ਜੇਕਰ ਨੀਅਤ ਸਾਫ ਹੋਵੇ ਤਾਂ ਸਭ ਕੁਝ ਸੰਭਵ ਹੈ : ਭਗਵੰਤ ਮਾਨ
ਪੰਜਾਬ ਦੇ ਸੂਝਵਾਨ ਲੋਕਾਂ ਨੇ 2022 ਵਿੱਚ
ਰਜਵਾੜਿਆਂ ਦੇ ਪਰਿਵਾਰਾਂ ਤੋਂ ਨਿਜਾਤ ਦਿਵਾਈ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਹਲਕਾ ਬੁੱਢਲਾਡਾ ਵਿਖੇ ਰੱਖੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਹਰ ਵਿਅਕਤੀ ਦਾ ਸੰਪੂਰਨ ਵਿਕਾਸ ਹੋ ਸਕਦਾ ਹੈ। ਇਸ ਨੀਤੀ ਤਹਿਤ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਦੇ ਕੇ ਵਿਕਾਸ ਦੇ ਰਾਹ 'ਤੇ ਤੋਰਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਉਹ ਸਰਕਾਰ ਦੇ ਦਿੱਤੇ ਪੋ੍ਗਰਾਮ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ, ਬਿਜਲੀ ਦੀ ਕੋਈ ਕਮੀ ਨਹੀਂ ਆਵੇਗੀ। ਉਹਨਾ ਕਿਹਾ ਕਿ ਕਿਸਾਨ ਮੋਟਰਾਂ ਬੰਦ ਕਰਕੇ ਝੋਨਾ ਲਗਾ ਰਿਹਾ ਹੈ। ਵਿਰੋਧੀ ਉਹਨਾਂ ਦੇ ਬਿਆਨ 'ਤੇ ਹੱਸਦੇ ਸਨ ਕਿ ਮਾਨ ਸਰਕਾਰ ਮੋਟਰਾਂ ਬੰਦ ਕਰਕੇ ਝੋਨਾ ਲਗਾਵੇਗੀ ਪਰ ਮੈਂ ਜੋ ਕਿਹਾ ਕਰਕੇ ਵਿਖਾਇਆ ਹੈ ਕਿਉਂਕਿ ਮੇਰੀ ਨੀਅਤ ਸਾਫ਼ ਸੀ।ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਕਿਆਂ, ਰਜਵਾੜਿਆ ਤੋਂ ਵਿਕਾਸ ਅਤੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਉਹਨਾਂ ਦਾ ਇਸ਼ਾਰਾ ਸਿੱਧੇ ਤੌਰ 'ਤੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਨੇਤਾਵਾਂ ਵੱਲ ਸੀ। ਉਹਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਉਹਨਾਂ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੁੱਡੀਆਂ ਨੂੰ ਲੋਕ ਸਭਾ ਵਿੱਚ ਜਿਤਾ ਕੇ ਭੇਜੋ ਤਾਂ ਜੋ ਦੇਸ਼ ਦੀ ਪਾਰਲੀਮੈਂਟ 'ਚ ਭਗਵੰਤ ਮਾਨ ਬਣਕੇ ਹਲਕੇ ਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਦੀ ਗੱਲ ਕੀਤੀ ਜਾ ਸਕੇ। ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ ਨੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਖਰਚ ਕੀਤੇ ਗਏ ਕਰੋੜਾਂ ਰੁਪਏ ਜਾਰੀ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਉਮੀਦਵਾਰ ਗੁਰਮੀਤ ਖੁੱਡੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਛੱਡਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਵਾਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਰੁਪਿੰਦਰ ਕੌਰ ਗਿੱਲ, ਜ਼ਿਲ੍ਹਾ ਯੂਥ ਪ੍ਰਧਾਨ ਰਮਨ ਗੁੜਦੀ,ਹਰਵਿੰਦਰ ਸਿੰਘ ਸੇਖੋਂ ਬੱਛੋਆਣਾ, ਸੁੰਦਰ ਸਿੰਘ,ਚੁਸਪਿੰਦਰਬੀਰ ਸਿੰਘ ਚਹਿਲ,ਚੇਅਰਮੈਨ ਰਾਕੇਸ਼ ਪੁਰੀ, ਜਸਵੀਰ ਸਿੰਘ ਗਿੱਲ,ਐਡਵੋਕੇਟ ਚੰਦਨ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਮੌਜੂਦ ਸਨ।


