ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਹੈਡ ਟੀਚਰ ਕਸ਼ਮੀਰ ਸਿੰਘ ਔਲਖ ਸਟੇਟ ਐਵਾਰਡ ਲਈ ਚੁਣੇ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪਿੰਡ ਗੁਰਨੇ ਕਲਾਂ ਦੇ ਜੰਮਪਲ ਸਾਧੂ ਸਿੰਘ ਔਲਖ ਸਾਬਕਾ ਸਰਪੰਚ ਦੇ ਪੋਤਰੇ ਕਸ਼ਮੀਰ ਸਿੰਘ ਔਲਖ ਹੈਡ ਟੀਚਰ ਬੀਰੋਕੇ ਕਲਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਵਾਰਡ ਲਈ ਚੁਣਿਆ ਗਿਆ ਹੈ।ਕਸ਼ਮੀਰ ਸਿੰਘ ਔਲਖ ਦਾ ਜਨਮ ਕਰਮਜੀਤ ਸਿੰਘ ਔਲਖ ਤੇ ਮਾਤਾ ਗੁਰਪਿਆਰ ਕੌਰ ਦੇ ਘਰ ਪਿੰਡ ਗੁਰਨੇ ਕਲਾਂ ਵਿਖ਼ੇ ਹੋਇਆ,ਜਿਸ ਨੇ 2001-2003 ਬੈਚ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਜਗਰਾਓਂ (ਲੁਧਿਆਣਾ) ਤੋਂ ਈਟੀਟੀ ਦਾ ਕੋਰਸ ਕੀਤਾ।ਪਹਿਲੀ ਨਿਯੁਕਤੀ 20 ਜੁਲਾਈ 2006 ਨੂੰ ਰਿਉਂਦ ਕਲਾਂ ਵਿਖੇ ਹੋਈ, ਓਥੇ ਲਗਾਤਾਰ 6 ਸਾਲ ਸੇਵਾ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਜ਼ਿਲ੍ਹੇ ਦਾ ਸਭ ਤੋ ਸੋਹਣਾ ਸਕੂਲ ਬਣਾਇਆ।ਸੰਨ 2012 ਤੋਂ 2016 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਸਿਰਸੀਵਾਲਾ ਵਿਖੇ ਬਤੌਰ ਈਟੀਟੀ ਅਧਿਆਪਕ ਕੰਮ ਕੀਤਾ।ਸੰਨ 2016 ਤੋਂ 2019 ਸਰਕਾਰੀ ਪ੍ਰਾਇਮਰੀ ਸਕੂਲ ਫਫੜੇ ਭਾਈਕੇ ਵਿਖੇ ਸੇਵਾ ਨਿਭਾਈ। ਸੰਨ 2019 ਦੇ 9 ਸਤੰਬਰ ਨੂੰ ਸਿੱਧੀ ਭਰਤੀ ਰਾਹੀਂ ਮੁੱਖ ਅਧਿਆਪਕ ਦੇ ਤੌਰ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਵਿਖੇ ਹਾਜ਼ਰ ਹੋਏ ਤੇ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਸਾਲਾ ਵਿੱਚ ਸਕੂਲ ਦੀ ਨੁਹਾਰ ਬਦਲ ਦਿੱਤੀ।ਜਿੱਥੇ ਸਕੂਲ ਨੇ ਸਹਿ ਵਿਦਿਅਕ ਕੰਮਾਂ ,ਖੇਡਾਂ ਅਤੇ ਪੜਾਈ ਵਿੱਚ ਝੰਡੇ ਗੱਡੇ ਇਸ ਵਾਰ ਸਾਰੇ ਜ਼ਿਲੇ ਦੇ ਨਾਲੋ ਵੱਧ 6 ਬੱਚੇ ਨਵੋਦਿਆ ਵਿੱਚ ਚੁਣੇ ਗਏ ਓਥੇ ਹੀ ਸਕੂਲ ਨੂੰ ਦਿੱਖ ਪੱਖੋਂ ਇੱਕ ਨਮੂਨੇ ਦਾ ਸਕੂਲ ਬਣਾਇਆ ਅਤੇ ਪੰਚਾਇਤ, ਕਲੱਬ,ਡੇਰਾ ਬਾਬਾ ਹਰੀ ਦਾਸ, ਡੇਰਾ ਬਾਬਾ ਅਲਖ ਰਾਮ, ਸਾਬਕਾ ਪੰਚਾਇਤ,ਪਿੰਡ ਨਿਵਾਸੀਆਂ ਅਤੇ ਸਟਾਫ ਦੇ ਸਹਿਯੋਗ ਸਦਕਾ 22 ਲੱਖ ਰੁਪਇਆ ਲੱਗ ਚੁੱਕਿਆ ਹੈ।ਬੱਚਿਆਂ ਨੂੰ ਸਕੂਲ ਸਮੇਂ ਪੜ੍ਹਾਉਣਾ ਅਤੇ ਸ਼ਾਮ ਨੂੰ ਖਿਡਾਉਣਾ,ਸਹਿ ਵਿਦਿਅਕ ਚੀਜਾਂ ਦੀ ਤਿਆਰੀ ਕਰਵਾਉਣਾ ਅਤੇ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ ਇਹਨਾਂ ਦੀ ਖਾਸ ਵਿਸ਼ੇਸ਼ਤਾ ਹੈ।ਪਿੰਡ ਨਿਵਾਸੀ ਵੀ ਇਹਨਾਂ ਨੂੰ ਆਪਣੇ ਪਿੰਡ ਦਾ ਹੀ ਸਮਝਦੇ ਹਨ। ਕਸ਼ਮੀਰ ਸਿੰਘ ਨੂੰ ਸਟੇਟ ਐਵਾਰਡ ਮਿਲਣ ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ,ਕੇਂਦਰ ਸਕੂਲ ਮੁਖੀ ਰਾਮਪਾਲ ਸਿੰਘ ਅਤੇ ਹੋਰਨਾਂ ਅਧਿਆਪਕਾਂ ਨੇ ਵਧਾਈ ਦਿੱਤੀ।
