ਫ਼ਿਲਮ ਬੀਬੀ ਰਜਨੀ ਦੀ ਪ੍ਰਮੋਸ਼ਨ ਲਈ ਵੱਖ ਵੱਖ ਪਿੰਡਾਂ 'ਚ ਪੁੱਜੇ ਕਲਾਕਾਰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਖੇਤਰ ਦੇ ਪਿੰਡ ਅਕਲੀਆ,ਰੜ੍ਹ,ਬੁਰਜ ਝੱਬਰ ਅਤੇ ਬੁਰਜ ਢਿੱਲਵਾਂ ਵਿਖੇ ਬੀਬੀ ਰਜਨੀ ਪੰਜਾਬੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਟੀਮ ਪੁੱਜੀ । ਇਨ੍ਹਾਂ ਪਿੰਡਾਂ ਵਿਚ ਕਰਮਜੀਤ ਸਿੰਘ ਬੁਰਜ ਢਿੱਲਵਾਂ ਦੀ ਅਗਵਾਈ ਹੇਠ ਪ੍ਰੰਬਧਕਾਂ ਵੱਲੋਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉੱਘੇ ਗੀਤਕਾਰ ਮਨਪ੍ਰੀਤ ਟਿਵਾਣਾ ਵਲੋਂ ਦੱਸਿਆ ਕਿ ਫ਼ਿਲਮ ਵਿਚ ਬੀਬੀ ਰਜਨੀ ਦੀ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ । ਨਿਰਮਾਤਾ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਵੱਲੋਂ ਲੇਖਕ ਅਤੇ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਤਿਆਰ ਕੀਤੀ ਇਸ ਫਿਲਮ ਵਿਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਸ ਬਾਜਵਾ, ਜਰਨੈਲ ਸਿੰਘ, ਧੀਰਜ ਕੁਮਾਰ, ਪ੍ਰਦੀਪ ਚੀਮਾ ਨੇ ਕਿਰਦਾਰ ਨਿਭਾਏ ਹਨ । ਉਨ੍ਹਾਂ ਕਿਹਾ ਕਿ ਮਾਰਧਾੜ, ਦੋਹਰੀ ਸ਼ਬਦਾਵਲੀ ਅਤੇ ਨੰਗੇਜ਼ਬਾਦ ਵਾਲੀਆਂ ਬਣ ਰਹੀਆਂ ਫਿਲਮਾਂ ਨੂੰ ਕੋਸਣ ਵਾਲੇ ਲੋਕਾਂ ਲਈ ਇਹ ਵੱਖਰੇ ਖਾਸੇ ਦੀ ਫਿਲਮ ਦਾ ਸਾਥ ਦੇਣਾ ਬਣਦਾ ਹੈ ਅਤੇ ਸਾਰਥਕ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕਰਨ ਲਈ 30 ਅਗਸਤ 2024 ਨੂੰ ਸਿਨੇਮਾ ਘਰਾਂ 'ਚ ਲੱਗ ਰਹੀ ਬੀਬੀ ਰਜਨੀ ਫਿਲਮ ਦੀ ਟੀਮ ਨੂੰ ਵੱਡੇ ਹੁੰਗਾਰੇ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਸਾਰਥਕ ਫਿਲਮਾਂ ਦਾ ਫਿਲਮਾਂਕਣ ਹੋ ਸਕੇ। ਫਿਲਮੀ ਪੱਤਰਕਾਰ ਬੱਲੀ ਬਾਠ, ਗਾਇਕ ਜਸ ਸੰਧੂ, ਸਮਾਜ ਸੇਵੀ ਕਰਮਜੀਤ ਸਿੰਘ ਬੁਰਜ ਢਿੱਲਵਾਂ, ਭਗਵਾਨ ਸਿੰਘ ਅਕਲੀਆ, ਬਲਜੀਤ ਸਿੰਘ ਅਕਲੀਆ, ਬਲਦੇਵ ਸਿੰਘ ਰੜ੍ਹ ਅਤੇ ਸਤਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਉਮੀਦ ਸੇਵਾ ਸੁਸਾਇਟੀ ਅਕਲੀਆ ਦੇ ਚੇਅਰਮੈਨ ਗੋਪਾਲ ਅਕਲੀਆ ਅਤੇ ਪ੍ਰਧਾਨ ਗੁਰਦੀਪ ਸਿੰਘ, ਗੁਰੂਘਰ ਪਿੱਪਲਸਰ ਦੀ ਕਮੇਟੀ, ਦਾ ਗ੍ਰੇਟ ਥਿੰਕਰਜ ਕਲੱਬ ਬੁਰਜ ਢਿੱਲਵਾਂ ਦੇ ਪ੍ਰਧਾਨ ਪਰਵਿੰਦਰ ਸਿੰਘ, ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਮੇਲਾ ਸਿੰਘ ਝੱਬਰ, ਗੁਰਵੀਰ ਸਿੰਘ ਝੱਬਰ, ਮਾਸਟਰ ਸਿਕੰਦਰ ਸਿੰਘ ਆਦਿ ਹਾਜ਼ਰ ਸਨ।
