Saturday, March 1, 2025

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਵੱਲੋਂ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ

ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਵੱਲੋਂ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਚੀਮਾ ਵੱਲੋਂ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਪਹਿਲੀ ਮਾਰਚ ਤੋਂ 9 ਮਾਰਚ ਤੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸਰ ਦੇ ਸਹਿਯੋਗ ਨਾਲ ਹੋਈ। ਗੁਰਦੁਆਰਾ ਸਾਹਿਬ ਨਾਨਕਸਰ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ,ਮੈਨੇਜਰ ਜਰਨੈਲ ਸਿੰਘ, ਹੈਡ ਗ੍ਰੰਥੀ ਮੱਖਣ ਸਿੰਘ,ਹਰਮੇਸ਼ ਸਿੰਘ, ਜਸਵੀਰ ਸਿੰਘ, ਗੁਰਜੰਟ ਸਿੰਘ,ਗੁਰਮੀਤ ਸਿੰਘ,ਦਰਸ਼ਨ ਸਿੰਘ,ਦਸਤਾਰ ਕੋਚ ਜੱਸੀ ਸਰਦਾਰ ਜੀ ਇੰਟਰਨੈਸ਼ਨਲ ਦਸਤਾਰ ਕੋਚ,ਸਾਹਿਬ ਸਿੰਘ,ਜਸਪਾਲ ਸਿੰਘ,ਗੁਰਪਿਆਰ ਸਿੰਘ,ਪ੍ਰਭਜੋਤ ਸਿੰਘ, ਬਲਜਿੰਦਰ ਸਿੰਘ (ਸੀਨੀਅਰ ਦਸਤਾਰ ਕੋਚ) ਪਹੁੰਚੇ। ਜਾਣਕਾਰੀ ਦਿੰਦਿਆਂ ਜੱਸੀ ਸਰਦਾਰ ਦਸਤਾਰ ਕੋਚ ਨੇ ਦੱਸਿਆ ਕਿ 15,16 ਤੇ 17 ਮਾਰਚ ਨੂੰ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਸਾਲਾਨਾ ਸਮਾਗਮ ਨੂੰ ਮੁੱਖ ਰੱਖਦਿਆਂ ਇਹ ਦਸਤਾਰ ਕੈਂਪ ਲਗਾਇਆ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨ,ਬੱਚੇ ਦਸਤਾਰ ਨਾਲ਼ ਜੁੜ ਸਕਣ। ਉਹਨਾਂ ਦੱਸਿਆ ਕਿ ਇੱਥੇ ਕੈਂਪ ਦੌਰਾਨ ਹਰ ਤਰ੍ਹਾਂ ਦੀ ਦਸਤਾਰ,ਦੁਮਾਲੇ ਸਜਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਕਿ ਸਮਾਗ਼ਮ ਦੌਰਾਨ ਸਜਾਏ ਜਾਣ ਵਾਲ਼ੇ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਨੌਜ਼ਵਾਨ ਤੇ ਬੱਚੇ ਦਸਤਾਰ ਸਜਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾ ਸਕਣ।

