Tuesday, December 24, 2024

ਮਾਨਸਾ,ਪੱਤਰ ਪ੍ਰੇਰਕ : ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ 'ਤੇ ਸਿੱਖਿਆ ਮੰਤਰੀ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ 'ਤੇ ਸਿੱਖਿਆ ਮੰਤਰੀ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਕੰਪਿਊਟਰ ਅਧਿਆਪਕਾਂ,ਦਫ਼ਤਰੀ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ

ਮਾਨਸਾ,ਪੱਤਰ ਪ੍ਰੇਰਕ : ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ ਸਿੱਖਿਆ ਮੰਤਰੀ ਦੇ ਅੜੀਅਲ ਵਤੀਰੇ ਤੇ ਅਧਿਆਪਕਾਂ ਦੀਆਂ ਮੰਗਾ ਨਾ ਮੰਨਣ ਤੇ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਜਿਲ੍ਹਾ ਮਾਨਸਾ ਦੇ ਕਨਵੀਨਰ ਨਰਿੰਦਰ ਸਿੰਘ ਮਾਖਾ, ਦਰਸ਼ਨ ਸਿੰਘ ਅਲੀਸ਼ੇਰ ਅਤੇ ਡੀ ਟੀ ਐਫ ਮਾਨਸਾ ਦੇ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਬੀਤੇ ਦਿਨੀਂ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਅੜੀਅਲ ਵਤੀਰੇ ਕਾਰਨ ਮੀਟਿੰਗ ਬੇਸਿੱਟਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਨਾ ਕਰਨ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਸਮੇਂ ਸਾਰੇ ਸਕੂਲਾਂ ਦੇ ਖਾਲੀ ਸਟੇਸ਼ਨ ਨਾ ਦਿਖਾਉਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਵੱਲੋਂ 6 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਦੇ ਸਿੱਟੇ ਵਜੋਂ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ।ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਿੱਖਿਆ ਮੰਤਰੀ ਨਾਲ ਕੀਤੀ ਗਈ ਸਾਂਝੀ ਮੀਟਿੰਗ ਵਿੱਚ ਸੀ. ਐਂਡ ਵੀ. ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵਲੋਂ ਜਾਰੀ ਤਰਕਹੀਣ ਸਪੀਕਿੰਗ ਆਰਡਰ ਤੁਰੰਤ ਰੱਦ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, ਪ੍ਰਮੋਟ ਅਧਿਆਪਕਾਂ ਨੂੰ ਸਟੇਸ਼ਨ ਨੇੜੇ ਦੇਣ ਤੇ ਰਹਿੰਦੀਆਂ ਤਰੱਕੀਆਂ ਕਰਨ ਸਬੰਧੀ ਮੰਗ ਜੋਰਦਾਰ ਢੰਗ ਨਾਲ ਰੱਖੀ ਗਈ, ਪਰ ਸਿੱਖਿਆ ਮੰਤਰੀ ਨੇ ਇਹ ਮਸਲਾ ਵਿੱਤ ਵਿਭਾਗ ਦੇ ਅਧਿਕਾਰ ਖੇਤਰ ਦਾ ਕਹਿ ਕੇ ਇਸ ਦਾ ਕੋਈ ਹੱਲ ਨਹੀਂ ਕੀਤਾ। ਇਸ ਉਪਰੰਤ ਮਿਡਲ ਅਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲ ਬੰਦ ਕਰਨ ਲਈ ਬਜਿਦ ਸਿੱਖਿਆ ਮੰਤਰੀ ਵਲੋਂ ਨਿਯੁਕਤੀਆਂ ਅਤੇ ਤਰੱਕੀਆਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਦਿਖਾਉਣ ਤੋਂ ਇਨਕਾਰ ਕਰਨ 'ਤੇ ਅਧਿਆਪਕ ਆਗੂਆਂ ਵਲੋਂ ਸਖਤ ਵਿਰੋਧ ਕਰਦਿਆਂ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕਾਂ ਦੀ ਮੰਗ ਕੀਤੀ। ਜਿਸ ਉਪਰੰਤ ਸਿੱਖਿਆ ਮੰਤਰੀ ਵੱਲੋਂ ਕੋਈ ਤਸੱਲੀਬਖ਼ਸ਼ ਨਹੀਂ ਦਿੱਤਾ ਗਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਜਾਰੀ ਰੱਖਣ ਦੀ ਹਦਾਇਤ ਕਰਕੇ ਮੀਟਿੰਗ ਛੱਡ ਦਿੱਤੀ ਗਈ।ਅੱਜ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕਰਨ ਸਮੇਂ ਆਗੂਆ ਗੁਰਦਾਸ ਰਾਏਪੁਰ ਸੱਤ ਪ੍ਰਤਾਪ, ਗੁਰਤੇਜ ਉੱਭਾ,ਸੰਦੀਪ ਸਿੰਘ, ਰਾਜੇਸ਼ ਬੁਢਲਾਡਾ, ਜਗਤਾਰ ਝੱਬਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਮਿਡਲ ਸਕੂਲਾਂ ਬੰਦ ਕਰੇਗੀ ਤਾਂ ਇਸਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਅਤੇ ਸਮੱਗਰਾ ਸਿਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਨੂੰ ਤੁਰੰਤ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ, ਸੀ ਐਂਡ ਵੀ ਕਾਡਰ ਦੀ ਤਨਖਾਹ ਕਟੌਤੀ ਦਾ ਪੱਤਰ ਤੁਰੰਤ ਵਾਪਸ ਲਿਆ ਜਾਵੇ, ਤਰੱਕੀਆਂ ਸਮੇਂ ਸਾਰੇ ਖ਼ਾਲੀ ਸਟੇਸ਼ਨ ਚੋਣ ਲਈ ਖੋਲ੍ਹੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬੰਦ ਕੀਤੇ 37 ਭੱਤੇ ਬਹਾਲ ਕੀਤੇ ਜਾਣ, ਕੇਂਦਰੀ ਸਿਖਿਆ ਨੀਤੀ ਦੀ ਜਗ੍ਹਾ ਪੰਜਾਬ ਦੀ ਆਪਣੀ ਸਿਖਿਆ ਨੀਤੀ ਬਣਾਈ ਜਾਵੇ, ਗੈਰ ਸਿਧਾਂਤਕ ਪ੍ਰੋਜੈਕਟਾਂ ਦੀ ਬਜਾਏ ਸਿਲੇਬਸ ਅਨੁਸਾਰ ਪੜਾਈ ਕਰਵਾਈ ਜਾਵੇ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ। ਜੇਕਰ ਉਕਤ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਵੱਡਾ ਅੰਦੋਲਨ ਵਿੱਢਿਆ ਜਾਵੇਗਾ।ਇਸ ਸਮੇਂ ਲਖਵਿੰਦਰ ਮਾਨ, ਪ੍ਰਭੂ ਰਾਮ, ਹਰਦੀਪ ਰੋੜੀ ਰਾਜਵਿੰਦਰ ਬੈਹਣੀਵਾਲ ਸਤੀਸ਼ ਕੁਮਾਰ, ਗੁਰਜੀਤ ਰੜ, ਬੇਅੰਤ ਸਿੰਘ, ਨਿਧਾਨ ਸਿੰਘ, ਗੁਰਪ੍ਰੀਤ ਭੀਖੀ,ਬਲਵਿੰਦਰ ਉੱਲਕ, ਇਕਬਾਲ ਸਿੰਘ, ਦਮਨਜੀਤ ਸਿੰਘ, ਮਨਪ੍ਰੀਤ ਖੈਰਾ, ਸੁਖਵਿੰਦਰ ਮਾਖਾ , ਰਾਜਿੰਦਰ ਸਿੰਘ, ਮਨਦੀਪ ਕੋਟਲੀ, ਗੁਰਪ੍ਰੀਤ ਦਲੇਲ ਵਾਲਾ, ਸੁਖਦੀਪ ਗਿੱਲ, ਬਲਕਾਰ ਸਿੰਘ , ਰਾਜਪਾਲ ਸਿੰਘ, ਜਸਵਿੰਦਰ ਜਵਾਹਰਕੇ, ਸੁਸ਼ੀਲ ਕੁਮਾਰ ਅਤੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਤੋਂ ਵੀ ਆਗੂ ਹਾਜਰ ਸਨ।  

Monday, December 23, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹੁਣ 5ਵੀਂ ਤੇ 8ਵੀਂ 'ਚ ਫੇਲ੍ਹ ਹੋਣ 'ਤੇ ਅਗਲੀ ਜਮਾਤ 'ਚ ਨਹੀਂ ਜਾਵੇਗਾ ਬੱਚਾ

ਹੁਣ 5ਵੀਂ ਤੇ 8ਵੀਂ 'ਚ ਫੇਲ੍ਹ ਹੋਣ 'ਤੇ ਅਗਲੀ ਜਮਾਤ 'ਚ ਨਹੀਂ ਜਾਵੇਗਾ ਬੱਚਾ

ਕੇਂਦਰੀ ਸਿੱਖਿਆ ਮੰਤਰਾਲੇ ਨੇ ‘ਨੋ ਡਿਟੈਂਸ਼ਨ ਪਾਲਿਸੀ’ ਨੂੰ ਕੀਤਾ ਖ਼ਤਮ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕੇਂਦਰੀ ਸਿੱਖਿਆ ਮੰਤਰਾਲੇ ਨੇ ਵੱਡਾ ਫੈਸਲਾ ਲੈਂਦੇ ਹੋਏ ਹੁਣ ‘ਨੋ ਡਿਟੈਂਸ਼ਨ ਪਾਲਿਸੀ’ ਨੂੰ ਖਤਮ ਕਰ ਦਿੱਤਾ ਹੈ। ਹੁਣ 5ਵੀਂ ਅਤੇ 8ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਫੇਲ੍ਹ ਐਲਾਨ ਦਿੱਤਾ ਜਾਵੇਗਾ। ਅਸਫ਼ਲ ਵਿਦਿਆਰਥੀਆਂ ਨੂੰ ਦੋ ਮਹੀਨਿਆਂ ਦੇ ਅੰਦਰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਮਿਲੇਗਾ ਪਰ ਜੇਕਰ ਉਹ ਦੁਬਾਰਾ ਫੇਲ੍ਹ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਗਲੀ ਕਲਾਸ 'ਚ ਪ੍ਰਮੋਟ ਨਹੀਂ ਕੀਤਾ ਜਾਵੇਗਾ। ਸਕੂਲ 8ਵੀਂ ਜਮਾਤ ਤਕ ਕਿਸੇ ਵੀ ਵਿਦਿਆਰਥੀ ਨੂੰ ਨਹੀਂ ਕੱਢੇਗਾ।ਸੋਮਵਾਰ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਨੇ 'ਨੋ ਡਿਟੈਂਸ਼ਨ ਪਾਲਿਸੀ' ਨੂੰ ਖਤਮ ਕਰ ਕੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਿਵਸਥਾ ਨੂੰ ਬਦਲ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ 5ਵੀਂ ਅਤੇ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਫੇਲ੍ਹ ਕਰ ਦਿੱਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਵੀਂ ਨੀਤੀ ਦਾ ਉਦੇਸ਼ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਨੂੰ ਬਿਹਤਰ ਬਣਾਉਣਾ ਤੇ ਅਕਾਦਮਿਕ ਪ੍ਰਦਰਸ਼ਨ ਨੂੰ ਬਿਹਤਰ ਬਣਾਉਣਾ ਹੈ। ਮੰਤਰਾਲੇ ਨੇ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 'ਨੋ ਡਿਟੈਂਸ਼ਨ ਪਾਲਿਸੀ' ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਨੀਤੀ ਕਾਫੀ ਸਮੇਂ ਤੋਂ ਚਰਚਾ 'ਚ ਸੀ ਪਰ ਹੁਣ ਨਵੀਂ ਪ੍ਰਣਾਲੀ ਤਹਿਤ 5ਵੀਂ ਤੇ 8ਵੀਂ ਜਮਾਤ 'ਚ ਸਾਲਾਨਾ ਪ੍ਰੀਖਿਆ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀ ਫੇਲ੍ਹ ਹੋ ਜਾਣਗੇ।

Saturday, December 21, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰਾਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਕਰਵਾਈ ਐਥਲੈਟਿਕਸ ਮੀਟ

ਦਿ ਰਾਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਕਰਵਾਈ ਐਥਲੈਟਿਕਸ ਮੀਟ 

ਸੁਖਪ੍ਰੀਤ ਕੌਰ ਤੇ ਜਗਮੀਤ ਸਿੰਘ ਬੈਸਟ ਐਥਲੀਟ ਚੁਣੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਭੀਖੀ-ਮਾਨਸਾ ਮੁੱਖ ਮਾਰਗ ‘ਤੇ ਸਥਿੱਤ ਇਸ ਖ਼ੇਤਰ ਦੀ ਨਾਮਵਰ ਵਿਦਿਅਕ ਸੰਸਥਾ ਦਿ ਰਾਇਲ ਗਲੋਬਲ ਸਕੂਲ ਖਿਆਲਾ ਕਲਾਂ ਵੱਲੋਂ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਪ੍ਰਿੰਸੀਪਲ ਯੋਗਿਤਾ ਭਾਟੀਆ ਦੀ ਅਗਵਾਈ ਹੇਠ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਇਸ ਐਥਲੈਟਿਕ ਮੀਟ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਵਿਦਿਆਰਥੀਆਂ ਅੰਦਰ ਛੁੱਪੀ ਪ੍ਰਤਿਭਾ ਸਾਹਮਣੇ ਆਉਂਦੀ ਹੈ। ਇਸ ਮੌਕੇ ਜਗਰੂਪ ਸਿੰਘ ਭਾਰਤੀ ਰਿਟਾਇਰਡ ਡਿਪਟੀ ਡੀਈਓ ਮਾਨਸਾ, ਮਨਮੋਹਣ ਸਿੰਘ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਮਾਨਸਾ, ਮਾਸਟਰ ਲਖਵੀਰ ਸਿੰਘ, ਮਾਸਟਰ ਕ੍ਰਿਸ਼ਨ ਸਿੰਘ, ਗੁਰਬਚਨ ਸਿੰਘ ਰਿਟਾਇਰਡ ਏਅਰਫ਼ੋਰਸ ਅਫ਼ਸਰ, ਐਡਵੋਕੇਟ ਬਲਵੰਤ ਸਿੰਘ ਭਾਟੀਆ, ਗੁਰਵਿੰਦਰ ਸਿੰਘ ਚਹਿਲ, ਮਿੱਠੂ ਰਾਮ, ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ,ਜਗਦੀਪ ਸਿੰਘ,ਵਿਕਾਸ ਸ਼ਰਮਾ ਆਦਿ ਹਾਜ਼ਰ ਹੋਏ। ਇਸ ਅਥਲੈਟਿਕਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਸਰਬਜੀਤ ਕੌਰ ਸੋਹਲ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਹਾਊਸ - ਵਾਈਜ਼ ਮਾਰਚ ਪਾਸਟ ਹੋਇਆ। ਇਸ ਉਪਰੰਤ ਬੱਚਿਆਂ ਨੇ ਰਿਬਨ ਡਰਿੱਲ, ਪੀ.ਟੀ. ਡ੍ਰਿਲ ਅਤੇ ਡੰਬਲ ਡ੍ਰਿਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲਾਨਾ ਅਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ,ਅੜਿੱਕਾ ਦੌੜ, ਰਿਲੇਅ ਦੌੜ, ਸ਼ਾਟ ਪੁਟ, ਡਿਸਕਸ਼ ਥਰੋਅ, ਲੰਬੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਮਜ਼ੇਦਾਰ ਖੇਡਾਂ ਜਿਵੇਂ ਕਿ ਪੈਗੂਇਨ ਦੌੜ, ਫਨ ਬੱਕਟ ਰੇਸ, ਹਾਕੀ ਰੇਸ, ਕੰਗਰੂ ਰੇਸ, ਟਾਇਰ ਰੇਸ, ਟਾਈ ਲੈਗ ਰੇਸ ਆਦਿ ਸਨ। ਸਾਰੇ ਈਵੈਂਟਾਂ ਵਿੱਚ ਸ਼ਿਵਾਲਿਕ ਹਾਊਸ ਨੇ ਸਭ ਤੋਂ ਵੱਧ ਈਵੈਂਟ ਜਿੱਤੇ, ਪਹਿਲੇ ਸਥਾਨ ਤੇ ਰਹੇ ਅਤੇ ਕਾਕ ਹਾਊਸ (ਬੈਸਟ ਹਾਊਸ) ਟਰਾਫੀ ਜਿੱਤੀ। ਬੈਸਟ ਐਥਲੀਟ ਦੀ ਟਰਾਫੀ ਕੁੜੀਆਂ ਵਿੱਚੋਂ ਸੁਖਪ੍ਰੀਤ ਕੌਰ ਜਮਾਤ ਅੱਠਵੀਂ, ਮੁੰਡਿਆਂ ਵਿੱਚੋਂ ਜਗਮੀਤ ਸਿੰਘ ਨੇ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਭੰਗੜਾ, ਗਿੱਧਾ ਆਦਿ ਵੀ ਦੇਖਣ ਨੂੰ ਮਿਲੇ। ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕਰਨ ਦੀ ਰਸਮ ਮੁੱਖ ਮਹਿਮਾਨ ਡਾ.ਸਰਬਜੀਤ ਕੌਰ ਸੋਹਲ, ਮਨਮੋਹਣ ਸਿੰਘ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਮਾਨਸਾ, ਗੁਰਬਚਨ ਸਿੰਘ ਰਿਟਾਇਰ ਏਅਰਫੋਰਸ ਅਫਸਰ, ਜਗਰੂਪ ਭਾਰਤੀ,ਲਖਵੀਰ ਸਿੰਘ ਅਤੇ ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਅਤੇ ਅਕਾਦਮਿਕ ਮੁਖੀ ਹਰਦੇਵ ਕੌਰ ਸਿੱਧੂ ਨੇ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਨੇ ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਕੂਲ ਮੀਟ ਦੀ ਸ਼ਾਨਦਾਰ ਪੇਸ਼ਕਾਰੀ ਲਈ ਵਧਾਈ ਦਿੱਤੀ। ਰਾਜਵੰਤ ਕੌਰ ਅਤੇ ਗੁਰਜਿੰਦਰ ਕੌਰ ਨੇ ਸਕੂਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਾਂ।

Saturday, December 7, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਮਨ ਅਰੋੜਾ ਨੇ ਚੀਮਾ ਮੰਡੀ ਵਿਖੇ ਨਵੀਂ ਲਾਇਬਰੇਰੀ ਦਾ ਰੱਖਿਆ ਨੀਂਹ ਪੱਥਰ

ਅਮਨ ਅਰੋੜਾ ਨੇ ਚੀਮਾ ਮੰਡੀ ਵਿਖੇ ਨਵੀਂ ਲਾਇਬਰੇਰੀ ਦਾ ਰੱਖਿਆ ਨੀਂਹ ਪੱਥਰ

ਕੈਬਨਿਟ ਵਜ਼ੀਰ ਵੱਲੋਂ ਚੀਮਾ ਅਤੇ ਲੌਂਗੋਵਾਲ ਵਿਖੇ 96 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕੈਬਨਿਟ ਵਜ਼ੀਰ  ਅਮਨ ਅਰੋੜਾ ਨੇ ਚੀਮਾ ਮੰਡੀ ਵਿਖੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਬਣਨ ਵਾਲੀ ਲਾਇਬਰੇਰੀ ਦਾ ਨੀਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਪੁਸਤਕਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਜੀਵਨ ਸੇਧ ਦੇਣ ਦੇ ਨਾਲ ਨਾਲ ਹਰੇਕ ਉਮਰ ਵਰਗ ਦੇ ਪਾਠਕ ਦਾ ਦੋਸਤ ਹੁੰਦੀਆਂ ਹਨ ਜਿਨਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਛੇਤੀ ਹੀ ਇਹ ਲਾਇਬਰੇਰੀ ਬਣ ਕੇ ਤਿਆਰ ਹੋ ਜਾਵੇਗੀ।ਉਹਨਾਂ ਨੇ ਧਰਮਸ਼ਾਲਾ ਦੇ ਸ਼ੈੱਡ ਤੇ ਫ਼ਰਸ਼, ਸਕੂਲ ਦੇ ਗਰਾਊਂਡ ਵਿੱਚ ਸਟੇਜ ਤੇ ਸ਼ੈੱਡ ਦੇ ਨਿਰਮਾਣ ਕਾਰਜਾਂ ਅਤੇ ਸਟਰੀਟ ਲਾਈਟਾਂ ਦੇ ਪ੍ਰੋਜੈਕਟ ਨੂੰ ਵੀ ਆਰੰਭ ਕਰਵਾਇਆ।ਇਸ ਮੌਕੇ ਕਾਰਜਸਾਧਕ ਅਫ਼ਸਰ ਬਾਲ ਕ੍ਰਿਸ਼ਨ,ਬੀਰਬਲ ਸਿੰਘ ਚੀਮਾ,ਦਰਸ਼ਨ ਸਿੰਘ ਗੀਤੀ ਮਾਨ ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਕੁਲਦੀਪ ਸਿੰਘ ਸਿੱਧੂ,ਮੇਜਰ ਸਿੰਘ,ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਚਹਿਲ,ਜਸਵੀਰ ਸਿੰਘ,ਨਿਰਭੈ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਲੰਘੀ ਸ਼ਾਮ ਅਮਨ ਅਰੋੜਾ ਨੇ 21 ਲੱਖ ਰੁਪਏ ਦੀ ਲਾਗਤ ਨਾਲ ਲੌਂਗੋਵਾਲ ਵਿਖੇ ਕਬਰਿਸਤਾਨ ਦੀ ਚਾਰਦੀਵਾਰੀ ਕਰਨ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ। ਇਸ ਮੌਕੇ ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ,ਰਾਜ ਸਿੰਘ ਰਾਜੂ, ਵਿੱਕੀ ਵਸ਼ਿਸ਼ਟ ਬਲਾਕ ਪ੍ਰਧਾਨ, ਗੁਰਜੰਟ ਖਾਨ, ਕਮਲ ਬਰਾੜ ਧਰਮ ਸਿੰਘ ਬਰਾੜ, ਬਲਵਿੰਦਰ ਸਿੰਘ ਢਿੱਲੋ, ਸੂਬੇਦਾਰ ਮੇਲਾ ਸਿੰਘ, ਗੁਰਮੀਤ ਸਿੰਘ ਫੌਜੀ, ਸੁਖਪਾਲ ਬਾਜਵਾ, ਗੁਰਦੀਪ ਸਿੰਘ ਤਕੀਪੁਰ, ਸ਼ੀਸ਼ਮਪਾਲ ਆਦਿ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪਿੰਡ ਗੁਰਨੇ ਕਲਾਂ ਵਿਖੇ ਚੌਥਾ ਬਾਲ ਖੇਡਾ ਮੇਲਾ ਕਰਵਾਇਆ

ਪਿੰਡ ਗੁਰਨੇ ਕਲਾਂ ਵਿਖੇ ਚੌਥਾ ਬਾਲ ਖੇਡਾ ਮੇਲਾ ਕਰਵਾਇਆ

ਗੁਰਨੇ ਕਲਾਂ ਦੇ ਕਬੱਡੀ ਖਿਡਾਰੀਆਂ ਨੇ ਜਿੱਤਿਆ ਕੱਪ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਗੁਰਨੇ ਵਿਕਾਸ ਮੰਚ ਗੁਰਨੇ ਕਲਾਂ ਵੱਲੋਂ ਚੌਥਾ ਬਾਲ ਖੇਡ ਮੇਲਾ ਕਰਵਾਇਆ ਗਿਆ ਜਿਸ ਦਾ ਉਦਘਾਟਨ ਜੁਗਰਾਜ ਸਿੰਘ ਸੀਐਚਟੀ ਤੇ ਗੁਰਜੀਤ ਸਿੰਘ ਲੈਕਚਰਾਰ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੇਲੇ ਵਿੱਚ ਲਗਪਗ 250 ਬੱਚਿਆਂ ਨੇ ਭਾਗ ਲਿਆ। ਬਾਲ ਮੇਲੇ ਵਿੱਚ ਦੌੜਾਂ, ਲੰਬੀ ਛਾਲ, ਰੱਸਾਕਸ਼ੀ ਤੇ ਕਬੱਡੀ 30 ਕਿਲੋ ਦੇ ਮੁਕਾਬਲੇ ਕਰਵਾਏ ਗਏ।