ਤਿੰਨ ਦਿਨ ਬਿਜਲੀ ਚੱਲੇਗੀ ਰੱਬ ਆਸਰੇ : ਕਰਮਜੀਤ ਸਿੰਘ ਖੀਵਾ
10,11 ਅਤੇ 12 ਸਤੰਬਰ ਨੂੰ ਪਾਵਰਕਾਮ ਦੇ ਸਾਰੇ ਮੁਲਾਜ਼ਮ 3 ਦਿਨਾਂ ਦੀ ਸਮੂਹਿਕ ਛੁੱਟੀ 'ਤੇ ਜਾਣਗੇਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸਰਕਲ ਪ੍ਰਧਾਨ ਪੀ ਅਤੇ ਐਮ ਬਠਿੰਡਾ ਕਰਮਜੀਤ ਸਿੰਘ ਖੀਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਹਰ ਵਾਰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ।ਇਤਿਹਾਸ ਵਿਚ ਸ਼ਾਇਦ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੋਵੇਗਾ ਜੋ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਕੈਂਸਲ ਕਰ ਦਿੰਦਾ ਹੈ।ਉਹਨਾਂ ਕਿਹਾ ਕਿ ਹੁਣ ਤੱਕ ਦਾ ਸਭ ਤੋਂ ਵੱਧ ਝੂਠ ਬੋਲਣ ਵਾਲਾ ਮੁੱਖ ਮੰਤਰੀ ਹੋਵੇਗਾ।ਮੁਲਾਜ਼ਮਾਂ ਅਤੇ ਆਮ ਲੋਕਾਂ ਨੇ ਬਹੁਤ ਹੀ ਉਮੀਦਾਂ ਨਾਲ ਆਮ ਆਦਮੀ ਦੀ ਸਰਕਾਰ ਲਿਆਂਦੀ ਸੀ ਪਰ ਇਹ ਸਰਕਾਰ ਵੀ ਦੂਜੀਆਂ ਪਾਰਟੀਆਂ ਵਾਗੂੰ ਵਾਅਦਿਆਂ 'ਤੇ ਖਰਾ ਨਹੀਂ ਉੱਤਰੀ। ਇਸੇ ਤਰ੍ਹਾਂ ਮੈਨੇਜਮੈਂਟ ਵੀ ਆਪਣੇ ਅੜੀਅਲ ਵਤੀਰੇ 'ਤੇ ਅੜੀ ਹੋਈ ਹੈ। ਉਹਨਾਂ ਦੱਸਿਆ ਕਿ 6 ਸਤੰਬਰ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਪਾਵਰਕਾਮ ਮੈਨੇਜਮੈਂਟ ਨਾਲ ਜੋਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਹੋਈ ਜਿਸ ਵਿੱਚ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁੱਕਰ ਗਈ।ਹੁਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਪਿਛਲੇ ਸਮੇਂ ਤੋਂ ਚਲਦੇ ਵਰਕ ਟੂ ਰੂਲ ਨੂੰ ਸਮੂਹਿਕ ਛੁੱਟੀ ਵਿੱਚ ਤਬਦੀਲ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ 10,11 ਅਤੇ 12 ਸਤੰਬਰ ਨੂੰ ਪਾਵਰਕਾਮ ਦੇ ਸਾਰੇ ਮੁਲਾਜ਼ਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ ਜਾ ਰਹੇ ਹਨ। ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।
