ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਮਿਹਨਤੀ ਅਧਿਆਪਕ ਰਣਜੀਤ ਸਿੰਘ ਬਰ੍ਹੇ ਨੂੰ ਮਿਲੇਗਾ ਸਟੇਟ ਐਵਾਰਡ
ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ (ਬੱਛੋਆਣਾ) ਦੇ ਬਹੁਤ ਹੀ ਮਿਹਨਤੀ ਅਧਿਆਪਕ ਰਣਜੀਤ ਸਿੰਘ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ।ਦਲਬਾਰਾ ਸਿੰਘ ਦੇ ਘਰ ਜਨਮੇ ਰਣਜੀਤ ਸਿੰਘ ਦੀ ਪਹਿਲੀ ਜੁਆਇਨਿੰਗ ਇਕ ਜੁਲਾਈ 2006 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੱਪਲੀਆਂ ਵਿਖ਼ੇ ਜ਼ਿਲ੍ਹਾ ਪਰਿਸ਼ਦ ਅਧੀਨ ਹੋਈ। ਉਸ ਤੋਂ ਬਾਅਦ ਉਸ ਨੇ 6 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਮੋਫ਼ਰ ਵਿਖੇ ਅਤੇ 7 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਨੰਦਗੜ੍ਹ ਵਿਖੇ ਲਗਾਏ। ਅੱਜ ਕੱਲ੍ਹ ਉਹ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਰਣਜੀਤ ਸਿੰਘ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਆਪਣੇ ਸਕੂਲ ਦੇ ਬੱਚਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਦਿਵਾਉਣ ਲਈ ਅਕਸਰ ਤਤਪਰ ਰਹਿੰਦਾ ਹੈ ਜਿਸ ਸਦਕਾ ਉਹਨਾਂ ਦੇ ਸਕੂਲ ਦੇ ਕਾਫੀ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਚੰਗਾ ਨਾਮਣਾ ਖੱਟ ਚੁੱਕੇ ਹਨ।ਰਣਜੀਤ ਸਿੰਘ ਨੂੰ ਸਟੇਟ ਐਵਾਰਡ ਮਿਲਣ 'ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਮਦਨ ਲਾਲ ਕਟਾਰੀਆ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ, ਨਵਨੀਤ ਕੱਕੜ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਅੱਪਰ ਪ੍ਰਾਇਮਰੀ),ਅੰਮ੍ਰਿਤਵੀਰ ਸਿੰਘ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਪ੍ਰਾਇਮਰੀ),ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਮੁਖੀ ਸਤਪਾਲ ਸਿੰਘ ਅਤੇ ਸਮੁੱਚੇ ਸਟਾਫ ਵੱਲੋਂ ਵਧਾਈ ਦਿੱਤੀ।
