Saturday, May 17, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਭਰ ਵਿੱਚ ਸੈਂਕੜੇ ਅਧਿਆਪਕ ਬਣਗੇ ਹੈਡ ਟੀਚਰ ਤੇ ਸੈਂਟਰ ਹੈਡ ਟੀਚਰ-ਅਮਨਦੀਪ ਸ਼ਰਮਾ

ਪੰਜਾਬ ਭਰ ਵਿੱਚ ਸੈਂਕੜੇ ਅਧਿਆਪਕ ਬਣਗੇ ਹੈਡ ਟੀਚਰ  ਤੇ ਸੈਂਟਰ ਹੈਡ ਟੀਚਰ-ਅਮਨਦੀਪ ਸ਼ਰਮਾ

ਤਰੱਕੀਆਂ ਹੋਣ ਨਾਲ ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਮਿਲੇਗਾ ਬਦਲੀ ਦਾ ਮੌਕਾ : ਗੁਰਜੰਟ ਸਿੰਘ ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪ੍ਰਾਇਮਰੀ ਕਾਡਰ ਵਿੱਚ ਈ ਟੀ ਟੀ ਤੋਂ ਹੈਡ ਟੀਚਰ ,ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਉਡੀਕਦੇ ਸੈਂਕੜੇ ਅਧਿਆਪਕਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਹੈ ਟੀਚਰ, ਸੈਂਟਰ ਹੈਡ ਟੀਚਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਅਗਲੇ ਹਫਤੇ ਵੱਖ ਵੱਖ ਜਿਲ੍ਹਿਆਂ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਹੋਣ ਦੀਆਂ ਸੰਭਾਵਨਾਵਾਂ ਹਨ। ਉਹਨਾਂ ਕਿਹਾ ਕਿ ਵੱਡੇ ਜਿਲਿਆਂ ਅੰਮ੍ਰਿਤਸਰ ,ਗੁਰਦਾਸਪੁਰ , ਹੁਸ਼ਿਆਰਪੁਰ ਵਿੱਚ ਵੱਡੀ ਗਿਣਤੀ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਹੁਣ ਲੰਮੇ ਸਮੇਂ ਤੋਂ ਤਰੱਕੀਆਂ ਦੀ ਆਸ ਲਗਾਈ ਬੈਠੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਵੇਗਾ।ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਤੇ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਹੋਣ ਨਾਲ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਮਿਲੇਗਾ ਅਤੇ ਉਹ ਆਪਣੇ ਘਰਾਂ ਕੋਲ ਵਾਪਸ ਆ ਸਕਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਸੋਮਵਾਰ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਯੋਗ ਅਧਿਆਪਕਾਂ ਦੀਆਂ ਤਰੱਕੀਆਂ ਕਰਵਾਈਆਂ ਜਾਣਗੀਆਂ।

