Friday, June 27, 2025

ਖੁਸ਼ਪ੍ਰੀਤ ਸਿੰਘ ਚਹਿਲ,ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਕੋਰ ਕਮੇਟੀ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਕੋਰ ਕਮੇਟੀ ਦਾ ਐਲਾਨ

ਬਲਵਿੰਦਰ ਸਿੰਘ ਭੁੂੰਦੜ ਪਾਰਟੀ ਦੇ ਸਕੱਤਰ ਜਨਰਲ,ਡਾ. ਦਲਜੀਤ ਸਿੰਘ ਚੀਮਾ ਸਕੱਤਰ ਅਤੇ ਐਨ.ਕੇ.ਸ਼ਰਮਾ ਖਜਾਨਚੀ ਬਣਾਏ

ਖੁਸ਼ਪ੍ਰੀਤ ਸਿੰਘ ਚਹਿਲ, ਚੰਡੀਗੜ੍ਹ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਸ਼ੁਰੂਆਤ ਕਰਦਿਆਂ ਪਾਰਟੀ ਅਹੁਦੇਦਾਰਾਂ ਦੀ ਪਹਿਲੀ ਸੂਚੀ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ। ਅੱਜ ਐਲਾਨੇ ਗਏ ਅਹੁਦੇਦਾਰਾਂ ਵਿੱਚ ਬਲਵਿੰਦਰ ਸਿੰਘ ਭੂੁੰਦੜ ਪਾਰਟੀ ਦੇ ਸਕੱਤਰ ਜਨਰਲ, ਡਾ. ਦਲਜੀਤ ਸਿੰਘ ਚੀਮਾ ਸਕੱਤਰ ਅਤੇ ਐਨ.ਕੇ. ਸ਼ਰਮਾ ਖਜਾਨਚੀ ਬਣਾਏ ਗਏ। ਇਸ ਦੇ ਨਾਲ ਹੀ ਸਰਬਜੀਤ ਸਿੰਘ ਝਿੰਜਰ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਅਤੇ ਰਣਬੀਰ ਸਿੰਘ ਰਾਣਾ ਢਿੱਲੋਂ ਨੂੰ ਐਸ.ਓ.ਆਈ ਦਾ ਪ੍ਰਧਾਨ ਬਣਾਇਆ ਗਿਆ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਐਲਾਨੀ ਗਈ ਕੋਰ ਕਮੇਟੀ ਜਿਸ ਵਿੱਚ ਪਾਰਟੀ ਦੇ 31 ਸੀਨੀਅਰ ਆਗੂੁਆਂ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਵਿੱਚ ਸ. ਬਲਵਿੰਦਰ ਸਿੰਘ ਭੂੰਦੜ,ਹਰਜਿੰਦਰ ਸਿੰਘ ਧਾਮੀ, ਨਰੇਸ਼ ਗੁਜਰਾਲ,ਪਰਮਜੀਤ ਸਿੰਘ ਸਰਨਾ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਾਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ,ਜਨਮੇਜਾ ਸਿੰਘ ਸੇਖੋਂ,ਸਿਕੰਦਰ ਸਿੰਘ ਮਲੂਕਾ,ਬੀਬਾ ਹਰਸਿਮਰਤ ਕੌਰ ਬਾਦਲ, ਮਨਜੀਤ ਸਿੰਘ ਜੀ.ਕੇ.,ਸ਼ਰਨਜੀਤ ਸਿੰਘ ਢਿੱਲੋਂ,ਬਿਕਰਮ ਸਿੰਘ ਮਜੀਠੀਆ,ਸੁੱਚਾ ਸਿੰਘ ਲੰਗਾਹ,ਗੁਰਬਚਨ ਸਿੰਘ ਬੱਬੇਹਾਲੀ,ਲਖਬੀਰ ਸਿੰਘ ਲੋਧੀਨੰਗਲ,ਐਨ.ਕੇ.ਸ਼ਰਮਾ,ਮਨਤਾਰ ਸਿੰਘ ਬਰਾੜ, ਬਲਦੇਵ ਸਿੰਘ ਖਹਿਰਾ,ਐਸ. ਆਰ. ਕਲੇਰ,ਜੋਗਿੰਦਰ ਸਿੰਘ ਜਿੰਦੂ,ਤੀਰਥ ਸਿੰਘ ਮਾਹਲਾ,ਰਣਜੀਤ ਸਿੰਘ ਢਿੱਲੋਂ, ਵਰਦੇਵ ਸਿੰਘ ਮਾਨ,ਗੁੁਰਪ੍ਰੀਤ ਸਿੰਘ ਰਾਜੂਖੰਨਾ,ਕਮਲ ਚੇਤਲੀ, ਹਰਪ੍ਰੀਤ ਸਿੰਘ ਕੋਟਭਾਈ, ਸੁਖਦੀਪ ਸਿੰਘ ਸੁਕਾਰ ਅਤੇ ਦਰਬਾਰਾ ਸਿੰਘ ਗੁਰੂ ਦੇ ਨਾਮ ਸ਼ਾਮਲ ਹਨ। ਉਪਰੋਕਤ ਤੋਂ ਇਲਾਵਾ ਹੇਠ ਲਿਖੇ 5 ਸੀਨੀਅਰ ਨੇਤਾਵਾਂ ਨੂੰ ਕੋਰ ਕਮੇਟੀ ਦਾ ਐਕਸ ਆਫੀਸ਼ੀਓ ਮੈਂਬਰ ਬਣਾਇਆ ਗਿਆ ਹੈ ਜਿਹਨਾਂ ਵਿੱਚ ਮੀਡੀਆ ਹੈਡ ਹਰਚਰਨ ਸਿੰਘ ਬੇੈਂਸ,ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ,ਐਸ.ਓ.ਆਈ ਦੇ ਪ੍ਰਧਾਨ ਰਣਬੀਰ ਸਿੰਘ ਰਾਣਾ ਢਿੱਲੋਂ ਅਤੇ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਸ਼ਾਮਲ ਕੀਤਾ ਗਿਆ ਹੈ। 

