Friday, November 8, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹੁਣ ਬੱਸ ਦੀ ਆਖ਼ਰੀ ਸੀਟ 'ਤੇ ਬਹਿ ਕੇ ਟਿਕਟਾਂ ਕੱਟਣਗੇ ਕੰਡਕਟਰ

ਹੁਣ ਬੱਸ ਦੀ ਆਖ਼ਰੀ ਸੀਟ 'ਤੇ ਬਹਿ ਕੇ ਟਿਕਟਾਂ ਕੱਟਣਗੇ ਕੰਡਕਟਰ

ਹੁਕਮ ਨਾ ਮੰਨੇ ਤਾਂ ਹੋਵੇਗੀ ਕਾਰਵਾਈ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵਲੋਂ ਸਰਕਾਰੀ ਬੱਸਾਂ 'ਤੇ ਡਿਊਟੀ ਕਰਦੇ ਸਮੇਂ ਕੰਡਕਟਰਾਂ ਨੂੰ ਆਖਰੀ ਸੀਟ ਉਪਰ ਬੈਠਣ ਦੀ ਹਦਾਇਤ ਕੀਤੀ ਗਈ ਹੈ। ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਕੰਡਕਟਰ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਵਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਕਿਹਾ ਗਿਆ ਹੈ ਕਿ ਪੀਆਰਟੀਸੀ ਦੇ ਮੁੱਖ ਦਫਤਰ ਵਿਚ ਵਾਰ ਵਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਪੀਆਰਟੀਸੀ ਦੇ ਕੰਡਕਟਰ ਬੱਸਾਂ 'ਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਿਤ ਕੀਤੀ ਗਈ ਸੀਟ 'ਤੇ ਨਾ ਬੈਠ ਕੇ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਨ 'ਤੇ ਬੈਠੇ ਪਾਏ ਜਾਂਦੇ ਹਨ, ਜਿਸ ਕਰਕੇ ਕੰਡਕਟਰਾਂ ਵੱਲੋਂ ਸਵਾਰੀਆਂ ਦੇ ਬੱਸਾਂ ਵਿੱਚ ਉਤਰਨ ਜਾਂ ਚੜ੍ਹਣ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਹੈ।ਇਸ ਕਰਕੇ ਕਿਸੇ ਸਮੇਂ ਕੋਈ ਵੀ ਹਾਦਸਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਸਬੰਧੀ ਮੁੱਖ ਦਫਤਰ ਵੱਲੋਂ ਪਹਿਲਾਂ ਵੀ ਹੁਕਮ ਨੰ: 494 ਮਿਤੀ 09.10.2015 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪ੍ਰੰਤੂ ਕੰਡਕਟਰਾਂ ਵੱਲੋਂ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੰਡਕਟਰਾਂ ਵੱਲੋਂ ਉਕਤ ਅਨੁਸਾਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਡਿਊਟੀ ਦੌਰਾਨ ਜੇਕਰ ਕੋਈ ਵੀ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਨ 'ਤੇ ਬੈਠਾ ਪਾਇਆ ਗਿਆ ਹੈ ਤਾਂ ਉਸ ਕੰਡਕਟਰ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।



 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਟੇਟ ਪੱਧਰੀ ਸਕੂਲੀ ਖੇਡਾਂ ਵਿੱਚ ਮਨੂ ਵਟਿਕਾ ਬੁਢਲਾਡਾ ਦੇ ਖਿਡਾਰੀਆਂ ਨੇ ਜਿੱਤੇ ਛੇ ਤਗ਼ਮੇ