Thursday, May 15, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰਜੀਤ ਕੌਰ ਧਨੌਲਾ ਦੇ ਅਚਾਨਕ ਜਹਾਨ ਤੋਂ ਤੁਰ ਜਾਣ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਗੁਰਜੀਤ ਕੌਰ ਧਨੌਲਾ ਦੇ ਅਚਾਨਕ ਜਹਾਨ ਤੋਂ ਤੁਰ ਜਾਣ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਯੂਨੀਅਨ ਆਗੂਆਂ ਨੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਸੂਬਾ ਸਰਕਾਰ ਨੂੰ ਕੀਤੀ ਅਪੀਲ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਥੋੜ੍ਹਾ ਸਮਾਂ ਪਹਿਲਾਂ ਸਰਕਾਰੀ ਅਧਿਆਪਿਕਾ ਵਜੋਂ ਨਿਯੁਕਤ ਹੋਈ ਗੁਰਜੀਤ ਕੌਰ ਧਨੌਲਾ ਦੇ ਅਚਾਨਕ ਇਸ ਜਹਾਨ ਤੋਂ ਚਲੇ ਜਾਣ ਕਾਰਨ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ ਓਥੇ ਹੀ ਸਮੂਹ ਈਟੀਟੀ ਕੇਡਰ ਦੇ ਲਈ ਵੀ ਬਹੁਤ ਹੀ ਦੁੱਖ ਦੀ ਖ਼ਬਰ ਹੈ।ਗੁਰਜੀਤ ਕੌਰ ਕਾਫੀ ਸਮੇ ਤੋਂ ਵਲੰਟੀਅਰ ਦੇ ਤੌਰ 'ਤੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਸਨ।ਉਹਨਾਂ ਨੂੰ 19 ਮਾਰਚ 2025 ਨੂੰ ਰੈਗੂਲਰ ਸਰਕਾਰੀ ਟੀਚਰ ਦੇ ਤੌਰ 'ਤੇ ਨੌਕਰੀ ਮਿਲੀ ਸੀ ਤੇ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲ ਵਿੱਚ ਡਿਊਟੀ ਨਿਭਾਅ ਰਹੇ ਸਨ। ਉਸ ਦੀ ਸਰਕਾਰੀ ਪੱਕੀ ਨੌਕਰੀ ਲੱਗਣ ਕਾਰਨ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਸਨ ਤੇ ਸਭ ਕੁਝ ਖੁਸ਼ੀ ਖ਼ੁਸ਼ੀ ਚਲ ਰਿਹਾ ਸੀ ਪਰ ਅਚਾਨਕ ਉਹਨਾ ਦੀ ਤਬੀਅਤ ਵਿੱਚ ਖਰਾਬੀ ਆਉਣ ਕਰਕੇ ਉਹ ਪਰਿਵਾਰ ਨੂੰ ਛੱਡ ਕੇ ਇਸ ਫ਼ਾਨੀ ਜਹਾਨ ਤੋਂ ਹਮੇਸ਼ਾਂ ਲਈ ਚਲੇ ਗਏ ਅਤੇ ਪਿੱਛੇ ਨਿੱਕੇ ਨਿੱਕੇ ਦੋ ਬੱਚੇ ਛੱਡ ਗਏ ਹਨ ਅਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਈਟੀਟੀ ਕੇਡਰ ਸਮੇਤ ਈਟੀਟੀ ਯੂਨੀਅਨ ਪੰਜਾਬ ਪਰਿਵਾਰ ਦੇ ਨਾਲ ਖੜ੍ਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦੇ ਹਨ ਕਿ ਇਸ ਪਰਿਵਾਰ ਨੂੰ ਭਾਵੇਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਰੂਰ ਪਿਆ ਹੈ ਪਰ ਸਰਕਾਰ ਉਹਨਾਂ ਦੀ ਮਦਦ ਕਰਕੇ ਪਰਿਵਾਰ ਦਾ ਦੁੱਖ ਵੰਡਾਵੇ ਅਤੇ ਪਰਿਵਾਰ ਦੇ ਕਿਸੇ ਇੱਕ ਯੋਗ ਮੈਂਬਰ ਨੂੰ ਰੈਗੂਲਰ ਸਰਕਾਰੀ ਨੌਕਰੀ ਦੇ ਕੇ ਉਹਨਾਂ ਦੇ ਦੁੱਖ ਨੂੰ ਜਰੂਰ ਵੰਡੇ ਤਾਂ ਜੋ ਪਿੱਛੋਂ ਪਰਿਵਾਰ ਦੇ ਪਾਲਣ ਪੋਸ਼ਣ ਅਤੇ ਨਿੱਕੇ ਬੱਚਿਆਂ ਦੀ ਪੜ੍ਹਾਈ ਲਈ ਮਦਦ ਹੋ ਸਕੇ।ਇਸ ਮੌਕੇ ਈਟੀਟੀ ਯੂਨੀਅਨ ਪੰਜਾਬ ਵੱਲੋਂ ਹਰਜੀਤ ਸਿੰਘ,ਮਨਪ੍ਰੀਤ ਸਿੰਘ,ਗੁਰਸੰਗਤ ਬੁਢਲਾਡਾ,ਹੀਰਾ ਲਾਧੂਕਾ,ਕਿਰਨ ਨਾਭਾ,ਗੁਰਸੇਵਕ ਸੰਗਰੂਰ, ਗੁਰਜੀਵਨ ਮਾਨਸਾ,ਵਰਿੰਦਰ ਸਰਹੰਦ,ਅਮ੍ਰਿਤ ਧੂਰੀ,ਨਵੀ ਜੋਸ਼ਨ, ਜਸਵਿੰਦਰ ਮਾਛੀਵਾੜਾ ਆਦਿ ਨੇ ਪੂਰੇ ਈਟੀਟੀ ਕੇਡਰ ਵੱਲੋ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਹਰ ਮਦਦ ਲਈ ਜਿੱਥੇ ਬੇਨਤੀ ਕੀਤੀ ਹੈ ਉਥੇ ਹੀ ਪਰਿਵਾਰ ਨੂੰ ਵੀ ਯਕੀਨ ਦਵਾਇਆ ਹੈ ਕਿ ਪੂਰਾ ਈਟੀਟੀ ਕੇਡਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹਾ ਹੈ।

Tuesday, May 13, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਬਾਰਵੀਂ ਜਮਾਤ ਦਾ ਨਤੀਜਾ  ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀ.ਬੀ.ਐਸ.ਈ. ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ  ਬਾਰਵੀਂ ਜਮਾਤ ਦਾ ਨਤੀਜਾ ਸੌ ਫੀਸਦ ਰਿਹਾ। ਸ਼ੈਸ਼ਨ 2024-25ਦੇ ਅਕਾਦਮਿਕ ਵਰ੍ਹੇ ਦੌਰਾਨ (ਸਾਇੰਸ,ਕਾਮਰਸ,ਆਰਟਸ) ਗਰੁੱਪ ਦੇ ਕੁੱਲ 107 ਵਿੱਦਿਆਰਥੀਆਂ ਨੇ ਬਾਰਵੀਂ ਦੀ ਪ੍ਰੀਖਿਆ ਦਿੱਤੀ ਸੀ।ਆਰਟਸ ਗਰੁੱਪ ਚੋਂ ਰਮਨਦੀਪ ਕੌਰ ਨੇ 95 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ,ਭੂਮਿਕਾ ਨੇ 92 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਹੁਸਨਪ੍ਰੀਤ ਕੌਰ ਨੇ 86.8 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਕਾਮਰਸ ਗਰੁੱਪ ’ਚੋਂ ਅਨਮੋਲਪ੍ਰੀਤ ਸਿੰਘ ਨੇ 92. ਫੀਸਦ ਅੰਕ ਲੈ ਕੇ ਪਹਿਲਾ,ਖੁਸ਼ਮਨਪ੍ਰੀਤ ਕੌਰ ਨੇ 91.4 ਫੀਸਦ ਅੰਕ ਲੈ ਕੇ ਦੂਜਾ,ਨਿਰਵਾਣ ਜਿੰਦਲ ਨੇ  90.2 ਫੀਸਦ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਾਇੰਸ ਗਰੁੱਪ  'ਚ ਸੁਪਨਪ੍ਰੀਤ ਕੌਰ ਨੇ 91.6 ਫੀਸਦ  ਅੰਕ ਲੈ ਕੇ ਪਹਿਲਾ,ਚੇਤੰਨਿਆ ਗੌਤਮ ਨੇ 90.6 ਫੀਸਦ ਅੰਕ ਲੈ ਕੇ ਦੂਜਾ ਅਤੇ  ਜਸ਼ਨਪ੍ਰੀਤ ਸਿੰਘ ਨੇ 89.2 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਸਭ ਦਾ ਮਾਣ ਵਧਾਇਆ ਹੈ।ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਦੇ ਮੌਕੇ ’ਤੇ ਸਕੂਲ ਪ੍ਰਬੰਧਕ ਕਮੇਟੀ,ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੀ.ਪੀ.ਐਸ. ਚੀਮਾ ਦਾ ਸੀ.ਬੀ.ਐਸ.ਈ. 12ਵੀਂ ਦਾ ਨਤੀਜ਼ਾ ਰਿਹਾ 100 ਫੀਸਦ

