਇਸ ਮੌਕੇ ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਲੰਟੀਅਰਾਂ ਅਤੇ ਉਨ੍ਹਾਂ ਦੇ ਮਾਪਿਆਂ,ਕਾਲਜ ਦੇ ਐੱਨ.ਐਸ.ਐਸ  ਵਿਭਾਗ ਅਤੇ ਰੈੱਡ ਰਿਬਨ ਕਲੱਬ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਲਈ ਪ੍ਰੇਰਿਆ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਵਿਗਿਆਨ ਮੇਲੇ 'ਚ ਬੁਰਜ ਹਰੀ ਸਕੂਲ ਨੇ ਵਾਦ-ਵਿਵਾਦ ਮੁਕਾਬਲੇ 'ਚ ਕੀਤਾ ਪਹਿਲਾ ਸਥਾਨ ਪ੍ਰਾਪਤ

ਵਿਗਿਆਨ ਮੇਲੇ 'ਚ ਬੁਰਜ ਹਰੀ ਸਕੂਲ ਨੇ ਵਾਦ-ਵਿਵਾਦ ਮੁਕਾਬਲੇ 'ਚ ਕੀਤਾ ਪਹਿਲਾ ਸਥਾਨ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਰੈੱਡ ਕਰਾਸ ਸੋਸਾਇਟੀ ਮਾਨਸਾ ਦੇ ਸਾਂਝੇ ਉਪਰਾਲੇ ਨਾਲ਼ ਮਾਰਸ-2024 ਤਹਿਤ ਵਿਗਿਆਨ ਮੇਲਾ ਕਰਵਾਇਆ,ਜਿਸ ਵਿੱਚ ਵਾਦ-ਵਿਵਾਦ ਮੁਕਾਬਲੇ ਤੇ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ। ਗਾਈਡ ਅਧਿਆਪਕ ਰੋਹਿਤ ਕੁਮਾਰ ਅਤੇ ਮੈਡਮ ਪਿੰਕਲ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਹਰੀ ਦੀ ਵਿਦਿਆਰਥਣ ਐਸ਼ਮੀਨ ਕੌਰ ਨੇ ਵਾਦ - ਵਿਵਾਦ ਮੁਕਾਬਲੇ (ਸੀਨੀਅਰ ਗਰੁੱਪ) ਵਿੱਚ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਇਸ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ ਨੇ ਸਕੂਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਜੇਤੂ ਵਿਦਿਆਰਥਣ ਦਾ ਜ਼ਿਲ੍ਹਾ ਮਾਨਸਾ ਦੇ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।ਸਕੂਲ ਇੰਚਾਰਜ ਸੰਦੀਪ ਢੰਡ ਨੇ ਇਸ ਜਿੱਤ ਦਾ ਸਿਹਰਾ ਹੋਣਹਾਰ ਵਿਦਿਆਰਥਣ,ਗਾਈਡ ਅਧਿਆਪਕ ਅਤੇ ਸਮੂਹ ਸਟਾਫ ਸਿਰ ਬੰਨ੍ਹਦਿਆਂ ਕਿਹਾ ਕਿ ਹੋਰ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

Wednesday, October 23, 2024

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਮਾਰਸ ਸਾਇੰਸ ਪ੍ਰਦਰਸ਼ਨੀ ਦੇ ਦੂਜੇ ਦਿਨ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦੱਸੀ ਵਿਗਿਆਨ ਦੀ ਮਹੱਤਤਾ-ਏਡੀਸੀ

ਮਾਰਸ ਸਾਇੰਸ ਪ੍ਰਦਰਸ਼ਨੀ ਦੇ ਦੂਜੇ ਦਿਨ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦੱਸੀ ਵਿਗਿਆਨ ਦੀ ਮਹੱਤਤਾ-ਏਡੀਸੀ