ਸਟੇਟ ਪੱਧਰੀ ਸਕੂਲੀ ਖੇਡਾਂ ਵਿੱਚ ਮਨੂ ਵਟਿਕਾ ਬੁਢਲਾਡਾ ਦੇ ਖਿਡਾਰੀਆਂ ਨੇ ਜਿੱਤੇ ਛੇ ਤਗ਼ਮੇ 


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਮਨੂ ਵਾਟਿਕਾ ਸਕੂਲ ਬੁਢਲਾਡਾ ਦੇ ਖਿਡਾਰੀਆਂ ਨੇ ਸਟੇਟ ਪਧਰੀ ਖੇਡਾਂ ਵਿੱਚ ਦੋ ਸੋਨ ਤਗਮੇ, ਇਕ ਚਾਂਦੀ ਦਾ ਤਗਮਾ ਅਤੇ ਦੋ ਕਾਂਸੇ ਦੇ ਤਗਮੇ ਪ੍ਰਾਪਤ ਕਰਕੇ ਆਪਣੀ ਖੇਡਾਂ ਦੀ ਸਰਦਾਰੀ ਨੂੰ ਕਾਇਮ ਰੱਖਿਆ ਹੈ।ਜਾਣਕਾਰੀ ਦਿੰਦੇ ਆਂ ਡੀਪੀਈ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਖਿਡਾਰੀਆਂ ਨੇ ਵਸ਼ੂ ਵਿੱਚੋਂ ਦੋ ਸੋਨ ਤਗਮ ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ, ਚੈਸ ਅੰਡਰ-11 ਸਾਲ ਵਿੱਚੋਂ ਇੱਕ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ।ਉਹਨਾਂ ਕਿਹਾ ਕਿ ਉਕਤ ਖਿਡਾਰੀਆਂ ਦੇ ਕੋਚ ਅਰਸ਼ਦੀਪ ਗਿੱਲ ਅਤੇ ਰਾਜੇਸ਼ ਮਿੱਤਲ ਦੀ ਮਿਹਨਤ ਸਦਕਾ ਇਹ ਤਗਮੇ ਪ੍ਰਾਪਤ ਹੋਏ ਹਨ।ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਤੋਂ ਇਲਾਵਾ ਸਮੁੱਚੀ ਸਟਾਫ ਨੇ ਜੇਤੂ ਖਿਡਾਰੀਆਂ,ਉਹਨਾਂ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਵਿਖੇ ਲਗਾਈ ਗਣਿਤ ਦੀ ਵਿਸ਼ੇਸ਼ ਵਰਕਸ਼ਾਪ