ਪੀ.ਪੀ.ਐਸ. ਚੀਮਾ ਦਾ ਸੀ.ਬੀ.ਐਸ.ਈ. 12ਵੀਂ ਦਾ ਨਤੀਜ਼ਾ ਰਿਹਾ 100 ਫੀਸਦ

 
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੀ.ਬੀ.ਐਸ.ਈ. ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀਆਂ ਦਾ ਪਾਸ ਨਤੀਜਾ 100 ਫੀਸਦ ਰਿਹਾ।ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਨਾਨ-ਮੈਡੀਕਲ ਸਟਰੀਮ ਵਿੱਚ ਵਿਵੇਕ ਗੋਇਲ ਨੇ 96.2 ਫੀਸਦ,ਅਵਨੀਤ ਸਿੰਘ ਨੇ 88.4 ਫੀਸਦ,ਮਨਪ੍ਰੀਤ ਕੌਰ ਨੇ 87.2 ਫੀਸਦ,ਕਮਲਪ੍ਰੀਤ ਕੌਰ ਨੇ 86.4 ਫੀਸਦ, ਹਰਸਿਮਰਨ ਕੌਰ ਨੇ 85 ਫੀਸਦ,ਪ੍ਰੀਆ ਗੋਇਲ ਨੇ 83.4 ਫੀਸਦ ਅੰਕ ਪ੍ਰਾਪਤ ਕੀਤੇ।ਮੈਡੀਕਲ ਸਟਰੀਮ ਵਿੱਚ ਅਵਨੀਤ ਕੌਰ ਨੇ 93.8 ਫੀਸਦ,ਕਮਲਪ੍ਰੀਤ ਕੌਰ ਨੇ 93 ਫੀਸਦ,ਨਵਜੋਤ ਸਿੰਘ ਨੇ 89.6 ਫੀਸਦ, ਖੁਸ਼ਪ੍ਰੀਤ ਕੌਰ ਨੇ 88.2 ਫੀਸਦ,ਰਸ਼ਮੀ ਸ਼ਰਮਾ ਨੇ 82.2 ਫੀਸਦ,ਹੁਸਨਪ੍ਰੀਤ ਕੌਰ ਨੇ 82 ਫੀਸਦ,ਹਰਮਨ ਸ਼ਰਮਾ ਨੇ 80.6 ਫੀਸਦ, ਹਰਨੀਲ ਸਿੰਘ ਜਵੰਧਾ ਨੇ 80.4 ਫੀਸਦ,ਹਰਮਨਪ੍ਰੀਤ ਕੌਰ ਨੇ 80.2 ਫੀਸਦ,ਰਮਨਦੀਪ ਕੌਰ ਨੇ 80 ਫੀਸਦ ਅੰਕ ਪ੍ਰਾਪਤ ਕੀਤੇ।ਕਾਮਰਸ ਸਟਰੀਮ ਵਿੱਚ ਤਰਨਦੀਪ ਕੌਰ ਨੇ 90 ਫੀਸਦ,ਪਰਨੀਤ ਕੌਰ ਨੇ 89.8 ਫੀਸਦ,ਹਰਜੋਤ ਕੌਰ ਨੇ 89 ਫੀਸਦ,ਜੈਸਮੀਨ ਕੌਰ ਨੇ 88.4 ਫੀਸਦ,ਅਮਿੰ੍ਰਤਪਾਲ ਸਿੰਘ ਨੇ 87.8 ਫੀਸਦ, ਰਮਨਦੀਪ ਕੌਰ ਨੇ 87.6 ਫੀਸਦ,ਕਰਨ ਸਿੰਘ ਸਿੱਧੂ ਨੇ 87.2 ਫੀਸਦ,ਗੁਰਪ੍ਰੀਤ ਕੌਰ ਨੇ 85.8 ਫੀਸਦ, ਪਵਨੀਤ ਕੌਰ ਨੇ 85.2 ਫੀਸਦ,ਹਰਮਨਵੀਰ ਕੌਰ ਨੇ 84.8 ਫੀਸਦ,ਹਰਮਨਪ੍ਰੀਤ ਕੌਰ ਨੇ 84.6 ਫੀਸਦ, ਮਨਜੋਤ ਸਿੰਘ ਨੇ 84 ਫੀਸਦ,ਜਯੋਤੀ ਕੌਰ ਨੇ 82.8 ਫੀਸਦ,ਹੁਸਮਨਪ੍ਰੀਤ ਕੌਰ ਨੇ 82.6 ਫੀਸਦ,ਗੁਰਨੂਰ ਸਿੰਘ ਨੇ 82.4 ਫੀਸਦ,ਮਨਿੰਦਰਜੀਤ ਸਿੰਘ ਨੇ 81.8 ਫੀਸਦ,ਪਰਮਿੰਦਰ ਕੌਰ ਨੇ 81.2 ਫੀਸਦ,ਅਮਨਿੰਦਰ ਸਿੰਘ ਨੇ 81.2 ਫੀਸਦ,ਜੈਸਮੀਨ ਕੌਰ ਨੇ 81 ਫੀਸਦ,ਗਗਨਦੀਪ ਕੌਰ ਨੇ 81 ਫੀਸਦ,ਰਮਨਦੀਪ ਕੌਰ ਨੇ 81 ਫੀਸਦ,ਸਹਿਜਦੀਪ ਸਿੰਘ ਨੇ 80.8 ਫੀਸਦ,ਅਮਾਨਤ ਜੌਤ ਕੌਰ ਨੇ 80.6 ਫੀਸਦ ਅਤੇ ਜੈਸਮੀਨ ਕੌਰ ਨੇ 80 ਫੀਸਦ ਨੇ ਅੰਕ ਪ੍ਰਾਪਤ ਕਰਕੇ ਸਕੂਲ,ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।ਨਤੀਜਾ ਘੋਸ਼ਿਤ ਹੋਣ ’ਤੇ ਸਾਰੇ ਬੱਚਿਆਂ,ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।ਸਕੂਲ ਦੇ ਐਮ. ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੱੁਭ-ਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ,ਉਪ ਪ੍ਰਿੰਸੀਪਲ ਭੁਸ਼ਪਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।

Saturday, May 3, 2025

ਗੁਰਵਿੰਦਰ ਸਿੰਘ ਚਹਿਲ,ਮਾਨਸਾ: ਨਸ਼ਿਆਂ ਦਾ ਲੱਕ ਟੁੱਟਣ ਕਿਨਾਰੇ,ਹਰੇਕ ਪਿੰਡ ਨੂੰ ਨਸ਼ਿਆਂ ਖਿਲਾਫ ਇਕਜੁਟ ਹੋਣ ਦਾ ਸੱਦਾ : ਹਰਪਾਲ ਸਿੰਘ ਚੀਮਾ

ਨਸ਼ਿਆਂ ਦਾ ਲੱਕ ਟੁੱਟਣ ਕਿਨਾਰੇ,ਹਰੇਕ ਪਿੰਡ ਨੂੰ ਨਸ਼ਿਆਂ ਖਿਲਾਫ ਇਕਜੁਟ ਹੋਣ ਦਾ ਸੱਦਾ : ਹਰਪਾਲ ਸਿੰਘ ਚੀਮਾ

