Sunday, May 25, 2025

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਜਥੇਦਾਰ ਗੜਗੱਜ ਨੇ ‘ਖੁਆਰ ਹੋਏ ਸਭ ਮਿਲੈਂਗੇ ਲਹਿਰ’ ਤਹਿਤ ਮਾਲਵੇ ਦੇ ਕਈ ਪਿੰਡਾਂ ’ਚ ਕੀਤਾ ਸਿੱਖੀ ਪ੍ਰਚਾਰ

ਜਥੇਦਾਰ ਗੜਗੱਜ ਨੇ ‘ਖੁਆਰ ਹੋਏ ਸਭ ਮਿਲੈਂਗੇ ਲਹਿਰ’ ਤਹਿਤ ਮਾਲਵੇ ਦੇ ਕਈ ਪਿੰਡਾਂ ’ਚ ਕੀਤਾ ਸਿੱਖੀ ਪ੍ਰਚਾਰ

ਬਹਾਦਰਪੁਰ ਵਿਖੇ ਗੁਰਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਦਸਵੀਂ ਦੀ ਲੰਗਰ ਹਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਹੋਈ 'ਖੁਆਰ ਹੋਏ ਸਭ ਮਿਲੈਂਗੇ' ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਲਵੇ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਸ਼ਹੀਦ ਪਰਿਵਾਰਾਂ ਨੂੰ ਵੀ ਮਿਲੇ।ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਰੂਰ ਜ਼ਿਲ੍ਹੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਧਰਮ ਪ੍ਰਚਾਰ ਲਹਿਰ ਤਹਿਤ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ, ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਲ ਸਿੰਘ ਫ਼ਤਿਹਗੜ੍ਹ ਤੇ ਭੁਪਿੰਦਰ ਸਿੰਘ ਭਲਵਾਨ ਵੀ ਹਾਜ਼ਰ ਰਹੇ। ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਬਹਾਦਰਪੁਰ ਪਿੰਡ ਵਿਖੇ ਗੁਰਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਦਸਵੀਂ ਦੀ ਲੰਗਰ ਹਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਤੇ ਪ੍ਰਬੰਧਕਾਂ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ,ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਦੇਵ ਸਿੰਘ ਦਿਆਲਪੁਰਾ ਵੀ ਹਾਜ਼ਰ ਸਨ।ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਹੀ ਮਾਨਬੀਬੜੀਆਂ ਪਿੰਡ ਵਿਖੇ ਵੀ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਜਥੇਦਾਰ ਗੜਗੱਜ ਪੁੱਜੇ ਤੇ ਸੰਗਤ ਨੂੰ ਸਿੱਖੀ ਫ਼ਲਸਫ਼ੇ ਨਾਲ ਜੋੜਿਆ।ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਦਾਤੇਵਾਸ,ਦੋਦੜਾ,ਗਾਦੜ ਪੱਤੀ ਬੋਹਾ ਪਿੰਡਾਂ ਵਿੱਚ ਜਥੇਦਾਰ ਗੜਗੱਜ ਨੇ ਵੱਖ-ਵੱਖ ਸਿੱਖ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਧਰਮੀ ਫੌਜੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਦੌਰਾਨ ਵੱਖ-ਵੱਖ ਸਭਾ ਸੁਸਾਇਟੀਆਂ,ਗੁਰਦੁਆਰਾ ਪ੍ਰਬੰਧਕਾਂ,ਸਮਾਜਕ ਤੇ ਧਾਰਮਿਕ ਸੰਸਥਾਵਾਂ,ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਅਤੇ ਸ਼ਖ਼ਸੀਅਤਾਂ ਵੱਲੋਂ ਜਥੇਦਾਰ ਗੜਗੱਜ ਨੂੰ ਸਨਮਾਨਿਤ ਕੀਤਾ ਗਿਆ। ਮਾਨਬੀਬੜੀਆਂ ਪਿੰਡ ਦੇ ਲਗਭਗ ਦਸ ਸਿੰਘਾਂ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਪੂਰਨ ਕੀਤੀ ਹੈ, ਜਥੇਦਾਰ ਗੜਗੱਜ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਇਨ੍ਹਾਂ ਪਿੰਡਾਂ ਵਿੱਚ ਸਿੱਖੀ ਪ੍ਰਚਾਰ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ, ਦੇਹਧਾਰੀ ਪਖੰਡੀ ਡੇਰੇਦਾਰਾਂ ਤੇ ਨਸ਼ਿਆਂ ਤੋਂ ਦੂਰ ਰਹਿਣ,ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ,ਸੰਗਤ ਨੂੰ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਲਈ ਦਸਵੰਧ ਕੱਢ ਕੇ ਉਸਦੀ ਸਾਰਥਕ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਭਵਾਨੀਗੜ੍ਹ ਅਤੇ ਮਾਨਬੀਬੜੀਆਂ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਜਥੇਦਾਰ ਗੜਗੱਜ ਨੇ ਸੰਗਰੂਰ ਤੋਂ ਵਿਨਰਜੀਤ ਸਿੰਘ ਗੋਲਡੀ ਸਮੇਤ ਅਨੇਕਾਂ ਹੀ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ ਦਾ ਪ੍ਰਣ ਕਰਵਾਇਆ।

ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਸੁਖਚੈਨ ਸਿੰਘ ਅਤਲਾ,ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਜਗਮੀਤ ਸਿੰਘ ਭਵਾਨੀਗੜ੍ਹ, ਵਿਨਰਜੀਤ ਸਿੰਘ ਖਡਿਆਲ,ਰਜਿੰਦਰ ਸਿੰਘ ਸੰਗਰੂਰ, ਹਰਲਾਜ ਸਿੰਘ ਬਹਾਦਰਪੁਰ, ਭਾਈ ਕਰਮਜੀਤ ਸਿੰਘ ਸੇਵਾਦਾਰ ਕਲਗੀਧਰ ਟਰੱਸਟ ਬੜੂ ਸਾਹਿਬ,ਅੰਮ੍ਰਿਤਪਾਲ ਸਿੰਘ ਲੌਂਗੋਵਾਲ, ਬਲਦੇਵ ਸਿੰਘ ਸਾਹਨੇਵਾਲੀ,ਐਡਵੋਕੇਟ ਬਹਾਦਰ ਸਿੰਘ ਲਖਣਪਾਲ,ਅਮਰੀਕ ਸਿੰਘ ਅਤਲਾ,ਸੰਜੈ ਸਿੰਘ ਭਾਦੜਾ,ਬੀਬੀ ਸੁਖਜੀਤ ਕੌਰ, ਸੁਰਿੰਦਰ ਸਿੰਘ ਮੰਡੇਰ,ਕੁਲਦੀਪ ਸਿੰਘ ਮਾਨਬੀਬੜੀਆਂ,ਸਹਾਇਕ ਇੰਚਾਰਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਸਵੀਰ ਸਿੰਘ ਲੌਂਗੋਵਾਲ,ਮੀਡੀਆ ਸਲਾਹਕਾਰ ਜਸਕਰਨ ਸਿੰਘ ਆਦਿ ਹਾਜ਼ਰ ਸਨ।


Friday, May 23, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਨੇ ਅਹੁਦਾ ਸੰਭਾਲਿਆ

ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਨੇ ਅਹੁਦਾ ਸੰਭਾਲਿਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਵਿਖੇ ਕਾਫੀ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੀ ਅਸਾਮੀ ਖਾਲੀ ਪਈ ਸੀ ਜਿਸ 'ਤੇ ਹੁਣ ਬਠਿੰਡਾ ਦੇ ਸਰਕਾਰੀ ਸਕੂਲ ਚੁੱਘੇ ਕਲਾਂ ਵਿਖੇ ਬਤੌਰ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਮੰਜੂ ਬਾਲਾ ਨੇ ਪ੍ਰਮੋਸ਼ਨ ਉਪਰੰਤ ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਆਹੁਦਾ ਸੰਭਾਲਣ ਮੌਕੇ ਉਹਨਾਂ ਦਾ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮਦਨ ਲਾਲ ਕਟਾਰੀਆ ਤੇ ਦਫਤਰੀ ਸਟਾਫ ਨੇ ਸਵਾਗਤ ਕੀਤਾ।ਆਪਣਾ ਅਹੁਦਾ ਸੰਭਾਲਣ ਉਪਰੰਤ ਡੀਈਓ ਮੰਜੂ ਬਾਲਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਅਧਿਆਪਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਦਫ਼ਤਰੀ ਕਰਮਚਾਰੀਆਂ,ਅਧਿਆਪਕਾਂ ਦੇ ਸਹਿਯੋਗ ਨਾਲ ਹੀ ਉਹ ਦਫਤਰੀ ਕੰਮ ਨੂੰ ਸੁਚਾਰੂ ਢੰਗ ਨਾਲ ਚਲਾ ਸਕਣਗੇ।ਇਸ ਮੌਕੇ ਬੀਪੀਈਓ ਸੱਤਪਾਲ ਸਿੰਘ,ਅੰਮ੍ਰਿਤਵੀਰ ਸਿੰਘ,ਦਿਨੇਸ਼ ਰਿਸ਼ੀ,ਗਗਨਦੀਪ ਸ਼ਰਮਾ,ਅਕਬਰ ਸਿੰਘ,ਸ਼ੰਭੂ ਮਸਤਾਨਾ, ਰਾਜ ਕੁਮਾਰ,ਪਵਨ ਕੁਮਾਰ,ਹਰੀਸ਼ ਕੁਮਾਰ,ਬਲਜੀਤ ਕੌਰ, ਅਨੁਰਾਧਾ,ਮਨਪ੍ਰੀਤ ਕੌਰ, ਵਰਿੰਦਰ ਕੁਮਾਰ,ਹੈਡ ਮਾਸਟਰ ਹਰਪ੍ਰੀਤ ਸਿੰਘ,ਅਮਨਦੀਪ ਸਿੰਘ ਭਾਈ ਦੇਸਾ ਤੋਂ ਇਲਾਵਾ ਡੀਈਓ ਦਫਤਰ ਦਾ ਸਟਾਫ ਵੀ ਮੌਜੂਦ ਸੀ।