ਮਾਨਸਾ (ਪੱਤਰ ਪ੍ਰੇਰਕ) : ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ

ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ

ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮੇਜਰ ਸਿੰਘ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪ੍ਰੀ ਪ੍ਰਾਇਮਰੀ ਅਧਿਆਪਕਾਂ 'ਤੇ ਹੁਣ ਤੱਕ ਸਰਕਾਰ ਵੱਲੋਂ ਸੀਐਸਆਰ ਰੂਲਜ ਵੀ ਲਾਗੂ ਨਹੀਂ ਕੀਤੇ ਗਏ ਤੇ ਨਾ ਹੀ 10 ਸਾਲ ਪੂਰੇ ਕਰਦੇ ਅਧਿਆਪਕਾਂ ਨੂੰ ਹੁਣ ਤੱਕ ਜੁਆਇਨ ਕਰਵਾਇਆ ਗਿਆ ਹੈ। ਜਿਹਨਾਂ ਵਿੱਚੋ ਬਹੁਤ ਸਾਰੇ ਅਜੇ ਵੀ ਕੇਵਲ 6 ਹਜ਼ਾਰ ਰੁਪਏ 'ਤੇ ਹੀ ਸਕੂਲਾਂ 'ਚ ਕੰਮ ਕਰ ਰਹੇ ਹਨ।ਇਹਨਾਂ ਅਧਿਆਪਕਾ 'ਚ ਸਰਕਾਰ ਦੇ ਖਿਲਾਫ ਭਾਰੀ ਰੋਸ ਹੈ।ਵੋਟਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੀਤਾ ਗਿਆ 36 ਹਜ਼ਾਰ ਰੁਪਏ ਵਾਲਾ ਵਾਅਦਾ ਵੀ ਅਜੇ ਤੱਕ ਪੂਰਾ ਨਹੀ ਹੋਇਆ। ਸਰਕਾਰ ਵੱਲੋਂ ਇਹਨਾਂ ਅਧਿਆਪਕਾ ਨੂੰ ਕੋਈ ਵੀ ਪੇਅ ਸਕੇਲ ਨਹੀ ਦਿੱਤਾ ਗਿਆ।ਕੇਵਲ ਉੱਕਾ ਪੁੱਕਾ 18 ਹਜ਼ਾਰ ਰੁਪਿਆ 5 ਫ਼ੀਸਦ ਵਾਧੇ ਨਾਲ ਦਿੱਤਾ ਜਾਂਦਾ ਹੈ। ਆਗੂ ਨੇ ਦੱਸਿਆ ਕਿ ਐਨੀ ਮਹਿਗਾਈ 'ਚ 18 ਹਜ਼ਾਰ ਰੁਪਏ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਨਾ ਕੋਈ ਟੀ.ਏ. ਡੀ.ਏ. ਹੈ,ਨਾ ਕੋਈ ਮੈਡੀਕਲ,ਨਾ ਕੋਈ ਮੋਬਾਈਲ ਭੱਤਾ, ਨਾ ਕੋਈ ਕਿਸੇ ਦੁਰਘਟਨਾ ਦਾ ਸ਼ਿਕਾਰ ਹੋਏ ਅਧਿਆਪਕ ਦੇ ਪਰਿਵਾਰ ਦਾ ਪ੍ਰਬੰਧ।ਇਹਨਾਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੀ ਪੰਜਾਬ ਪ੍ਰਧਾਨ ਆਗੂ ਹਰਪ੍ਰੀਤ ਕੌਰ ਜਲੰਧਰ ਨੇ ਸਟੇਟ ਪੱਧਰੀ ਮੀਟਿੰਗ ਚਤਰ ਸਿੰਘ ਪਾਰਕ ਲੁਧਿਆਣਾ ਚ 2 ਮਾਰਚ ਨੂੰ ਸੱਦੀ ਹੈ। ਇਸ ਮੀਟਿੰਗ ਚ ਇਹਨਾਂ ਭੱਖਦੇ ਮੁਦਿਆਂ ਲਈ ਸਾਰੇ ਅਧਿਆਪਕ ਸਾਹਿਬਾਨ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਤਾਂ ਜੋ ਆਉਣ ਵਾਲੇ ਸਮੇਂ 'ਚ ਸਹੀ ਰਣਨੀਤੀ ਬਣਾ ਕੇ ਸੰਘਰਸ਼ ਕਰਕੇ ਪ੍ਰਾਪਤੀ ਕੀਤੀ ਜਾ ਸਕੇ।