ਦਿ ਰੌਇਲ ਗਲੋਬਲ ਸਕੂਲ ਵਿਖੇ ਲਗਾਈ ਗਣਿਤ ਦੀ ਵਿਸ਼ੇਸ਼ ਵਰਕਸ਼ਾਪ

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ  ਵਿਖੇ ਪ੍ਰਸਿੱਧ ਗਣਿਤ ਦੇ ਸਿੱਖਿਅਕ ਅਮਨਦੀਪ ਸਿੰਘ ਵਿਰਕ ਨੇ ਗਣਿਤ ਨੂੰ ਮਨੋਰੰਜਕ ਅਤੇ ਵਿਦਿਆਰਥੀਆਂ ਲਈ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ।ਵਰਕਸ਼ਾਪ, ਵਿਦਿਆਰਥੀਆਂ ਨੂੰ ਗੁੰਝਲਦਾਰ ਗਣਿਤ ਦੀਆਂ ਸਮੱਸਿਆਵਾਂ ਨੂੰ ਆਸਾਨੀ ਅਤੇ ਗਤੀ ਨਾਲ ਹੱਲ ਕਰਨ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਅਤੇ ਤਕਨੀਕਾਂ ਸਿਖਾਉਣ ਲਈ ਤਿਆਰ ਕੀਤੀ ਗਈ ਸੀ। ਉਸਨੇ ਵਿਦਿਆਰਥੀਆਂ ਨੂੰ ਵਿਹਾਰਕ ਸ਼ਾਰਟ-ਕੱਟਾਂ, ਮਾਨਸਿਕ ਗਣਿਤ ਦੀਆਂ ਰਣਨੀਤੀਆਂ, ਅਤੇ ਸਮੱਸਿਆ-ਹੱਲ ਕਰਨ ਦੇ ਤਰੀਕਿਆਂ ਨਾਲ ਜਾਣੂ ਕਰਵਾਇਆ ਜੋ ਉਹਨਾਂ ਦੇ ਸਮੁੱਚੇ ਗਣਿਤ ਦੇ ਹੁਨਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਵਰਕਸ਼ਾਪ ਵਿੱਚ ਤੇਜ਼ੀ ਨਾਲ ਗੁਣਾ, ਗੁਣਾਂ ਅਤੇ ਕਾਰਕਾਂ ਦਾ ਪਤਾ ਲਗਾਉਣ ਦੇ ਤੇਜ਼ ਤਰੀਕੇ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਉਸਨੇ ਉਜਾਗਰ ਕੀਤਾ ਕਿ ਕਿਵੇਂ ਇਹਨਾਂ ਤਕਨੀਕਾਂ ਨੂੰ ਅਸਲ-ਜੀਵਨ ਦੀਆਂ ਸਥਿਤੀਆਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ, ਗਣਿਤ ਨੂੰ ਵਧੇਰੇ ਪ੍ਰਸੰਗਿਕ ਅਤੇ ਦਿਲਚਸਪ ਬਣਾਉਂਦਾ ਹੈ। ਵਿਦਿਆਰਥੀਆਂ ਨੇ ਵਰਕਸ਼ਾਪ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਵਰਕਸ਼ਾਪ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਨੇ ਬਿਨਾਂ ਸ਼ੱਕ ਸਾਡੇ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਵਧੇਰੇ ਰੁਚੀ ਪੈਦਾ ਕੀਤੀ ਹੈ।ਉਮੀਦ ਹੈ ਕਿ ਅਜਿਹੇ ਇੰਟਰਐਕਟਿਵ ਸੈਸ਼ਨ ਵਿਦਿਆਰਥੀਆਂ ਨੂੰ ਗਣਿਤ ਨੂੰ ਇੱਕ ਰੋਮਾਂਚਕ ਅਤੇ ਪਹੁੰਚਯੋਗ ਵਿਸ਼ੇ ਵਜੋਂ ਦੇਖਣ ਲਈ ਪ੍ਰੇਰਿਤ ਕਰਦੇ ਰਹਿਣਗੇ ਅਤੇ ਅਸੀਂ ਅਜਿਹੇ ਹੋਰ ਸੈਸ਼ਨਾਂ ਦੀ ਉਡੀਕ ਕਰਦੇ ਹਾਂ। ਸਕੂਲ ਦੀ ਅਕਾਦਮਿਕ ਮੁਖੀ ਹਰਦੇਵ ਕੌਰ ਸਿੱਧੂ ਨੇ ਕਿਹਾ ਕਿ ਸਕੂਲ ਆਪਣੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਾਲੇ ਨਵੀਨਤਾਕਾਰੀ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਸਮਰਪਿਤ ਹੈ।

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਕਣਕਵਾਲ ਭੰਗੂਆਂ ਵਿਖੇ ਦਿਲ ਦਾ ਦੌਰਾ ਪੈਣ ਨਾਲ ਦੋ ਸਕੇ ਭਰਾਵਾਂ ਦੀ ਮੌਤ

ਕਣਕਵਾਲ ਭੰਗੂਆਂ ਵਿਖੇ ਦਿਲ ਦਾ ਦੌਰਾ ਪੈਣ ਨਾਲ ਦੋ ਸਕੇ ਭਰਾਵਾਂ ਦੀ ਮੌਤ

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਪਿੰਡ ਕਣਕਵਾਲ ਭੰਗੂਆਂ ਵਿਖੇ ਦਿਲ ਦਾ ਦੌਰਾ ਪੈਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਲਾਲ (66 ਸਾਲ) ਅਤੇ ਮੋਹਨ ਦਾਸ (60 ਸਾਲ) ਨੂੰ ਥੋੜੇ ਕੁ ਸਮੇਂ ਦੇ ਫਰਕ ਨਾਲ ਅਚਨਚੇਤ ਦਿਲ ਦਾ ਦੌਰਾ ਪਿਆ, ਜਿਸ ਨਾਲ ਦੋਵੇ ਹੀ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਡਾ. ਰਾਮ ਕੁਮਾਰ ਕਣਕਵਾਲ ਅਤੇ ਬਲਵਿੰਦਰਪਾਲ ਬਿੰਦੀ ਸਾਬਕਾ ਮੈਂਬਰ ਬਲਾਕ ਸੰਮਤੀ ਨੇ ਦੱਸਿਆ ਕਿ ਰਾਮ ਲਾਲ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਅਤੇ ਮੋਹਨ ਦਾਸ ਇਲੈਕਟ੍ਰੀਸ਼ਨ ਸਨ ਅਤੇ ਪਹਿਲਾ ਵੱਡੇ ਭਰਾ ਰਾਮ ਲਾਲ ਨੂੰ ਦਿਲ ਦਾ ਦੌਰਾ ਪਿਆ ਅਤੇ ਕੁੱਝ ਘੰਟਿਆਂ ਬਾਅਦ ਛੋਟੇ ਭਰਾ ਮੋਹਨ ਦਾਸ ਵੀ ਦਿਲ ਦਾ ਦੌਰਾ ਪੈਣ ਨਾਲ ਚੱਲ ਵਸੇ । ਇਸ ਵਾਪਰੀ ਘਟਨਾ ਤੋਂ ਪਿੰਡ ਕਣਕਵਾਲ ਭੰਗੂਆਂ ਵਾਸੀਆਂ 'ਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਿੰਡ ਦੇ ਸਰਪੰਚ ਯਾਦਵਿੰਦਰ ਸਿੰਘ ਮੰਡੇਰ, ਮਾਸਟਰ ਜਸਵੀਰ ਸਿੰਘ, ਮਾਸਟਰ ਗੁਰਦੀਪ ਸਿੰਘ, ਮਾਸਟਰ ਸੁਜਾਨ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਭੰਗੂ, ਰਾਜੂ ਰਿਸ਼ੀ ਅਤੇ ਸਮਾਜ ਸੇਵੀ ਸੰਸਥਾ ਟੀਮ ਆਗਾਜ ਦੇ ਮੈਬਰਾਂ ਨੇ ਇਸ ਵਾਪਰੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ।

Tuesday, November 5, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਰਾਜਿੰਦਰ ਦੀਪਾ ਦੀ ਅਗਵਾਈ ਹੇਠ ਐਸਡੀਐਮ ਦਫ਼ਤਰ ਅੱਗੇ ਦਿੱਤਾ ਧਰਨਾ