ਖੁਸ਼ਪ੍ਰੀਤ ਸਿੰਘ ਚਹਿਲ, ਤਰਨ ਤਾਰਨ : ਹਲਕਾ ਤਰਨ ਤਾਰਨ ਦੇ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਹੋਇਆ ਦੇਹਾਂਤ

ਹਲਕਾ ਤਰਨ ਤਾਰਨ ਦੇ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਹੋਇਆ ਦੇਹਾਂਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੀ ਹੋਰ ਲੀਡਰਸ਼ਿਪ ਨੇ ਕੀਤਾ ਦੁੱਖ ਦਾ ਪ੍ਰਗਟਾਵਾ 

ਖੁਸ਼ਪ੍ਰੀਤ ਸਿੰਘ ਚਹਿਲ,ਤਰਨ ਤਾਰਨ : ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ।ਉਹ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਸਨ। ਜਿੱਥੇ ਉਨ੍ਹਾਂ ਆਖਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸਰਗਰਮ ਹੋਣ ਤੋਂ ਹੀ ਜੁੜੇ ਹੋਏ ਡਾ. ਕਸ਼ਮੀਰ ਸਿੰਘ ਸੋਹਲ ਨੂੰ ਪਾਰਟੀ ਨੇ 2022 ਦੀਆਂ ਚੋਣਾਂ 'ਚ ਆਪਣਾ ਉਮੀਦਵਾਰ ਬਣਾਇਆ ਸੀ। ਪਹਿਲੀ ਵਾਰ ਚੋਣ ਲੜ ਚੁੱਕੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਉਣ 'ਚ ਸਫਲ ਰਹੇ। ਲੰਮਾ ਸਮਾਂ ਬਿਮਾਰੀ ਨਾਲ ਜੂਝਣ ਉਪਰੰਤ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਦੇ ਸਮਰਥਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੀ ਹੋਰ ਲੀਡਰਸ਼ਿਪ ਨੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Thursday, June 26, 2025

