Monday, October 14, 2024

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸੂਬੇ ਦੇ ਸਰਕਾਰੀ ਸਕੂਲਾਂ 'ਚ ਹੁਣ 22 ਅਕਤੂਬਰ ਨੂੰ ਹੋਵੇਗੀ ਮਾਪੇ-ਅਧਿਆਪਕ ਮਿਲਣੀ

ਸੂਬੇ ਦੇ ਸਰਕਾਰੀ ਸਕੂਲਾਂ 'ਚ ਹੁਣ 22 ਅਕਤੂਬਰ ਨੂੰ ਹੋਵੇਗੀ ਮਾਪੇ-ਅਧਿਆਪਕ ਮਿਲਣੀ

ਸਿੱਖਿਆ ਵਿਭਾਗ ਵੱਲੋਂ ਪੱਤਰ ਹੋਇਆ ਜਾਰੀ, ਪਹਿਲਾਂ ਇਹ ਮਿਲਣੀ 18 ਅਕਤੂਬਰ ਨੂੰ ਹੋਣੀ ਸੀ

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਰਾਜ ਵਿਦਿਅਕ ਤੇ ਖੋਜ ਸਿਖਲਾਈ ਸੰਸਥਾ ਪੰਜਾਬ (ਐਸਸੀਈਆਰਟੀ) ਦੇ ਡਾਇਰੈਕਟਰ ਅਮਨਿੰਦਰ ਕੌਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਅਤੇ ਸੈਕੰਡਰੀ), ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਸਮੂਹ ਸਕੂਲ ਮੁਖੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਨੂੰ ਜਾਰੀ ਪੱਤਰ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 18 ਅਕਤੂਬਰ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਦੀ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ। ਪੱਤਰ ਅਨੁਸਾਰ ਇਹ ਮਾਪੇ ਅਧਿਆਪਕ ਮਿਲਣੀ ਹੁਣ 22 ਅਕਤੂਬਰ ਦਿਨ ਮੰਗਲਵਾਰ ਨੂੰ ਹੋਵੇਗੀ।ਇੱਥੇ ਦੱਸਣਾ ਬਣਦਾ ਹੈ ਕਿ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ 18 ਅਕਤੂਬਰ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਸਬੰਧੀ ਵਿਭਾਗ ਨੂੰ ਅਪੀਲ ਕੀਤੀ ਸੀ ਕਿ ਇਸ ਦੀ ਤਰੀਕ ਵਿੱਚ ਬਦਲਾਅ ਕੀਤਾ ਜਾਵੇ ਕਿਉਂਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ,ਜਿਸ ਕਰਕੇ ਪੰਚਾਇਤੀ ਚੋਣਾਂ ਵਾਲੇ ਮੁਲਾਜ਼ਮ 16 ਤਰੀਕ ਨੂੰ ਰੈਸਟ 'ਤੇ ਹੋਣਗੇ ਅਤੇ 17 ਅਕਤੂਬਰ ਨੂੰ ਸਰਕਾਰੀ ਛੁੱਟੀ ਹੈ। ਅਧਿਆਪਕਾਂ ਨੂੰ ਇਸ ਮਾਪੇ ਅਧਿਆਪਕ ਮਿਲਣੀ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਵਿੱਚ ਕਾਫੀ ਮੁਸ਼ਕਿਲਾਂ ਆਉਣੀਆਂ ਸਨ।ਇਸੇ ਪੱਖ ਨੂੰ ਮੁੱਖ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਮਾਪੇ ਅਧਿਆਪਕ ਮਿਲਣੀ 18 ਅਕਤੂਬਰ ਦੀ ਥਾਂ ਹੁਣ 22 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ।