Thursday, February 6, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਮੁੰਡੇ ਤੇ ਕੁੜੀਆਂ ਨੇ ਅੰਤਰ ਕਾਲਜ ਚੈਸ ਮੁਕਾਬਲਿਆਂ 'ਚ ਕਰਵਾਈ ਬੱਲੇ-ਬੱਲੇ

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਮੁੰਡੇ ਤੇ ਕੁੜੀਆਂ ਨੇ ਅੰਤਰ ਕਾਲਜ ਚੈਸ ਮੁਕਾਬਲਿਆਂ 'ਚ ਕਰਵਾਈ ਬੱਲੇ-ਬੱਲੇ 

ਕੁੜੀਆਂ ਨੇ ਪਹਿਲਾ ਅਤੇ ਮੁੰਡਿਆਂ ਨੇ ਕੀਤਾ ਤੀਜਾ ਸਥਾਨ ਪ੍ਰਾਪਤ,ਪ੍ਰਿੰਸੀਪਲ ਅਤੇ ਸਟਾਫ਼ ਨੇ ਦਿੱਤੀ ਵਧਾਈ

ਚੀਮਾ ਮੰਡੀ,06 ਫ਼ਰਵਰੀ(ਗੁਰਵਿੰਦਰ ਸਿੰਘ ਚਹਿਲ) : ਗੁਰੂ ਨਾਨਕ ਕਾਲਜ ਬੁਢਲਾਡਾ ਦੀਆਂ ਕੁੜੀਆਂ ਨੇ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕਰਵਾਏ ਗਏ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਸ ਟੂਰਨਾਮੈਂਟ ਮੁਕਾਬਲਿਆਂ 'ਚ ਕੁੜੀਆਂ ਪਹਿਲਾ ਅਤੇ ਮੁੰਡਿਆਂ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ ਦੀ ਅਣਥੱਕ ਮਿਹਨਤ ਤੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੇ ਯੋਗ ਮਾਰਗ-ਦਰਸ਼ਨ ਅਤੇ ਸਰੀਰਿਕ ਸਿੱਖਿਆ ਵਿਭਾਗ ਮੁਖੀ ਪ੍ਰੋਫੈਸਰ ਰਮਨਦੀਪ ਸਿੰਘ ਨੂੰ ਜਾਂਦਾ ਹੈ ਜੋ ਹਮੇਸ਼ਾ ਖਿਡਾਰੀਆਂ ਨੂੰ ਆਪਣਾ ਚੰਗਾ ਪ੍ਰਦਰਸ਼ਨ ਕਰਨ ਲਈ ਅਤੇ ਲਗਾਤਾਰ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕਰਦੇ ਹਨ। ਟੀਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਗੀਤ,ਸਮਿਕਸ਼ਾ,ਵੀਰਪਾਲ ਕੌਰ,ਸੁਖਮਨਦੀਪ ਕੌਰ,ਗਗਨਦੀਪ ਭਾਰਦਵਾਜ, ਕਰਮਨਦੀਪ ਸਿੰਘ,ਹਰਕਮਲ ਸਿੰਘ,ਵਿਕਾਸ ਆਦਿ ਦੇ ਨਾਂ ਸ਼ਾਮਿਲ ਹਨ।ਪ੍ਰਿੰਸੀਪਲ ਨੇ ਇਸ ਪ੍ਰਾਪਤੀ ਲਈ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਪ੍ਰੋਫੈਸਰ ਗੁਰਪ੍ਰੀਤ ਕੌਰ, ਫਿਜੀਕਲ ਇੰਸਟਰਕਟਰ ਗੁਰਮੁਖ ਸਿੰਘ ਕਲੀਪੁਰ ਅਤੇ ਸੁਖਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਖਿਡਾਰੀਆਂ ਲਈ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ।

Monday, February 3, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰਿਓਂਦ ਕਲਾਂ ਤੇ ਸਸਪਾਲੀ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦ ਮਿਲੇਗੀ ਆਰਥਿਕ ਮੱਦਦ

ਰਿਓਂਦ ਕਲਾਂ ਤੇ ਸਸਪਾਲੀ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦ ਮਿਲੇਗੀ ਆਰਥਿਕ ਮੱਦਦ

ਪ੍ਰਤੀ ਮ੍ਰਿਤਕ 2-2 ਲੱਖ ਰੁਪਏ ਤੇ ਜਖ਼ਮੀ ਬੱਚੇ ਦੇ ਇਲਾਜ਼ ਲਈ ਮਿਲਣਗੇ 50 ਹਜ਼ਾਰ ਰੁਪਏ : ਵਿਧਾਇਕ ਬੁੱਧ ਰਾਮ

ਹੀਰੋਂ ਖ਼ੁਰਦ,03 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਪਿਛਲੇ ਦਿਨੀ ਹਰਿਆਣਾ ਦੇ ਪਿੰਡ ਲੱਧੂਵਾਸ ਕੋਲ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਵਿਆਕਤੀਆਂ ਦੀ ਗੱਡੀ ਭਾਖੜਾ ਨਹਿਰ ਵਿਚ ਡਿੱਗ ਜਾਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਹਨਾਂ ਵਿੱਚੋਂ ਤਿੰਨ ਮ੍ਰਿਤਕ ਪਿੰਡ ਰਿਓਂਦ ਕਲਾਂ ਅਤੇ ਇਕ ਪਿੰਡ ਸਸਪਾਲੀ ਦਾ ਵਸਨੀਕ ਸੀ ਜਦਕਿ ਛੋਟਾ ਬੱਚਾ ਜੋ ਬਚ ਗਿਆ ਹੈ ਉਹ ਜੇਰੇ ਇਲਾਜ ਹੈ। ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਖੁਦ ਅਤੇ ਪੰਜਾਬ ਸਰਕਾਰ ਵੱਲੋਂ ਦੁੱਖ ਪ੍ਰਗਟ ਕੀਤਾ ਹੈ ਅਤੇ ਇਸ ਭਿਆਨਕ ਘਟਨਾ ਕਾਰਨ ਆਲੇ ਦੁਆਲੇ ਦੇ ਪਿੰਡਾਂ ਵਿਚ ਸੋਗ ਫੈਲਿਆ ਹੋਇਆ ਹੈ। ਪ੍ਰਿੰਸੀਪਲ਼ ਬੁੱਧ ਰਾਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਸਕੱਤਰੇਤ ਵਿਖੇ ਮੁੱਖ ਮੰਤਰੀ ਦਫਤਰ ਵਿਖੇ ਜਾ ਕੇ ਪੀੜ੍ਹਤ ਪਰਿਵਾਰਾਂ ਨੂੰ ਵਿਤੀ ਸਹਾਇਤਾ ਦੇਣ ਲਈ ਪੱਤਰ ਦਿੱਤਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 8 ਲੱਖ 50 ਹਜ਼ਾਰ ਰੁਪਏ (2-2 ਲੱਖ ਪ੍ਰਤੀ ਮ੍ਰਿਤਕ ਤੇ 50 ਹਜ਼ਾਰ ਰੁਪਏ ਬੱਚੇ ਦੇ ਇਲਾਜ ਲਈ) ਜਲਦ ਹੀ ਜਾਰੀ ਕੀਤੇ ਜਾਣਗੇ।ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੁੱਖ ਦੀ ਘੜੀ ਵਿੱਚ ਖੜ੍ਹਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਦਾ ਧੰਨਵਾਦ ਕੀਤਾ।

Sunday, February 2, 2025

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਡਾ. ਰਣਵੀਰ ਕੌਰ ਮੀਆਂ ਦੀ ਹਾਜ਼ਰੀ 'ਚ ਭਾਦੜਾ ਵਿਖੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ 'ਚ ਹੋਏ ਸ਼ਾਮਿਲ

ਡਾ. ਰਣਵੀਰ ਕੌਰ ਮੀਆਂ ਦੀ ਹਾਜ਼ਰੀ 'ਚ ਭਾਦੜਾ ਵਿਖੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ 'ਚ ਹੋਏ ਸ਼ਾਮਿਲ

ਸੂਬੇ ਦਾ ਵਿਕਾਸ ਕਾਂਗਰਸ ਪਾਰਟੀ ਦੇ ਰਾਜਕਾਲ ਦੌਰਾਨ ਹੀ ਹੋਇਆ : ਡਾ. ਰਣਵੀਰ ਕੌਰ ਮੀਆਂ

ਹੀਰੋਂ ਖ਼ੁਰਦ,02 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਨਜ਼ਦੀਕੀ ਪਿੰਡ ਭਾਦੜਾ ਵਿਖੇ ਕਾਂਗਰਸ ਦੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਰਣਵੀਰ ਕੌਰ ਮੀਆਂ ਦੀ ਹਾਜ਼ਰੀ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਸਰਕਲ ਪ੍ਰਧਾਨ ਜੁਗਤਾਰ ਸਿੰਘ ਗੁੜੱਦੀ ਦੇ ਉੱਦਮ ਸਦਕਾ ਕਾਂਗਰਸ ਦਾ ਪੱਲਾ ਫੜਿਆ।ਇਸ ਮੌਕੇ ਬੋਲਦਿਆਂ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਆਪ ਸਰਕਾਰ ਤੋਂ ਅੱਕ ਚੁੱਕੇ ਹਨ ਕਿਉਂਕਿ ਇਹ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਤੇ ਖਰੀ ਨਹੀਂ ਉਤਰੀ। ਉਹਨਾਂ ਕਿਹਾ ਕਿ ਸ਼ਾਮਿਲ ਹੋਣ ਵਾਲਿਆਂ ਦਾ ਆਪ ਨਾਲ਼ ਗਿਲਾ ਹੈ ਕਿ ਉਹ ਕੀਤੇ ਵਾਅਦਿਆਂ ਤੇ ਖਰ੍ਹੇ ਨਹੀਂ ਉਤਰੇ ਜਿਸ ਕਰਕੇ ਉਹਨਾਂ ਵੱਲੋਂ ਮੁੜ ਕਾਂਗਰਸ ਵੱਲ ਰੁੱਖ ਕੀਤਾ ਹੈ। ਡਾ. ਮੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਵੀ ਸੂਬੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਘਰਾਂ ਨੂੰ ਭਰਿਆ ਗਿਆ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਜਦੋਂ ਵੀ ਵਿਕਾਸ ਹੋਇਆ ਉਹ ਕਾਂਗਰਸ ਪਾਰਟੀ ਦੇ ਰਾਜਕਾਲ ਦੌਰਾਨ ਹੀ ਹੋਇਆ ਹੈ।ਸਰਕਲ ਪ੍ਰਧਾਨ ਜਗਤਾਰ ਸਿੰਘ ਗੁੜੱਦੀ ਨੇ ਦੱਸਿਆ ਕਿ ਸ਼ਾਮਿਲ ਹੋਣ ਵਾਲਿਆਂ ਵਿੱਚ ਧਰਮਿੰਦਰ ਸਿੰਘ,ਗੁਰਸੇਵਕ ਸਿੰਘ, ਮੱਖਣ ਸਿੰਘ, ਗੁਰਲਾਲ ਸਿੰਘ ਲਾਲੀ, ਗੁਰਲਾਲ ਸਿੰਘ ਭੋਲਾ,ਮਹਿੰਦਰ ਸਿੰਘ, ਰਾਮਾ ਸਿੰਘ, ਬਲਵਿੰਦਰ ਸਿੰਘ,ਕਾਲਾ ਸਿੰਘ,ਪਾਲਾ ਸਿੰਘ,ਜੱਗਾ ਸਿੰਘ, ਕੋਰਾ ਸਿੰਘ, ਮੱਖਣ ਸਿੰਘ,ਬਾਬੂ ਸਿੰਘ,ਮਿੱਠੂ ਸਿੰਘ, ਸੋਮਾ ਕੌਰ, ਬਲਜੀਤ ਕੌਰ, ਚਰਨਾਂ ਕੌਰ, ਸਿਮਰਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਬਬਲੀ ਕੌਰ ,ਕੁਲਵੰਤ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ ਚਰਨਜੀਤ ਕੌਰ, ਸਿਮਰਨਜੀਤ ਕੌਰ, ਅਮਰਜੀਤ ਕੌਰ ਤੇ ਜਰਨੈਲ ਕੌਰ ਦੇ ਨਾਂ ਸ਼ਾਮਿਲ ਹਨ। ਇਸ ਮੌਕੇ ਕਾਂਗਰਸੀ ਆਗੂ ਸਰਬਜੀਤ ਸਿੰਘ ਮੀਆਂ,ਦਰਸ਼ਨ ਸਿੰਘ ਗੁਰਨੇ ਖੁਰਦ,ਅਮਰੀਕ ਸਿੰਘ ਮੈਂਬਰ,ਲਾਲੀ ਸਿੰਘ,ਮੱਖਣ ਸਿੰਘ,ਸ਼੍ਰੀ ਗੋਪਾਲ,ਗੁਰਦਿੱਤ ਸਿੰਘ, ਮੰਗਤ ਸਿੰਘ,ਮਹਿੰਦਰ ਸਿੰਘ ਨੰਬਰਦਾਰ,ਬਲਕਾਰ ਸਿੰਘ, ਮੱਖਣ ਸਿੰਘ ਬੱਗਾ,ਗੁਰਸੇਵਕ ਸਿੰਘ ਵੀ ਮੌਜੂਦ ਸਨ।