ਬੁਢਲਾਡਾ,ਖੁਸ਼ਪ੍ਰੀਤ ਸਿੰਘ ਚਹਿਲ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ


ਪੰਜਾਬ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕਰ ਰਹੀ ਹੈ  : ਪ੍ਰਿੰਸੀਪਲ ਬੁਧ ਰਾਮ 

ਬੁਢਲਾਡਾ,ਖੁਸ਼ਪ੍ਰੀਤ ਸਿੰਘ ਚਹਿਲ : ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ। ਇਸ ਮੌਕੇ ਕਰਵਾਏ ਪ੍ਰੋਗਰਾਮ ਵਿੱਚ ਸੰਸਥਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸਭ ਨੂੰ ਜੀ ਆਇਆਂ ਕਿਹਾ । ਇਸ ਦਿਵਸ ਮੌਕੇ ਬੋਲਦਿਆਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕਰ ਰਹੀ ਹੈ ਅਤੇ ਨਸ਼ਿਆਂ ਤੇ ਕਾਬੂ ਪਾਉਣ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ । ਉਹਨਾਂ ਸੂਬਾ ਸਰਕਾਰ ਵੱਲੋਂ ਇਹ ਮੁਹਿੰਮ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ । ਉਹਨਾਂ ਡਾਇਟ ਫੈਕਲਟੀ ਅਤੇ ਸਿਖਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ । ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਨਸ਼ਿਆਂ ਤੋਂ ਬਚਣ ਦੀ ਪ੍ਰੇਰਨਾ ਦਿੰਦੇ ਹੋਏ ਇੱਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦਾ ਸੱਦਾ ਦਿੱਤਾ । ਇਸ ਸਮੇਂ ਸਿਖਿਆਰਥੀਆਂ ਦੁਆਰਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਲਘੂ ਨਾਟਕ ਪੇਸ਼ ਕੀਤੇ । ਕੁੱਝ ਸਿਖਿਆਰਥੀਆਂ ਦੁਆਰਾ ਜਨ ਚੇਤਨਾ ਸਬੰਧੀ ਕਵਿਤਾਵਾਂ ਵੀ ਪੇਸ਼ ਕੀਤੀਆਂ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਸਰੋਜ ਸਿੰਗਲਾ ਅਤੇ ਡਾ. ਗੁਰਪ੍ਰੀਤ ਕੌਰ ਨੇ ਨਿਭਾਈ । ਇਸ ਸਮੇਂ ਡਾ. ਅੰਗਰੇਜ ਸਿੰਘ ਵਿਰਕ , ਲੈਕਚਰਾਰ ਕਰਨੈਲ ਸਿੰਘ ਵੈਰਾਗੀ , ਲੈਕਚਰਾਰ ਬਲਵਿੰਦਰ ਸਿੰਘ ਬਾਘਾ , ਲੈਕਚਰਾਰ ਪਰਸ਼ੋਤਮ ਸਿੰਘ ,ਬਲਦੇਵ ਪ੍ਰਕਾਸ਼ ਸਿੰਗਲਾ , ਸਤਨਾਮ ਸਿੰਘ , ਧਰਮਪਾਲ ਸ਼ਰਮਾ , ਜਸਪਾਲ ਕੌਰ , ਹਰਵਿੰਦਰ ਕੌਰ ਅਤੇ ਹਰਦੀਪ ਸਿੰਘ ਖਾਲਸਾ ਹਾਜ਼ਰ ਸਨ।

ਖੁਸ਼ਪ੍ਰੀਤ ਸਿੰਘ ਚਹਿਲ,ਬੁਢਲਾਡਾ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸਕੱਤਰ ਸਕੂਲੀ ਸਿੱਖਿਆ ਨਾਲ ਹੋਈ ਪੈਨਲ ਮੀਟਿੰਗ

ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸਕੱਤਰ ਸਕੂਲੀ ਸਿੱਖਿਆ ਨਾਲ ਹੋਈ ਪੈਨਲ ਮੀਟਿੰਗ

ਪ੍ਰਾਇਮਰੀ ਕਾਡਰ ਨੂੰ ਜ਼ਿਲ੍ਹਾ ਕਾਡਰ ਰੱਖਣ ਦੀ ਕੀਤੀ ਪੈਰਵੀ-ਅਮਨਦੀਪ ਸ਼ਰਮਾ

ਖੁਸ਼ਪ੍ਰੀਤ ਸਿੰਘ ਚਹਿਲ,ਬੁਢਲਾਡਾ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਅਨਿੰਦਿੱਤਾ ਮਿੱਤਰਾ ਸਕੱਤਰ ਸਕੂਲ ਸਿੱਖਿਆ ਪੰਜਾਬ ਨਾਲ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਵੱਲੋਂ ਪ੍ਰਾਇਮਰੀ ਕਾਡਰ ਨੂੰ ਜ਼ਿਲ੍ਹਾ ਕਾਡਰ ਰੱਖਣ ਦੀ ਗੱਲ ਨੂੰ ਰੱਖਦਿਆਂ ਮੰਗ ਕੀਤੀ ਕਿ ਪ੍ਰਾਇਮਰੀ ਕਾਡਰ ਨੂੰ ਜ਼ਿਲ੍ਹਾ ਕਾਡਰ ਹੀ ਰੱਖਿਆ ਜਾਵੇ। ਜਿਸ ਤੇ ਸਕੱਤਰ ਦਾ ਹਾਂ ਪੱਖੀ ਹੁੰਗਾਰਾ ਰਿਹਾ।ਜਥੇਬੰਦੀ ਦੇ ਸੂਬਾ ਸਕੱਤਰ ਰਾਕੇਸ਼ ਗੋਇਲ ਬਰੇਟਾ ਵੱਲੋਂ ਸੈਂਟਰ ਹੈਡ ਟੀਚਰਾਂ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ ਤੇ ਬਣਾ ਕੇ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕਰਨ ਦੀ ਮੰਗ ਨੂੰ ਰੱਖਿਆ ਗਿਆ। ਸਕੱਤਰ ਸਕੂਲ ਸਿੱਖਿਆ ਵੱਲੋਂ ਪੂਰੀ ਤਰ੍ਹਾਂ ਹਾਮੀ ਭਰੀ ਗਈ। ਜਥੇਬੰਦੀ ਵੱਲੋਂ ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕਰਨ ਦੀ ਗੱਲ ਰੱਖੀ ਗਈ ਅਤੇ ਦੱਸਿਆ ਗਿਆ ਕਿ ਹੈਡ ਟੀਚਰ ਜਿੱਥੇ ਸਕੂਲ ਦਾ ਮੁਖੀ ਹੈ ਉੱਥੇ ਉਹ ਕਲਾਸ ਦਾ ਇੰਚਾਰਜ ਵੀ ਹੈ। ਉਹਨਾਂ ਮੰਗ ਰੱਖੀ ਕਿ ਹੈਡ ਟੀਚਰ ਨੂੰ ਕਲਾਸ ਤੋਂ ਛੋਟ ਦਿੱਤੀ ਜਾਵੇ। ਜਿਸ ਤੇ ਸਹਿਮਤੀ ਬਣਾਉਂਦਿਆਂ ਕਿਹਾ ਕਿ ਹੈਡ ਟੀਚਰ ਨੂੰ ਰਾਹਤ ਦੇਣ ਦੀ ਸਹਿਮਤੀ ਹੋਈ।