ਦੂਜੇ ਦਿਨ 34 ਸਕੂਲਾਂ ਦੇ 1263 ਵਿਦਿਆਰਥੀਆਂ ਨੇ ਸਾਇੰਸ ਮੇਲੇ ’ਚ ਸ਼ਿਰਕਤ

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿਘ ਆਈ.ਏ.ਐਸ. ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਨਿਰਮਲ ਓਸੇਪਚਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸੇਂਟ ਜ਼ੇਵੀਅਰ ਸਕੂਲ ਵਿਖੇ ਚੱਲ ਰਹੀ ਜ਼ਿਲ੍ਹਾ ਪੱਧਰੀ ਮਾਰਸ ਸਾਇੰਸ ਪ੍ਰਦਰਸ਼ਨੀ ਦੇ ਦੂਜੇ ਦਿਨ ਅੱਜ ਕਾਫ਼ੀ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ  ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ।ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਨੇ ਦੱਸਿਆ ਕਿ ਅੱਜ ਮੇਨ ਸਟੇਜ ’ਤੇ ਹੋਏ ਸਾਇੰਸ ਅਧਿਆਪਕਾਂ ਦੇ ਮੁਕਾਬਲੇ ਕਾਫ਼ੀ ਦਿਲਚਸਪ ਰਹੇ ਅਤੇ ਉਨ੍ਹਾਂ ਵੱਲੋਂ ਕਿਸੇ ਇੱਕ ਮਾਡਲ ’ਤੇ ਦਿੱਤੀ ਜਾ ਰਹੀ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਹੀ ਸਿੱਖਿਆਦਾਇਕ ਅਤੇ ਲਾਭਕਾਰੀ ਰਹੀ। ਉਨ੍ਹਾਂ ਦੱਸਿਆ ਕਿ ਸਾਇੰਸ ਮੇਲੇ ਵਿੱਚ ਵਿਦਿਆਰਥੀ ਵੱਲੋਂ ਕਾਫ਼ੀ ਰੂਚੀ ਦਿਖਾਈ ਜਾ ਰਹੀ ਹੈ ਅਤੇ ਉਹ ਪ੍ਰਦਰਸ਼ਨੀ ਦੇਖਣ ਦੌਰਾਨ ਉਸ ਸਬੰਧੀ ਆਪਣੇ ਅਧਿਆਪਕਾਂ ਜਾਂ ਸਬੰਧਤ ਵਿਦਿਆਰਥੀਆਂ ਤੋਂ ਗਿਆਨ ਵੀ ਹਾਸਿਲ ਕਰ ਰਹੇ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਭੁਪਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਮੇਲੇ ਦੇ ਦੂਜੇ ਦਿਨ 34 ਸਕੂਲਾਂ ਦੇ 1263 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਹਰ ਮਾਡਲ ਨੂੰ ਬੜੇ ਧਿਆਨ ਪੂਰਵਕ ਦੇਖਦਿਆਂ ਉਸ ਬਾਰੇ ਜਾਨਣ ਦੀ ਜਿਗਿਆਸਾ ਪ੍ਰਗਟ ਕੀਤੀ। ਅੱਜ ਵਿਸ਼ੇਸ਼ ਤੌਰ ’ਤੇ ਪੁੱਜੇ ਵੱਖ-ਵੱਖ ਵਿਸ਼ਿਆਂ ਦੀਆਂ ਮਾਹਿਰ ਸਖਸ਼ੀਅਤਾਂ ਵੱਲੋਂ ਵਿਦਿਆਰਥੀਆਂ ਨੂੰ ਸਾਇੰਸ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੀਬੇਟ ਜੂਨੀਅਰ, ਡਾ. ਅਨਿਲ ਕੁਮਾਰ ਵਰਮਾ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਲੈਕਚਰ, ਜਾਦੂ ਸ਼ੋਅ, ਡੀਬੇਟ ਸੀਨੀਅਰ ਅਤੇ ਗਰੁੱਪ ਡਾਂਸ ਆਦਿ ਵੰਨਗੀਆਂ ਕਰਵਾਈਆਂ ਗਈਆਂ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਕਟਾਰੀਆ, ਸਹਾਇਕ ਡਾਇਰੈਕਟਰ ਡਾ. ਬੂਟਾ ਸਿੰਘ, ਪ੍ਰਿੰਸੀਪਲ ਸੇਂਟ ਜ਼ੇਵੀਅਰ ਸਕੂਲ ਫਾਦਰ ਹੈਨਰੀ ਜੋਸੇਫ਼ ਰਾਜ, ਸਟੇਜ ਸਕੱਤਰ ਸ਼੍ਰੀਮਤੀ ਯੋਗਿਤਾ ਜੋਸ਼ੀ, ਡਾ. ਗੁਰਪ੍ਰੀਤ ਕੌਰ, ਮਨਪ੍ਰੀਤ ਵਾਲੀਆ, ਬਲਜਿੰਦਰ ਜੌੜਕੀਆਂ, ਹੈਡਮਾਸਟਰ ਹਰਪ੍ਰੀਤ ਸਿੰਘ, ਮਨਦੀਪ ਕੁਮਾਰ, ਜਗਜੀਤ ਸਿੰਘ, ਮੁਨੀਸ਼ ਕੁਮਾਰ, ਭੁਵੇਸ਼ ਕੁਮਾਰ, ਉਮੇਸ਼ ਸ਼ਰਮਾ, ਮਨਦੀਪ ਸਿੰਘ, ਰਾਧਾ ਰਾਣੀ, ਸਵਾਤੀ ਜਿੰਦਲ, ਪਰਵੀਨ ਰਾਣੀ, ਪਰਵਿੰਦਰ ਸਿੰਘ, ਡਾ. ਨਾਇਬ ਸਿੰਘ, ਜੱਜਮੈਂਟ ਕਮੇਟੀ ਡਾ. ਜਸਵੀਰ ਸਿੰਘ, ਦੀਪਕ ਗੁਪਤਾ, ਅਨੁਪਮ ਮਦਾਨ, ਸਾਹਿਲ ਤਨੇਜਾ, ਕਿਰਨਪ੍ਰੀਤ ਕੌਰ, ਵਿਪਨ ਗੋਇਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।