Saturday, April 6, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਵਿਵਾਦਤ ਪੋਸਟ ਨੂੰ ਲੈ ਕੇ ਗੀਤਕਾਰ ਮੱਟ ਸ਼ੇਰੋਂ ਵਾਲਾ ਨੇ ਖਾਲਸਾ ਪੰਥ ਤੋਂ ਮੰਗੀ ਮੁਆਫੀ



ਵਿਵਾਦਤ ਪੋਸਟ ਨੂੰ ਲੈ ਕੇ ਗੀਤਕਾਰ ਮੱਟ ਸ਼ੇਰੋਂ ਵਾਲਾ ਨੇ ਖਾਲਸਾ ਪੰਥ ਤੋਂ ਮੰਗੀ ਮੁਆਫੀ



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :
ਪਿਛਲੇ ਦਿਨੀ ਗੀਤਕਾਰ ਰਣਜੀਤ ਮੱਟ ਸ਼ੇਰੋਂ ਵਾਲਾ ਵੱਲੋਂ ਸੋਸ਼ਲ ਮੀਡੀਆ 'ਤੇ ਚਮਤਕਾਰ ਨਾਂ ਦੀ ਪੋਸਟ ਪਾਈ ਗਈ ਸੀ,ਜਿਸ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਉਸ ਦੀ ਕਾਫੀ ਵਿਰੋਧਤਾ ਹੋਈ। ਇਸ ਦੇ ਚਲਦਿਆਂ ਹੀ ਬੇਸ਼ੱਕ ਮੱਟ ਸ਼ੇਰੋਂ ਵਾਲਾ ਨੇ ਸੋਸ਼ਲ ਮੀਡੀਆ 'ਤੇ ਉਕਤ ਪੋਸਟ ਨੂੰ ਲੈ ਕੇ ਮੁਆਫੀ ਮੰਗ ਲਈ ਸੀ ਪਰ ਸਿੱਖ ਹਲਕਿਆਂ ਵਿੱਚ ਮੱਟ ਦਾ ਲਗਾਤਾਰ ਵਿਰੋਧ ਵਧ ਰਿਹਾ ਸੀ ਕਿ ਉਹ ਸਿੱਖ ਧਰਮ 'ਤੇ ਉਗਲੀ ਕਿਉਂ ਉਠਾ ਰਿਹਾ ਹੈ।ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਕਣਕਵਾਲ ਭੰਗੂਆਂ ਵਿਖ਼ੇ ਪਰਿਵਾਰ ਸਮੇਤ ਪੁੱਜ ਕੇ ਮੱਟ ਸ਼ੇਰੋਂ ਵਾਲ਼ਾ ਨੇ ਨੱਕ ਰਗੜ ਕੇ ਤੇ ਕੰਨੀ ਹੱਥ ਲਗਾ ਕੇ ਸਮੁੱਚੇ ਸਿੱਖ ਪੰਥ ਤੋਂ ਮੰਗ ਮੁਆਫੀ ਮੰਗ ਲਈ ਹੈ।ਮੱਟ ਨੇ ਕਿਹਾ ਕਿ ਉਸ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਜਿਸ ਕਰਕੇ ਉਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਅਸਥਾਨ 'ਤੇ ਨਤਮਸਤਕ ਹੋ ਕੇ ਆਪਣੀ ਭੁੱਲ ਸਬੰਧੀ ਪਸ਼ਚਾਤਾਪ ਕਰਨ ਆਏ ਹਨ।ਇਸ ਮੌਕੇ ਬਾਬਾ ਅਮਰਜੀਤ ਸਿੰਘ ਜਥਾ ਦਮਦਮੀ ਟਕਸਾਲ ਨੇ ਦੱਸਿਆ ਕਿ ਮੱਟ ਸ਼ੇਰੋਂ ਵਾਲਾ ਵੱਲੋਂ ਪਿਛਲੇ ਦਿਨੀ ਚਮਤਕਾਰ ਨਾਂ ਦੀ ਪੋਸਟ ਸੋਸ਼ਲ ਮੀਡੀਆ ਤੇ ਪਾਈ ਸੀ ਜਿਸ ਤੋਂ ਬਾਅਦ ਸਿੱਖ ਪੰਥ ਵਿੱਚ ਕਾਫੀ ਰੋਸ ਪੈਦਾ ਹੋ ਗਿਆ ਜਿਸ ਨੂੰ ਲੈ ਕੇ ਉਹਨਾਂ ਦਾ ਜਥਾ ਮੱਟ ਸ਼ੇਰੋਂ ਵਾਲਾ ਦੇ ਘਰ ਵੀ ਗਿਆ ਸੀ ਜਿੱਥੇ ਕਿ ਉਹ ਨਹੀਂ ਮਿਲੇ।ਜਿਸ ਤੋਂ ਬਾਅਦ ਹੋਰ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤਿਆਂ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਪਹਿਲ ਕੀਤੀ ਗਈ। ਅੱਜ ਮੱਟ ਸ਼ੇਰੋਂ ਵਾਲਾ ਸਮੇਤ ਪਰਿਵਾਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਕਣਕਵਾਲ ਭੰਗੂਆਂ ਗੁਰਮਤਿ ਵਿਦਿਆਲਿਆ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਆਪਣੇ ਵੱਲੋਂ ਪਾਈ ਗਈ ਪੋਸਟ ਨੂੰ ਲੈ ਕੇ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗ ਲਈ ਹੈ ਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਗਲ਼ਤੀ ਨਾ ਕਰਨ ਦਾ ਵਾਅਦਾ ਕੀਤਾ ਹੈ।ਉਹਨਾਂ ਕਿਹਾ ਕਿ ਇਸ ਵਿਵਾਦ ਨੂੰ ਇਥੇ ਹੀ ਖਤਮ ਕੀਤਾ ਜਾਵੇ ਕਿਓਂਕਿ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਭੁੱਲ ਬਖਸ਼ਾ ਚੁੱਕਾ ਹੈ।ਉਹਨਾਂ ਕਿਹਾ ਕਿ ਕੋਈ ਵੀ ਵੀਰ-ਭਾਈ ਮੱਟ ਸ਼ੇਰੋਂ ਵਾਲਾ ਦੀ ਕਿਸੇ ਵੀ ਪੋਸਟ ਨੂੰ ਗਲਤ ਤਰੀਕੇ ਨਾਲ ਅੱਗੇ ਵਾਇਰਲ ਨਾ ਕਰੇ।