ਇਸ ਦੇ ਨਾਲ ਹੀ ਹੈਡ-ਟੀਚਰ, ਸੈਂਟਰ-ਹੈਡ ਟੀਚਰ ਅਤੇ ਬੀਪੀਈਓ ਨੂੰ ਪੰਜਵੇਂ ਪੇ ਕਮਿਸ਼ਨ ਅਨੁਸਾਰ ਬਣਦਾ ਪੇ ਸਕੇਲ ਦੇਣ ਸਬੰਧੀ ਪ੍ਰਪੋਜਲ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜਣ ਦੀ ਸਹਿਮਤੀ ਦਿੱਤੀ ਗਈ। ਜਥੇਬੰਦੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸ਼ਨਦੀਪ ਕੂਲਾਣਾ ਨੇ ਪ੍ਰਮੋਸ਼ਨਾਂ ਦੀ ਮੰਗ ਨੂੰ ਉਠਾਇਆ। ਉਹਨਾਂ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਸਾਰੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਵੱਡੇ ਪੱਧਰ ਤੇ ਤਰੱਕੀਆਂ ਹੋਣਗੀਆਂ। ਉਹਨਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਵਿੱਚ ਸਟੇਸ਼ਨ ਦੂਰ ਦੁਰਾਡੇ ਮਿਲੇ ਸਨ, ਭਾਵੇਂ ਉਹ ਮਾਸਟਰ ਕਾਡਰ ਹੋਵੇ ਜਾਂ ਲੈਕਚਰਾਰ ਕਾਡਰ, ਉਹਨਾਂ ਲਈ ਵੀ ਵਿਸ਼ੇਸ਼ ਤੌਰ 'ਤੇ ਬਦਲੀਆਂ ਦਾ ਪੋਰਟਲ ਖੋਲਿਆ ਜਾਵੇ ਇਸ ਮੰਗ ਤੇ ਵੀ ਸਹਿਮਤੀ ਪ੍ਰਕਟ ਕੀਤੀ ਗਈ।ਇਸ ਮੌਕੇ ਜਥੇਬੰਦੀ ਦੇ ਆਗੂ ਗੁਲਜਾਰ ਸਿੰਘ ਫੁੱਲੂਵਾਲਾ ਡੋਗਰਾ ਨੇ 6635 ਦੀਆਂ ਬਦਲੀਆਂ ਦਾ ਮੁੱਦਾ ਪੁਰਜ਼ੋਰ ਤਰੀਕੇ ਨਾਲ ਉਠਾਇਆ। ਜਿਸ ਤੇ ਮੈਡਮ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹਨਾਂ ਨੂੰ ਬਦਲੀ ਲਈ ਵਿਚਾਰਿਆ ਜਾਵੇਗਾ। ਇਸ ਮੌਕੇ ਜਥੇਬੰਦੀ ਪੰਜਾਬ ਦੇ ਭੁਪੇਸ਼ ਕੁਮਾਰ, ਦੀਪਕ ਮਿੱਤਲ,ਰਾਜ ਖਾਨ, ਰਵਿੰਦਰ ਕੁਮਾਰ ਬਿੱਟੂ,ਅਵਤਾਰ ਸਿੰਘ,ਗੁਰਜੰਟ ਬੱਛੋਆਣਾ ਆਦਿ ਹਾਜ਼ਰ ਸਨ।