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ :ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਬੱਚਿਆਂ ਨੇ ਲਗਾਇਆ ਟੂਰ

ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਬੱਚਿਆਂ ਨੇ ਲਗਾਇਆ ਟੂਰ 

ਬੱਚਿਆਂ ਨੇ ਛੱਤਬੀੜ ਚਿੜੀਆ ਘਰ ਅਤੇ ਰਾਕ ਗਾਰਡਨ ਦੀ ਲਾਈ ਗੇੜੀ

ਹੀਰੋਂ ਖ਼ੁਰਦ,02 ਫ਼ਰਵਰੀ(ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਬੱਚਿਆਂ ਨੇ ਵਿਦਿਅਕ ਟੂਰ ਦੌਰਾਨ ਛੱਤਬੀੜ ਅਤੇ ਰਾਕ ਗਾਰਡਨ ਚੰਡੀਗੜ੍ਹ ਦੀ ਸੈਰ ਕਰਵਾਈ।ਟੂਰ ਦੇ ਇੰਚਾਰਜ ਅਧਿਆਪਕ ਰਾਜੇਸ਼ ਬੁਢਲਾਡਾ ਨੇ ਬੱਚਿਆਂ ਨੂੰ ਇਹਨਾਂ ਥਾਵਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਸਕੂਲ ਮੁਖੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਅਧਿਆਪਿਕਾ ਜਸਵਿੰਦਰ ਕੌਰ ,ਹਰਪ੍ਰੀਤ ਕੌਰ ,ਸੁਰਿੰਦਰਪਾਲ ਕੌਰ,ਗੁਰਪ੍ਰੀਤ ਕੌਰ,ਸ਼ਿਖਾ,ਬਿਹਾਰਾ ਸਿੰਘ ਅਤੇ ਜਸਵੀਰ ਕੌਰ ਨੇ ਬਹੁਤ ਮਿਹਨਤ ਨਾਲ ਟੂਰ ਨੂੰ ਸਫਲ ਬਣਾਇਆ।ਹਰ ਸਾਲ ਦੀ ਤਰਾਂ ਇਸ ਸਾਲ ਵੀ ਬੱਚਿਆਂ ਨੇ ਟੂਰ ਤੇ ਬਹੁਤ ਅਨੰਦ ਲਿਆ।ਟੂਰ ਦੌਰਾਨ ਦਾਨੀ ਸੱਜਣਾ ਨੇ ਬੱਚਿਆਂ ਲਈ ਰੈਫਰੈਂਸਮੈਂਟ ਦਾ ਪ੍ਰਬੰਧ ਕੀਤਾ।ਰਾਮ ਸਿੰਘ ਪ੍ਰੀਤ ਹੋਟਲ ਦੋਦੜਾ ਵੱਲੋ 10 ਕਿਲੋ ਨਮਕੀਨ ਮਟਰ,ਸਮਾਜ ਸੇਵੀ ਨਿਰਮਲ ਸਿੰਘ ਵੱਲੋਂ 50 ਕਿਲੋਗ੍ਰਾਮ ਕਿਨੂੰ, ਹਰਪ੍ਰੀਤ ਵੱਲੋਂ 10 ਕਿੱਲੋ ਲੱਡੂ ,ਅਮਨ ਦੀਪ ਸ਼ਰਮਾ ਅਧਿਅਪਕ ਆਗੂ ਵੱਲੋਂ 16 ਕਿੱਲੋ ਬੇਰ, ਬਿਹਾਰਾ ਸਿੰਘ ਵੱਲੋ 10 ਕਿੱਲੋ ਦੁੱਧ ਦਾਨ ਕੀਤਾ ਗਿਆ।ਸਰਪੰਚ ਲੱਕੀ ਦੋਦੜਾ,ਚੇਅਰਮੈਨ ਜਤਿੰਦਰ ਜੋਤੀ, ਸਾਬਕਾ ਸਰਪੰਚ ਰਾਮ ਸਿੰਘ,ਨਛੱਤਰ ਸਿੰਘ ਨਿੱਕਾ ਨੇ ਇਸ ਟੂਰ ਲਈ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ।