ਪੰਜਾਬ ਦੇ ਪਾਣੀ ਅਤੇ ਜਵਾਨੀ ਨੂੰ ਬਚਾਉਣ ਲਈ ਸੂਬਾ ਸਰਕਾਰ ਡਟ ਕੇ ਖੜ੍ਹੀ

ਮਾਨਸਾ ਵਿਚ ਸਾਰੇ 247 ਪਿੰਡਾਂ ਦੇ ਪਹਿਰੇਦਾਰ ਦਾ ਜਿ਼ਲ੍ਹਾ ਪੱਧਰੀ ਸਮਾਗਮ ਕਰਵਾਇਆ 


ਗੁਰਵਿੰਦਰ ਸਿੰਘ ਚਹਿਲ,ਮਾਨਸਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਅੱਜ ਜਿ਼ਲ੍ਹੇ ਦੇ ਸਾਰੇ 247 ਪਿੰਡਾਂ ਦੇ ਨਸਿ਼ਆਂ ਖਿਲਾਫ ਝੰਡਾ ਬੁਲੰਦ ਕਰਨ ਵਾਲੇ ਪਹਿਰੇਦਾਰਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਸ੍ਰ. ਹਰਪਾਲ ਚੀਮਾ ਨੇ ਬੋਲੇ ਸੋ ਨਿਹਾਲ ਦਾ ਜੈਕਾਰਾ ਬੁਲੰਦ ਕਰਕੇ ਨਸਿ਼ਆਂ ਖਿਲਾਫ ਸਹੁੰ ਚੁਕਾਈ। ਲੋਕਾਂ ਦੀ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਨਸ਼ੇ ਦੇ ਕਾਰੋਬਾਰ ਦੇ ਫੈਲਾਅ ਦਾ ਠੀਕਰਾ ਪਹਿਲਾਂ ਰਾਜ-ਭਾਗ ਕਰ ਚੁੱਕੀਆਂ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਸਿਰ ਭੰਨਿਆ ਜੋ ਧਰਮ ਅਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੀਆਂ ਰਹੀਆਂ ਹਨ।ਉਨ੍ਹਾਂ ਕਿਹਾ ਕਿ ਹੁਣ ਜਦੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਤੋਂ ਨਸ਼ੇ ਦਾ ਵਗ ਰਿਹਾ ਛੇਵਾਂ ਦਰਿਆ ਮੁਕੰਮਲ ਤੌਰ 'ਤੇ ਸੁੱਕਣ ਦੇ ਕੰਢੇ ਆ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਸਾਰਾ ਸਿਹਰਾ ਉਨ੍ਹਾਂ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਰ ਪਿੰਡ, ਹਰ ਘਰ ਅਤੇ ਮੁਹੱਲੇ 'ਚੋਂ ਹੋ ਕੇ ਸਰਕਾਰ ਦੀ ਇਸ ਮੁਹਿੰਮ ਦਾ ਮੋਢੇ ਨਾਲ ਮੋਢਾ ਜੋੜ ਕੇ ਇਸ ਯੁੱਧ ਵਿਚ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਜੁਝਾਰੂ ਲੋਕਾਂ ਦੀ ਧਰਤੀ ਹੈ ਅਤੇ ਸਾਡੇ ਲੋਕ ਨਸ਼ੇ ਖਿਲਾਫ ਸ਼ੁਰੂ ਕੀਤੀ ਇਸ ਜੰਗ ਵਿਚ ਵੀ ਡਟ ਕੇ ਸਾਥ ਦੇਣਗੇ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਚ ਨਸ਼ਾ ਤਸਕਰਾਂ ਨੂੰ ਨਾ ਤਾਂ ਲੀਡਰਾਂ ਦੀ ਸ਼ੈਅ ਹੈ ਅਤੇ ਨਾ ਹੀ ਪੁਲਿਸ ਦੀ। ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਘਰ ਦਾ ਵਾਸੀ ਚਹੁੰਦਾ ਸੀ ਕਿ ਪੰਜਾਬ ਨਸ਼ਾ ਮੁਕਤ ਹੋਵੇ, ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਣ ਲੈਂਦਿਆਂ ਨਸ਼ੇ ਖਿਲਾਫ਼ ਵੱਡੀ ਜੰਗ ਸ਼ੁਰੂ ਕਰਕੇ ਅਮਲੀ ਰੂਪ ਦਿੱਤਾ ਹੈ।ਮੁੱਖ ਮੰਤਰੀ ਸਾਹਿਬ ਪਿਛਲੇ ਤਿੰਨ ਸਾਲ ਤੋਂ ਪੰਜਾਬ ਦੀ ਭਲਾਈ ਲਈ ਸ਼ਲਾਘਾਯੋਗ ਫੈਸਲੇ ਲੈ ਰਹੇ ਹਨ ਚਾਹੇ ਉਹ ਨਸ਼ੇ ਦਾ ਖ਼ਾਤਮਾ ਹੋਵੇ ਚਾਹੇ ਨੌਕਰੀਆਂ ਦੀ ਗੱਲ ਹੋਵੇ, ਸੂਬਾ ਸਰਕਾਰ ਇਸ ਦੇ ਲਈ ਸਿਰਤੋੜ ਯਤਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਓ, ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰੋ ਅਤੇ ਨਸ਼ਾ ਛੁਡਾਉ ਕੇਂਦਰਾਂ 'ਚ ਲੈ ਕੇ ਆਓ।ਇਸ ਦੇ ਲਈ ਜਿ਼ਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਰੋ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਡਟ ਕੇ ਖੜ੍ਹੀ ਹੈ।