Wednesday, February 26, 2025

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਹੋਈ ਸੂਬਾ ਪੱਧਰੀ ਮੀਟਿੰਗ

ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਹੋਈ ਸੂਬਾ ਪੱਧਰੀ ਮੀਟਿੰਗ

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਸੂਬਾ ਪੱਧਰੀ ਮੀਟਿੰਗ ਅੱਜ ਲੁਧਿਆਣਾ ਵਿਖੇ ਚਤਰ ਸਿੰਘ ਪਾਰਕ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਸ਼ਾਮਲ ਹੋਏ ਜਿਸ ਵਿੱਚ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸੂਬਾ ਕਨਵੀਨਰ ਸੁਖਚੈਨ ਸਿੰਘ ਮਾਨਸਾ,ਕਰਤਾਰ ਪਠਾਨਕੋਟ,ਸਮਰਜੀਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਹੈ। ਉਹਨਾਂ ਕਿਹਾ ਕਿ ਇਸ ਗੱਲ ਦਾ ਉਹ ਧੰਨਵਾਦ ਕਰਦੇ ਹਨ ਪ੍ਰੰਤੂ ਡੇਢ ਸਾਲ ਬੀਤ ਜਾਣ ਤੋਂ ਬਾਅਦ ਕੋਈ ਵੀ ਪੇਅ-ਸਕੇਲ ਲਾਗੂ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਯੁਕਤੀ ਪੱਤਰ ਦੇਣ ਸਮੇਂ ਕਿਹਾ ਸੀ ਕਿ ਇੱਕ ਸਾਲ ਬਾਅਦ ਤੁਹਾਡੀ ਤਨਖਾਹ ਦੁੱਗਣੀ ਕਰ ਦਿੱਤੀ ਜਾਵੇਗੀ ਜੋ ਅਜੇ ਤੱਕ ਨਹੀਂ ਕੀਤੀ ਹੈ।ਸਾਡੇ ਅਧਿਆਪਕ ਬਿਨ੍ਹਾ ਕੋਈ ਲਾਭ ਲਏ ਖਾਲੀ ਹੱਥ ਘਰਾਂ ਨੂੰ ਸੇਵਾ ਮੁਕਤ ਹੋ ਕੇ ਜਾ ਰਹੇ ਹਨ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਸਿੱਖਿਆ ਵਿਭਾਗ ਵਿੱਚ ਲੰਮੀਆਂ ਸੇਵਾਵਾਂ ਦੇਣ ਦੇ ਬਾਵਜੂਦ ਅਧਿਆਪਕਾਂ ਦਾ ਖਾਲੀ ਹੱਥ ਜਾਣਾ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ।ਮੁੱਖ ਮੰਤਰੀ ਆਪ ਇੱਕ ਅਧਿਆਪਕ ਦੇ ਪੁੱਤਰ ਹਨ।ਉਨ੍ਹਾਂ ਕਿਹਾ ਕਿ ਸਾਡੇ ਅਧਿਆਪਕਾਂ ਤੇ ਪੇਅ ਸਕੇਲ ਲਾਗੂ ਕੀਤਾ ਜਾਵੇ।ਸਰਵਿਸ ਵਿੱਚ ਪੰਜ ਸਾਲ ਉਮਰ ਵਾਧਾ ਦਿੱਤੀ ਜਾਵੇ,ਰਹਿੰਦੇ ਸਾਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ,2012-14 ਈਟੀਟੀ ਬੈਂਚ ਨੂੰ ਤਨਖਾਹ ਵਾਧਾ ਕੀਤੀ ਜਾਵੇ ਉਪਰੋਕਤ ਮੰਗਾਂ ਵੱਲ ਵਿਸ਼ੇਸ਼ ਮੀਟਿੰਗ ਦੇ ਕੇ ਸਮੱਸਿਆਵਾਂ ਦਾ ਹੱਲ ਕਰਨ ਨਹੀਂ ਤਾਂ ਲੁਧਿਆਣਾ ਜ਼ਿਮਨੀ ਚੋਣਾਂ ਵਿੱਚ ਸੰਘਰਸ਼ ਦਾ ਐਲਾਨ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।ਮੀਟਿੰਗ ਵਿੱਚ ਮੱਖਣ ਸਿੰਘ ਮਾਨਸਾ, ਜਗਰੂਪ ਹੀਰੇਵਾਲਾ, ਬਿਹਾਰਾ ਸਿੰਘ ਦੋਦੜਾ, ਦਲਜੀਤ ਸਿੰਘ ਲੁਧਿਆਣਾ, ਪਰਬਜੀਤ ਮੋਗਾ, ਦਵਿੰਦਰ ਸਿੰਘ ਅੰਮ੍ਰਿਤਸਰ,ਬਲਵੀਰ ਸਿੰਘ ਸੰਗਰੂਰ,ਧਰਮਪਾਲ ਮਾਛੀਵਾੜਾ,ਜਾਵੇਦ ਅਖ਼ਤਰ,ਅਜੈਬ ਜਲੰਧਰ,ਸੁਮਨ ਸੈਫ਼ੀ,ਰਾਜਵਿੰਦਰ ਕੌਰ ਗੁਰਦਾਸਪੁਰ,ਰਾਮ ਮੋਗਾ,ਮਨਜੀਤ ਲੁਧਿਆਣਾ ਆਦਿ ਮੌਜੂਦ ਸਨ।

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕੌਮਾਂਤਰੀ ਮਾਂ-ਬੋਲੀ ਪੰਜਾਬੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਨਾਟਕ ਭਾਸ਼ਾ ਵਹਿੰਦਾ ਦਰਿਆ ਦੀ ਪੇਸ਼ਕਾਰੀ ਕਰਵਾਈ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕੌਮਾਂਤਰੀ ਮਾਂ-ਬੋਲੀ ਪੰਜਾਬੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਨਾਟਕ ਭਾਸ਼ਾ ਵਹਿੰਦਾ ਦਰਿਆ ਦੀ ਪੇਸ਼ਕਾਰੀ ਕਰਵਾਈ