ਰਾਜਿੰਦਰ ਦੀਪਾ ਦੀ ਅਗਵਾਈ ਹੇਠ ਐਸਡੀਐਮ ਦਫ਼ਤਰ ਅੱਗੇ ਦਿੱਤਾ ਧਰਨਾ

ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਨਾਲ ਕੱਢ ਰਹੀਆਂ ਨੇ ਕਿੜ-- ਦੀਪਾ

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੂਬੇ ਅੰਦਰ ਝੋਨੇ ਦੀ ਢਿੱਲੀ ਖ਼ਰੀਦ, ਮੰਡੀਆਂ ਵਿੱਚੋਂ ਲਿਫਟਿੰਗ ਨਾ ਹੋਣ ਅਤੇ ਡੀਏਪੀ ਖ਼ਾਦ ਦੀ ਘਾਟ ਦੇ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਆਦੇਸ਼ਾਂ ਤਹਿਤ ਮੰਗਲਵਾਰ ਨੂੰ ਸੁਨਾਮ ਵਿਖੇ ਹਲਕਾ ਇੰਚਾਰਜ਼ ਰਾਜਿੰਦਰ ਦੀਪਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਐਸਡੀਐਮ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਐਸਡੀਐਮ ਪ੍ਰਮੋਦ ਸਿੰਗਲਾ ਨੂੰ ਪੰਜਾਬ ਦੇ ਰਾਜਪਾਲ ਦੇ ਨਾਂਅ ਕਿਸਾਨਾਂ ਦੇ ਹੱਕਾਂ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ਼ ਰਾਜਿੰਦਰ ਦੀਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਢਿੱਲੀ ਖਰੀਦ ਤੇ ਚੁਕਾਈ ਅਤੇ ਡੀਏਪੀ ਖ਼ਾਦ ਦੀ ਘਾਟ ਲਈ ਕੇਂਦਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨੇ ਝੋਨੇ ਦੀ ਖਰੀਦ ਸੁਚਾਰੂ ਬਣਾਉਣ ਲਈ ਅਗਾਊਂ ਪ੍ਰਬੰਧ ਨਹੀਂ ਕੀਤੇ ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਸਨਅਤ ਨਾਲ ਜੁੜੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਝੋਨੇ ਦੀ ਖਰੀਦ ਮਾਮਲੇ ਵਿੱਚ ਤੁਰੰਤ ਧਿਆਨ ਦੇਣ ਨੂੰ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਧਿਰ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਨਾਲ ਕਿੜ ਕੱਢ ਰਹੀਆਂ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਕੇਸਰ ਸਿੰਘ ਢੋਟ , ਦਰਸ਼ਨ ਸਿੰਘ ਚੀਮਾਂ, ਬਲਵਿੰਦਰ ਸਿੰਘ ਅਕਬਰਪੁਰ, ਦਰਬਾਰਾ ਸਿੰਘ ਚੀਮਾਂ, ਹਰਭਜਨ ਸਿੰਘ ਜਖੇਪਲ, ਦਰਸ਼ਨ ਸਿੰਘ ਬਿਜਲਪੁਰ, ਪ੍ਰਗਟ ਸਿੰਘ ਨਾਗਰਾ, ਜਸਪਾਲ ਸਿੰਘ, ਗੁਰਸੇਵਕ ਸਿੰਘ ਬਿਗੜਵਾਲ, ਦਵਿੰਦਰ ਸਿੰਘ, ਰਾਣਾ ਬਾਲਟੀਆਂ ਵਾਲਾ ਸਮੇਤ ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਅਧਿਆਪਕ ਮਸਲਿਆਂ ਨੂੰ ਲੈ ਕੇ ਜਥੇਬੰਦੀ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ : ਅਮਨਦੀਪ ਸ਼ਰਮਾ

ਅਧਿਆਪਕ ਮਸਲਿਆਂ ਨੂੰ ਲੈ ਕੇ ਜਥੇਬੰਦੀ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ : ਅਮਨਦੀਪ ਸ਼ਰਮਾ