ਸੂਬਾ ਸਰਕਾਰ ਵੱਲੋਂ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਲਈ 3500 ਕਰੋੜ ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਕੱਲੇ ਵਿਕਅਤੀ ਦੀ ਨਹੀਂ ਬਲਕਿ ਇਸ ਵਿਚ ਹਰ ਪਿੰਡ ਸ਼ਹਿਰ ਵਾਸੀ ਯੋਗਦਾਨ ਪਾਵੇ। ਪਿੰਡ ਦੇ ਪਿੰਡ ਇਕਜੁਟ ਹੋ ਕੇ ਇਸ ਮੁਹਿੰਮ ਵਿਚ ਡਟਣ। ਉਨ੍ਹਾਂ ਕਿਹਾ ਕਿ ਇਸੇ ਮਕਸਦ ਲਈ ਹਰ ਪਿੰਡ ਵਿਚ ਵਿਲੇਜ਼ ਡਿਫੈਂਸ ਕਮੇਟੀ ਬਣਾਈ ਗਈ ਹੈ ਅਤੇ ਪਿੰਡਾਂ ਵਿਚ ਨਸ਼ਾ ਮੁਕਤੀ ਯਾਤਰਾ ਕੀਤੀ ਜਾਣੀ ਹੈ ਤੇ ਸਭਾਵਾਂ ਕੀਤੀਆਂ ਜਾਣੀਆਂ ਹਨ, ਜਿਸ ਵਿਚ ਹਰ ਸਰਪੰਚ, ਪੰਚ, ਨੰਬਰਦਾਰ, ਆਸ਼ਾ ਅਤੇ ਹੋਰ ਮੋਹਤਬਰ ਵਿਅਕਤੀ ਪੂਰਾ ਸਹਿਯੋਗ ਕਰਨ।ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ਼ ਗੋਲਡੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਸਰਹੱਦੀ ਇਲਾਕਿਆਂ 'ਚ ਵੀ ਨਸ਼ੇ ਦੀ ਸਪਲਾਈ ਚੇਨ ਨੂੰ ਨੱਥ ਪਈ ਹੈ।ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ।ਵਿਧਾਇਕ ਬੁਢਲਾਡਾ ਬੁੱਧ ਰਾਮ ਨੇ ਕਿਹਾ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਮਤੇ ਪਾਏ ਹਨ ਕਿ ਉਹ ਨਸ਼ੇ ਦਾ ਵਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸਪੋਰਟ ਨਹੀਂ ਕਰਨਗੇ ਬਲਕਿ ਉਸ ਖਿਲਾਫ਼ ਲਾਮਬੰਦ ਹੋਣ ਲਈ ਪਾਬੰਦ ਰਹਿਣਗੇ।ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਕੋਈ ਵੀ ਨੌਜਵਾਨ ਜੋ ਨਸ਼ਾ ਛੱਡਣਾ ਚਾਹੁੰਦਾ ਉਸ ਦਾ ਇਲਾਜ਼ ਤਾਂ ਕਰਵਾਇਆ ਹੀ ਜਾਵੇਗਾ ਬਲਕਿ ਉਸ ਦੇ ਕਾਰੋਬਾਰ ਲਈ ਜਾਂ ਉਸ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਵੀ ਸਹਾਇਤਾ ਕੀਤੀ ਜਾਵੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਵਿਚ ਪੂਰੀ ਤਰ੍ਹਾਂ ਸਰਗਰਮ ਹੈ।ਨਸਿ਼ਆਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕਰਵਾਉਣ ਲਈ ਜਿ਼ਲ੍ਹੇ ਅੰਦਰ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਅਤੇ ਓਟ ਸੈਂਟਰ ਚਲਾਏ ਜਾ ਰਹੇ ਹਨ। ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 222 ਮੁਕੱਦਮੇ ਦਰਜ਼ ਕਰਕੇ 338 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਵਿਚ ਪੰਜਾਬ ਪੁਲਿਸ ਨਸਿ਼ਆਂ ਖਿਲਾਫ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਕਿਸੇ ਵੀ ਨਸ਼ਾ ਤਸਕਰ ਨੂੰ ਬਖਸਿ਼ਆ ਨਹੀਂ ਜਾਵੇਗਾ।ਇਸ ਮੌਕੇ ਕੋਆਰਡੀਨੇਟਰ ਮਾਲਵਾ (ਵੈਸਟ) ਚੁਸ਼ਪਿੰਦਰਬੀਰ ਚਹਿਲ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਕੋਆਪਰੇਟਿਵ ਸੁਸਾਇਟੀ ਸੋਹਣਾ ਸਿੰਘ ਕਲੀਪੁਰ,ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਬਲਵੰਤ ਭੀਖੀ ਤੋਂ ਇਲਾਵਾ ਸਮੂਹ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ।

