ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ਼ ਦੇ ਮਿਹਨਤੀ ਅਧਿਆਪਕ ਨਾਜ਼ਰ ਸਿੰਘ ਤੇ ਸੁਖਪਾਲ ਸਿੰਘ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੰਘੜਿਆਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਗਾਮੀਵਾਲਾ ਅਤੇ ਕਲੱਸਟਰ ਮੀਡੀਆ ਇੰਚਾਰਜ਼ ਜਸਵਿੰਦਰ ਸਿੰਘ ਜਨਕ ਨੇ ਦੱਸਿਆ ਕਿ ਨਾਜ਼ਰ ਸਿੰਘ ਬੱਛੋਆਣਾ ਈ.ਟੀ.ਟੀ. ਅਧਿਆਪਕ ਅਤੇ ਸੁਖਪਾਲ ਸਿੰਘ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਕੰਮ ਰਹੇ ਹਨ।ਇਹ ਬੱਚਿਆਂ ਨੂੰ ਪੜਾਈ ਕਰਵਾਉਣ ਦੇ ਨਾਲ ਨਾਲ ਸਿੱਖਿਆ ਵਿਭਾਗ ਦੀਆਂ ਸਾਰੀਆਂ ਹੀ ਗਤੀਵਿਧੀਆਂ ਜਿਵੇਂ ਖੇਡਾਂ,ਪੇਟਿੰਗ, ਸੁੰਦਰ ਲਿਖਾਈ,ਕੁਇਜ਼ ਮੁਕਾਬਲੇ ਅਤੇ ਹੋਰ ਵੀ ਅਨੇਕਾਂ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਇਹ ਆਪਣੇ ਵਿਤ ਤੋਂ ਵੱਧ ਮਿਹਨਤ ਕਰਦੇ ਹਨ,ਜਿਸ ਨਾਲ ਸਾਡੇ ਸਕੂਲ ਦੇ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਸਟੇਟ ਪੱਧਰ 'ਤੇ ਆਪਣੇ ਸਕੂਲ ਰੰਘੜਿਆਲ ਦਾ ਨਾਮ ਚਮਕਾ ਰਹੇ ਹਨ।ਉਹਨਾਂ ਦੱਸਿਆ ਕਿ ਸੁਖਪਾਲ ਸਿੰਘ ਲੋਕਲ ਅਧਿਆਪਕ ਹੋਣ ਕਰਕੇ ਵੇਲ਼ੇ ਕੁਵੇਲ਼ੇ ਸਕੂਲ ਦੇ ਅਨੇਕਾਂ ਕੰਮ ਕਾਰ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਦੇ ਪੜਾਏ ਪ੍ਰੀ-ਪ੍ਰਾਇਮਰੀ ਦੇ ਬੱਚੇ ਪੜਾਈ ਵਿੱਚ ਵੱਡੀਆਂ ਜਮਾਤਾਂ ਦਾ ਮੁਕਾਬਲਾ ਕਰਦੇ ਹਨ।ਇਹਨਾਂ ਦਾ ਸਕੂਲ ਵਿੱਚ ਆਉਣ ਵਾਲੇ ਹਰ ਸਖਸ਼ ਨਾਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੱਲ ਕਰਨ ਦਾ ਲਹਿਜਾ ਇਹਨਾਂ ਦੀ ਸਖਸ਼ੀਅਤ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ ਹੈ।