ਬਾਦਲ ਪਰਿਵਾਰ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ : ਗੁਰਮੀਤ ਸਿੰਘ ਖੁੱਡੀਆਂ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਹੀਰੋਂ ਖੁਰਦ,ਕਣਕਵਾਲ ਚਹਿਲਾਂ,ਖੀਵਾ ਮੀਹਾ ਸਿੰਘ ਵਾਲਾ,ਗੁੜਦੀ,ਦੋਦੜਾ,ਭਾਦੜਾ, ਆਲਮਪੁਰ ਬੋਦਲਾ,ਬੀਰੋਕੇ ਕਲਾਂ,ਬੋੜਾਵਾਲ ਅਤੇ ਬੀਰੋਕੇ ਖ਼ੁਰਦ ਵਿਖੇ ਲੋਕ ਮਿਲਣੀ ਸਮਾਗ਼ਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਕੰਮ ਪਿਛਲੇ ਦੋ ਸਾਲਾਂ 'ਚ ਕਰ ਦਿੱਤੇ ਹਨ,ਉਹ ਪਿਛਲੀਆਂ ਸਰਕਾਰਾਂ ਆਪਣੇ ਪੂਰੇ ਕਾਰਜਕਾਲ ਦੌਰਾਨ ਵੀ ਨਹੀਂ ਕਰ ਸਕੀਆਂ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਬਠਿੰਡਾ ਸੀਟ 'ਤੇ ਹਰਸਿਮਰਤ ਕੌਰ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ ਪਰ ਅਜੇ ਤੱਕ ਬਠਿੰਡਾ ਤੋਂ ਉਮੀਦਵਾਰ ਖੜਾ ਕਰਨ ਲਈ ਅਕਾਲੀ ਦਲ ਨੇ ਚੁੱਪੀ ਵੱਟੀ ਹੋਈ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਹੈ,ਜਿਸ ਕਰਕੇ ਅਕਾਲੀ ਸਰਕਾਰ ਦੌਰਾਨ ਜਿਆਦਾਤਰ ਮੰਤਰੀ ਇਹਨਾਂ ਦੇ ਰਿਸ਼ਤੇਦਾਰ ਹੀ ਹੁੰਦੇ ਸਨ ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਪਰਕਾਸ਼ ਸਿੰਘ ਬਾਦਲ ਸਮੇਤ ਪੂਰੇ ਟੱਬਰ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ।ਉਹਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਫੰਡ ਰੋਕੇ ਹੋਏ ਹਨ,ਜਿਸ ਕਰਕੇ ਆਪਣੇ ਹੱਕ ਲੈਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਕੱਲੇ ਹੀ ਲੜਾਈ ਲੜ ਰਹੇ ਹਨ।ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵਿੱਚ ਵੱਡਾ ਮਾਣ ਦਿੱਤਾ ਹੈ, ਉਹਨਾਂ ਨੂੰ ਉਮੀਦ ਹੈ ਕਿ ਉਸੇ ਤਰਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਜਿਤਾ ਕੇ ਵੀ ਦਿੱਲੀ ਭੇਜਣਗੇ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ,ਆਪ ਦੇ ਸੀਨੀਅਰ ਆਗੂ ਸੋਹਣਾ ਸਿੰਘ ਕਲੀਪੁਰ, ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ,ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਰਮਨ ਗੁੜਦੀ,ਜ਼ਿਲ੍ਹਾ ਸਕੱਤਰ ਜਸਪਾਲ ਸਿੰਘ,ਸਤਨਾਮ ਸਿੰਘ ਨਿੱਕਾ,ਵਕੀਲ ਸਿੰਘ,ਹਰਵਿੰਦਰ ਸਿੰਘ ਖ਼ਾਲਸਾ,ਨੈਬੀ ਸਿੰਘ,ਲੱਖਾ ਸਿੰਘ,ਗੁਰਮੀਤ ਸਿੰਘ,ਨਿਰਮਲ ਸਿੰਘ ਖੀਵਾ,ਕਾਲਾ ਸਿੰਘ ਖੀਵਾ,ਦਿਲਾਵਰ ਸਿੰਘ ਆਦਿ ਹਾਜ਼ਰ ਸਨ।