ਪੰਜਾਬੀ ਭਾਸ਼ਾ ਰੁਜ਼ਗਾਰ ਦੀ ਵੱਡੀ ਭਾਸ਼ਾ ਹੈ : ਕੁਲਵੰਤ ਸਿੰਘ ਡੀ.ਸੀ. ਮਾਨਸਾ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖ਼ਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਪੰਜਾਬੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਨਾਟਕ ਭਾਸ਼ਾ ਵਹਿੰਦਾ ਦਰਿਆ ਦੀ ਪੇਸ਼ਕਾਰੀ ਕੀਤੀ। ਇਸ ਵਿਸ਼ੇਸ਼ ਮੌਕੇ ਮੁੱਖ ਮਹਿਮਾਨ ਵਜੋਂ ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ, ਮਾਨਸਾ ਅਤੇ ਵਿਸ਼ੇਸ਼ ਤੌਰ ਤੇ ਗਗਨਦੀਪ ਸਿੰਘ, ਐੱਸ. ਡੀ. ਐੱਮ. ਬੁਢਲਾਡਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਕੌਮਾਂਤਰੀ ਮਾਂ -ਬੋਲੀ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ-ਬੋਲੀ ਪ੍ਰਤੀ ਸੁਹਿਰਦਤਾ ਤੇ ਸੰਵੇਦਨਤਾ ਅਪਣਾਉਂਦੇ ਹੋਏ ਸਾਨੂੰ ਜ਼ੁੰਮੇਵਾਰੀ ਨਾਲ ਪੰਜਾਬੀ ਭਾਸ਼ਾ ਵਿਚ ਨਿੱਠ ਕੇ ਕੰਮ ਕਰਨ ਦੀ ਲੋੜ ਹੈ। ਡਾ. ਰਾਜਨਦੀਪ ਕੌਰ ਨੇ ਭਾਸ਼ਾ ਵਹਿੰਦਾ ਦਰਿਆ ਦੇ ਲੇਖਕ ਡਾ. ਸੋਮਪਾਲ ਹੀਰਾ ਦੀ ਜਾਣ ਪਛਾਣ ਕਰਵਾਈ ਅਤੇ ਰੰਗਮੰਚ ਦੇ ਮਾਧਿਅਮ ਰਾਹੀਂ ਪੰਜਾਬੀ ਮਾਂ-ਬੋਲੀ ਦੀ ਮਹੱਤਤਾ ਅਤੇ ਲੋੜ ਦੀ ਸਮੁੱਚੀ ਵਾਰਤਾ ਨੂੰ ਪੰਜਾਬ ਤੋਂ ਇਲਾਵਾ ਹੋਰਨਾਂ ਥਾਵਾਂ ਤੇ ਲੈ ਕੇ ਜਾਣ ਦਾ ਉਪਰਾਲਾ ਸ਼ਲਾਘਾਯੋਗ ਹੈ। ਮੁੱਖ ਮਹਿਮਾਨ ਕੁਲਵੰਤ ਸਿੰਘ ਡੀਸੀ ਮਾਨਸਾ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਸਾਡਾ ਮਾਣ ਹੈ। ਇਸ ਦੇ ਗੌਰਵਸ਼ਾਲੀ ਇਤਿਹਾਸ ਸਦਕਾ ਹੀ ਸਾਨੂੰ ਦੁਨੀਆਂ ਵਿਚ ਵੱਖਰੀ ਪਛਾਣ ਮਿਲੀ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਭਾਸ਼ਾ ਵਿਚ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਿਆ ਹੈ, ਇਸ ਪੱਖੋਂ ਵੇਖੀਏ ਤਾਂ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਵੱਡੀ ਭਾਸ਼ਾ ਹੈ। ਉਨ੍ਹਾਂ ਵਿਦਿਆਰਥਣ ਅਮਨਦੀਪ ਕੌਰ, ਦਵਿੰਦਰ ਕੌਰ ਵੱਲੋਂ ਪੁੱਛੇ ਸੁਆਲਾਂ ਦੇ ਉੱਤਰ ਦਿੰਦਿਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਨੁਕਤਿਆਂ ਤੋਂ ਜਾਣੂ ਕਰਵਾਇਆ ਅਤੇ ਪ੍ਰੈਕਟੀਕਲ ਸਿੱਖਿਆ ਵੱਲ ਵਧਣ ਦੀ ਸਲਾਹ ਦਿੱਤੀ। ਉਨ੍ਹਾਂ ਸੰਸਥਾ ਦੀ ਸ਼ਾਲਾਘਾ ਕੀਤੀ ਅਤੇ ਕਿਹਾ ਕਿ ਅਜੋਕੇ ਵਿਦਿਆਰਥੀਆਂ ਨੂੰ ਅਜਿਹੀਆਂ ਵਿਧਾਵਾਂ ਨਾਲ ਜੋੜਨ ਦੀ ਮੁੱਖ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਵਿਚ ਸਾਹਿਤ ਸਬੰਧੀ ਮਿਆਰੀ ਸੋਚ ਬਣ ਸਕੇ।
ਇਸ ਪ੍ਰੋਗਰਾਮ ਵਿਚ ਸਮਾਜ ਸੇਵੀ ਅਤੇ ਭਾਸ਼ਾ ਪ੍ਰੇਮੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਮੀਨਾ ਰਾਣੀ, ਸੰਦੀਪ ਕੌਰ, ਦੁਪਿੰਦਰ ਕੌਰ, ਦਵਿੰਦਰ ਕੌਰ, ਸਿਮਰਨ ਕੌਰ, ਹਰਦੀਪ ਕੌਰ, ਮਨਦੀਪ ਕੌਰ, ਲਵਲੀ ਸਾਵਰੀਆ, ਪ੍ਰਭਜੋਤ ਕੌਰ ਅਤੇ ਸੁਖਵਿੰਦਰ ਸਿੰਘ ਦਾ ਗੁਰਮੁਖੀ ਅੱਖਰਕਾਰੀ ਵਾਲੀਆਂ ਫੱਟੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਾ. ਸਤਗੁਰ ਸਿੰਘ, ਅਦਾਕਾਰਾ ਮਨਜੀਤ ਕੌਰ ਔਲਖ, ਕਹਾਣੀਕਾਰ ਦਰਸ਼ਨ ਜੋਗਾ, ਜ਼ਿਲ੍ਹਾ ਇੰਚਾਰਜ਼ ਤੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਧਾਲੀਵਾਲ, ਸ਼ਾਇਰ ਅਤੇ ਐਡਵੋਕੇਟ ਬਲਵੰਤ ਭਾਟੀਆ, ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ, ਡਾ. ਗੁਰਮੇਲ ਕੌਰ ਜੋਸ਼ੀ, ਅਨੁਵਾਦ ਪੁਰਸਕਾਰ ਜੇਤੂ ਜਗਦੀਸ਼ ਰਾਏ ਕੁਲਰੀਆਂ, ਆਲੋਚਕ ਨਿਰੰਜਣ ਬੋਹਾ, ਕਹਾਣੀਕਾਰ ਭੁਪਿੰਦਰ ਫ਼ੌਜੀ ਅਤੇ ਡਾ. ਬੂਟਾ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਸਾਂਝੇ ਰੂਪ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਭਾਗ ਅਤੇ ਨਾਟਕਕਾਰ ਸੋਮਪਾਲ ਹੀਰਾ ਨੂੰ ਇਸ ਉੱਦਮ ਦੀ ਵਧਾਈ ਦਿੱਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ, 800 ਦੇ ਲਗਭਗ ਵਿਦਿਆਰਥੀ ਹਾਜ਼ਰ ਸਨ।ਪ੍ਰੋਗਰਾਮ ਕੋਆਰਡੀਨੇਟਰ ਤੇ ਮੰਚ ਸੰਚਾਲਕ ਗੁਰਦੀਪ ਸਿੰਘ ਨੇ ਅਖੀਰ ਵਿਚ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਛੇਵਾਂ ਸੱਭਿਆਚਾਰਕ ਮੇਲਾ ਭੀਖੀ ਦਾ 30 ਮਾਰਚ ਨੂੰ ਕਰਵਾਇਆ ਜਾਵੇਗਾ