Saturday, February 1, 2025

ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾਇਟ ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾਇਟ ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ 

ਹੀਰੋਂ ਖੁਰਦ 01 ਫਰਵਰੀ (ਗੁਰਵਿੰਦਰ ਸਿੰਘ ਚਹਿਲ) : ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ, ਜਿਸ ਵਿਚ ਸੰਸਥਾ ਦੇ ਕਰੀਬ ਚਾਲੀ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੁਆਗਤ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਭਾਸ਼ਾ ਵਿਭਾਗ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਬਾਰੇ ਅਹਿਮ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਇਟ ਅਹਿਮਦਪੁਰ ਸਾਹਿਤ ਅਤੇ ਭਾਸ਼ਾ ਦੀਆਂ ਗਤੀਵਿਧੀਆਂ ਲਈ ਆਪਣੇ ਦਰਵਾਜੇ ਖੋਲ੍ਹਦੀ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਐਕਟ ਦੀ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਕਿਹਾ ਕਿ ਇਸ ਕਾਵਿ ਸਿਰਜਣ ਕਾਰਜਸ਼ਾਲਾ ਵਿੱਚ ਰਚੀਆਂ ਕਵਿਤਾਵਾਂ ਨੂੰ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਵਿਚ ਪ੍ਰਕਾਸ਼ਿਤ ਕਰਵਾਉਣ ਦਾ ਯਤਨ ਕੀਤਾ ਜਾਵੇਗਾ।ਵਿਭਾਗ ਦੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਕਾਵਿ ਸਿਰਜਣ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਵਿਤਾ ਇੱਕ ਵਿਅਕਤੀਗਤ ਹੋਂਦ ਦੇ ਬਾਵਜੂਦ ਸਮਾਜਿਕ ਉਪਜ ਵੀ ਹੁੰਦੀ ਹੈ। ਕਵਿਤਾ ਨਿਜੀ ਅਹਿਸਾਸਾਂ ਅਤੇ ਅਨੁਭਵਾਂ ਨੂੰ ਸਮਾਜਿਕ ਬਣਾਉਣ ਦਾ ਯਤਨ ਹੈ। ਇਹ ਕੰਮ ਰੂਪਕਾਂ ਅਤੇ ਅਲੰਕਾਰਾਂ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਵਿਤਾ ਅਰਥਾਂ ਦੀਆਂ ਭਿੰਨ ਭਿੰਨ ਪਰਤਾਂ ਪੇਸ਼ ਕਰਦੀ ਹੈ। ਚੰਗੀ ਕਵਿਤਾ ਵਿਚ ਹਰ ਸ਼ਬਦ ਬੋਲਦਾ ਹੈ ਤੇ ਉਹ ਪਾਠਕਾਂ ਨੂੰ ਸੋਚਣ ਲਗਾਉਂਦੀ ਹੈ।ਇਸ ਮੌਕੇ ਵਿਦਿਆਰਥੀਆਂ ਨੇ ਮੌਕੇ ’ਤੇ ਕੁੱਝ ਕਵਿਤਾਵਾਂ ਦੀ ਰਚਨਾ ਵੀ ਕੀਤੀ ਜਿੰਨ੍ਹਾਂ ਵਿਚ ਕਿਰਨਦੀਪ ਕੌਰ, ਰਮਨਦੀਪ ਕੌਰ, ਸੋਨੀ ਸਿੰਘ, ਹਰਜਿੰਦਰ ਕੌਰ, ਅਰਸ਼ਦੀਪ ਸਿੰਘ, ਹਰਮੇਸ਼ ਸਿੰਘ, ਰਾਮਚੰਦਰ ਸਿੰਘ, ਹਰਦੀਪ ਕੌਰ ਅਤੇ ਰੀਨਾ ਰਾਣੀ ਆਦਿ ਸ਼ਾਮਿਲ ਸਨ। ਇਸ ਕਾਰਜਸ਼ਾਲਾ ਵਿਚ ਕਵੀ ਗੁਰਪ੍ਰੀਤ ਨੇ ਆਪਣੀ ਕਾਵਿ-ਸਿਰਜਣਾ ਬਾਰੇ ਗੱਲਾਂ ਕਰਦਿਆਂ ਕੁੱਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।ਇਸ ਕਾਰਜਸ਼ਾਲਾ ਦਾ ਮੰਚ ਸੰਚਾਲਨ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਕੀਤਾ। ਡਾ. ਕਰਨੈਲ ਵੈਰਾਗੀ, ਪਰਸ਼ੋਤਮ ਸਿੰਘ,ਸਰੋਜ ਰਾਣੀ, ਡਾ. ਅੰਗਰੇਜ਼ ਸਿੰਘ ਵਿਰਕ, ਨਵਦੀਪ ਕੌਰ,ਧਰਮਪਾਲ ਸ਼ਰਮਾ,ਬਲਦੇਵ ਸਿੰਘ,ਸਤਨਾਮ ਸਿੰਘ ਆਦਿ ਮੌਜੂਦ ਸਨ।