Monday, April 28, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਤਪਦੀ ਗਰਮੀ ਕਾਰਨ ਬੱਚਿਆਂ ਦੀ ਛੁੱਟੀ ਦਾ ਸਮਾਂ ਘੱਟ ਕਰਨ ਦੀ ਮੰਗ

ਤਪਦੀ ਗਰਮੀ ਕਾਰਨ ਬੱਚਿਆਂ ਦੀ ਛੁੱਟੀ ਦਾ ਸਮਾਂ ਘੱਟ ਕਰਨ ਦੀ ਮੰਗ

ਤੇਜ਼ ਧੁੱਪ ਕਾਰਣ ਦੂਰ-ਦੂਰਾਡੇ ਬੱਚਿਆਂ ਨੂੰ ਜਾਣਾ ਹੋਇਆ ਔਖਾ : ਗੁਰਜੰਟ ਸਿੰਘ ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਕੜਾਕੇ ਦੀ ਗਰਮੀ ਪੈਣ ਕਾਰਨ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਸਮਾਂ ਘੱਟ ਕਰਨ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਦਾ ਸਮਾਂ 8 ਵਜੇ ਤੋਂ 12 ਵਜੇ ਤੱਕ ਕੀਤਾ ਜਾਵੇ। ਉਹਨਾਂ ਕਿਹਾ ਕਿ ਤੇਜ ਲੂਆਂ ਕਾਰਨ ਬੱਚੇ ਬਿਮਾਰ ਹੋ ਰਹੇ ਹਨ ਅਤੇ ਬੱਚਿਆਂ ਦੇ ਘਰ ਸਕੂਲਾਂ ਤੋਂ ਕਾਫੀ ਦੂਰ ਹਨ ਉਹਨਾਂ ਲਈ ਕੋਈ ਟਰਾਂਸਪੋਰਟ ਦਾ ਪ੍ਰਬੰਧ ਵੀ ਨਹੀਂ ਹੈ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਮੰਗ ਕੀਤੀ ਕਿ ਸਕੂਲਾਂ ਦਾ ਸਮਾਂ ਘੱਟ ਕੀਤਾ ਜਾਵੇ ਉਹਨਾਂ ਕਿਹਾ ਕਿ ਤੇਜ ਲੂਆਂ ਪੈਣ ਕਾਰਨ ਬੱਚੇ ਸਕੂਲ ਨਹੀਂ ਆ ਰਹੇ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਟਰਾਂਸਪੋਰਟ ਦੀ ਵੀ ਵੱਡੀ ਘਾਟ ਹੈ ਜਿਸ ਕਾਰਨ ਦੁਪਹਿਰੇ ਬੱਚਿਆਂ ਨੂੰ ਕੜਕਦੀ ਧੁੱਪ ਵਿੱਚ ਘਰੋ-ਘਰੀ ਜਾਣਾ ਵੀ ਔਖਾ ਹੁੰਦਾ ਹੈ। ਉਨਾਂ ਪੰਜਾਬ ਸਰਕਾਰ ਤੋਂ ਸਕੂਲਾਂ ਦਾ ਸਮਾਂ ਘੱਟ ਕਰਨ ਦੀ ਮੰਗ ਰੱਖੀ।

Friday, April 25, 2025

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਅਧਿਆਪਕ ਮਸਲਿਆਂ ਨੂੰ ਲੈ ਕੇ ਵਫਦ ਬਲਾਕ ਸਿੱਖਿਆ ਅਫਸਰ ਬੁਢਲਾਡਾ ਨੂੰ ਮਿਲਿਆ