Thursday, May 22, 2025

ਖੁਸ਼ਪ੍ਰੀਤ ਸਿੰਘ ਚਹਿਲ,ਆਨਲਾਈਨ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਤੇ ਵਿਭਾਗ ਨੇ ਕਸਿਆ ਸਿਕੰਜਾ

ਆਨਲਾਈਨ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਤੇ ਵਿਭਾਗ ਨੇ ਕਸਿਆ ਸਿਕੰਜਾ

ਬਿਗਹਾਟ ਕੰਪਨੀ ਦੀ ਪੰਜਾਬ ਵਿੱਚ ਵਿਕਰੀ ਤੇ ਰੋਕ.-ਡਾ. ਬੈਨੀਪਾਲ

ਖੁਸ਼ਪ੍ਰੀਤ ਸਿੰਘ ਚਹਿਲ, ਸੰਗਰੂਰ : ਖੇਤੀ ਸੈਕਟਰ ਲਈ ਪੰਜਾਬ ਵਿੱਚ ਘਟੀਆ ਦਰਜੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਵਿਕਰੀ ਹੋਣ ਵਾਲੀਆਂ ਕੀਟਨਾਸ਼ਕ ਜਹਿਰਾਂ ਦੀ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ਤੇ ਕਾਰਵਾਈ ਅਮਲ ਵਿੱਚ ਕਰਦਿਆਂ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਦੁਕਾਨਾਂ ਆ ਤੇ ਚੈਕਿੰਗ ਕੀਤੀ ਜਾਂਦੀ ਹੈ। ਜਿਸ ਵਿੱਚ ਗੈਰ ਕਾਨੂੰਨੀ ਕੀਟਨਾਸ਼ਕ ਜਾਂ ਗੈਰ ਮਿਆਰੀ ਕੀਟਨਾਸ਼ਕਾਂ ਦੇ ਸੈਂਪਲ ਲੈ ਕੇ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ ਅਤੇ ਘਟੀਆ ਕੁਆਲਿਟੀ ਪਾਏ ਜਾਣ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ। ਪਰ ਹੁਣ ਵੱਖ ਵੱਖ ਖੇਤਰਾਂ ਵਿੱਚ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕਿਸਾਨਾਂ ਨੂੰ ਕਿਸੇ ਕੰਪਨੀ ਵੱਲੋਂ ਐਪਾਂ ਰਾਹੀਂ ਬਿਨਾਂ ਲਾਇਸੈਂਸ ਤੋਂ ਆਨਲਾਈਨ ਕੀਟਨਾਸ਼ਕ ਜਹਿਰਾਂ ਵੇਚੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਅੰਦਰ ਕਿਸੇ ਨੂੰ ਵੀ ਬਿਨਾਂ ਲਾਈਸੈਂਸ ਕੀਟਨਾਸ਼ਕ ਜਾਹਿਰਾਂ ਦੀ ਵਿਕਰੀ ਨਹੀਂ ਕਰਨ ਦਿੱਤੀ ਜਾਵੇਗੀ। ਆਨਲਾਈਨ ਬਿਗਹਾਟ ਕੰਪਨੀ ਕੋਲ ਪੰਜਾਬ ਵਿੱਚ ਪੈਸਟੀਸਾਈਡ ਵੇਚਣ ਦੀ ਕੋਈ ਮਨਜ਼ੂਰੀ ਨਹੀਂ ਹੈ। ਜਿਸ ਤੇ ਕਾਰਵਾਈ ਕਰਦਿਆਂ ਬਿਗਹਾਟ ਕੰਪਨੀ ਦੀ ਪੈਸਟੀਸਾਈਡ ਵਿਕਰੀ ਤੇ ਪੂਰਨ ਰੋਕ ਲਗਾ ਦਿੱਤੀ ਹੈ। ਉਹਨਾਂ ਆਨਲਾਈਨ ਜਾਂ ਆਫਲਾਈਨ ਪੈਸਟੀਸਾਈਡ ਵੇਚਣ ਵਾਲਿਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਕਿਸੇ ਕਿਸਮ ਦਾ ਕੋਈ ਪੈਸਟੀਸਾਈਡ ਵੇਚਣਾ ਹੈ ਤਾਂ ਖੇਤੀਬਾੜੀ ਵਿਭਾਗ ਵੱਲੋਂ ਲਾਈਸੈਂਸ ਲੈਣਾ ਜਰੂਰੀ ਹੈ। ਬਿਨਾਂ ਲਾਇਸੰਸ ਦੇ ਪੈਸਟੀਸਾਈਡ ਸਟੋਰ ਕਰਨਾ ਜਾਂ ਵੇਚਣਾ ਕਾਨੂੰਨੀ ਜੁਰਮ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਪਹਿਲਾਂ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮਿਆਰੀ ਖੇਤੀ ਵਸਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਵਿਦਿਆਰਥੀਆਂ ਦਾ ਸ਼ਾਨਦਾਰ ਭਵਿੱਖ ਸਿਰਜਣ ਲਈ ਪੁਲ ਦਾ ਕੰਮ ਕਰ ਰਹੀ ਹੈ ਸਰਕਾਰ : ਬੁੱਧ ਰਾਮ