ਪੁਰਾਣੀ ਪੈਨਸ਼ਨ ਬਹਾਲ ਕਰਨਾ, 2364,5994 ਭਰਤੀਆਂ ਪੂਰਾ ਕਰਨਾ, ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆ ਤਰੱਕੀਆਂ ਮੁੱਖ ਮੰਗਾਂ- ਗੁਰਜੰਟ ਸਿੰਘ ਬੱਛੋਆਣਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ,ਪ੍ਰਚਾਰਕ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਪੈਂਡਿੰਗ ਪਈਆਂ ਹਨ। ਬਹੁਤੇ ਅਧਿਆਪਕ ਤਰੱਕੀਆਂ ਨੂੰ ਉਡੀਕਦੇ ਸੇਵਾ ਮੁਕਤ ਹੋ ਰਹੇ ਹਨ। ਉਹਨਾਂ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ।ਜਥੇਬੰਦੀ ਦੇ ਆਗੂ ਕੁਲਵਿੰਦਰ ਦਿਆਲਪੁਰਾ ਨੇ ਮੰਗ ਕੀਤੀ ਗਈ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ ਅਤੇ ਰਹਿੰਦੀਆਂ ਭਰਤੀਆਂ 2364,5994 ਚਾਰ ਹਲਕਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੁਰੰਤ ਪੂਰੀਆਂ ਕੀਤੀਆਂ ਜਾਣ।ਇਸ ਸਮੇਂ ਜੁਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਮੰਗ ਕੀਤੀ ਕਿ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਐਲਾਨੀ ਜਾਵੇ ਸੈਂਟਰ ਪੱਧਰ ਤੇ ਕਲਰਕ ਦੀ ਪੋਸਟ ਅਤੇ ਮਿਡ ਡੇ ਮੀਲ ਦੀ ਰਾਸ਼ੀ ਵਿੱਚ ਵਾਧਾ ਕਰਨ ਦੀ ਮੰਗ ਰੱਖੀ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਸਪੈਸ਼ਲ ਸੁਧਾਈ ਪ੍ਰੋਗਰਾਮ ਦੌਰਾਨ 9 ਤੇ 10 ਨਵੰਬਰ ਨੂੰ ਲਗਾਏ ਜਾਣਗੇ ਸਪੈਸ਼ਲ ਕੈਂਪ

ਸਪੈਸ਼ਲ ਸੁਧਾਈ ਪ੍ਰੋਗਰਾਮ ਦੌਰਾਨ 9 ਤੇ 10 ਨਵੰਬਰ ਨੂੰ ਲਗਾਏ ਜਾਣਗੇ ਸਪੈਸ਼ਲ ਕੈਂਪ

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰਤ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਾਨਸਾ ਜ਼ਿਲ੍ਹੇ ਅੰਦਰ ਬੀਤੇ ਦਿਨੀਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸਪੈਸ਼ਲ ਸੁਧਾਈ ਦੌਰਾਨ 9 ਤੇ 10 ਨਵੰਬਰ 2024 ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ। ਜਿਨ੍ਹਾਂ ਵਿੱਚ ਬੀ.ਐਲ.ਓਜ਼ ਆਪਣੇ ਨਾਲ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਡਰਾਫਟ ਵੋਟਰ ਸੂਚੀ ਦੇ ਅਧਾਰ ’ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਇਸ ਉਪਰੰਤ 23 ਅਤੇ 24 ਨਵੰਬਰ 2024 ਨੂੰ ਵੀ ਇਹ ਸਪੈਸ਼ਲ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਕਤ ਮਿਤੀਆਂ ਨੂੰ ਬੀ.ਐਲ.ਓਜ਼ ਵੱਲੋਂ ਆਪਣੇ ਬੂਥਾਂ ’ਤੇ ਬੈਠ ਕੇ ਵੋਟਰ ਸੂਚੀ ਦੀ ਸੁਧਾਈ ਸਬੰਧੀ ਫਾਰਮ ਭਰੇ ਜਾਣੇ ਹਨ।ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਮਿਤੀ 1 ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਪੂਰੀ ਕਰਦਾ ਹੈ, ਤਾਂ ਉਹ ਉਕਤ ਮਿਤੀਆਂ ਨੂੰ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਸਬੰਧਤ ਬੀ.ਐਲ.ਓ. ਕੋਲ ਫਾਰਮ ਨੰਬਰ 6 ਜਮ੍ਹਾਂ ਕਰਵਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਇਸ ਤੋਂ ਇਲਾਵਾ ਫਾਰਮ ਨੰਬਰ 7 ਭਰਕੇ ਵੋਟ ਕਟਵਾਈ ਜਾ ਸਕਦੀ ਹੈ ਅਤੇ ਫਾਰਮ ਨੰਬਰ 8 ਭਰਕੇ ਆਪਣੀ ਪਹਿਲਾਂ ਰਜਿਸਟਰਡ ਵੋਟ ਵਿੱਚ ਸੋਧ ਕਰਵਾਈ ਜਾ ਸਕਦੀ ਹੈ।