ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਈਕੋ ਕਲੱਬ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜਿਲਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ ਦੀ ਅਗਵਾਈ ਅਧੀਨ ਗਰੀਨ ਹਾਊਸ ਪ੍ਰੋਗਰਾਮ ਤਹਿਤ ਸਮੂਹ ਸਕੂਲਾਂ ਦੇ ਈਕੋ ਕਲੱਬ ਇੰਚਾਰਜਾਂ ਦੀ ਇੱਕ ਰੋਜ਼ਾ ਵਰਕਸ਼ਾਪ ਸਕੂਲ ਆਫ ਐਮੀਨਸ ਮਾਨਸਾ ਵਿਖੇ ਲਗਾਈ ਗਈ। ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਕਰੀਬ 220 ਸਕੂਲਾਂ ਤੋਂ ਆਏ ਗ੍ਰੀਨ ਸਕੂਲ ਪ੍ਰੋਗਰਾਮ ਦੇ ਨੋਡਲ ਅਧਿਆਪਕਾਂ ਨੇ ਭਾਗ ਲਿਆ। ਉਹਨਾ ਨੋਡਲ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਸਕੂਲਾਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ ਅਤੇ ਆਨਲਾਈਨ ਗ੍ਰੀਨ ਸਕੂਲ ਪ੍ਰੋਗਰਾਮ ਦੀ ਵੈਬਸਾਈਟ ਉੱਤੇ ਡਾਟੇ ਨੂੰ ਵਿਸਥਾਰ ਪੂਰਵਕ ਫੋਟੋਆਂ ਸਹਿਤ ਭਰਿਆ ਜਾਵੇ। ਗਰੀਨ ਸਕੂਲ ਪ੍ਰੋਗਰਾਮ ਲਈ ਆਡਿਟ ਰਿਪੋਰਟ ਭਰਨ ਸਬੰਧੀ ਰੀਸੋਰਸ ਪਰਸਨ ਸ੍ਰੀ ਜਸਕੀਰਤ ਸਿੰਘ ਸਾਇੰਸ ਟੀਚਰ ਨੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਜਿਵੇਂ ਕਿ ਵੱਖ ਵੱਖ ਪੈਰਾਮੀਟਰ ਜਿਵੇਂ ਕਿ ਪਾਣੀ ਹਵਾ ਧਰਤੀ ਜਲਵਾਯੂ ਪਰਿਵਰਤਨ ਊਰਜਾ ਭੋਜਨ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰੋਜੈਕਟ ਰਾਹੀਂ ਪੀਪੀਟੀ ਦੁਆਰਾ ਦਿੱਤੀ ਗਈ। ਪ੍ਰੋਗਰਾਮ ਦੇ ਓਵਰਆਲ ਇੰਚਾਰਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਵਾਤਾਵਰਨ ਦੀ ਸਾਫ ਬਨਾਉਣ ਲਈ ਆਪਣੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ ਅਤੇ ਆਪਣੇ ਸਕੂਲ ਵਿੱਚ ਟੀਮ ਵਰਕ ਦੇ ਤੌਰ ਤੇ ਇਸ ਕੰਮ ਦੀ ਸਫਲਤਾ ਲਈ ਉਜਰ ਕਰਨੇ ਜਰੂਰੀ ਹਨ।ਇਸ ਮੌਕੇ ਰਿਸੋਰਸ ਪਰਸਨ ਜਗਵਿੰਦਰ ਕੌਰ ਸਾਇੰਸ ਅਧਿਆਪਕਾ ਵੱਲੋਂ ਇਸ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਈਕੋ ਕਲੱਬ ਇੰਚਾਰਜ ਨੂੰ ਇਸ ਪ੍ਰੋਗਰਾਮ ਨੂੰ ਵਧੀਆ ਤਰੀਕੇ ਦੇ ਨਾਲ ਆਪਣੇ ਸਕੂਲ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਸਾਰੇ ਨੋਡਲ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਜਿੰਨੇ ਵੀ ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਉਹਨਾਂ ਨੂੰ ਪਾਰਟੀਸਪੇਸ਼ਨ ਸਰਟੀਫਿਕੇਟ ਦਿੱਤੇ ਗਏ। ਜਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਪ੍ਰਿੰਸੀਪਲ ਡਾ. ਵਿਜੇ ਕੁਮਾਰ ਮਿੱਡਾ ਅਤੇ ਅਵਤਾਰ ਸਿੰਘ ਵੱਲੋਂ ਪਿਛਲੇ ਸਾਲ ਦੇ ਚਾਰ ਜੇਤੂ ਸਕੂਲਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ, ਇਸ ਵਿੱਚ ਸਰਕਾਰੀ ਹਾਈ ਸਕੂਲ ਬਹਾਦਰਪੁਰ, ਸਰਕਾਰੀ ਮਿਡਲ ਸਕੂਲ ਡੇਲੂਆਣਾ, ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਦੇ ਸਕੂਲ ਮੁਖੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚੜਨ ਲਈ ਸਾਇੰਸ ਟੀਚਰ ਲਖਵਿੰਦਰ ਸਿੰਘ, ਨਵਨੀਤ ਬਾਂਸਲ, ਸੰਦੀਪ ਸਿੰਘ, ਯਾਦਵਿੰਦਰ ਸ਼ਰਮਾ,ਦਿਲਬਾਗ ਸਿੰਘ, ਵਿਜੇ ਕੁਮਾਰ ਅਤੇ ਵਿਸ਼ਾਲ ਬਾਂਸਲ ਦਾ ਵਿਸ਼ੇਸ਼ ਯੋਗਦਾਨ ਰਿਹਾ।