ਬੁਢਲਾਡਾ,ਖੁਸ਼ਪ੍ਰੀਤ ਸਿੰਘ ਚਹਿਲ :ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਪੰਜਾਬ ਸਰਕਾਰ : ਬੁਧ ਰਾਮ

ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਪੰਜਾਬ ਸਰਕਾਰ : ਬੁਧ ਰਾਮ


ਵਿਧਾਇਕ ਬੁਢਲਾਡਾ ਨੇ 57 ਲਾਭਪਾਤਰੀਆਂ ਨੂੰ 62 ਲੱਖ 42 ਹਜ਼ਾਰ ਰੁਪਏ ਦੇ ਕਰਜਾ ਮੁਆਫੀ ਦੇ ਪ੍ਰਮਾਣ ਪੱਤਰ ਵੰਡੇ

ਬੁਢਲਾਡਾ,ਖੁਸ਼ਪ੍ਰੀਤ ਸਿੰਘ ਚਹਿਲ : ਪੰਜਾਬ ਸਰਕਾਰ ਸੂਬੇ ਦੇ ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਤਹਿਤ ਸਰਕਾਰ ਵੱਲੋਂ ਪਿਛਲੇ ਦਿਨੀਂ ਇੱਕ ਇਤਿਹਾਸਿਕ ਫੈਸਲੇ ਰਾਹੀਂ ਪੰਜਾਬ ਅਨੁਸੂਚਿਤ ਜਾਤੀਆਂ ਭੌਂਅ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਪਿਛਲੇ ਲੰਬੇ ਸਮੇਂ ਤੋਂ ਕਰਜਦਾਰ ਚਲੇ ਆ ਰਹੇ 4727 ਲਾਭਪਾਤਰੀਆਂ ਦਾ 67 ਕਰੋੜ 84 ਲੱਖ ਰੁਪਏ ਦਾ ਕਰਜਾ ਮੁਆਫ ਕੀਤਾ ਗਿਆ ਹੈ।ਇਹ ਵਿਚਾਰ ਹਲਕਾ ਵਿਧਾਇਕ ਪ੍ਰਿੰਸੀਪਲ ਬੁਧ ਰਾਮ ਵੱਲੋਂ ਇਸ ਹਲਕੇ ਨਾਲ ਸਬੰਧਿਤ ਲਾਭਪਾਤਰੀਆਂ ਨੂੰ ਕਰਜਾ ਮੁਆਫੀ ਦੇ ਪ੍ਰਮਾਣ ਪੱਤਰ ਵੰਡਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਇਸ ਕਾਰਪੋਰੇਸ਼ਨ ਪਾਸੋਂ 31 ਮਾਰਚ 2020 ਤੱਕ ਕਰਜ਼ਾ ਲੈਣ ਵਾਲੇ ਪੰਜਾਬ ਦੇ ਸਾਰੇ ਕਰਜ਼ਦਾਰਾਂ ਦੇ ਬਕਾਏ ਕਰਜੇ ਮੁਆਫ਼ ਕੀਤੇ ਗਏ ਹਨ। ਵਿਧਾਇਕ ਬੁੱਧ ਰਾਮ ਨੇ ਦੱਸਿਆ ਜਿਲ੍ਹਾ ਮਾਨਸਾ ਦੇ ਕੁੱਲ 202 ਲਾਭਪਾਤਰੀਆਂ ਨੂੰ 1.59 ਕਰੋੜ ਦਾ ਕਰਜਾ ਮੁਆਫ ਕੀਤਾ ਜਿਸ 'ਚੋਂ ਹਲਕਾ ਬੁਢਲਾਡਾ ਨਾਲ ਸਬੰਧਿਤ 57 ਲਾਭਪਾਤਰੀਆਂ ਦੇ 62 ਲੱਖ 42 ਹਜ਼ਾਰ ਰੁਪਏ ਦੇ ਕਰਜਾ ਮੁਆਫੀ ਦੇ ਪ੍ਰਮਾਣ ਪੱਤਰ ਵੰਡੇ।ਇਸ ਮੌਕੇ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ, ਸਹਿਕਾਰਤਾ ਬੈਂਕ ਮਾਨਸਾ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ,ਸਰਪੰਚ ਜਸਪਾਲ ਸਿੰਘ ਹੀਰੋਂ ਖ਼ੁਰਦ,ਜਗਤਾਰ ਸਿੰਘ,ਹਰਮੇਸ਼ ਨੰਬਰਦਾਰ,ਦਰਸ਼ਨ ਸਿੰਘ,ਵੱਖ ਵਖ ਪਿੰਡਾਂ ਦੇ ਸਰਪੰਚ ਤੇ ਪਤਵੰਤੇ ਮੌਜੂਦ ਸਨ।

