ਗੈਸਟ ਫੈਕਲਟੀ ਸੰਯੁਕਤ ਫਰੰਟ ਸਰਕਾਰੀ ਕਾਲਜ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ
ਸਰਕਾਰ ਨੇ ਸਾਡੀਆਂ ਨੌਕਰੀਆਂ ਸੁਰੱਖਿਅਤ ਨਾ ਕੀਤੀਆਂ ਤਾਂ ਵਿਢਿਆ ਜਾਵੇਗਾ ਤਿੱਖਾ ਸੰਘਰਸ਼ : ਫਰੰਟ ਆਗੂ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੇ ਝੰਡੇ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਭਰ ਦੇ ਸਾਰੇ ਸਰਕਾਰੀ ਕਾਲਜਾਂ ਦੇ ਕਾਲਜ ਇੰਚਾਰਜ ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੌਰਾਨ ਭਵਿੱਖ ਵਿੱਚ ਆਰੰਭ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਗਈ। ਫਰੰਟ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਹੋਈ ਸੀ। ਜਿਸਦਾ ਅਜੇ ਤੱਕ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜੇ ਸਾਡੀਆਂ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕਰਦਿਆਂ ਸਾਡੀਆਂ ਨੌਕਰੀਆਂ ਸੁਰੱਖਿਤ ਕਰਦੇ ਹੋਏ ਨਿਯਮਿਤ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀ ਕਿਸਾਨ ,ਮਜ਼ਦੂਰ ਯੂਨੀਅਨ , ਅਧਿਆਪਕ ਜਥੇਬੰਦੀਆਂ ਤੇ ਹਮ ਖਿਆਲੀ ਸਭਾਵਾਂ ਤੇ ਪਾਰਟੀਆਂ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਲਾਮਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਵੱਡਾ ਸੰਘਰਸ਼ ਅਰੰਭਿਆ ਜਾਵੇਗਾ । ਇਸ ਫ਼ੈਸਲੇ ਉੱਤੇ ਸੂਬਾ ਭਰ ਦੇ ਸਮੂਹ ਸਰਕਾਰੀ ਕਾਲਜਾਂ ਦੇ ਇੰਚਾਰਜ ਸਹਿਬਾਨ ਨੇ ਮੋਹਰ ਲਗਾ ਕੇ ਅਗਲੇਰੇ ਸੰਘਰਸ਼ ਦੀ ਰਣਨੀਤੀ ਉਲੀਕੀ। ਉਨਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਸਰਕਾਰੀ ਕਾਲਜਾਂ ਨੂੰ ਬਚਾਇਆ ਹੈ ਅਤੇ ਬਾਖੂਬੀ ਚਲਾਇਆ ਵੀ ਹੈ ।ਸਰਕਾਰ ਸਾਡੀਆਂ ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਾਡੀ ਨੌਕਰੀਆਂ ਸੁਰੱਖਿਤ ਕਰਨ ਸਬੰਧੀ ਤੁਰੰਤ ਕੋਈ ਪਾਲਿਸੀ ਲੈ ਕੇ ਆਵੇ ਜਿਸ ਤਹਿਤ ਗੈਸਟ ਫ਼ੈਕਲਟੀ ਦੀਆਂ ਸੇਵਾਵਾਂ ਨਿਯਮਿਤ ਕੀਤੀਆ ਜਾਣ । ਇਸ ਮੌਕੇ ਫਰੰਟ ਆਗੂ ਪ੍ਰੋ. ਗੁਰਸੇਵ, ਪ੍ਰੋ. ਪਰਮਜੀਤ ਸਿੰਘ, ਪ੍ਰੋ. ਗੁਰਜੀਤ ਸਿੰਘ, ਪ੍ਰੋ. ਹੁਕਮ ਚੰਦ, ਪ੍ਰੋ. ਅਰਮਿੰਦਰ ਸਿੰਘ, ਪ੍ਰੋ. ਮੁਹੰਮਦ ਤਨਵੀਰ, ਪ੍ਰੋ. ਪਵਿੱਤਰ ਸਿੰਘ, ਪ੍ਰੋ. ਪੁਸ਼ਪਿੰਦਰ ਸਿੰਘ, ਪ੍ਰੋ. ਪਰਦੀਪ ਸਿੰਘ ਤੋਂ ਇਲਾਵਾ ਸਮੂਹ ਕਾਲਜ ਇੰਚਾਰਜ ਮੌਜੂਦ ਰਹੇ।