ਮੰਚ ਦੇ ਮੈਂਬਰ ਸੰਤੋਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੌੜ 100 ਮੀਟਰ ਕੁੜੀਆਂ 'ਚੋਂ ਤਰਨਦੀਪ ਕੌਰ ਫਫੜੇ ਭਾਈਕੇ ਨੇ ਪਹਿਲਾ, ਹਰਨੂਰ ਕੌਰ ਅਹਿਮਦਪੁਰ ਨੇ ਦੂਜਾ, ਸਤਵੀਰ ਕੌਰ ਅਹਿਮਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੌੜ 400 ਮੀਟਰ ਦੌੜ ਵਿੱਚ ਹੁਸਨਪਰੀਤ ਕੌਰ ਚਕੇਰੀਆ ਨੇ ਪਹਿਲਾ,ਮਨਰੀਤ ਕੌਰ ਗੁਰਨੇ ਖੁਰਦ ਨੇ ਦੂਜਾ ਤੇ ਜਸ਼ਨਪਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਦੌੜ 100 ਮੀਟਰ ਮੁੰਡਿਆਂ 'ਚੋਂ ਸਰਜਾ ਸਿੰਘ ਅਹਿਮਦਪੁਰ ਨੇ ਪਹਿਲਾ, ਹਰਮਨ ਸਿੰਘ ਗੁਰਨੇ ਕਲਾਂ ਨੇ ਦੂਜਾ ਅਗਮ ਬੁਢਲਾਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਗੁਰਨੇ ਕਲਾਂ ਨੇ ਪਹਿਲਾ ਤੇ ਗੁਰਨੇ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ 30 ਕਿਲੋ ਵਿੱਚ ਗੁਰਨੇ ਕਲਾਂ ਨੇ ਪਹਿਲਾ ਤੇ ਚਕੇਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੌੜ 400 ਮੀਟਰ ਮੁੰਡਿਆਂ 'ਚੋਂ ਗੁਰਸ਼ਰਨ ਸਿੰਘ ਹਸਨਪੁਰ ਨੇ ਪਹਿਲਾ, ਹਰਪ੍ਰੀਤ ਸਿੰਘ ਹਸਨਪੁਰ ਦੂਜਾ ਤੇ ਅਜੇ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮੰਚ ਦੇ ਸਲਾਹਕਾਰ ਗੁਰਲਾਲ ਗੁਰਨੇ ਨੇ ਦੱਸਿਆ ਕਿ ਇਹ ਬਾਲ ਮੇਲਾ ਹਰ ਸਾਲ ਛੋਟੇ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜਨ ਦੇ ਮੰਤਵ ਨਾਲ ਕਰਵਾਇਆ ਜਾਂਦਾ ਹੈ। ਪਿੰਡ ਦੇ ਵਧੀਆ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ। ਇਸ ਮੇਲੇ ਦੇ ਇਨਾਮਾਂ ਦੀ ਵੰਡ ਗਰਾਮ ਪੰਚਾਇਤ ਗੁਰਨੇ ਕਲਾਂ ਤੇ ਬਾਬਾ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਸ ਤੋਂ ਇਲਾਵਾ ਮੇਲੇ ਵਿੱਚ ਰਾਜਪਾਲ ਸਿੰਘ,ਮਲਕੀਤ ਸਿੰਘ,ਸਾਬਕਾ ਸਰਪੰਚ ਜਗਤਾਰ ਸਿੰਘ,ਕੈਪਟਨ ਗੁਰਜੰਟ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਬੀਐਸਓ ਗੁਰਦੀਪ ਸਿੰਘ ਫਫੜੇ, ਗੁਰਦਾਸ ਗੁਰਨੇ, ਗੁਰਵਿੰਦਰ ਸਿੰਘ ਪੀਟੀਆਈ, ਗੁਰਪਰੀਤ ਸਿੰਘ ਡੀਪੀਈ,ਨਿਤੇਸ਼, ਨਿੰਮੀ, ਲਖਵਿੰਦਰ ਸਿੰਘ,ਪੰਚ ਗੁਰਲਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ। ਚੇਅਰਮੈਨ ਗੁਰਪਰੀਤ ਸਿੰਘ ਤੇ ਸਪਿੰਦਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਭੀਖੀ ਵਿਖ਼ੇ ਕਬੱਡੀ ਕੱਪ 10 ਦਸੰਬਰ ਤੋਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਭੀਖੀ ਵਿਖ਼ੇ ਕਬੱਡੀ ਕੱਪ 10 ਦਸੰਬਰ ਤੋਂ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੂਜਾ ਕਬੱਡੀ ਕੱਪ ਨੈਸ਼ਨਲ ਕਾਲਜ ਭੀਖੀ ਵਿਖੇ 10 ਤੇ 11 ਦਸੰਬਰ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ।ਕਲੱਬ ਪ੍ਰਧਾਨ ਮਾਇਕਲ ਤੇ ਮੀਤ ਪ੍ਰਧਾਨ ਸਤਗੁਰ ਡੀ.ਪੀ. ਈ.  ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ  ਇਸ ਕਬੱਡੀ ਕੱਪ ਦੌਰਾਨ ਕਬੱਡੀ 52,65 ਕਿੱਲੋਗ੍ਰਾਮ ਵਜ਼ਨੀ ਕਬੱਡੀ ਦੇ ਨਾਲ਼ ਨਾਲ਼ ਅਤੇ ਕਬੱਡੀ ਓਪਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ।ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਨੈਸ਼ਨਲ ਕਾਲਜ ਭੀਖੀ, ਅਮਨਿੰਦਰ ਬਾਵਾ, ਰਾਹੁਲ ਬਿੰਦਲ,ਲੱਕੀ ਪੰਜਾਬ ਪੁਲੀਸ,ਪ੍ਰਦੀਪ ਚਹਿਲ,ਕਪਿਲ ਬਿੰਦਲ,ਨਾਮਦੇਵ ਵੈਦਮਾਨ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਨੇ ਲਗਾਇਆ ਵਿੱਦਿਅਕ ਟੂਰ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਨੇ ਲਗਾਇਆ ਵਿੱਦਿਅਕ ਟੂਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਵੱਲੋਂ ਇੱਕ ਦਿਨਾਂ ਵਿਦਿਅਕ ਟੂਰ ਸਕੂਲ ਮੁਖੀ ਸੱਤਪਾਲ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ।ਟੂਰ ਦੀ ਰਵਾਨਗੀ ਗੁਰੂ ਰਵਿਦਾਸ  ਵੈਲਫੇਅਰ ਕਲੱਬ ਬੱਛੋਆਣਾ ਦੇ ਪ੍ਰਧਾਨ ਗੁਰਪਿਆਰ ਸਿੰਘ ਅਤੇ ਸ਼ਮਸ਼ੇਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਇਸ ਮੌਕੇ ਕਲੱਬ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਪ੍ਰਮੇਸ਼ਰ ਦਵਾਰ ਨਤਮਸਤਕ ਹੋਣ ਤੋਂ ਛੱਤਬੀੜ ਦਾ ਅਨੰਦ ਲਿਆ। ਇੱਥੇ ਵੱਖ ਵੱਖ ਪ੍ਰਕਾਰ ਦੇ ਜਾਨਵਰਾਂ ਅਤੇ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ  ਚੰਡੀਗੜ੍ਹ ਵਿੱਚ ਰੌਕ ਗਾਰਡਨ ਦੀ  ਵੇਖਿਆ ਜਿੱਥੇ ਨੇਕ ਚੰਦ ਦੁਆਰਾ ਬਣਾਈਆਂ ਅਕ੍ਰਿਤੀਆਂ ਦਾ ਬੱਚਿਆਂ ਨੇ ਖੁਬ ਅਨੰਦ ਲਿਆ।ਰਾਕ ਗਾਰਡਨ ਅਤੇ ਸੁਖਨਾ ਲੇਕ ਤੋਂ ਬਾਅਦ ਰੋਜ਼ ਗਾਰਡਨ ਵਿੱਚ ਵੱਖ-ਵੱਖ ਤਰ੍ਹਾਂ ਦੇ ਗ਼ੁਲਾਬ ਨੂੰ ਦੇਖ ਬੱਚੇ ਬਹੁਤ ਖੁਸ਼ ਹੋਏ। ਇਥੇ ਬੱਚਿਆਂ ਨੇ ਖੂਬ ਅਨੰਦ ਲਿਆ।ਬੱਚਿਆਂ ਦੇ ਸਿੱਖਿਆ ਪੱਖੋਂ ਇਹ ਟੂਰ ਬਹੁਤ ਸ਼ਾਨਦਾਰ ਰਿਹਾ।ਸਕੂਲ ਸਟਾਫ ਰਣਜੀਤ ਸਿੰਘ,ਮਨਦੀਪ ਕੌਰ,ਮਨਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਸਮੇਂ ਸਮੇਂ ਤੇ ਚੰਗੀ ਜਾਣਕਾਰੀ ਦਿੱਤੀ।ਮਾਪਿਆਂ ਦੁਆਰਾ ਬੱਚਿਆਂ ਨੂੰ ਐਜੂਕੇਸਨਲ ਲਈ ਬਹੁਤ ਧੰਨਵਾਦ ਕੀਤਾ। ਸਕੂਲ ਮੁਖੀ ਅਤੇ ਚੇਅਰਪਰਸਨ ਜਸਵੀਰ ਕੌਰ ਵੱਲੋਂ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।