ਉਹਨਾਂ ਦੀਆਂ ਜਮਾਤਾਂ ਦੇ ਬੱਚਿਆਂ ਦਾ ਟਾਇਮ ਭਾਵੇਂ ਤਿੰਨ ਘੰਟੇ ਹੀ ਹੁੰਦਾ ਹੈ ਪਰ ਇਹ ਸਾਰਾ ਟਾਇਮ ਸਕੂਲ ਵਿੱਚ ਕਿਸੇ ਨਾ ਕਿਸੇ ਪਾਸੇ ਮਿਹਨਤ ਕਰਦੇ ਰਹਿੰਦੇ ਹਨ।ਇੱਕ ਵਧੀਆ ਅਧਿਆਪਕ ਹੋਣ ਦੇ ਨਾਲ -ਨਾਲ ਉਹ ਰੰਘੜਿਆਲ ਪਿੰਡ ਦੇ ਬੀ ਐਲ ਓ ਵੀ ਹਨ।ਇਹ ਡਿਊਟੀ ਵੀ ਬਾਖੂਬੀ ਢੰਗ ਨਾਲ ਨਿਭਾ ਰਹੇ ਹਨ।ਜਿਸ ਕਾਰਨ ਸਾਰਾ ਪਿੰਡ ਉਨ੍ਹਾਂ ਦੀਆਂ ਸਿਫਤਾਂ ਕਰਦਾ ਨਹੀਂ ਥਕਦਾ। ਨਾਜ਼ਰ ਸਿੰਘ ਨੇ ਭਾਵੇਂ ਇਲੈਕਟਰੀਸ਼ਨ ਦਾ ਕੋਈ ਡਿਪਲੋਮਾ ਜਾ ਡਿਗਰੀ ਨਹੀਂ ਕੀਤਾ ਹੋਇਆ ਪਰ ਉਹ ਫੇਰ ਵੀ ਜੇਕਰ ਕਦੇ ਸਕੂਲ ਦੀ ਲਾਇਟ ਖਰਾਬ ਹੋ ਜਾਵੇ ਤਾਂ ਨਾਜ਼ਰ ਸਿੰਘ ਹੀ ਠੀਕ ਕਰਦੇ ਹਨ,ਬਹੁਤ ਘੱਟ ਵਾਰ ਹੋਇਆ ਕਿ ਸਕੂਲ ਵਿੱਚ ਅਸੀਂ ਬਿਜਲੀ ਮਕੈਨਿਕ ਬੁਲਾਇਆ ਹੋਵੇ। ਸਕੂਲ ਦੇ ਹੋਰ ਵੀ ਨਿੱਕੇ ਨਿੱਕੇ ਕੰਮ ਨਾਜ਼ਰ ਸਿੰਘ ਚੁਟਕੀ ਵਿੱਚ ਕਰ ਦਿੰਦੇ ਹਨ।ਜੇਕਰ ਦਾਖਲਿਆਂ ਦੀ ਗੱਲ ਕਰੀਏ ਤਾਂ ਹਰ ਸੈਸ਼ਨ ਵਿੱਚ ਦਾਖਲਿਆਂ ਵਿੱਚ ਵੀ ਆਪਣਾ ਮੋਹਰੀ ਰੋਲ ਅਦਾ ਕਰਦੇ ਆ ਰਹੇ ਹਨ।ਸਕੂਲ ਦਾ ਸਮਾਂ ਭਾਵੇਂ ਛੇ ਘੰਟੇ ਹੀ ਹੈ,ਪਰ ਨਾਜ਼ਰ ਸਿੰਘ ਇਸ ਵਿੱਚ ਦਸ ਘੰਟਿਆਂ ਦਾ ਕੰਮ ਕਰਕੇ ਹੀ ਘਰ ਜਾਂਦੇ ਹਨ। ਇਹ ਸਕੂਲ ਵਿੱਚ ਅਨੇਕਾਂ ਜਰੂਰਤ ਵਾਲੀਆਂ ਚੀਜ਼ਾਂ ਜਿਵੇਂ, ਪੱਖੇ, ਵੇਟ ਮਸ਼ੀਨ ਬੱਚਿਆਂ ਲਈ ਕਾਪੀਆਂ ਪੈੱਨ,ਅਤੇ ਸਕੂਲ ਦੇ ਸੁੰਦਰੀ ਕਰਨ ਲਈ ਅਨੇਕਾਂ ਵਾਰ ਹਜ਼ਾਰਾਂ ਰੁਪਏ ਦਾਨ ਕਰ ਚੁੱਕੇ ਹਨ।ਜੇਕਰ ਸਕੂਲ ਵਿੱਚ ਕੋਈ ਸਮੱਸਿਆ ਆ ਜਾਵੇ ਤਾਂ ਨਾਜ਼ਰ ਸਿੰਘ ਕੋਲ ਸਕੂਲ ਦੀ ਹਰ ਸਮੱਸਿਆ ਦਾ ਹੱਲ ਹੈ।ਉਹਨਾਂ ਦੱਸਿਆ ਕਿ ਨਾਜ਼ਰ ਸਿੰਘ ਅਤੇ ਸੁਖਪਾਲ ਸਿੰਘ ਬਹੁਤ ਹੀ ਗੁਣਵਾਨ ਹਨ, ਇਹਨਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਓਨੀ ਘੱਟ ਹੈ।ਉਨ੍ਹਾਂ ਦੱਸਿਆ ਕਿ ਇਹਨਾਂ ਦੋਵੇਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਅਨੇਕਾਂ ਵਾਰ ਸਨਮਾਨ ਮਿਲ ਚੁੱਕੇ ਹਨ।