ਛੇਵਾਂ ਸੱਭਿਆਚਾਰਕ ਮੇਲਾ ਭੀਖੀ ਦਾ 30 ਮਾਰਚ ਨੂੰ ਕਰਵਾਇਆ ਜਾਵੇਗਾ

ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਪੰਜਾਬ ਦੀ ਮੀਟਿੰਗ ਹੋਈ

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਨੈਸ਼ਨਲ ਕਾਲਜ ਵਿਖੇ ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਰਜਿ. ਪੰਜਾਬ ਦੀ ਅਹਿਮ ਮੀਟਿੰਗ ਦੌਰਾਨ ਵਿਚਾਰ ਵਟਾਂਦਰਾਂ ਕਰਦਿਆਂ ਵੱਖ-ਵੱਖ ਅਹੁਦੇਦਾਰਾਂ ਵੱਲੋਂ ਆਪਣੇ ਸੁਝਾਅ ਪੇਸ਼ ਕੀਤੇ ਗਏ। ਇਸ ਮੌਕੇ ਛੇਵਾਂ ਸੱਭਿਆਚਾਰਕ ਮੇਲਾ ਭੀਖੀ ਦਾ 30 ਮਾਰਚ ਨੂੰ ਕਰਵਾਉਣ ਦਾ ਫੈਸਲਾ ਲਿਆ।ਸੰਸਥਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਪੁਮਾਰ ਤੇ ਜਨਰਲ ਸਕੱਤਰ ਅੰਗਰੇਜ਼ ਸਿੰਘ ਕਲੇਰ ਨੇ ਦੱਸਿਆ ਕਿ ਛੇਵੇਂ ਸੱਭਿਆਚਾਰਕ ਮੇਲੇ ਵਿੱਚ ਮਲਵਈ ਗਿੱਧਾ,ਢਾਡੀ,ਕਵਿਸ਼ਰੀ ਜਥੇ, ਕਵਾਲ,ਪ੍ਰਸਿੱਧ ਗਾਇਕ,ਗੀਤਕਾਰ ਅਤੇ ਫਿਲਮੀ ਅਦਾਕਾਰ ਸ਼ਿਰਕਤ ਕਰਨਗੇ।ਸਮੂਹ ਲੋਕਾਂ ਨੂੰ ਮੇਲੇ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਹੋਵੇਗਾ।ਦਿਲਬਾਗ ਸਿੰਘ ਰਿਉਂਦ ਸਹਾਇਕ ਸਕੱਤਰ ਨੇ ਦੱਸਿਆ ਕਿ ਜਿਹਨਾਂ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਵੇਗਾ, ਉਹ ਹੀ ਮੇਲੇ ਵਿੱਚ ਹਾਜ਼ਰੀ ਲਗਵਾ ਸਕਣਗੇ। ਸਵੇਰ ਤੋਂ ਸ਼ਾਮ ਤੱਕ ਮੇਲੇ ਵਿੱਚ ਪੰਜਾਬੀ ਵਿਰਸੇ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।ਇਸ ਮੌਕੇ ਕਰਨ ਭੀਖੀ ਪ੍ਰਧਾਨ,ਸਰਪ੍ਰਸਤ ਹਰਪ੍ਰੀਤ ਸਿੰਘ ਹੈਪੀ,ਪ੍ਰੈਸ ਸਕੱਤਰ ਹਰਜੀਤ ਭੀਖੀ,ਨਾਵਲਕਾਰ ਅਜ਼ੀਜ਼ ਸਰੋਏ,ਗੁਲਾਬ ਰਿਉਂਦ,ਕੁਲਦੀਪ ਸਿੰਘ,ਗੁਲਜ਼ਾਰ ਅਲੀ ਥਿੰਦ,ਕਮਲ ਚਹਿਲ,ਨਵਨੀਤ ਰਿਸ਼ੀ ਆਦਿ ਹਾਜ਼ਰ ਸਨ।

Tuesday, February 25, 2025

ਮਾਨਸਾ, (ਪੱਤਰ ਪ੍ਰੇਰਕ) : ਮਨੁੱਖਾ ਜਨਮ ਰੱਬ ਨੂੰ ਪ੍ਰਾਪਤ ਕਰਨ ਲਈ ਮਿਲਿਆ ਹੈ : ਗੁਰਦੇਵ ਸਿੰਘ ਕਾਕੂਵਾਲ

ਮਨੁੱਖਾ ਜਨਮ ਰੱਬ ਨੂੰ ਪ੍ਰਾਪਤ ਕਰਨ ਲਈ ਮਿਲਿਆ ਹੈ : ਗੁਰਦੇਵ ਸਿੰਘ ਕਾਕੂਵਾਲ

ਮਾਨਸਾ, (ਪੱਤਰ ਪ੍ਰੇਰਕ) : ਮਨੁੱਖ ਦਾ ਜਨਮ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਕਰਕੇ ਇਸਦਾ ਸਿਮਰਨ ਕਰਨ ਲਈ ਮਿਲਿਆ ਹੈ,ਇਹ ਸ਼ਬਦ ਹੀਰੋਂ ਖੁਰਦ ਵਿਖੇ ਵਿਸ਼ਾਲ ਸਤਿਸੰਗ ਵਿੱਚ ਗੁਰਦੇਵ ਸਿੰਘ ਕਾਕੂਵਾਲ ਸੈੰਟਰਲ ਗਿਆਨ ਪ੍ਰਚਾਰਕ ਨੇ ਸਤਿਸੰਗ ਨੂੰ ਸੰਬੋਧਨ ਕਰਦਿਆ ਕਹੇ।ਉਹਨਾ ਕਿਹਾ ਕਿ ਇਸ ਜਨਮ ਵਿਚ ਹੀ ਨਿਰੰਕਾਰ ਦੀ ਜਾਣਕਾਰੀ ਕੀਤੀ ਜਾ ਸਕਦੀ ਹੈ।ਮਨੁੱਖਾ ਜਨਮ ਸਿਰਫ ਬੰਦਗੀ ਕਰਨ ਲਈ ਹੈ।ਸਤਿਗੁਰੂ ਮਾਤਾ ਸੁਦੀਕਸ਼ਾ ਜੀ ਬ੍ਰਹਮ ਦਾ ਗਿਆਨ ਦੇ ਕੇ ਲੱਖਾਂ ਰੂਹਾਂ ਦਾ ਕਲਿਆਣ  ਕਰ ਰਹੇ ਹਨ। ਇਸ ਤੋਂ ਇਲਾਵਾ ਬ੍ਰਾਂਚ  ਦੇ ਮੁਖੀ ਮਹਾਤਮਾ ਹਰਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਲਾਗਲੇ ਪਿੰਡਾਂ ਆਲਮਪੁਰ ਬੋਦਲਾ,ਗੁੜੱਦੀ, ਹੋਡਲਾ ਕਲਾਂ,ਭਾਦੜਾ,ਖੱਤਰੀਵਾਲਾ,ਡਸਕਾ ਤੇ ਭੀਖੀ ਦੀ ਸੰਗਤ ਨੇ ਸਤਿਸੰਗ ਵਿੱਚ ਹਿੱਸਾ ਲਿਆ।