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ

 ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ

ਸਮਾਗ਼ਮ ਦੌਰਾਨ ਪੰਜਾਬ ਤੇ ਹਰਿਆਣਾ ਦੇ 70 ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

ਚੀਮਾ ਮੰਡੀ,01 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖਤਿਆਰ (ਆਟੋਨੋਮਸ) ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਭਾਰਤ ਸਰਕਾਰ ਦੇ ਮਨਿਸਟਰੀ ਆਫ ਐਜੂਕੇਸ਼ਨ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਗਾਈਡਲਾਇਨਜ਼ ਅਨੁਸਾਰ ਨਵੀਂ ਸਿੱਖਿਆ ਨੀਤੀ -2020 ਸਬੰਧੀ ‘ਓਰੀਐਨਟੇਸ਼ਨ ਪ੍ਰੋਗਰਾਮ’ ਕਰਵਾਇਆ ਜਿਸ ਵਿੱਚ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ ਦੇ ਮੁੱਖ ਪਹਿਲੂਆਂ, ਪ੍ਰਭਾਵਾਂ ਅਤੇ ਚੁਣੌਤੀਆਂ ਸਬੰਧੀ ਵਿਸਥਾਰ ਵਿੱਚ ਜਾਣੂ ਕਰਵਾਇਆ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਵਿੱਚ ਸਕਿੱਲ ਐਜੂਕੇਸ਼ਨ ਨੂੰ ਤਰਜ਼ੀਹ ਦਿੱਤੀ ਗਈ ਹੈ,ਸੰਸਥਾ ਨੇ ਇਸ ਇਲਾਕੇ,ਤਕਨਾਲੋਜੀ ਅਤੇ ਉਦਯੋਗਾਂ ਨੂੰ ਕੇਂਦਰ ਵਿੱਚ ਰੱਖਦਿਆਂ ਨਵੇਂ ਕੋਰਸ ਪ੍ਰਸਤਾਵਿਤ ਕੀਤੇ ਹਨ। ਜਿੰਨਾਂ ਵਿੱਚ ਬੀ.ਵਾਕ ਡਾਟਾ ਸਾਇੰਸ, ਬੀ.ਐੱਸਸੀ ਫੋਰੈਂਸਿਕ ਸਾਇੰਸ, ਬੀ. ਏ. ਆਨਰਜ਼ (ਅੰਗਰੇਜ਼ੀ, ਪੰਜਾਬੀ, ਅਰਥ ਸ਼ਾਸਤਰ, ਹੋਮ ਸਾਇੰਸ, ਸੰਗੀਤ ਅਤੇ ਸਾਊਂਡ ਪ੍ਰੋਡਕਸ਼ਨ), ਬੀ.ਏ. ਮਾਸ ਕਾਮਨੀਕੇਸ਼ਨ, ਬੀ. ਵਾੱਕ ਪ੍ਰਫੌਰਮਿੰਗ ਆਰਟ, ਬੀ. ਵਾੱਕ ਟੂਰਿਜ਼ਮ ਅਤੇ ਟਰੈਵਲ ਦੇ ਡਿਗਰੀ ਕੋਰਸ ਹਨ। ਟੈਕਸਟਾਈਲ ਡਾਇੰਗ ਐਂਡ ਪ੍ਰਿਟਿੰਗ, ਹੋਮ ਸਾਇੰਸ ਐਂਡ ਨਿਊਟ੍ਰੇਸ਼ਨ, ਬੈਂਕਿੰਗ ਐਂਡ ਇੰਸੋਰੈਸ਼, ਵੀਡੀਓ ਅਡੀਟਿੰਗ ਐਂਡ ਮਿਕਸਿੰਗ, ਜੀ.ਐੱਸ.ਟੀ. ਐਂਡ ਇਨਕਮ ਟੈਕਸ, ਇੰਟਰਨੈੱਟ ਐਂਡ ਫਰੰਟ ਆਫਸ ਮੈਨੇਜਮੈਂਟ, ਮਸ਼ਰੂਮ ਕਲਟੀਵੇਸਨ, ਈ-ਅਕਾਊਂਟਿੰਗ, ਸਟੌਕ ਮਾਰਕੀਟਿੰਗ, ਇਨਵਾਇਰਮੈਂਟਲ ਔਡਿਟਿੰਗ ਸਰਟੀਫਿਕੇਟ ਕੋਰਸ ਹਨ।