ਖੁਸ਼ਪ੍ਰੀਤ ਸਿੰਘ ਚਹਿਲ, ਮਾਨਸਾ : ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਨਸ਼ਿਆਂ ਖਿਲਾਫ਼ ਸਹੁੰ ਚੁੱਕੀ

ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਨਸ਼ਿਆਂ ਖਿਲਾਫ਼ ਸਹੁੰ ਚੁੱਕੀ

ਖੁਸ਼ਪ੍ਰੀਤ ਸਿੰਘ ਚਹਿਲ, ਮਾਨਸਾ : ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਮਾਨਸਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਭੁਪਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੌਜੂ ਬਾਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਪਰਮਜੀਤ ਸਿੰਘ ਭੋਗਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮਦਨ ਲਾਲ ਕਟਾਰੀਆ ਦੀ ਅਗਵਾਈ ਵਿਚ ਸਮੂਹ ਸਟਾਫ ਵੱਲੋਂ ਨਸ਼ਿਆਂ ਖਿਲਾਫ਼ ਸਹੁੰ ਚੁੱਕੀ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਾ ਲਾਜ਼ਮੀ ਹੈ ਤਾਂ ਜੋ ਨਸ਼ਿਆਂ ਦੀ ਅਲ੍ਹਾਮਤ ਨੂੰ ਸਮਾਜ ਵਿਚੋਂ ਖ਼ਤਮ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਮੰਤਵ ਨੂੰ ਲੈ ਕੇ ਅੱਜ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਨਸ਼ਿਆਂ ਖਿਲਾਫ਼ ਸਹੁੰ ਚੁੱਕੀ।ਇਸ ਮੌਕੇ ਜ਼ਿਲ੍ਹਾ ਨੋਡਲ ਨਿਰਮਲ ਸਿੰਘ,ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਅਤੇ ਦਫਤਰ ਸੈਕੰਡਰੀ ਅਤੇ ਪ੍ਰਾਇਮਰੀ ਦਾ ਸਮੂਹ ਸਟਾਫ਼ ਮੌਜੂਦ ਸੀ।

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਪੰਜਾਬ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ 54 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ-ਵਿਧਾਇਕ ਬੁੱਧ ਰਾਮ

ਪੰਜਾਬ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ 54 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ-ਵਿਧਾਇਕ ਬੁੱਧ ਰਾਮ

