ਗਰਮੀ ਦੀਆਂ ਅਚਾਨਕ ਛੁੱਟੀਆਂ ਹੋਣ ਕਾਰਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਹੀਂ ਮਿਲਿਆ ਘਰ ਦਾ ਕੰਮ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬੇਸ਼ੱਕ ਪਹਿਲੀ ਜੂਨ ਤੋਂ 30 ਜੂਨ ਤੱਕ ਸਰਕਾਰੀ,ਨਿਜੀ ਅਤੇ ਏਡਿਡ ਸਕੂਲਾਂ ਨੂੰ ਛੁੱਟੀਆਂ ਕਰਨ ਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਗਰਮੀ ਦਾ ਪ੍ਰਕੋਪ ਹੋਣ ਕਾਰਨ 19 ਮਈ ਨੂੰ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਸਮਾਂ ਸਾਰਣੀ ਵਿੱਚ ਤਬਦੀਲੀ ਕੀਤੀ ਗਈ ਜਿਸ ਅਨੁਸਾਰ ਸਾਰੇ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣ ਦਾ ਪੱਤਰ ਜਾਰੀ ਕੀਤਾ ਗਿਆ। ਹਾਲਾਂ ਇੱਕ ਦਿਨ ਹੀ ਸਕੂਲ ਉਕਤ ਨਵੇਂ ਸਮੇਂ ਅਨੁਸਾਰ ਖੁੱਲ੍ਹੇ ਸਨ ਤਾਂ ਉਸੇ ਦਿਨ ਬਾਅਦ ਦੁਪਹਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਸਾਰੇ ਸਰਕਾਰੀ, ਨਿੱਜੀ ਅਤੇ ਏਡਿਡ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਰਹਿਣਗੀਆਂ ਕਿਉਂਕਿ ਗਰਮੀ ਦਾ ਬਹੁਤ ਜਿਆਦਾ ਪ੍ਰਕੋਪ ਵਧ ਚੁੱਕਾ ਹੈ।ਇਸ ਦੇ ਚਲਦਿਆਂ ਹੀ ਅਧਿਆਪਕਾਂ ਵੱਲੋਂ ਛੁੱਟੀਆਂ ਦਾ ਕੰਮ ਵੀ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਸਮੇਂ ਦੀ ਤਬਦੀਲੀ 31 ਮਈ ਤੱਕ ਕੀਤੀ ਗਈ ਸੀ ਜਿਸ ਤੋਂ ਸਾਫ ਜ਼ਾਹਰ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਹੀ ਹੋਣਗੀਆਂ। ਅਚਾਨਕ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਨਾਂ ਛੁੱਟੀਆਂ ਦੇ ਕੰਮ ਦਿੱਤਿਆਂ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਤੋਂ ਮਾਪੇ ਵੀ ਹੈਰਾਨ ਹਨ ਕਿਉਂਕਿ ਮਾਪੇ ਵੀ ਚਾਹੁੰਦੇ ਸਨ ਕਿ ਹਰ ਵਾਰ ਦੀ ਤਰ ਉਹਨਾਂ ਦੇ ਬੱਚਿਆਂ ਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਘਰ ਦਾ ਕੰਮ ਦਿੱਤਾ ਜਾਂਦਾ ਜਿਸ ਨਾਲ ਉਹ ਆਪਣੇ ਬੱਚਿਆਂ ਨੂੰ ਕੰਮ ਕਰਨ ਦੇ ਬਹਾਨੇ ਨਾਲ ਪੜਨ ਬਿਠਾ ਲੈਂਦੇ ਸਨ ਪਰ ਇਸ ਵਾਰ ਛੁੱਟੀਆਂ ਦੀ ਗਿਣਤੀ ਵੀ ਵੱਧ ਗਈ ਹੈ ਅਤੇ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਸਕੂਲ ਦਾ ਕੰਮ ਵੀ ਨਹੀਂ ਮਿਲਿਆ।ਹੋ ਸਕਦਾ ਮਹਿਕਮੇ ਵੱਲੋਂ ਇਹ ਪੱਤਰ ਜਾਰੀ ਕਰ ਦਿੱਤਾ ਜਾਵੇ ਕਿ ਸੋਸ਼ਲ ਮੀਡੀਆ ਦੇ ਜਰੀਏ ਘਰ ਦਾ ਕੰਮ ਦਿੱਤਾ ਜਾਵੇ ਪਰ ਜੋ ਕੰਮ ਲਿਖਤੀ ਰੂਪ ਵਿੱਚ ਅਧਿਆਪਕਾਂ ਵੱਲੋਂ ਆਪਣੇ ਅਨੁਸਾਰ ਦਿੱਤਾ ਜਾਂਦਾ ਹੈ,ਉਸ ਦਾ ਪ੍ਰਭਾਵ ਬੱਚਿਆਂ ਤੇ ਵੱਧ ਪੈਂਦਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਇੱਕ ਦਿਨ ਵਾਸਤੇ ਸਕੂਲ ਜ਼ਰੂਰ ਖੋਲ੍ਹਣੇ ਚਾਹੀਦੇ ਸਨ ਤਾਂ ਕਿ ਅਧਿਆਪਕ ਆਪੋ-ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਨੋਟ ਕਰਵਾ ਦਿੰਦੇ।ਹੁਣ ਉਹਨਾਂ ਦੇ ਬੱਚੇ ਤਕਰੀਬਨ 40 ਦਿਨ ਬਿਨ੍ਹਾ ਛੁੱਟੀਆਂ ਦੇ ਕੰਮ ਕੀਤੇ ਹੀ ਖੇਡਣ ਵੱਲ ਵੱਧ ਧਿਆਨ ਦੇਣਗੇ।