ਮਾਨਸਾ, (ਪੱਤਰ ਪ੍ਰੇਰਕ) : ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੀਤੀ ਅਹਿਮ ਸੂਬਾ ਕਮੇਟੀ ਮੀਟਿੰਗ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੀਤੀ ਅਹਿਮ ਸੂਬਾ ਕਮੇਟੀ ਮੀਟਿੰਗ

ਬਜਟ ਸੈਸ਼ਨ ਦੌਰਾਨ ਚੰਡੀਗੜ ਵਿਧਾਨ ਸਭਾ ਵੱਲ ਹੋਣ ਵਾਲੇ ਮੁਲਾਜ਼ਮਾਂ ਦੇ ਸੂਬਾਈ ਮਾਰਚ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ

ਸਮੂਹ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ 1 ਤੋਂ 7 ਮਾਰਚ ਤੱਕ ਦਿੱਤੇ ਜਾਣਗੇ ਮੰਗ ਪੱਤਰ,ਮਜ਼ਦੂਰ ਦਿਵਸ 'ਤੇ ਪੰਜਾਬ 'ਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ/ ਦਫਤਰਾਂ ਅੱਗੇ ਕੀਤੀ ਜਾਵੇਗੀ ਇੱਕ ਦਿਨਾਂ ਭੁੱਖ ਹੜਤਾਲ