ਅਧਿਆਪਕ ਮਸਲਿਆਂ ਨੂੰ ਲੈ ਕੇ ਵਫਦ ਬਲਾਕ ਸਿੱਖਿਆ ਅਫਸਰ ਬੁਢਲਾਡਾ ਨੂੰ ਮਿਲਿਆ

ਇੱਕ ਤਰੀਕ ਨੂੰ ਹੋਣਗੀਆਂ ਅਧਿਆਪਕਾਂ ਦੀਆਂ ਤਨਖਾਹਾਂ ਜਮਾ : ਸਤਪਾਲ ਸ਼ਰਮਾ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਅਧਿਆਪਕ ਮਸਲਿਆਂ ਨੂੰ ਲੈ ਕੇ ਪ੍ਰਾਇਮਰੀ ਅਧਿਆਪਕਾਂ ਦਾ ਇੱਕ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ,ਸੁਖਵਿੰਦਰ ਸਿੰਗਲਾ ਬਰੇਟਾ ਦੀ ਅਗਵਾਈ ਵਿੱਚ ਬਲਾਕ ਸਿੱਖਿਆ ਅਫ਼ਸਰ (ਬੁਢਲਾਡਾ,ਬਰੇਟਾ, ਮਾਨਸਾ,ਝੁਨੀਰ, ਸਰਦੂਲਗੜ) ਨੂੰ ਮਿਲਿਆ। ਪਿਛਲੇ ਮਹੀਨੇ ਅਧਿਆਪਕਾਂ ਦੀਆਂ ਲੇਟ ਹੋਈਆਂ ਤਨਖਾਹਾਂ ਨੂੰ ਲੈ ਕੇ ਅਗਲੇ ਮਹੀਨੇ ਇਕ ਤਰੀਕ ਨੂੰ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਗਈ।ਉਹਨਾਂ ਕਿਹਾ ਕਿ ਇਸ ਸਬੰਧੀ ਅਧਿਆਪਕਾਂ ਦੇ ਤਨਖਾਹਾਂ ਦੇ ਬਿਲ ਖਜ਼ਾਨਾ ਦਫਤਰ ਭੇਜੇ ਜਾ ਰਹੇ ਹਨ ਅਤੇ ਤਨਖਾਹਾਂ ਮਹੀਨੇ ਦੀ ਪਹਿਲੀ ਤਰੀਕ ਨੂੰ ਉਹਨਾਂ ਦੇ ਖਾਤਿਆਂ ਵਿੱਚ ਜਮਾ ਹੋ ਜਾਣਗੀਆਂ। ਮਿਡ-ਡੇ-ਮੀਲ ਦੀਆਂ ਰਸੋਈਆ ਲਈ ਪੇਂਟ ਦੀ ਗਰਾਂਟ ਜਾਰੀ ਕਰਨਾ,ਭਾਂਡੇ,ਅਨਾਜ ਸਬੰਧੀ ਢੋਲ ਆਦਿ ਦੀ ਮੰਗ ਕੀਤੀ ਜਿਸ ਸਬੰਧੀ ਏਜੰਡਾ ਬਣਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਨੂੰ ਭੇਜਿਆ।ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜੋ ਅਧਿਆਪਕ ਉਸ ਵਿਸ਼ੇ ਦੇ ਮਾਹਿਰ ਹਨ,ਨੂੰ ਹੀ ਸੈਂਟਰ,ਬਲਾਕ,ਜ਼ਿਲ੍ਹਾ ਪੱਧਰ 'ਤੇ ਡਿਊਟੀਆਂ ਲਈ ਬੁਲਾਇਆ ਜਾਵੇ। ਜਥੇਬੰਦੀ ਵੱਲੋਂ ਬੇਲੋੜੀ ਡਾਕ ਖਤਮ ਕਰਨਾ,ਸਿੰਗਲ ਟੀਚਰ ਸਕੂਲਾਂ ਵਿੱਚ ਅਧਿਆਪਕ ਭੇਜਣਾ,ਲੋੜਵੰਦ ਸਕੂਲਾਂ ਲਈ ਗਰਾਂਟ ਜਾਰੀ ਕਰਨਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।ਜਥੇਬੰਦੀ ਨੂੰ ਭਰੋਸਾ ਦਿਵਾਉਂਦਿਆ ਬਲਾਕ ਸਿੱਖਿਆ ਅਫਸਰ ਸਤਪਾਲ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ।ਇਸ ਸਮੇਂ ਜਸ਼ਨਦੀਪ ਕੁਲਾਣਾ, ਗੁਰਮੇਲ ਸਿੰਘ ਬਰੇ,ਗੁਰਚਰਨ ਸਿੰਘ ਫੱਤਾ ਮਾਲੋਕਾ, ਗੁਰਜੰਟ ਸਿੰਘ ਬੱਛੋਆਣ,ਸੁਖਵਿੰਦਰ ਸਿੰਗਲਾ ਬਰੇਟਾ,ਰਾਕੇਸ਼ ਗੋਇਲ ਬਰੇਟਾ,ਰਾਮ ਜਸ ਸਿੰਘ ਬਹਾਦਰਪੁਰ, ਰਾਜੇਸ਼ ਬਰੇਟਾ,ਕੁਲਵਿੰਦਰ ਸਿੰਘ ਬਛੋਆਣਾ, ਨਵਨੀਤ ਬੱਗਾ ਹਸਨਪੁਰ,ਰਾਮਪਾਲ ਸਿੰਘ ਗੁੜੱਦੀ,ਤਿਰਲੋਕ ਜੈਨ ਬੁਢਲਾਡਾ,ਮੱਖਣ ਸਿੰਘ ਗੁਰਨੇ ਖੁਰਦ,ਦਰਸ਼ਨ ਸਿੰਘ,ਵਨੀਤ ਕੁਮਾਰ, ਕ੍ਰਿਸ਼ਨ ਸਿੰਘ ਦਰੀਆਪੁਰ,ਪ੍ਰਵੀਨ ਕੁਮਾਰ ਬਲਿਆਲ, ਸੰਦੀਪ ਕੁਮਾਰ,ਜਗਤਾਰ ਸਿੰਘ ਚੱਕ ਭਾਈਕੇ, ਨੇਤਾ ਜੀ,ਸੁਨੀਲ ਕੁਮਾਰ, ਦਲਜੀਤ ਖਾਰਾ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।