ਵਿਦਿਆਰਥੀਆਂ ਦਾ ਸ਼ਾਨਦਾਰ ਭਵਿੱਖ ਸਿਰਜਣ ਲਈ ਪੁਲ ਦਾ ਕੰਮ ਕਰ ਰਹੀ ਹੈ ਸਰਕਾਰ : ਬੁੱਧ ਰਾਮ


60 ਲੱਖ 58 ਲੱਖ ਦੀ ਲਾਗਤ ਨਾਲ ਰਾਮਪੁਰ ਮੰਡੇਰ ਅਤੇ ਕੁਲਾਣਾ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਹਲਕੇ ਵਿਖੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰ,ਸਿੱਖਿਆ ਵਿਭਾਗ ਦੇ ਅਫਸਰ ਸਾਹਿਬਾਨ, ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਵਿਦਿਆਰਥੀ ਇਕੱਠੇ ਬੈਠੇ ਹਨ। ਇਸ ਮਿਲਣੀ ਦਾ ਮਕਸਦ ਨੀਹ ਪੱਥਰ ਰੱਖਣਾ ਨਹੀਂ ਸਗੋਂ ਇਕੱਠੇ ਬੈਠ ਕੇ ਵਿਦਿਆਰਥੀਆਂ ਦੇ ਭਵਿੱਖ ਦੀ ਯੋਜਨਾਬੰਦੀ ਬਣਾਉਣਾ ਹੈ।ਵਿਧਾਇਕ ਨੇ ਕਿਹਾ ਕਿ ਸਰਕਾਰ ਸਿੱਖਿਆ ਅਤੇ ਵਿਦਿਆਰਥੀਆਂ ਦੇ ਵਿਚਕਾਰ ਪੁੱਲ ਦਾ ਕੰਮ ਕਰ ਰਹੀ ਹੈ ਅਤੇ ਇਹ ਪੁਲ ਵਿਦਿਆਰਥੀਆਂ ਦਾ ਸ਼ਾਨਦਾਰ ਭਵਿੱਖ ਸਿਰਜਣ ਵਿੱਚ ਜਰੂਰ ਸਫਲ ਹੋਵੇਗਾ। ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਉਲੀਕ ਕੇ ਸਕੂਲਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੀ ਸਮਾਰਟ ਬਣਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਮਕਸਦ ਇੱਕ ਚੇਤਨਾ ਪੈਦਾ ਕਰਨਾ ਹੈ ਅਤੇ ਇਹ ਚੇਤਨਾ ਸਿੱਖਿਆ ਦੇ ਬਲਬੂਤੇ ਤੇ ਪੰਜਾਬ ਨੂੰ ਹੱਸਦਾ ਵਸਦਾ ਅਤੇ ਰੰਗਲਾ ਬਣਾਉਣ ਵੱਲ ਸ਼ਾਨਦਾਰ ਉਦਮ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਨਾਂ ਤੇ ਵੱਸਦਾ ਪੰਜਾਬ ਸਦਾ ਚੜਦੀ ਕਲਾ ਵਿੱਚ ਰੱਖਣ ਦੇ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ ਵਿਖੇ ਕਰੀਬ 16 ਲੱਖ 94 ਹਜ਼ਾਰ ਦੀ ਲਾਗਤ ਨਾਲ ਕਲਾਸ ਰੂਮ,ਚਾਰਦੀਵਾਰੀ ਅਤੇ ਹੋਰ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਵਿਖੇ 28 ਲੱਖ 24 ਹਜ਼ਾਰ ਸਾਇੰਸ ਲੈਬ, ਕਲਾਸ ਰੂਮ, ਚਾਰਦੀਵਾਰੀ, ਹੋਰ ਰਿਪੇਅਰ ਅਤੇ ਸਰਕਾਰੀ ਹਾਈ ਸਕੂਲ ਕੁਲਾਣਾ ਵਿਖੇ 15 ਲੱਖ 40 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ, ਖੇਡ ਮੈਦਾਨ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਰਿਪੇਅਰ ਦੇ ਮੁਕੰਮਲ ਹੋਏ ਕਾਰਜਾਂ ਦੇ ਉਦਘਾਟਨ ਕੀਤੇ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ, ਸਕੂਲ ਮੁਖੀ ਰੁਪਿੰਦਰ ਕੌਰ,ਪਰਮਿੰਦਰ ਸਿੰਘ,ਮਨਦੀਪ ਸਿਘ ਸਰਾਂ, ਪਰਵਿੰਦਰ ਸਿੰਘ,ਚੇਅਰਪਰਸਨ ਮਨਦੀਪ ਕੌਰ,ਹਰਜੀਤ ਕੌਰ,ਕਸ਼ਮੀਰਾ ਸਿੰਘ ਤੋਂ ਇਲਾਵਾ ਪਿੰਡਾਂ ਦੇ ਹੋਰ ਮੋਹਤਵਰ ਵਿਅਕਤੀ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Tuesday, May 20, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ :ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ

ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ

ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ ਆਈ ਸਹੀ

ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਪਿਛਲੇ ਦਿਨੀ ਜ਼ਿਲ੍ਹਾ ਸੰਗਰੂਰ ਦੇ ਕਈ ਸਕੂਲਾਂ ਦੇ ਪਾਣੀ ਦੇ ਨਮੂਨਿਆਂ ਵਿੱਚ ਸੰਬੰਧਿਤ ਮਹਿਕਮੇ ਦੁਆਰਾ ਦਿੱਕਤਾਂ ਪਾਈਆਂ ਗਈਆਂ ਸਨ ਜਿਸ ਵਿੱਚ ਇਸ ਖੇਤਰ ਦੀ ਨੰਬਰ ਇੱਕ ਵਿੱਦਿਅਕ ਸੰਸਥਾ ਪੈਰਾਂਮਾਊਂਟ ਪਬਲਿਕ ਸਕੂਲ, ਚੀਮਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸ ਸਬੰਧੀ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਜਦੋਂ ਇਸ ਸਕੂਲ ਵਿੱਚ ਪੜ੍ਹਨ ਵਾਲੇ ਵੱਖ-ਵੱਖ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਨਾਲ ਸੰਪਰਕ ਕਰਕੇ ਇਸ ਦਾ ਕਾਰਨ ਪੁੱਛਿਆ ਤਾਂ ਸਕੂਲ ਦੇ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਅਜਿਹੀ ਗੱਲ ਨਹੀਂ ਹੈ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਹਰੇਕ ਵਰ੍ਹੇ ਉਹਨਾਂ ਦੇ ਸਕੂਲ ਦੇ ਪਾਣੀ ਦੇ ਸੈਂਪਲ ਸਰਕਾਰ ਦੇ ਨਿਯਮਾਂ ਅਨੁਸਾਰ ਚੈੱਕ ਕੀਤੇ ਜਾਂਦੇ ਹਨ ਜੋ ਕਿ ਠੀਕ ਆ ਰਹੇ ਹਨ। ਐਮ.ਡੀ. ਜਸਵੀਰ ਸਿੰਘ ਨੇ ਦੱਸਿਆ ਕਿ ਲਏ ਗਏ ਪਾਣੀ ਦੇ ਸੈਂਪਲ ਦੀ ਰਿਪੋਰਟ ਤਕਰੀਬਨ 10 ਦਿਨਾਂ ਬਾਅਦ ਦਿੱਤੀ ਗਈ ਹੈ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਪਾਣੀ ਵਿੱਚ ਕੋਈ ਘਾਟ ਪਾਈ ਗਈ ਹੈ ਜਦਕਿ ਪਾਣੀ ਦੇ ਸੈਂਪਲ ਵਿੱਚ ਕਿਸੇ ਤਰ੍ਹਾਂ ਦੇ ਹੋਰ ਮਿਸ਼ਰਣ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਲੇਟ ਰਿਪੋਰਟ ਕਾਰਨ ਵੀ ਗੜਬੜੀ ਦਾ ਕਾਰਨ ਬਣ ਸਕਦੀ ਹੈ। ਉਹਨਾਂ ਦੱਸਿਆ ਕਿ ਤਕਰੀਬਨ 500 ਲੀਟਰ ਪਾਣੀ ਹਰ ਘੰਟੇ ਵਿੱਚ ਫਿਲਟਰ ਹੁੰਦਾ ਹੈ ਜਿਸ ਨੂੰ ਬੱਚਿਆਂ ਦੇ ਨਾਲ ਨਾਲ ਇਸ ਸਕੂਲ ਦੀ ਮੈਨੇਜਮੈਂਟ,ਇਥੋਂ ਦਾ ਸਟਾਫ ਅਤੇ ਇਥੇ ਕੰਮ ਕਰਨ ਵਾਲੇ ਹੋਰ ਕਰਮਚਾਰੀ ਵੀ ਪੀਂਦੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਸਕੂਲ ਦੇ ਬੱਚਿਆਂ ਅਤੇ ਹਰ ਕਰਮਚਾਰੀ ਦੀ ਸਿਹਤ ਦਾ ਹਰ ਪੱਖੋਂ ਖਿਆਲ ਰੱਖ ਰਹੇ ਹਨ ਜਿਸ ਕਰਕੇ ਇਹ ਗੁੰਜਾਇਸ਼ ਹੀ ਨਹੀਂ ਹੈ । ਜੇਕਰ ਕਿਸੇ ਤਰ੍ਹਾਂ ਦੀ ਕੋਈ ਘਾਟ ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਂਦਾ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਪੱਤਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਉਪਰੰਤ ਜਦੋਂ ਮਾਪਿਆਂ ਨੇ ਉਹਨਾਂ ਨਾਲ਼ ਸੰਪਰਕ ਕੀਤਾ ਤਾਂ ਉਹਨਾਂ ਨੇ ਮਾਪਿਆਂ ਦੇ ਮੰਗ 'ਤੇ ਸਕੂਲ ਦੇ ਪਾਣੀ ਦਾ ਦੁਬਾਰਾ ਤੋਂ ਸੈਂਪਲ ਦਿੱਤਾ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਪਾਈ ਗਈ ਸਗੋਂ ਪਾਣੀ ਦੀ ਰਿਪੋਰਟ ਸਹੀ ਪਾਈ ਗਈ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੇ ਵਿਸ਼ੇਸ਼ ਹੁਕਮਾਂ ਤਹਿਤ ਜ਼ਿਲ੍ਹਾ ਸਿੱਖਿਆ ਦਫ਼ਤਰ ਸੰਗਰੂਰ ਦੀ ਟੀਮ ਵੱਲੋਂ ਵੀ ਆਰ ਓਜ ਦੀਆਂ ਫੋਟੋਆਂ ਤੇ ਵੀਡੀਓਜ ਬਣਾ ਕੇ ਲਿਜਾਈਆਂ ਗਈਆਂ ਹਨ, ਜਿਸ ਸਬੰਧੀ ਸਕੂਲ ਵੱਲੋਂ ਵੀ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ। ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹਰੇਕ ਵਿਭਾਗ ਦੇ ਕਰਮਚਾਰੀਆ ਨੂੰ ਅਜਿਹੇ ਭਰਮ ਪਾਊ ਪੱਤਰਾਂ ਨੂੰ ਸ਼ੋਸ਼ਲ ਮੀਡੀਆ 'ਤੇ ਜਨਤਕ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਅਜਿਹਾ ਕਰਨ ਨਾਲ਼ ਕੁੱਝ ਲੋਕਾਂ ਦੀ ਨੈਗੇਟੀਵਿਟੀ ਵਿੱਚ ਵਾਧਾ ਹੁੰਦਾ ਹੈ ਤੇ ਹਫੜਾ-ਦਫੜੀ ਪੈ ਜਾਂਦੀ ਹੈ।ਜਸਵੀਰ ਸਿੰਘ ਨੇ ਕਿਹਾ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪੇ ਇਹਨਾ ਅਫਵਾਹਾਂ ਤੋਂ ਬਚਣ ਤੇ ਭਵਿੱਖ ਵਿੱਚ ਵੀ ਕੋਈ ਅਫ਼ਵਾਹ ਫੈਲਾਈ ਜਾਂਦੀ ਹੈ ਤਾਂ ਇਸ ਸਬੰਧੀ ਸਕੂਲ ਨਾਲ ਸੰਪਰਕ ਜਰੂਰ ਕੀਤਾ ਜਾਵੇ। ਉਹਨਾਂ ਕਿਹਾ ਕਿ ਕੁੱਝ ਸ਼ਰਾਰਤੀ ਕਿਸਮ ਦੇ ਲੋਕ ਅਜਿਹੇ ਪੱਤਰਾਂ ਨੂੰ ਅਧਾਰ ਬਣਾ ਕੇ ਸੰਸਥਾ ਨੂੰ ਬਦਨਾਮ ਕਰਨ ਲਈ ਤਤਪਰ ਹਨ। ਉਹਨਾਂ ਮਾਪਿਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਭੁਲੇਖਾ ਤੇ ਭਰਮਪਾਉਂ ਪੋਸਟਾਂ 'ਤੇ ਅਮਲ ਨਾ ਕੀਤਾ ਜਾਵੇ ਜਦਕਿ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਸਮਾਜ ਵਿੱਚ ਸਥਿਰਤਾ ਤੇ ਮੇਲ ਮਿਲਾਪ ਬਣਿਆ ਰਹਿ ਸਕੇ।

