ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸੂਬਾ ਪੱਧਰੀ ਵਿਗਿਆਨ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼
ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ : ਮੁੱਖ ਮਹਿਮਾਨ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਕਰਵਾਏ ਜਾ ਰਹੇ ਤਿੰਨ ਦਿਨਾਂ ਸੂਬਾ ਪੱਧਰੀ ਗਣਿਤ ਤੇ ਵਿਗਿਆਨ ਮੇਲੇ ਦਾ ਉਦਘਾਟਨ ਕੀਤਾ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਭਾਰਤੀ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਵਿਗਿਆਨਕ ਰੁਚੀ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਆਪਣਾ ਕਰੀਅਰ ਬਣਾ ਕੇ ਭਵਿੱਖ ਰੁਸ਼ਨਾ ਸਕਣ। ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜ਼ਾ ਵਿੱਗਿਆਨ ਮੇਲੇ ਵਿੱਚ ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈਕੰਡਰੀ) ਨੇ ਮੁੱਖ ਮਹਿਮਾਨ ਵਜੋਂ,ਸਹਾਇਕ ਹਰਪ੍ਰੀਤ ਸਿੰਘ ਤੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਦੇ ਮਹਾਂਮੰਤਰੀ ਨਵਦੀਪ ਸ਼ੇਖਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਉਨ੍ਹਾਂ ਦੁਆਰਾ ਦੀਪ ਜਲਾ ਕੇ ਵਿਗਿਆਨ ਮੇਲੇ ਦਾ ਉਦਘਾਟਨ ਕੀਤਾ ਗਿਆ।ਮੁੱਖ ਮਹਿਮਾਨ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ ਹਨ।ਉਨ੍ਹਾਂ ਵਿਗਿਆਨ ਦੇ ਪ੍ਰਸਾਰ ਲਈ ਅਜਿਹੇ ਮੇਲਿਆਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਜਿਹੇ ਮੇਲਿਆਂ ਤੋਂ ਵਿਦਿਆਰਥੀ ਬਹੁਤ ਕੁਝ ਸਿੱਖ ਕੇ ਆਪਣੇ ਜੀਵਨ ਵਿਚ ਉੱਚੀਆਂ ਪੁਲਾਘਾਂ ਪੁੱਟ ਸਕਦੇ ਹਨ।ਉਨ੍ਹਾਂ ਵਿੱਦਿਆ ਮੰਦਰ ਦੇ ਸ਼ਾਂਤਮਈ ਵਾਤਾਵਰਨ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਦਿਆ ਭਾਰਤੀ ਸੰਸਥਾਨ ਦੇ ਯਤਨਾਂ ਸਦਕਾ ਸਾਡੇ ਜ਼ਿਲ੍ਹੇ ਵਿੱਚ ਅਜਿਹੇ ਮੇਲਿਆਂ ਦਾ ਹੋਣਾ ਇੱਕ ਚੰਗੀ ਪਹਿਲਕਦਮੀ ਹੈ।ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ ਵੱਲੋਂ ਵਿਗਿਆਨ ਮੇਲੇ ਦੌਰਾਨ ਉਲੀਕੀਆਂ ਗਈਆਂ ਗਤੀਵਿਧੀਆਂ ’ਤੇ ਚਾਨਣਾ ਪਾਉਂਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ ਇਸ ਮੇਲੇ ਵਿੱਚ ਪੂਰੇ ਪੰਜਾਬ ਦੇ 45 ਸਕੂਲਾਂ ’ਚੋਂ ਵਿਭਾਗ ਪੱਧਰ ’ਤੇ ਜੇਤੂ 800 ਬੱਚੇ ਭਾਗ ਲੈ ਰਹੇ ਹਨ।ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮਹਾਂਮੰਤਰੀ ਨਵਦੀਪ ਸ਼ੇਖਰ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਜਿਹੇ ਮੇਲੇ ਜੀਵਨ ਵਿੱਚ ਖੋਜੀ ਬਿਰਤੀ ਨੂੰ ਉਤਸ਼ਾਹਿਤ ਕਰਦੇ ਹਨ।ਉਨ੍ਹਾਂ ਨੇ ਵਿਗਿਆਨ,ਕੁਦਰਤ ਅਤੇ ਜੀਵਨ ਦੀ ਮਹੱਤਤਾ ਨੂੰ ਸਮਝਣ ਬਾਰੇ ਚਰਚਾ ਕੀਤੀ।ਜ਼ਿਕਰਯੋਗ ਹੈ ਕਿ ਇਸ ਤਿੰਨ ਰੋਜ਼ਾ ਸੂਬਾ-ਪੱਧਰੀ ਵਿਗਿਆਨ ਮੇਲੇ ਵਿੱਚ ਸ਼ਿਸ਼ੂ,ਬਾਲ,ਕਿਸ਼ੋਰ ਅਤੇ ਤਰੁਣ ਵਰਗ ਦੇ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਮਾਡਲ,ਪ੍ਰਯੋਗ,ਪ੍ਰਸ਼ਨ ਮੰਚ ਅਤੇ ਪੱਤਰ-ਵਾਚਨ ਆਦਿ ਮੁਕਾਬਲੇ ਕਰਵਾਏ।ਸਕੂਲ ਪ੍ਰਬੰਧਕ ਕਮੇਟੀ,ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ,ਸਮੂਹ ਸਟਾਫ਼ ਵੱਲੋਂ ਮੁੱਖ ਮਹਿਮਾਨ ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਾਨਸਾ,ਮਹਾਂਮੰਤਰੀ ਨਵਦੀਪ ਸ਼ੇਖਰ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਤੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ।ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਵਿੱਚ ਸਾਕਾਰਤਮਕ ਊਰਜਾ,ਸਵੈ ਵਿਸ਼ਵਾਸ ਅਤੇ ਵਿਗਿਆਨਕ ਨਜ਼ਰੀਆ ਪੈਦਾ ਕਰਦੇ ਹਨ।ਸੋ ਇਸ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਦਘਾਟਨੀ ਸਮਾਗਮ ਦੌਰਾਨ ਅਨੋਖੀ ਪੇਸ਼ਕਾਰੀ ਚੰਦਰਯਾਨ-3 ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ।ਵਿੱਦਿਆ ਮੰਦਰ ਦੇ ਵਿਹੜੇ ਦੀ ਰੌਣਕ ਵਧਾਉਣ ’ਤੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਧੰਨਵਾਦ ਕੀਤਾ ਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ,ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ,ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ,ਵਾਈਸ ਪ੍ਰਧਾਨ ਬਿਰਜ ਲਾਲ,ਪ੍ਰਬੰਧਕ ਅੰਮ੍ਰਿਤ ਲਾਲ,ਡਾ. ਮੱਖਣ ਲਾਲ,ਰਜਿੰਦਰ ਕੁਮਾਰ,ਰਕੇਸ਼ ਕੁਮਾਰ ਹਾਜ਼ਰ ਸਨ।
.jpeg)