ਪੰਜਾਬ ਸਰਕਾਰ ਨੇ ਸਿੱਖਿਆ,ਰੋਜ਼ਗਾਰ ਤੇ ਸਿਹਤ ਦੇ ਖੇਤਰ ਵਿਚ ਇਨਕਲਾਬੀ ਬਦਲਾਅ ਕੀਤੇ-ਬੁੱਧ ਰਾਮ


ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦ੍ਰਿੜ ਇਰਾਦੇ ਨਾਲ ਯਤਨਸ਼ੀਲ

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ,ਰੋਜ਼ਗਾਰ ਤੇ ਸਿਹਤ ਦੇ ਖੇਤਰ ਵਿਚ ਤਰਜੀਹੀ ਆਧਾਰ ’ਤੇ ਇਨਕਲਾਬੀ ਬਦਲਾਅ ਕੀਤੇ ਗਏ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਕੀਤਾ।ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਨਿਰੋਲ ਮੈਰਿਟ ਦੇ ਆਧਾਰ ’ਤੇ 54 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਸੂਬੇ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਯੋਗਤਾ ਦਾ ਮੁੱਲ ਪਾਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਇਕ ਨਹੀਂ ਬਲਕਿ ਤਿੰਨ-ਤਿੰਨ ਸਰਕਾਰੀ ਨੌਕਰੀਆਂ ਲਈ ਚੋਣ ਹੋਈ ਹੈ।ਸੂਬਾ ਸਰਕਾਰ ਨੇ ਸਰਕਾਰੀ ਨੌਕਰੀਆਂ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸੁਖਾਲਾ ਬਣਾਇਆ ਹੈ ਤਾਂ ਜੋ ਨਿਰਪੱਖਤਾ ਦੇ ਆਧਾਰ ’ਤੇ ਹਰ ਯੋਗ ਨੌਜਵਾਨ ਨੂੰ ਨੌਕਰੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਦੇ ਮਨ ਵਿਚ ਜੋ ਨੌਕਰੀ ਨਾਮ ਦਾ ਵੱਡਾ ਹਊਆ ਸੀ ਉਹ ਨਿੱਕਲ ਚੁੱਕਾ ਹੈ,ਹੁਣ ਹਰ ਨੌਜਵਾਨ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਜੇਕਰ ਉਹ ਪੜ੍ਹ ਲਿਖ ਕੇ ਮਿਹਨਤ ਕਰੇਗਾ ਤਾਂ ਸਰਕਾਰੀ ਨੌਕਰੀ ਲੈਣਾ ਕੋਈ ਮੁਸ਼ਕਿਲ ਕਾਰਜ ਨਹੀਂ ਹੈ।ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਹਰ ਮਹੀਨੇ 300 ਯੂਨਿਟ ਬਿਜਲੀ ਮਾਫੀ ਦੀ ਸਹੂਲਤ ਦਿੱਤੀ ਗਈ ਹੈ।ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤ ਦੇਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ, ਜਿਸ ਵਿੱਚ ਮਰੀਜ਼ ਆਪਣਾ ਮੁਫ਼ਤ ਇਲਾਜ਼ ਕਰਵਾ ਰਹੇ ਹਨ।ਵਿਧਾਇਕ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਸੂਬੇ ਅੰਦਰ ਵਿਕਾਸ ਕਾਰਜ ਕਰਵਾਉਣ ਦੇ ਨਾਲ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਗਈ ਹੈ, ਜਿਸ ਦੀ ਲੋਕਾਂ ਵਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਗਿਆ ਹੈ,  ਉੱਥੇ ਹੀ ਨਸ਼ਾ ਪੀੜਤਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਫ਼ਤ ਇਲਾਜ਼ ਕਰਵਾਇਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰ ਦੇ ਇਸ ਮਿਸ਼ਨ ਵਿਚ ਆਪਣਾ ਯੋਗਦਾਨ ਪਾਉਣ।ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਿੱਖਿਆ ਪ੍ਰਣਾਲੀ ਲਿਆਉਣ ਲਈ ਵੱਡੇ ਪੱਧਰ ’ਤੇ ਵਿਕਾਸ ਕਾਰਜ ਕੀਤੇ ਗਏ ਹਨ ਜਿਸ ਤਹਿਤ ਸਰਕਾਰੀ ਸਕੂਲਾਂ ਅੰਦਰ ਲਾਇਬ੍ਰੇਰੀਆਂ, ਸਾਇੰਸ ਲੈਬਜ਼, ਖੇਡ ਮੈਦਾਨ,ਬੁਨਿਆਦੀ ਢਾਂਚਾ ਅਤੇ ਸਮਾਰਟ ਕਲਾਸ ਰੂਮ ਬਣਾਏ ਗਏ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਅਪਣਾਈ ਹੋਈ ਹੈ ਅਤੇ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾ ਰਿਹਾ। ਸਰਕਾਰ ਵੱਲੋਂ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਨੂੰ ਸੁਖਾਲਾ ਕਰਨ ਲਈ ਨਿਰੰਤਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਦ੍ਰਿੜ ਇਰਾਦੇ ਨਾਲ ਯਤਨਸ਼ੀਲ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਹਰ ਮੁਹਿੰਮ ਵਿਚ ਆਪਣਾ ਵਧ ਚੜ੍ਹ ਕੇ ਸਹਿਯੋਗ ਦੇਣ ਤਾਂ ਜੋ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ’ਤੇ ਲਿਜਾਇਆ ਜਾ ਸਕੇ।