Saturday, May 17, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਭਰ ਵਿੱਚ ਸੈਂਕੜੇ ਅਧਿਆਪਕ ਬਣਗੇ ਹੈਡ ਟੀਚਰ ਤੇ ਸੈਂਟਰ ਹੈਡ ਟੀਚਰ-ਅਮਨਦੀਪ ਸ਼ਰਮਾ

ਪੰਜਾਬ ਭਰ ਵਿੱਚ ਸੈਂਕੜੇ ਅਧਿਆਪਕ ਬਣਗੇ ਹੈਡ ਟੀਚਰ  ਤੇ ਸੈਂਟਰ ਹੈਡ ਟੀਚਰ-ਅਮਨਦੀਪ ਸ਼ਰਮਾ

ਤਰੱਕੀਆਂ ਹੋਣ ਨਾਲ ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਮਿਲੇਗਾ ਬਦਲੀ ਦਾ ਮੌਕਾ : ਗੁਰਜੰਟ ਸਿੰਘ ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪ੍ਰਾਇਮਰੀ ਕਾਡਰ ਵਿੱਚ ਈ ਟੀ ਟੀ ਤੋਂ ਹੈਡ ਟੀਚਰ ,ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਉਡੀਕਦੇ ਸੈਂਕੜੇ ਅਧਿਆਪਕਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਹੈ ਟੀਚਰ, ਸੈਂਟਰ ਹੈਡ ਟੀਚਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਅਗਲੇ ਹਫਤੇ ਵੱਖ ਵੱਖ ਜਿਲ੍ਹਿਆਂ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਹੋਣ ਦੀਆਂ ਸੰਭਾਵਨਾਵਾਂ ਹਨ। ਉਹਨਾਂ ਕਿਹਾ ਕਿ ਵੱਡੇ ਜਿਲਿਆਂ ਅੰਮ੍ਰਿਤਸਰ ,ਗੁਰਦਾਸਪੁਰ , ਹੁਸ਼ਿਆਰਪੁਰ ਵਿੱਚ ਵੱਡੀ ਗਿਣਤੀ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਹੁਣ ਲੰਮੇ ਸਮੇਂ ਤੋਂ ਤਰੱਕੀਆਂ ਦੀ ਆਸ ਲਗਾਈ ਬੈਠੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਵੇਗਾ।ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਤੇ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਹੋਣ ਨਾਲ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਮਿਲੇਗਾ ਅਤੇ ਉਹ ਆਪਣੇ ਘਰਾਂ ਕੋਲ ਵਾਪਸ ਆ ਸਕਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਸੋਮਵਾਰ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਯੋਗ ਅਧਿਆਪਕਾਂ ਦੀਆਂ ਤਰੱਕੀਆਂ ਕਰਵਾਈਆਂ ਜਾਣਗੀਆਂ।