ਇਸ ਓਰੀਟੇਸ਼ਨ ਪ੍ਰੋਗਰਾਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚਲਾਏ ਜਾ ਰਹੇ ਅੰਡਰ ਗੈ੍ਰਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਅਤੇ ਇਨ੍ਹਾਂ ਨਵੇਂ ਪ੍ਰਸਤਾਵਿਤ ਕੋਰਸਾਂ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਪੰਜਾਬ ਅਤੇ ਹਰਿਆਣਾ ਦੇ ਲੱਗਭੱਗ ਸੱਤਰ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲੱਗਭੱਗ 4800 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾ (ਲੜਕੇ ਅਤੇ ਲੜਕੇ), ਗੰਢੂ ਕਲਾਂ, ਗੋਬਿੰਦਗੜ ਖੋਖਰ, ਅੱਕਾਂਵਾਲੀ, ਸੈਦੇਵਾਲਾ, ਬੱਲਰਾਂ, ਬੁਢਲਾਡਾ, ਫੱਤਾ ਮਾਲੋਕਾ, ਕਿਸ਼ਨਗੜ੍ਹ, ਧਰਮਗੜ੍ਹ, ਅਤਲਾ ਕਲਾਂ, ਭੀਖੀ (ਲੜਕੇ ਅਤੇ ਲੜਕੀਆਂ), ਮੂਨਕ, ਨੰਗਲ, ਕੁਲਰੀਆਂ, ਬੱਛੋਆਣਾ, ਰੰਗੜਿਆਲ, ਬਰ੍ਹੇ, ਦਾਤੇਵਾਸ, ਰਿਉਂਦ ਕਲਾਂ, ਬਖਸੀਵਾਲਾ, ਨੰਗਲ ਕਲਾਂ, ਭਾਦੜਾ, ਰੱਲੀ, ਕੋਟੜਾ ਕਲਾਂ, ਫਫੜੇ ਭਾਈਕੇ, ਮਨੂ ਵਾਟਿਕਾ, ਬੁਢਲਾਡਾ, ਸਮਾਰਟ ਸਕੂਲ ਕੁਲਰੀਆਂ, ਸਕੂਲ ਆਫ ਐਮੀਨੈਂਸ ਬੋਹਾ, ਲਹਿਰਾਗਾਗਾ, ਛਾਜਲੀ, ਜਿੰਦਲ ਇੰਟਰਨੈਸ਼ਨਲ ਸਕੂਲ ਮੰਡੇਰ, ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ, ਗੁਰੂ ਤੇਗ ਬਹਾਦਰ ਪਬਲਿਕ ਸਕੂਲ਼ ਛਾਜਲੀ, ਆਤਮਾ ਰਾਮ ਮੈਮੋਰੀਅਲ ਸਕੂਲ ਬਰੇਟਾ, ਜਵਾਹਰ ਨਵੋਦਿਆ ਫਫੜੇ ਭਾਈਕੇ, ਗ੍ਰੀਨ ਲੈਂਡ ਡੀਏਵੀ ਪਬਲਿਕ ਸਕੂਲ ਬਰੇਟਾ, ਸਾਹਿਬਜਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂੰ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਹਰਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਣਾ, ਲੱਧੂਵਾਸ,ਬਾਲੀਆ,ਮੈਮੜਾ,ਬਾਹਮਣਾਵਾਲਾ, ਬਾਦਲਗੜ੍ਹ ਅਤੇ ਰਤੀਆ (ਲੜਕੇ ਅਤੇ ਲੜਕੀਆਂ) ਦੇ ਨਾਂ ਸ਼ਾਮਿਲ ਹਨ।