ਮਾਨਸਾ, (ਪੱਤਰ ਪ੍ਰੇਰਕ) : ਐੱਨ.ਪੀ.ਐੱਸ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ੀਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੁਤੰਤਰਤਾ ਸੈਨਾਨੀ ਹਾਲ ਮੋਗਾ ਵਿਖੇ ਸੂਬਾ ਕਮੇਟੀ ਮੀਟਿੰਗ ਕੀਤੀ ਗਈ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਪਾਸਾ ਵੱਟ ਚੁੱਕੀ ਪੰਜਾਬ ਸਰਕਾਰ ਖਿਲਾਫ ਸੰਘਰਸ਼ੀ ਵਿਉਂਤਬੰਦੀ ਉਲੀਕਦਿਆਂ ਅਹਿਮ ਫੈਸਲੇ ਕੀਤੇ ਗਏ।ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰਾਂ ਗੁਰਬਿੰਦਰ ਸਿੰਘ ਖਹਿਰਾ ਨੇ ਆਖਿਆ ਕਿ ਕੇਂਦਰ ਵੱਲੋਂ ਤਜੀਵਜਤ ਯੂੀਪੀਐੱਸ ਸਕੀਮ ਨੂੰ ਰੱਦ ਕਰਦਿਆਂ ਪੁਰਾਣੀ ਪੈਨਸ਼ਨ ਲਈ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਕੀਤੇ ਕਾਗਜ਼ੀ ਨੋਟੀਫਿਕੇਸ਼ਨ ਨੂੰ ਠੰਢੇ ਬਸਤੇ ਵਿੱਚ ਪਾ ਕੇ ਯੂਪੀਐੱਸ ਸਕੀਮ ਨੂੰ ਲਾਗੂ ਕਰਨ ਹਿੱਤ ਅਫਸਰਸ਼ਾਹੀ ਨੂੰ ਨਿਰਦੇਸ਼ ਦੇਣਾ ਜਿੱਥੇ ਮੁਲਾਜ਼ਮਾਂ ਨਾਲ਼ ਵੱਡਾ ਧੋਖਾ ਹੈ ਉੱਥੇ ਕੇਂਦਰ ਸਰਕਾਰ ਦੀ ਸੂਬਿਆਂ ਦੇ ਮਾਮਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਅੱਗੇ ਗੋਡੇ ਟੇਕਣਾ ਵੀ ਹੈ। ਜ਼ਿਕਰਯੋਗ ਹੈ ਕਿ ਪੈਨਸ਼ਨ ਸਟੇਟ ਸੂਚੀ ਵਿੱਚ ਸ਼ਾਮਲ ਹੈ ਜਿਸਦੇ ਬਾਰੇ ਫੈਸਲਾ ਲੈਣ ਦਾ ਅਖਤਿਆਰ ਸੂਬਾ ਸਰਕਾਰ ਕੋਲ਼ ਹੁੰਦਾ ਹੈ।ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਪੈਨਸ਼ਨ ਦੇ ਮੁੱਦੇ ਤੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਸਮੂਹ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ 1 ਤੋਂ 7 ਮਾਰਚ ਤੱਕ ਮੰਗ ਪੱਤਰ ਦਿੱਤੇ ਜਾਣਗੇ ਅਤੇ ਮਜ਼ਦੂਰ ਦਿਵਸ ਮੌਕੇ ਸਾਰੇ ਪੰਜਾਬ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ/ ਦਫਤਰਾਂ ਅੱਗੇ ਇੱਕ ਦਿਨਾਂ ਧਰਨੇ ਦੇ ਕੇ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਅਹਿਮ ਵਿੱਤੀ ਮੰਗਾਂ ਨੂੰ ਲੈ ਕੇ ਚਾਰ ਦਿਨ ਲਗਾਤਾਰ ਰੈਲੀਆਂ ਅਤੇ ਵਿਧਾਨ ਸਭਾ ਚੰਡੀਗੜ ਵੱਲ ਮਾਰਚ ਕਰਨ ਦੇ ਕੀਤੇ ਜਾ ਰਹੇ ਐਕਸ਼ਨਾਂ ਵਿੱਚ ਫਰੰਟ ਵੱਲੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ।ਫਰੰਟ ਦੇ ਆਗੂਆਂ ਇੰਦਰਸੁਖਦੀਪ ਸਿੰਘ ਅਤੇ ਦਲਜੀਤ ਸਫੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਯੂਪੀਐੱਸ ਦੇ ਨੋਟੀਫਿਕੇਸ਼ਨ ਨੂੰ ਪੰਜਾਬ ਸਰਕਾਰ ਪਿਛਲੇ ਸਮੇਂ ਵਿੱਚ ਵਿਚਾਰ ਅਧੀਨ ਹੋਣ ਅਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦੇ ਆਪਣੇ ਖੁਦ ਦੇ ਕੀਤੇ ਹੋਏ ਨੋਟੀਫਿਕੇਸ਼ਨ ਤੋਂ ਭੱਜਣ ਲਈ ਵਿਚਲਾ ਰਾਹ ਲੱਭ ਰਹੀ ਹੈ। ਜਿਸ ਦੇ ਖਿਲਾਫ ਫਰੰਟ ਵੱਲੋਂ ਜਿੱਥੇ ਪੈਨਸ਼ਨ ਲਈ ਬਣਾਏ ਸਾਂਝੇ ਥੜੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਨੂੰ ਮੁੜ ਸਰਗਰਮ ਕਰਨ ਦੇ ਯਤਨ ਜਾਰੀ ਰੱਖੇ ਜਾਣਗੇ ਉੱਥੇ ਅਪ੍ਰੈਲ ਮਹੀਨੇ ਵਿੱਚ ਦੁਬਾਰਾ ਸੂਬਾ ਕਮੇਟੀ ਮੀਟਿੰਗ ਕਰਕੇ ਸੂਬਾਈ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਡੀ.ਐੱਮ.ਐੱਫ ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ ਸਮੇਤ ਜਸਵਿੰਦਰ ਸਿੰਘ,ਕੰਵਰਦੀਪ ਸਿੰਘ ਢਿੱਲੋਂ, ਅਮਰਜੀਤ ਸਿੰਘ,ਗੁਰਵਿੰਦਰ ਸਿੰਘ,ਮਨਜੀਤ ਸਿੰਘ ਦਸੂਹਾ,ਨਿਰਮਲ ਸਿੰਘ,ਅਮਰਦੀਪ ਸ਼ਰਮਾ,ਸਤਪਾਲ ਸਮਾਣਵੀ,ਰਮਨ ਸਿੰਗਲਾ,ਜਗਜੀਤ ਸਿੰਘ, ਅਮਰੀਕ ਸਿੰਘ,ਮਨਿੰਦਰ ਸਿੰਘ,ਰਜਿੰਦਰ ਗੁਰੂ,ਰਮਨ ਮਹਾਜਨ,ਰਜਿੰਦਰ ਸੈਣੀ,ਰਾਕੇਸ਼ ਕੁਮਾਰ,ਜਗਦੀਪ ਸਿੰਘ ਆਦਿ ਹਾਜ਼ਰ ਰਹੇ।