Thursday, May 15, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰਜੀਤ ਕੌਰ ਧਨੌਲਾ ਦੇ ਅਚਾਨਕ ਜਹਾਨ ਤੋਂ ਤੁਰ ਜਾਣ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਗੁਰਜੀਤ ਕੌਰ ਧਨੌਲਾ ਦੇ ਅਚਾਨਕ ਜਹਾਨ ਤੋਂ ਤੁਰ ਜਾਣ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਯੂਨੀਅਨ ਆਗੂਆਂ ਨੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਸੂਬਾ ਸਰਕਾਰ ਨੂੰ ਕੀਤੀ ਅਪੀਲ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਥੋੜ੍ਹਾ ਸਮਾਂ ਪਹਿਲਾਂ ਸਰਕਾਰੀ ਅਧਿਆਪਿਕਾ ਵਜੋਂ ਨਿਯੁਕਤ ਹੋਈ ਗੁਰਜੀਤ ਕੌਰ ਧਨੌਲਾ ਦੇ ਅਚਾਨਕ ਇਸ ਜਹਾਨ ਤੋਂ ਚਲੇ ਜਾਣ ਕਾਰਨ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ ਓਥੇ ਹੀ ਸਮੂਹ ਈਟੀਟੀ ਕੇਡਰ ਦੇ ਲਈ ਵੀ ਬਹੁਤ ਹੀ ਦੁੱਖ ਦੀ ਖ਼ਬਰ ਹੈ।ਗੁਰਜੀਤ ਕੌਰ ਕਾਫੀ ਸਮੇ ਤੋਂ ਵਲੰਟੀਅਰ ਦੇ ਤੌਰ 'ਤੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਸਨ।ਉਹਨਾਂ ਨੂੰ 19 ਮਾਰਚ 2025 ਨੂੰ ਰੈਗੂਲਰ ਸਰਕਾਰੀ ਟੀਚਰ ਦੇ ਤੌਰ 'ਤੇ ਨੌਕਰੀ ਮਿਲੀ ਸੀ ਤੇ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲ ਵਿੱਚ ਡਿਊਟੀ ਨਿਭਾਅ ਰਹੇ ਸਨ। ਉਸ ਦੀ ਸਰਕਾਰੀ ਪੱਕੀ ਨੌਕਰੀ ਲੱਗਣ ਕਾਰਨ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਸਨ ਤੇ ਸਭ ਕੁਝ ਖੁਸ਼ੀ ਖ਼ੁਸ਼ੀ ਚਲ ਰਿਹਾ ਸੀ ਪਰ ਅਚਾਨਕ ਉਹਨਾ ਦੀ ਤਬੀਅਤ ਵਿੱਚ ਖਰਾਬੀ ਆਉਣ ਕਰਕੇ ਉਹ ਪਰਿਵਾਰ ਨੂੰ ਛੱਡ ਕੇ ਇਸ ਫ਼ਾਨੀ ਜਹਾਨ ਤੋਂ ਹਮੇਸ਼ਾਂ ਲਈ ਚਲੇ ਗਏ ਅਤੇ ਪਿੱਛੇ ਨਿੱਕੇ ਨਿੱਕੇ ਦੋ ਬੱਚੇ ਛੱਡ ਗਏ ਹਨ ਅਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਈਟੀਟੀ ਕੇਡਰ ਸਮੇਤ ਈਟੀਟੀ ਯੂਨੀਅਨ ਪੰਜਾਬ ਪਰਿਵਾਰ ਦੇ ਨਾਲ ਖੜ੍ਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦੇ ਹਨ ਕਿ ਇਸ ਪਰਿਵਾਰ ਨੂੰ ਭਾਵੇਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਰੂਰ ਪਿਆ ਹੈ ਪਰ ਸਰਕਾਰ ਉਹਨਾਂ ਦੀ ਮਦਦ ਕਰਕੇ ਪਰਿਵਾਰ ਦਾ ਦੁੱਖ ਵੰਡਾਵੇ ਅਤੇ ਪਰਿਵਾਰ ਦੇ ਕਿਸੇ ਇੱਕ ਯੋਗ ਮੈਂਬਰ ਨੂੰ ਰੈਗੂਲਰ ਸਰਕਾਰੀ ਨੌਕਰੀ ਦੇ ਕੇ ਉਹਨਾਂ ਦੇ ਦੁੱਖ ਨੂੰ ਜਰੂਰ ਵੰਡੇ ਤਾਂ ਜੋ ਪਿੱਛੋਂ ਪਰਿਵਾਰ ਦੇ ਪਾਲਣ ਪੋਸ਼ਣ ਅਤੇ ਨਿੱਕੇ ਬੱਚਿਆਂ ਦੀ ਪੜ੍ਹਾਈ ਲਈ ਮਦਦ ਹੋ ਸਕੇ।ਇਸ ਮੌਕੇ ਈਟੀਟੀ ਯੂਨੀਅਨ ਪੰਜਾਬ ਵੱਲੋਂ ਹਰਜੀਤ ਸਿੰਘ,ਮਨਪ੍ਰੀਤ ਸਿੰਘ,ਗੁਰਸੰਗਤ ਬੁਢਲਾਡਾ,ਹੀਰਾ ਲਾਧੂਕਾ,ਕਿਰਨ ਨਾਭਾ,ਗੁਰਸੇਵਕ ਸੰਗਰੂਰ, ਗੁਰਜੀਵਨ ਮਾਨਸਾ,ਵਰਿੰਦਰ ਸਰਹੰਦ,ਅਮ੍ਰਿਤ ਧੂਰੀ,ਨਵੀ ਜੋਸ਼ਨ, ਜਸਵਿੰਦਰ ਮਾਛੀਵਾੜਾ ਆਦਿ ਨੇ ਪੂਰੇ ਈਟੀਟੀ ਕੇਡਰ ਵੱਲੋ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਹਰ ਮਦਦ ਲਈ ਜਿੱਥੇ ਬੇਨਤੀ ਕੀਤੀ ਹੈ ਉਥੇ ਹੀ ਪਰਿਵਾਰ ਨੂੰ ਵੀ ਯਕੀਨ ਦਵਾਇਆ ਹੈ ਕਿ ਪੂਰਾ ਈਟੀਟੀ ਕੇਡਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹਾ ਹੈ।