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

ਸਖ਼ਤ ਮਿਹਨਤ, ਇਮਾਨਦਾਰੀ ਤੇ ਸਮਾਜ ਦੀ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਅੱਗੇ ਆਉਣ ਵਿਦਿਆਰਥੀ : ਡਾ. ਨਿਰਮਲ ਓਸੇਪਚਨ

ਹੀਰੋਂ ਖ਼ੁਰਦ,01 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਮਾਨਸਾ ਵੱਲੋਂ ਕਰਵਾਏ ਗਏ ਇੱਕ ਗਿਆਨਮਈ ਸਮਾਗਮ ਵਿੱਚ ਭਾਗ ਲਿਆ। ਇਹ ਕੁਇਜ਼ ਮੁਕਾਬਲਾ ਮਹਾਤਮਾ ਗਾਂਧੀ ਦੇ ਜੀਵਨ,ਕਦਰਾਂ-ਕੀਮਤਾਂ ਅਤੇ ਯੋਗਦਾਨ 'ਤੇ ਕਰਵਾਇਆ ਗਿਆ। ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਦਿਵਜੋਤ ਸਿੰਘ (7ਵੀਂ) ਅਤੇ ਅਵਨੀਤ ਕੌਰ (8ਵੀਂ) ਨੇ ਕਿਹਾ ਕਿ ਉਨ੍ਹਾਂ ਕੋਲ ਬੇਮਿਸਾਲ ਤਜ਼ਰਬਾ ਹੈ ਅਤੇ ਉਨ੍ਹਾਂ ਨੂੰ ਮਹਾਤਮਾ ਦੇ ਆਦਰਸ਼ਾਂ ਦੀ ਡੂੰਘੀ ਸਮਝ ਹੈ।ਇਸ ਸਮਾਗਮ 'ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ ਤੇ ਸ਼ਹਿਰੀ ਵਿਕਾਸ) ਮਾਨਸਾ ਡਾ. ਨਿਰਮਲ ਓਸੇਪਚਨ ਨਾਲ ਇੱਕ ਪ੍ਰੇਰਨਾਦਾਇਕ ਗੱਲਬਾਤ ਦਿਖਾਈ ਗਈ। ਮਾਨਸਾ ਵਿੱਚ ਇੱਕ ਲਾਇਬ੍ਰੇਰੀ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਉਣ ਵਾਲੇ ਡਾ. ਓਸੇਪਚਨ ਨੇ ਵਿਦਿਆਰਥੀਆਂ ਨੂੰ ਅਕਾਦਮਿਕਤਾ ਤੋਂ ਪਰੇ ਸੋਚਣ ਅਤੇ ਆਪਣੇ ਭਾਈਚਾਰਿਆਂ ਵਿੱਚ ਯੋਗਦਾਨ ਪਾਉਣ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਮਹਾਤਮਾ ਗਾਂਧੀ ਦੀ ਇੱਕ ਪ੍ਰੇਰਨਾਦਾਇਕ ਸਵੈ-ਜੀਵਨੀ ਦਿੱਤੀ ਗਈ, ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ, ਇਮਾਨਦਾਰੀ ਅਤੇ ਸਮਾਜ ਦੀ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਅੱਗੇ ਵਧਾਇਆ।ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਇਹ ਸਾਰੇ ਸ਼ਾਮਲ ਲੋਕਾਂ ਲਈ ਇੱਕ ਦਿਲਚਸਪ ਅਤੇ ਪ੍ਰੇਰਣਾਦਾਇਕ ਅਨੁਭਵ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਕੀਮਤੀ ਸਬਕ ਮਿਲੇ।ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਲਗਾਤਾਰ ਉਪਰਾਲੇ ਲਈ ਵਧਾਈ ਦਿੱਤੀ।